ਖੰਨਾ ਦੇ ਨੇੜਲੇ ਪਿੰਡ ਰਸੂਲੜਾ ਦੇ ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਬਣੇ ਹਾਲਾਤ ਸਾਰੇ ਦਾਅਵਿਆਂ ਦੀ ਪੋਲ ਖੋਲ੍ਹਦੇ ਨਜ਼ਰ ਆ ਰਹੇ ਹਨ।
10 ਮਾਰਚ, 2026 – ਖੰਨਾ : ਖੰਨਾ ਦੇ ਨੇੜਲੇ ਪਿੰਡ ਰਸੂਲੜਾ ਦੇ ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਬਣੇ ਹਾਲਾਤ ਸਾਰੇ ਦਾਅਵਿਆਂ ਦੀ ਪੋਲ ਖੋਲ੍ਹਦੇ ਨਜ਼ਰ ਆ ਰਹੇ ਹਨ। ਸਕੂਲ ਦੇ ਮੁੱਖ ਗੇਟ ਤੱਕ ਜਾਣ ਵਾਲੇ ਰਸਤੇ ’ਤੇ ਪਿਛਲੇ ਲੰਬੇ ਸਮੇਂ ਤੋਂ ਗੰਦਾ ਪਾਣੀ ਖੜਾ ਰਹਿੰਦਾ ਹੈ ਜਿਸ ਕਾਰਨ ਸਕੂਲ ਆਉਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਕੂਲ ਵਿਚ ਆਲੇ-ਦੁਆਲੇ ਦੇ ਪੰਜ ਪਿੰਡਾਂ ਦੇ 400 ਤੋਂ ਵਧੇਰੇ ਬੱਚੇ ਪੜ੍ਹਦੇ ਹਨ ਪਰ ਫ਼ਿਰ ਵੀ ਬੱਚਿਆਂ ਲਈ ਸਾਫ਼ ਰਸਤਾ ਤੱਕ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ। ਇਹ ਦ੍ਰਿਸ਼ ਨਾ ਸਿਰਫ਼ ਪ੍ਰਸ਼ਾਸ਼ਨ ਦੀ ਲਾਪਰਵਾਹੀ ਬਿਆਨ ਕਰਦਾ ਹੈ ਸਗੋਂ ਪੀ ਐੱਮ ਸ੍ਰੀ ਵਰਗੇ ਵੱਡੇ ਪ੍ਰੋਜੈਕਟ ਦੀ ਹਕੀਕਤ ਵੀ ਬੇਨਕਾਬ ਹੁੰਦੀ ਹੈ। ਇਸ ਗੰਦੇ ਪਾਣੀ ਵਿਚ ਮੱਛਰਾਂ ਦੀ ਭਰਮਾਰ ਕਾਰਨ ਹਰ ਸਮੇਂ ਭਿਆਨਕ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ।
ਮਾਪਿਆਂ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਰੋਜ਼ਾਨਾ ਇਸ ਗੰਦਗੀ ਵਿਚੋਂ ਲੰਘਦੇ ਦੇਖ ਕੇ ਚਿੰਤਤ ਹਨ। ਇਸ ਸਬੰਧੀ ਅਧਿਆਪਕਾਂ ਅਤੇ ਪਿੰਡ ਵਾਸੀਆਂ ਨੇ ਕਈ ਵਾਰ ਪੰਚਾਇਤ ਨੂੰ ਸ਼ਿਕਾਇਤ ਕੀਤੀ ਪਰ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਦੋਂ ਵੱਡੇ ਅਧਿਕਾਰੀ ਜਾਂ ਆਗੂ ਆਉਂਦੇ ਹਨ ਤਾਂ ਸਿਫ਼ਰ ਕਾਗਜ਼ਾਂ ’ਤੇ ਹੀ ਸੁਧਾਰ ਦਿਖਾਏ ਜਾਂਦੇ ਹਨ ਜਦੋਂ ਕਿ ਹਕੀਕਤ ਵਿਚ ਬੱਚਿਆਂ ਨੂੰ ਮੁੱਢਲੀਆਂ ਸਹੂਲਤਾਂ ਨਹੀਂ ਮਿਲ ਰਹੀਆਂ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਚਮੁੱਚ ਸਿੱਖਿਆ ਨੂੰ ਤਰਜੀਹ ਦਿੰਦੀ ਹੈ ਤਾਂ ਸਭ ਤੋਂ ਪਹਿਲਾਂ ਬੱਚਿਆਂ ਲਈ ਸੁਰੱਖਿਅਤ ਅਤੇ ਸਾਫ਼ ਮਾਹੌਲ ਯਕੀਨੀ ਬਣਾਇਆ ਜਾਵੇ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸਾਸ਼ਨ ਨੇ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਇਸ ਸਬੰਧੀ ਬੀਡੀਪੀਓ ਸਰਬਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਇਸ ਸਮੱਸਿਆ ਬਾਰੇ ਪਤਾ ਲੱਗਾ ਹੈ। ਉਹ ਤੁਰੰਤ ਪੰਚਾਇਤ ਸਕੱਤਰ ਦੀ ਡਿਊਟੀ ਲਗਾ ਕੇ ਲੋਕਾਂ ਨੂੰ ਰਾਹਤ ਦੇਣਗੇ।
ਪੰਜਾਬੀ ਟ੍ਰਿਬਯੂਨ