ਲਗਾਤਾਰ ਤੀਜੇ ਸਾਲ ਪ੍ਰਾਪਤ ਕੀਤਾ ਪਹਿਲਾ ਸਥਾਨ
ਮੌਜੂਦਾ ਸਮੇਂ ਕੀਤੇ ਜਾ ਰਹੇ ਵਿਸ਼ੇਸ਼ ਖੋਜ ਕਾਰਜਾਂ ਵੱਲ ਧਿਆਨ ਦਿਵਾਉਂਦਿਆਂ ਡਾ. ਗੋਸਲ ਨੇ ਇਸੇ ਸਾਲ ਯੂਨੀਵਰਸਿਟੀ ਵੱਲੋਂ ਜੀਐੱਨਐੱਸਐੱਸ ਅਧਾਰਤ ਸਵੈ ਸੰਚਾਲਿਤ ਟਰੈਕਟਰ ਦੀ ਕਾਢ ਬਾਰੇ ਜ਼ਿਕਰ ਕੀਤਾ। ਇਸ ਨਾਲ ਸੂਖਮ ਖੇਤੀ ਦੀ ਦਿਸ਼ਾ ਵਿੱਚ ਵੱਡਾ ਹੁਲਾਰਾ ਮਿਲਿਆ ਹੈ ਅਤੇ ਸਮਾਰਟ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਦਾ ਯੂਨੀਵਰਸਿਟੀ ਦਾ ਮੰਤਵ ਸਿੱਧ ਹੁੰਦਾ ਦਿਸਦਾ ਹੈ।
10 ਸਤੰਬਰ, 2025 – ਲੁਧਿਆਣਾ : NIRF (ਰਾਸ਼ਟਰੀ ਸੰਸਥਾਈ ਰੈਂਕਿੰਗ ਫਰੇਮਵਰਕ) ਦੀ 2025 ਰੈਂਕਿੰਗ ’ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਦੇਸ਼ ਦੀ ਸਰਬੋਤਮ ਖੇਤੀ ਯੂਨੀਵਰਸਿਟੀ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਇਹ ਜਾਣਕਾਰੀ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਰੈਂਕਿੰਗ ਦਾ ਐਲਾਨ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਕੀਤਾ ਗਿਆ। ਲਗਾਤਾਰ ਤੀਜੇ ਸਾਲ ਪੀਏਯੂ ਨੇ ਇਸ ਰੈਂਕਿੰਗ ਵਿੱਚ ਸਿਖਰ ’ਤੇ ਰਹਿ ਕੇ ਦੇਸ਼ ਦੀ ਸਰਬੋਤਮ ਖੇਤੀਬਾੜੀ ਯੂਨੀਵਰਸਿਟੀ ਅਤੇ ਮਜ਼ਬੂਤ ਖੇਤੀ ਖੋਜ, ਅਕਾਦਮਿਕ ਅਤੇ ਪਸਾਰ ਢਾਂਚੇ ਨੂੰ ਪ੍ਰਮਾਣਿਤ ਕੀਤਾ ਹੈ। ਇਸ ਵਰ੍ਹੇ 14000 ਤੋਂ ਵੱਧ ਸੰਸਥਾਵਾਂ ਨੇ ਇਸ ਰੈਂਕਿੰਗ ਲਈ ਬਿਨੈ ਪੱਤਰ ਭੇਜੇ ਸਨ।
ਵਾਈਸ ਚਾਂਸਲਰ ਡਾ. ਗੋਸਲ ਨੇ ਕਿਹਾ ਕਿ ਇਹ ਪੀਏਯੂ ਦੇ ਵਿਗਿਆਨੀਆਂ, ਵਿਦਿਆਰਥੀਆਂ, ਕਰਮਚਾਰੀਆਂ ਅਤੇ ਸਾਬਕਾ ਵਿਦਿਆਰਥੀਆਂ ਸਮੇਤ ਪੁਰਾਣੇ ਵਿਗਿਆਨੀਆਂ ਦੇ ਯੋਗਦਾਨ ਸਦਕਾ ਸੰਭਵ ਹੋ ਸਕਿਆ ਹੈ।
ਮੌਜੂਦਾ ਸਮੇਂ ਕੀਤੇ ਜਾ ਰਹੇ ਵਿਸ਼ੇਸ਼ ਖੋਜ ਕਾਰਜਾਂ ਵੱਲ ਧਿਆਨ ਦਿਵਾਉਂਦਿਆਂ ਡਾ. ਗੋਸਲ ਨੇ ਇਸੇ ਸਾਲ ਯੂਨੀਵਰਸਿਟੀ ਵੱਲੋਂ ਜੀਐੱਨਐੱਸਐੱਸ ਅਧਾਰਤ ਸਵੈ ਸੰਚਾਲਿਤ ਟਰੈਕਟਰ ਦੀ ਕਾਢ ਬਾਰੇ ਜ਼ਿਕਰ ਕੀਤਾ। ਇਸ ਨਾਲ ਸੂਖਮ ਖੇਤੀ ਦੀ ਦਿਸ਼ਾ ਵਿੱਚ ਵੱਡਾ ਹੁਲਾਰਾ ਮਿਲਿਆ ਹੈ ਅਤੇ ਸਮਾਰਟ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਦਾ ਯੂਨੀਵਰਸਿਟੀ ਦਾ ਮੰਤਵ ਸਿੱਧ ਹੁੰਦਾ ਦਿਸਦਾ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਰਿਮੋਟ ਕੰਟਰੋਲ ਅਧਾਰਿਤ ਦੋ ਪਹੀਆਂ ਝੋਨਾ ਲਾਉਣ ਵਾਲੀ ਪੈਡੀ ਟਰਾਂਸਪਲਾਂਟਰ ਮਸ਼ੀਨ ਜਾਰੀ ਕੀਤੀ ਜਿਸ ਨਾਲ ਮਜ਼ਦੂਰੀ ਨੂੰ 40 ਪ੍ਰਤੀਸ਼ਤ ਤੱਕ ਘਟਾ ਕੇ ਝੋਨਾ ਲੁਆਈ ਦੀ ਸਮਰੱਥਾ 12 ਪ੍ਰਤੀਸ਼ਤ ਤੱਕ ਵਧਾਈ ਜਾ ਸਕਦੀ ਹੈ।
ਡਾ. ਗੋਸਲ ਨੇ ਕਿਹਾ ਕਿ ਆਈਓਟੀ ਕੇਂਦਰਿਤ ਸਿੰਚਾਈ ਪ੍ਰਬੰਧ ਸੰਬੰਧੀ ਵੀ ਜਾਣਕਾਰੀ ਦਿੱਤੀ ਜਿਸ ਨਾਲ ਵੱਖ-ਵੱਖ ਮੌਸਮੀ ਸਥਿਤੀਆਂ, ਪਾਣੀ ਦੇ ਪੱਧਰ ਅਤੇ ਮਿੱਟੀ ਦੀ ਨਮੀਂ ਦੇ ਹਿਸਾਬ ਨਾਲ ਸਿੰਚਾਈ ਦਾ ਕਾਰਜ ਕੀਤਾ ਜਾ ਸਕਦਾ ਹੈ। ਇਹ ਤਰੀਕਾ ਨਾ ਸਿਰਫ ਵਾਤਾਵਰਨ ਪੱਖੀ ਬਲਕਿ ਊਰਜਾ ਦੀ ਬੱਚਤ ਕਰਨ ਵਾਲਾ ਵੀ ਹੈ। ਕਿ ਕਿਸਾਨਾਂ ਦੇ ਮੁਸ਼ੱਕਤ ਵਾਲੇ ਕਾਰਜ ਨੂੰ ਸੌਖਾ ਕਰਕੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਦੁਵੱਲੇ ਕਾਰਜ ਨੂੰ ਸੰਭਵ ਬਨਾਉਣਾ ਇਨ੍ਹਾਂ ਤਕਨਾਲੋਜੀਆਂ ਦਾ ਮੂਲ ਮੰਤਵ ਹੈ। ਇਹ ਪ੍ਰਾਪਤੀ ਸਿਰਫ ਟਰਾਫੀਆਂ ਜਾਂ ਸ਼ੋਭਾ ਪੱਤਰ ਨਹੀਂ ਬਲਕਿ ਸੰਸਥਾ ਵੱਲੋਂ ਦਹਾਕਿਆਂ ਵਿਚ ਦੇਸ਼ ਅਤੇ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਦਾ ਜਿੱਤਿਆ ਗਿਆ ਭਰੋਸਾ ਹੈ, ਨਾਲ ਹੀ ਉਨਾਂ ਮੌਜੂਦਾ ਸਮੇਂ ਹੜ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨਾਲ ਖੜਨ ਦਾ ਤਹੱਈਆ ਦੋਹਰਾਇਆ ਅਤੇ ਕਿਹਾ ਕਿ ਪੀਏਯੂ. ਹਰ ਤਰ੍ਹਾਂ ਦੀ ਤਕਨੀਕੀ ਅਤੇ ਲੋੜੀਂਦੀ ਅਗਵਾਈ ਦੇਣ ਲਈ ਤਿਆਰ-ਬਰ-ਤਿਆਰ ਹੈ। ਐੱਨਆਈਆਰ ਐੱਫ ਦੀ ਰੈਂਕਿੰਗ ਲਈ ਤਿਆਰ ਕੀਤੇ ਗਏ ਤਜਵੀਜ਼ੀ ਪੱਤਰ ਨੂੰ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਦੀ ਅਗਵਾਈ ਵਿੱਚ ਤਿਆਰ ਕੀਤਾ ਗਿਆ ਸੀ।
ਪੰਜਾਬੀ ਜਾਗਰਣ