ਵੱਡੀਆਂ-ਵੱਡੀਆਂ ਕੋਠੀਆਂ ਨੂੰ ਵੱਜਣ ਲੱਗੇ ਤਾਲੇ
ਜੇਕਰ ਕਿਸੇ ਘਰ ’ਚ ਕੋਈ ਰਹਿੰਦਾ ਵੀ ਹੈ ਤਾਂ ਉਹ ਇਕ ਜਾਂ ਦੋ ਬਜ਼ੁਰਗ ਹੀ ਹਨ ਜੋ ਆਪਣੀ ਜਨਮ ਭੂਮੀ ਛੱਡ ਕੇ ਨਹੀਂ ਜਾਣਾ ਚਾਹੁੰਦੇ। ਇਕ ਸਮਾਂ ਸੀ ਜਦੋਂ ਐੱਨਆਰਆਈਜ਼ ਪੰਜਾਬ ’ਚ ਵੱਡੀਆਂ ਕੋਠੀਆਂ ਪਾ ਕੇ ਜ਼ਮੀਨਾਂ-ਜਾਇਦਾਦਾਂ ਖਰੀਦਦੇ ਸਨ ਪਰ ਹੁਣ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਪੰਜਾਬ ਵਿਚਲੀਆਂ ਜਾਇਦਾਦਾਂ ਵੇਚ-ਵੱਟ ਕੇ ਜਾ ਰਹੀਆ ਹਨ। ਦੋਆਬੇ ਦਾ ਕੋਈ ਪਿੰਡ ਅਜਿਹਾ ਹੋਵੇਗਾ, ਜਿੱਥੋਂ ਲੋਕ ਵਿਦੇਸ਼ਾਂ ਵਿਚ ਨਾ ਗਏ ਹੋਣ।
23 ਮਈ, 2025 – ਜਲੰਧਰ : ਖੁਸ਼ਹਾਲ ਜੀਵਨ ਦੀ ਭਾਲ ਤੇ ਡਾਲਰ-ਪੌਂਡ ਕਮਾਉਣ ਦੀ ਚਾਹਤ ਨੇ ਪੰਜਾਬ ਦੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਹਨ। ਕਮਾਈ ਕਰਨ ਲਈ ਵਿਦੇਸ਼ ਜਾਣ ਦੀ ਚਾਹਤ ’ਚ ਵਿਦੇਸ਼ਾਂ ’ਚ ਗਏ ਪੰਜਾਬੀ ਉਥੋਂ ਦੇ ਹੀ ਹੋ ਕੇ ਰਹਿ ਗਏ। ਪੰਜਾਬ ਖ਼ਾਸਕਰ ਦੋਆਬੇ ਦੇ ਚਾਰ ਜ਼ਿਲ੍ਹਿਆ ਜਲੰਧਰ, ਕਪੂਰਥਲਾ, ਨਵਾਂਸ਼ਹਿਰ ਤੇ ਹੁਸ਼ਿਆਰਪੁਰ ਦੀ ਸਥਿਤੀ ਇਹ ਹੈ ਕਿ ਇਨ੍ਹਾਂ ਵਿਚ ਵੱਡੀਆਂ-ਵੱਡੀਆਂ ਕੋਠੀਆਂ ਤਾਂ ਨਜ਼ਰ ਆਉਂਦੀਆ ਹਨ ਪਰ ਉਨ੍ਹਾਂ ਵਿਚ ਰਹਿਣ ਵਾਲਾ ਕੋਈ ਨਹੀਂ ਹੈ, ਇਨ੍ਹਾਂ ਨੂੰ ਵੱਡੇ-ਵੱਡੇ ਤਾਲੇ ਲੱਗੇ ਹੋਏ ਹਨ। ਜੇਕਰ ਕਿਸੇ ਘਰ ’ਚ ਕੋਈ ਰਹਿੰਦਾ ਵੀ ਹੈ ਤਾਂ ਉਹ ਇਕ ਜਾਂ ਦੋ ਬਜ਼ੁਰਗ ਹੀ ਹਨ ਜੋ ਆਪਣੀ ਜਨਮ ਭੂਮੀ ਛੱਡ ਕੇ ਨਹੀਂ ਜਾਣਾ ਚਾਹੁੰਦੇ।
ਇਕ ਸਮਾਂ ਸੀ ਜਦੋਂ ਐੱਨਆਰਆਈਜ਼ ਪੰਜਾਬ ’ਚ ਵੱਡੀਆਂ ਕੋਠੀਆਂ ਪਾ ਕੇ ਜ਼ਮੀਨਾਂ-ਜਾਇਦਾਦਾਂ ਖਰੀਦਦੇ ਸਨ ਪਰ ਹੁਣ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਪੰਜਾਬ ਵਿਚਲੀਆਂ ਜਾਇਦਾਦਾਂ ਵੇਚ-ਵੱਟ ਕੇ ਜਾ ਰਹੀਆ ਹਨ। ਦੋਆਬੇ ਦਾ ਕੋਈ ਪਿੰਡ ਅਜਿਹਾ ਹੋਵੇਗਾ, ਜਿੱਥੋਂ ਲੋਕ ਵਿਦੇਸ਼ਾਂ ਵਿਚ ਨਾ ਗਏ ਹੋਣ। ਕਈ ਪਿੰਡਾਂ ਵਿੱਚੋਂ ਲੋਕ ਆਜ਼ਾਦੀ ਤੋਂ ਪਹਿਲਾਂ ਦੇ ਇੰਗਲੈਂਡ, ਅਮਰੀਕਾ ਤੇ ਕੈਨੇਡਾ ਜਾ ਕੇ ਵੱਸੇ ਹੋਏ ਹਨ ਅਤੇ ਹੁਣ ਹੋਰ ਪੱਛਮੀ ਦੇਸ਼ਾਂ ਵਿਚ ਪੰਜਾਬੀ ਵੱਡੀ ਗਿਣਤੀ ਵਿਚ ਗਏ ਤੇ ਉਥੋਂ ਦੇ ਪੱਕੇ ਨਾਗਰਿਕ ਬਣ ਚੁੱਕੇ ਹਨ। ਪਿੰਡਾਂ ਵਿਚ ਖਾਲੀ ਪਈਆ ਵਿਸ਼ਾਲ ਕੋਠੀਆਂ ਬਾਰੇ ਗੱਲਬਾਤ ਕਰਦਿਆ ਜਲੰਧਰ ਜ਼ਿਲ੍ਹੇ ਦੇ ਪਿੰਡ ਸਰਾਏ ਖਾਸ ਦੇ ਵਸਨੀਕ ਕੁਲਵਿੰਦਰ ਸਿੰਘ ਕਿੰਦਾ ਦੱਸਦੇ ਹਨ ਕਿ ਉਨ੍ਹਾਂ ਦੇ ਪਿੰਡ ਵਿੱਚੋਂ 80 ਫੀਸਦੀ ਦੇ ਕਰੀਬ ਲੋਕ ਕੈਨੇਡਾ, ਅਮਰੀਕਾ, ਇਟਲੀ, ਇੰਗਲੈਂਡ, ਜਰਮਨ ਤੇ ਹੋਰ ਪੱਛਮੀ ਦੇਸ਼ਾਂ ’ਚ ਰਹਿੰਦੇ ਹਨ।
ਇਨ੍ਹਾਂ ਵਿੱਚੋਂ ਕਈ ਪਰਿਵਾਰ ਅਜਿਹੇ ਹਨ ਜੋ ਕਿ 7-8 ਦਹਾਕੇ ਪਹਿਲਾਂ ਪਰਵਾਸ ਕਰ ਕੇ ਗਏ ਹੋਏ ਹਨ ਅਤੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਬਾਰੇ ਪਿੰਡ ਦੀ ਅਗਲੀ ਪੀੜ੍ਹੀ ਨੂੰ ਕੋਈ ਜਾਣਕਾਰੀ ਵੀ ਨਹੀਂ ਹੈ। ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਪਣੀ ਬੀਹੀਂ ਦੇ ਕਈ ਘਰਾਂ ਨੂੰ ਤਾਲੇ ਵੱਜੇ ਹੋਏ ਹਨ ਤੇ ਇਸੇ ਤਰ੍ਹਾਂ ਦੇ ਪਿੰਡ 50 ਫੀਸਦੀ ਘਰ ਤਾਂ ਪੂਰੀ ਤਰ੍ਹਾਂ ਬੰਦ ਪਏ ਹਨ, ਜਿੱਥੋਂ ਦੇ ਪਰਿਵਾਰ ਸਾਲ ਜਾਂ ਦੋ ਸਾਲ ਬਾਅਦ ਹੀ ਗੇੜਾ ਮਾਰਦੇ ਹਨ। ਇਸ ਤੋਂ ਇਲਾਵਾ 30 ਫੀਸਦੀ ਘਰ ਅਜਿਹੇ ਹਨ, ਜਿਨ੍ਹਾਂ ’ਚ ਸਿਰਫ ਇਕ ਜਾਂ ਦੋ ਬਜ਼ੁਰਗ ਰਹਿ ਰਹੇ ਹਨ।
ਪਿੰਡ ਦੇ ਸਰਪੰਚ ਗੁਰਦਿਆਲ ਸਿੰਘ ਜੋ ਕਿ ਖੁਦ ਵੀ ਇਕੱਲੇ ਹੀ ਰਹਿੰਦੇ ਹਨ, ਕਹਿਣਾ ਹੈ ਕਿ ਉਨ੍ਹਾਂ ਦੇ ਦੋ ਭਰਾ ਤੇ ਪਰਿਵਾਰ ਵੀ ਕੈਨੇਡਾ ਵਿਚ ਹੀ ਰਹਿੰਦਾ ਹੈ। ਸਰਪੰਚ ਨੇ ਦੱਸਿਆ ਕਿ ਪਿੰਡ ਦੀ ਜਨਗਣਨਾ 2011 ’ਚ ਹੋਈ ਸੀ। ਇਸ ਲਈ ਮੌਜੂਦਾ ਸਮੇਂ ਜਨ-ਸੰਖਿਆ ਦਾ ਅੰਕੜਾ ਤਾਂ ਨਹੀਂ ਹੈ ਪਰ ਅੰਦਾਜ਼ਨ 5000 ਦੇ ਕਰੀਬ ਲੋਕ ਰਹਿੰਦੇ ਹਨ। ਪਿੰਡ ’ਚ 2300 ਦੇ ਕਰੀਬ ਵੋਟਾਂ ਹਨ। ਇਨ੍ਹਾਂ ਵਿਚ ਪਰਵਾਸੀ ਮਜ਼ਦੂਰ ਵੀ ਸ਼ਾਮਲ ਹਨ। ਪਿੰਡ ਦੇ 11 ਵਾਰਡ ਹਨ, ਜਿਨ੍ਹਾਂ ਤੋਂ 11 ਪੰਚ ਚੁਣੇ ਹੋਏ ਹਨ।
ਕੁਲਵਿੰਦਰ ਸਿੰਘ ਕਿੰਦਾ ਨੇ ਦੱਸਿਆ ਕਿ ਪਿੰਡ ਛੱਡਣ ਦੀ ਹਾਲਤ ਇਹ ਬਣ ਚੁੱਕੀ ਹੈ ਕਿ ਹਰ ਸਾਲ 6-7 ਪਰਿਵਾਰ ਆਪਣੀਆਂ ਕੋਠੀਆਂ ਤੇ ਜ਼ਮੀਨਾਂ ਵੇਚ ਰਹੇ ਹਨ। ਕਈਆਂ ਨੇ ਜ਼ਮੀਨਾਂ ਠੇਕੇ ’ਤੇ ਦਿੱਤੀਆ ਹੋਈਆ ਹਨ। ਇਹ ਹਾਲ ਸਿਰਫ਼ ਉਨ੍ਹਾਂ ਦੇ ਪਿੰਡ ਦਾ ਹੀ ਨਹੀਂ ਬਲਕਿ ਦੋਆਬੇ ਦੇ ਅਜਿਹੇ ਕਈ ਪਿੰਡ ਹਨ, ਜਿੱਥੋਂ ਦੇ ਲੋਕ ਹਰ ਸਾਲ ਜਾਇਦਾਦਾਂ ਵੇਚ ਰਹੇ ਹਨ। ਜਦੋਂ ਇਕ ਵਾਰ ਕੋਈ ਆਪਣਾ ਘਰ ਤੇ ਜ਼ਮੀਨ-ਜਾਇਦਾਦ ਵੇਚ ਜਾਂਦਾ ਹੈ ਤਾਂ ਉਹ ਪੱਕੇ ਤੌਰ ’ਤੇ ਪਿੰਡ ਨਾਲੋਂ ਟੁੱਟ ਜਾਂਦਾ ਹੈ ਕਿਉਂਕਿ ਉਸ ਦੇ ਮੁੜ ਕੇ ਆਉਣ ਦੀ ਕੋਈ ਚਾਹਤ ਨਹੀਂ ਰਹਿੰਦੀ। ਕੁਲਵਿੰਦਰ ਸਿੰਘ ਕਿੰਦਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ 10 ਏਕੜ ਜ਼ਮੀਨ ਠੇਕੇ ’ਤੇ ਦਿੱਤੀ ਹੋਈ ਹੈ ਅਤੇ ਉਨ੍ਹਾਂ ਦੇ ਬੱਚੇ ਵੀ ਕੈਨੇਡਾ ਤੇ ਅਮਰੀਕਾ ’ਚ ਰਹਿ ਰਹੇ ਹਨ, ਇਸ ਲਈ ਉਹ ਵੀ ਮਾਪਿਆਂ ਨੂੰ ਉਥੇ ਹੀ ਆ ਕੇ ਰਹਿਣ ਲਈ ਕਹਿ ਰਹੇ ਹਨ। ਅਜਿਹਾ ਰੁਝਾਨ ਹੋਰਨਾਂ ਪਰਿਵਾਰਾਂ ਦੇ ਬੱਚਿਆ ’ਚ ਵੀ ਹੈ ਅਤੇ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਪਿੰਡ ਖਾਲੀ ਹੋ ਜਾਣਗੇ ਜਾਂ ਫਿਰ ਪਰਵਾਸੀ ਮਜ਼ਦੂਰ ਹੀ ਕੋਠੀਆਂ ’ਚ ਰਹਿਣਗੇ।
ਕੈਨੇਡੀਅਨ ਐੱਮਪੀ ਰਣਦੀਪ ਸਰਾਏ ਦਾ ਪਿੰਡ ਹੈ ਸਰਾਏ ਖਾਸ
ਸਰਾਏ ਖਾਸ ਪਿੰਡ ਦੇ ਰਣਦੀਪ ਸਰਾਏ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵੈਨਕੂਵਰ ਦੇ ਸਰੀ ਸੈਂਟਰ ਹਲਕੇ ਤੋਂ ਲਿਬਰਲ ਪਾਰਟੀ ਦੀ ਟਿਕਟ ’ਤੇ ਚਾਰ ਵਾਰ ਐੱਮਪੀ ਬਣ ਕੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਹਾਲਾਂਕਿ ਰਣਦੀਪ ਸਰਾਏ ਦਾ ਜਨਮ ਤੇ ਪਾਲਣ ਪੋਸ਼ਣ ਵੈਨਕੂਵਰ ਵਿਚ ਹੋਇਆ ਹੈ ਕਿਉਂਕਿ ਉਨ੍ਹਾਂ ਦੇ ਵਡੇਰੇ ਕਈ ਦਹਾਕੇ ਪਹਿਲਾਂ ਕੈਨੇਡਾ ਪਰਵਾਸ ਕਰ ਗਏ ਸਨ। ਪਿਛਲੇ ਮਹੀਨੇ ਹੋਈਆਂ ਕੈਨੇਡਾ ਦੀਆ ਫੈਡਰਲ ਚੋਣਾਂ ਦੌਰਾਨ ਸਰੀ ਸੈਂਟਰ ਤੋਂ ਐੱਮਪੀ ਬਣਨ ਉਪਰੰਤ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਕੈਬਨਿਟ ’ਚ ਸੈਕਟਰੀ ਆਫ ਸਟੇਟ (ਇੰਟਰਨੈਸ਼ਨਲ ਡਿਵੈੱਲਪਮੈਂਟ) ਦਾ ਅਹੁਦਾ ਦਿੱਤਾ ਗਿਆ ਹੈ।
ਪੰਜਾਬੀ ਜਾਗਰਨ
test