ਦੂਜੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ਨੂੰ 50 ਦੌੜਾਂ ਨਾਲ ਹਰਾਇਆ; ਨਿਊਜ਼ੀਲੈਂਡ ਲਈ ਰਚਿਨ ਰਵਿੰਦਰਾ ਤੇ ਕੇਨ ਵਿਲੀਅਮਸਨ ਜਦੋਂਕਿ ਅਫਰੀਕੀ ਟੀਮ ਲਈ ਮਿੱਲਰ ਨੇ ਜੜਿਆ ਸੈਂਕੜਾ
06 ਮਾਰਚ, 2025 – ਲਾਹੌਰ : ਰਚਿਨ ਰਵਿੰਦਰਾ(108) ਤੇ ਕੇਨ ਵਿਲੀਅਮਨ(102) ਦੇ ਸੈਂਕੜਿਆਂ ਤੇ ਮਗਰੋਂ ਕਪਤਾਨ ਮਿਸ਼ੇਲ ਸੈਂਟਨਰ ਸਣੇ ਹੋਰਨਾਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਅੱਜ ਇਥੇ ਦੂਜੇ ਸੈਮੀਫਾਈਨਲ ਵਿਚ ਦੱਖਣੀ ਅਫ਼ਰੀਕਾ ਨੂੰ 50 ਦੌੜਾਂ ਨਾਲ ਹਰਾ ਕੇ Champions Trophy ਦੇ ਫਾਈਨਲ ਵਿਚ ਪਹੁੰਚ ਗਿਆ ਹੈ, ਜਿੱਥੇ 9 ਮਾਰਚ ਨੂੰ ਉਸ ਦਾ ਮੁਕਾਬਲਾ ਭਾਰਤ ਨਾਲ ਹੋਵੇਗਾ।
ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿਚ 362/6 ਦਾ ਸਕੋਰ ਬਣਾਇਆ ਸੀ। ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫ਼ਰੀਕਾ ਦੀ ਟੀਮ 9 ਵਿਕਟਾਂ ਦੇ ਨੁਕਸਾਨ ਨਾਲ 312 ਦੌੜਾਂ ਹੀ ਬਣਾ ਸਕੀ। ਅਫਰੀਕੀ ਟੀਮ ਲਈ ਡੇਵਿਡ ਮਿੱਲਰ ਨੇ 67 ਗੇਂਦਾਂ ’ਤੇ ਨਾਬਾਦ ਸੈਂਕੜਾ ਜੜਿਆ, ਪਰ ਉਹ ਟੀਮ ਨੂੰ ਜਿੱਤ ਦੀਆਂ ਬਰੂਹਾਂ ਤੱਕ ਨਹੀਂ ਲਿਜਾ ਸਕਿਆ।
ਹੋਰਨਾਂ ਬੱਲੇਬਾਜ਼ਾਂ ਵਿਚੋਂ ਰਾਸੀ ਵੈਨ ਡਰ ਡੁਸੈਨ ਨੇ 69, ਕਪਤਾਨ ਟੇਂਬਾ ਬਵੁਮਾ ਨੇ 56 ਤੇ ਏਡਨ ਮਾਰਕਰਾਮ ਨੇ 31 ਦੌੜਾਂ ਦਾ ਯੋਗਦਾਨ ਪਾਇਆ। ਨਿਊਜ਼ੀਲੈਂਡ ਲਈ ਮਿਸ਼ੇਲ ਸੈਂਟਨਰ ਨੇ ਤਿੰਨ, ਮੈਟ ਹੈਨਰੀ ਤੇ ਗਲੈੱਨ ਫਿਲਿਪਸ ਨੇ ਦੋ ਦੋ ਅਤੇ ਮਿਸ਼ੇਲ ਬਰੇਸਵੈੱਲ ਤੇ ਰਚਿਨ ਰਵਿੰਦਰਾ ਨੇ ਇਕ ਇਕ ਵਿਕਟ ਲਈ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟਾਂ ਦੇ ਨੁਕਸਾਨ ਨਾਲ 362 ਦੌੜਾਂ ਬਣਾਈਆਂ। ਰਵਿੰਦਰਾ ਤੇ ਵਿਲੀਅਮਸਨ ਨੇ ਦੂਜੇ ਵਿਕਟ ਲਈ 164 ਦੌੜਾਂ ਦੀ ਭਾਈਵਾਲੀ ਕਰਕੇ ਟੀਮ ਨੂੰ ਆਖਰੀ ਓਵਰਾਂ ਵਿਚ ਧੂੰਆਂਧਾਰ ਬੱਲੇਬਾਜ਼ੀ ਲਈ ਮੰਚ ਮੁਹੱਈਆ ਕਰਵਾਇਆ।
ਨਿਊਜ਼ੀਲੈਂਡ ਦੀ ਟੀਮ ਨੇ ਆਖਰੀ 10 ਓਵਰਾਂ ਵਿਚ 112 ਦੌੜਾਂ ਜੋੜੀਆਂ। ਡੈਰਿਲ ਮਿਸ਼ੇਲ (37 ਗੇਂਦਾਂ ’ਤੇ 49 ਦੌੜਾਂ), ਗਲੈੱਨ ਫਿਲਿਪਸ (ਨਾਬਾਦ 49 ਦੌੜਾਂ) ਤੇ ਮਿਸ਼ੇਲ ਬਰੇਸਵੈੱਲ (12 ਗੇਂਦਾਂ ’ਤੇ 16 ਦੌੜਾਂ) ਨੇ ਆਖਰੀ ਓਵਰਾਂ ਵਿਚ ਦੱਖਣੀ ਅਫ਼ਰੀਕਾ ਦੇ ਗੇਂਦਬਾਜ਼ਾਂ ਨੂੰ ਜਮ ਕੇ ਧੋਹਿਆ। ਦੂਜੇ ਸੈਮੀਫਾਈਨਲ ਨਾਲ ਪਾਕਿਸਤਾਨ ਵਿਚ ਚੈਂਪੀਅਨਜ਼ ਟਰਾਫ਼ੀ ਸਮਾਪਤ ਹੋ ਜਾਵੇਗੀ ਕਿਉਂਕਿ ਫਾਈਨਲ ਮੁਕਾਬਲਾ 9 ਮਾਰਚ ਨੂੰ ਦੁਬਈ ਵਿਚ ਖੇਡਿਆ ਜਾਵੇਗਾ।
ਨਿਊਜ਼ੀਲੈਂਡ ਦੇ ਖੱਬੇ ਹੱਥ ਦੇ ਬੱਲੇਬਾਜ਼ ਰਵਿੰਦਰਾ ਨੇ 101 ਗੇਂਦਾਂ ’ਤੇ 108 ਦੌੜਾਂ ਬਣਾਈਆਂ, ਜਿਨ੍ਹਾਂ ਵਿਚ 13 ਚੌਕੇ ਤੇ ਇਕ ਛੱਕਾ ਸ਼ਾਮਲ ਹੈ। ਵਿਲੀਅਮਸਨ ਨੇ 94 ਗੇਂਦਾਂ ’ਤੇ 102 ਦੌੜਾਂ ਦੀ ਪਾਰੀ ਵਿਚ 10 ਚੌਕੇ ਤੇ ਦੋ ਛੱਕੇ ਜੜੇ। ਦੱਖਣੀ ਅਫ਼ਰੀਕਾ ਲਈ ਲੁੰਗੀ ਨਗਿਦੀ ਨੇ 3 ਤੇ ਕਾਗਿਸੋ ਰਬਾਡਾ ਨੇ ਦੋ ਵਿਕਟ ਲਏ। ਇਕ ਵਿਕਟ ਵਿਆਨ ਮਲਡਰ ਨੇ ਲਈ।
ਪੰਜਾਬੀ ਟ੍ਰਿਬਯੂਨ
test