BSF ਨੇ ਸਰਹੱਦੀ ਖੇਤਰ ਵਿੱਚ ਕਾਰਵਾਈ ਕਰਦਿਆਂ ਪੰਜ ਵਿਅਕਤੀਆਂ ਨੂੰ ਸਰਹੱਦ ਪਾਰੋਂ ਤਸਕਰੀ ਦੇ ਦੋਸ਼ ਹੇਠ ਕਾਬੂ ਕਰਕੇ ਹੈਰੋਇਨ ਅਤੇ ਡਰੋਨ ਬਰਾਮਦ ਕੀਤੇ ਹਨ।
12 ਸਤੰਬਰ, 2025 – ਅੰਮ੍ਰਿਤਸਰ : BSF ਨੇ ਸਰਹੱਦੀ ਖੇਤਰ ਵਿੱਚ ਕਾਰਵਾਈ ਕਰਦਿਆਂ ਪੰਜ ਵਿਅਕਤੀਆਂ ਨੂੰ ਸਰਹੱਦ ਪਾਰੋਂ ਤਸਕਰੀ ਦੇ ਦੋਸ਼ ਹੇਠ ਕਾਬੂ ਕਰਕੇ ਹੈਰੋਇਨ ਅਤੇ ਡਰੋਨ ਬਰਾਮਦ ਕੀਤੇ ਹਨ।
BSF ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ BSF ਨੇ ਸਰਹੱਦ ’ਤੇ ਕਾਰਵਾਈ ਕਰਦਿਆਂ ਅਹਿਮ ਪ੍ਰਾਪਤੀ ਕੀਤੀ ਹੈ। BSF ਨੇ ਸਪੈਸ਼ਲ ਸੈੱਲ ਅੰਮ੍ਰਿਤਸਰ ਨਾਲ ਸਾਂਝੇ ਤੌਰ ’ਤੇ ਪਿੰਡ ਜਗਦੇਵ ਖੁਰਦ ਦੇ ਖੇਤਰ ਵਿੱਚ ਸਾਂਝਾ ਆਪਰੇਸ਼ਨ ਕੀਤਾ ਅਤ ਇੱਕ ਵਿਅਕਤੀ ਨੂੰ ਤਸਕਰੀ ਦੇ ਦੋਸ਼ ਹੇਠ ਕਾਬੂ ਕੀਤਾ। ਉਸ ਕੋਲੋਂ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਹੋਏ ਜਿਨ੍ਹਾਂ ’ਚ ਇੱਕ ਕਿਲੋ 433 ਗਰਾਮ ਹੈਰੋਇਨ ਸ਼ਾਮਲ ਹੈ। ਇਸ ਤੋਂ ਇਲਾਵਾ ਇੱਕ ਮੋਟਰਸਾਈਕਲ ਅਤੇ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ। ਇਹ ਵਿਅਕਤੀ ਪਿੰਡ ਬਲੜਵਾਲ ਦਾ ਰਹਿਣ ਵਾਲਾ ਹੈ।
ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਇੱਕ ਉੱਡਦੀ ਚੀਜ਼ ਦੀ ਗਤੀਵਿਧੀ ਦਾ ਪਤਾ ਲਾਉਂਦੇ ਹੋਏ BSF ਨੇ ਪਿੰਡ ਮਹਾਵਾ ਦੇ ਇਲਾਕੇ ਵਿੱਚੋਂ ਇੱਕ ਪੈਕੇਟ ਨਸ਼ੀਲਾ ਪਦਾਰਥ ਹੈਰੋਇਨ ਬਰਾਮਦ ਕੀਤਾ ਹੈ, ਜਿਸ ਵਿੱਚੋਂ 578 ਗਰਾਮ ਹੈਰੋਇਨ ਮਿਲੀ। ਅੰਮ੍ਰਿਤਸਰ ਦੇ ਸਰਹੱਦੀ ਖੇਤਰ ਨਾਲ ਸਬੰਧਤ ਪਿੰਡ ਅਟਲਗੜ੍ਹ ਨੇੜੇ ਅੱਜ ਕਾਰਵਾਈ ਦੌਰਾਨ ਤਿੰਨ ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਕਾਬੂ ਕੀਤਾ। ਉਨ੍ਹਾਂ ਕੋਲੋਂ ਇੱਕ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ, ਜਿਸ ਵਿੱਚ 533 ਗਰਾਮ ਹੈਰੋਇਨ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ BSF ਦੇ ਖੁਫੀਆ ਵਿੰਗ ਦੀ ਸੂਚਨਾ ਤੇ ਕਾਰਵਾਈ ਕਰਦੇ ਹੋਏ ਇੱਕ ਤਲਾਸ਼ੀ ਮੁਹਿੰਮ ਦੌਰਾਨ ਅੰਮ੍ਰਿਤਸਰ ਦੇ ਪਿੰਡ ਕਾਨਵਾ ਦੇ ਕੋਲ ਸਰਹੱਦੀ ਵਾੜ ਦੇ ਕੋਲੋਂ ਝੋਨੇ ਦੇ ਖੇਤ ਵਿੱਚੋਂ ਇੱਕ ਕੁਆਡਾ ਕਾਪਟਰ ਡਰੋਨ ਬਰਾਮਦ ਹੋਇਆ, ਜਿਸ ਦੇ ਨਾਲ ਇੱਕ ਪੈਕੇਟ ਹੈਰੋਇਨ ਵੀ ਸੀ, ਜਿਸ ਵਿੱਚੋ ਲਗਪਗ ਤਿੰਨ ਕਿਲੋ 140 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਤਰਨ ਤਾਰਨ ਦੇ ਖੇਮਕਰਨ ਇਲਾਕੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਜਾਂਚ ਵਾਸਤੇ ਪੁਲੀਸ ਦੇ ਹਵਾਲੇ ਕੀਤਾ ਗਿਆ ਹੈ। ਇਸੇ ਤਰਾਂ ਫਿਰੋਜ਼ਪੁਰ ਦੇ ਪਿੰਡ ਪਾਲਾ ਮੇਘਾ ਦੇ ਖੇਤਰ ਵਿੱਚੋਂ ਵੀ ਤਿੰਨ ਪੈਕੇਟ ਹੈਰੋਇਨ ਬਰਾਮਦ ਕੀਤੇ ਹਨ, ਜਿਸ ਵਿੱਚੋਂ ਇੱਕ ਕਿਲੋ 658 ਗ੍ਰਾਮ ਹੈਰੋਇਨ ਮਿਲੀ ਹੈ।
ਪੰਜਾਬੀ ਟ੍ਰਿਬਯੂਨ