ਗ੍ਰਿਫ਼ਤਾਰ ਮਨਪ੍ਰੀਤ ਨੇ ਪੁੱਛਗਿੱਛ ’ਚ ਕੀਤਾ ਰਾਜਫਾਸ਼
ਐਤਵਾਰ ਨੂੰ ਮਨਪ੍ਰੀਤ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੁਲਿਸ ਨੇ ਪੇਸ਼ ਕੀਤਾ। ਅਦਾਲਤ ਤੋਂ ਉਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਮਿਲਣ ’ਤੇ ਉਸ ਨੂੰ ਜੁਆਇੰਟ ਇੰਟੈਰੋਗੇਸ਼ਨ ਸੈਂਟਰ (ਜੇਆਈਸੀ) ਵਿਚ ਲਿਆ ਕੇ ਜਦੋਂ ਸੁਰੱਖਿਆ ਏਜੰਸੀਆਂ ਨੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕਈ ਰਾਜ਼ ਖੋਲ੍ਹੇ।
28 ਅਕਤੂਬਰ, 2025 – ਅੰਮ੍ਰਿਤਸਰ : ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਨੇ ਪੰਜਾਬ ਵਿਚ ਹੀ ਨਹੀਂ ਬਲਕਿ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਚ ਵੱਡੀ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੀ ਹੈ। ਸ਼ਨਿਚਰਵਾਰ ਨੂੰ ਪੰਜ ਕਿੱਲੋ ਆਰਡੀਐਕਸ ਤੇ ਦੋ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਨਾਲ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਮਨਪ੍ਰੀਤ ਨੇ ਪੁਲਿਸ ਪੁੱਛਗਿੱਛ ਵਿਚ ਇਹ ਰਾਜਫਾਸ਼ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਪਾਕਿਸਤਾਨ ਵਿਚ ਰਹਿੰਦੇ ਅੱਤਵਾਦੀ ਹਰਵਿੰਦਰ ਰਿੰਦਾ ਦੇ ਸਿੱਧੇ ਸੰਪਰਕ ਵਿਚ ਸੀ ਅਤੇ ਰਿੰਦਾ ਨੇ ਹੀ ਉਸ ਨੂੰ ਇਹ ਧਮਾਕਾਖੇਜ਼ ਸਮੱਗਰੀ ਚੰਡੀਗੜ੍ਹ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ।
ਐਤਵਾਰ ਨੂੰ ਮਨਪ੍ਰੀਤ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੁਲਿਸ ਨੇ ਪੇਸ਼ ਕੀਤਾ। ਅਦਾਲਤ ਤੋਂ ਉਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਮਿਲਣ ’ਤੇ ਉਸ ਨੂੰ ਜੁਆਇੰਟ ਇੰਟੈਰੋਗੇਸ਼ਨ ਸੈਂਟਰ (ਜੇਆਈਸੀ) ਵਿਚ ਲਿਆ ਕੇ ਜਦੋਂ ਸੁਰੱਖਿਆ ਏਜੰਸੀਆਂ ਨੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕਈ ਰਾਜ਼ ਖੋਲ੍ਹੇ। ਇਕ ਜਾਂਚ ਅਧਿਕਾਰੀ ਨੇ ਦੱਸਿਆ ਕਿ ਮਨਪ੍ਰੀਤ ਨੇ ਦੱਸਿਆ ਕਿ ਉਸ ਦਾ ਕੰਮ ਧਮਾਕਾਖੇਜ਼ ਸਮੱਗਰੀ ਨੂੰ ਚੰਡੀਗੜ੍ਹ ਵਿਚ ਲਿਜਾ ਕੇ ਅੱਗੇ ਸਪਲਾਈ ਕਰਨਾ ਸੀ। ਉਸ ਨੇ ਇਹ ਧਮਾਕਾਖੇਜ਼ ਸਮੱਗਰੀ ਕਿਸ ਨੂੰ ਦੇਣੀ ਹੈ, ਇਹ ਜਾਣਕਾਰੀ ਚੰਡੀਗੜ੍ਹ ਪੁੱਜਣ ਤੋਂ ਬਾਅਦ ਹੀ ਉਸ ਨੂੰ ਮਿਲਣੀ ਸੀ। ਇਸ ਤੋਂ ਪਹਿਲਾਂ ਕਿ ਉਹ ਧਮਾਕਾਖੇਜ਼ ਸਮੱਗਰੀ ਚੰਡੀਗੜ੍ਹ ਪਹੁੰਚਾਉਂਦਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਖ਼ਦਸ਼ਾ ਹੈ ਕਿ ਮਨਪ੍ਰੀਤ ਖੁਦ ਹੀ ਵੱਡੇ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਵਾਲਾ ਸੀ।
ਮੁਲਜ਼ਮ ਨੇ ਪੁਲਿਸ ਹਿਰਾਸਤ ਵਿਚ ਮੰਨਿਆ ਕਿ ਉਸ ਦੇ ਯੂਐੱਸ, ਆਸਟ੍ਰੇਲੀਆ ਅਤੇ ਜਰਮਨੀ ਵਿਚ ਰਹਿੰਦੇ ਮਨੂੰ ਅਗਵਾਨ, ਨਿਸ਼ਾਨ ਜੋੜੀਆਂ, ਰਾਜਾ ਹਰੂਵਾਲ, ਸਾਜਨ ਮਸੀਹ ਨਾਲ ਵੀ ਸਬੰਧ ਹਨ। ਉਕਤ ਸਾਰੇ ਅੱਤਵਾਦੀ ਪੰਜਾਬ ਵਿਚ ਫਿਰੌਤੀ ਵਸੂਲ ਕੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹਨ। ਮਨਪ੍ਰੀਤ ਖ਼ਿਲਾਫ਼ ਗੁਰਦਾਸਪੁਰ ਵਿਚ ਅਸਲਾ ਐਕਟ ਤਹਿਤ ਦੋ ਕੇਸ ਦਰਜ ਹਨ। ਲਗਪਗ ਡੇਢ ਸਾਲ ਤੱਕ ਉਹ ਜੇਲ੍ਹ ਵਿਚ ਸਮਾਂ ਬਿਤਾ ਚੁੱਕਾ ਹੈ ਅਤੇ ਉੱਥੋਂ ਹੀ ਉਸ ਦੇ ਸਬੰਧ ਬੀਕੇਆਈ ਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨਾਲ ਬਣੇ। ਰਿੰਦਾ ਨੇ ਹੀ ਉਸ ਨੂੰ ਉਕਤ ਅੱਤਵਾਦੀਆਂ ਨਾਲ ਮੋਬਾਈਲ ਰਾਹੀਂ ਜਾਣੂ ਕਰਵਾਇਆ ਸੀ।
ਆਰਪੀਜੀ ਸਣੇ ਕਾਬੂ ਤਿੰਨ ਮੁਲਜ਼ਮਾਂ ਦਾ ਵਧਿਆ ਰਿਮਾਂਡ
ਲੰਘੇ ਮੰਗਲਵਾਰ ਨੂੰ ਰਾਕਟ ਪ੍ਰੋਪੇਲਡ ਗ੍ਰਨੇਡ (ਆਰਪੀਜੀ) ਸਣੇ ਗ੍ਰਿਫ਼ਤਾਰ ਮਹਿਕਦੀਪ ਸਿੰਘ ਤੇ ਆਦਿਤਿਆ ਅਤੇ ਉਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਫਿਰੋਜ਼ਪੁਰ ਜੇਲ੍ਹ ਤੋਂ ਆਈਐੱਸਆਈ ਰਾਹੀਂ ਆਰਪੀਜੀ ਮੰਗਵਾਉਣ ਵਾਲੇ ਹਰਪ੍ਰੀਤ ਸਿੰਘ ਨੂੰ ਐਤਵਾਰ ਦੁਪਹਿਰੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਹਰਪ੍ਰੀਤ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਕੋਰਟ ਨੇ ਤਿੰਨਾਂ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਵਧਾਇਆ ਹੈ। ਜ਼ਿਕਰਯੋਗ ਹੈ ਕਿ ਹਰਪ੍ਰੀਤ ਨੇ ਤਿੰਨ ਦਿਨ ਦੇ ਪੁਲਿਸ ਰਿਮਾਂਡ ਵਿਚ ਰਾਜਫਾਸ਼ ਕੀਤਾ ਹੈ ਕਿ ਆਈਆਈਐੱਸ ਨੇ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਦੇ ਸਰਹੱਦੀ ਇਲਾਕਿਆਂ ਵਿਚ ਦੋ ਆਰਪੀਜੀ ਤੇ ਹੋਰ ਘਾਤਕ ਹਥਿਆਰ ਡ੍ਰੋਨ ਰਾਹੀਂ ਡੇਗੇ ਹਨ। ਇਨ੍ਹਾਂ ਹਥਿਆਰਾਂ ਦੀ ਲੋਕੇਸ਼ਨ ਉਸ ਨੂੰ ਪਤਾ ਨਹੀਂ ਹੈ। ਇਸ ਤੋਂ ਬਾਅਦ ਤੋਂ ਪੁਲਿਸ ਤੇ ਬੀਐੱਸਐੱਫ ਲਗਾਤਾਰ ਸਰਹੱਦੀ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਚਲਾ ਕੇ ਉਨ੍ਹਾਂ ਦੇ ਬਰਾਮਦਗੀ ਦੇ ਯਤਨ ਕਰ ਰਹੀ ਹੈ।
ਪੰਜਾਬੀ ਜਾਗਰਣ