ਸਾਬਕਾ ਵਿਧਾਇਕਾਂ ਦੀ ਪੈਨਸ਼ਨ ਛੜੱਪੇ ਮਾਰ ਵਧੀ; ਬੁਢਾਪਾ ਪੈਨਸ਼ਨ ’ਚ ਵਾਧੇ ਦੀ ਰਫ਼ਤਾਰ ਮੱਠੀ
16 ਜਨਵਰੀ, 2026 – ਚੰਡੀਗੜ੍ਹ : ਪੰਜਾਬ ’ਚ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਤੇਜ਼ ਰਫ਼ਤਾਰ ਨਾਲ ਵਧ ਰਹੀ ਹੈ; ਬਜ਼ੁਰਗਾਂ ਦੀਆਂ ਬੁਢਾਪਾ ਪੈਨਸ਼ਨਾਂ ਨੂੰ ਬਰੇਕ ਲੱਗੀ ਹੋਈ ਹੈ। 1977 ਤੋਂ ਹੁਣ ਤੱਕ ਸਾਬਕਾ ਵਿਧਾਇਕਾਂ ਦੀ ਪੈਨਸ਼ਨ 283 ਗੁਣਾ ਵਧੀ ਹੈ ਪਰ ਬੁਢਾਪਾ ਪੈਨਸ਼ਨ ਇਸ ਸਮੇਂ ਦੌਰਾਨ ਸਿਰਫ਼ ਤੀਹ ਗੁਣਾ ਹੀ ਵਧੀ। ‘ਆਪ’ ਸਰਕਾਰ ਨੇ 2022 ਦੀਆਂ ਚੋਣਾਂ ’ਚ ਬੁਢਾਪਾ ਪੈਨਸ਼ਨ 1500 ਰੁਪਏ ਮਹੀਨਾ ਤੋਂ ਵਧਾ ਕੇ 2500 ਰੁਪਏ ਕਰਨ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਹਾਲੇ ਹਕੀਕਤ ਨਹੀਂ ਬਣਿਆ।
ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਦੇਣ ਲਈ 1977 ’ਚ ‘ਪੰਜਾਬ ਸਟੇਟ ਲੈਜਿਸਲੇਚਰ ਮੈਂਬਰਜ਼ (ਪੈਨਸ਼ਨ ਐਂਡ ਮੈਡੀਕਲ ਫੈਸੀਲਿਟੀਜ਼ ਰੈਗੂਲੇਸ਼ਨ) ਐਕਟ ਬਣਿਆ ਸੀ। ਪਹਿਲੀ ਮਈ 1977 ਨੂੰ ਪਹਿਲੀ ਵਾਰ ਸਾਬਕਾ ਵਿਧਾਇਕਾਂ ਨੂੰ ਪ੍ਰਤੀ ਮਹੀਨਾ 300 ਰੁਪਏ ਬੇਸਿਕ ਪੈਨਸ਼ਨ ਮਿਲਣ ਲੱਗੀ, ਹੁਣ ਇਹ ਸਮੇਤ ਡੀ ਏ ਕਰੀਬ 85 ਹਜ਼ਾਰ ਰੁਪਏ ਮਹੀਨਾ ਹੋ ਗਈ ਹੈ। ਹੁਣ ਤੱਕ ਦਾ ਇਹ ਵਾਧਾ 283 ਗੁਣਾ ਬਣਦਾ ਹੈ। ਇਸ ਦੌਰਾਨ ਸਾਬਕਾ ਵਿਧਾਇਕਾਂ ਦੀ ਪੈਨਸ਼ਨ ’ਚ ਦਸ ਵਾਰ ਵਾਧਾ ਹੋਇਆ ਹੈ। ਦੂਜੇ ਪਾਸੇ 1977 ’ਚ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ 50 ਰੁਪਏ ਮਹੀਨਾ ਮਿਲਦੀ ਸੀ ਅਤੇ ਹੁਣ ਇਹ 1500 ਰੁਪਏ ਮਹੀਨਾ ਹੈ; ਭਾਵ, ਬੁਢਾਪਾ ਪੈਨਸ਼ਨ ’ਚ ਸਿਰਫ਼ ਤੀਹ ਗੁਣਾ ਵਾਧਾ ਹੋਇਆ ਹੈ। ਇਸ ਵੇਲੇ ਪੰਜਾਬ ’ਚ 23.39 ਲੱਖ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਮਿਲ ਰਹੀ ਹੈ। 1964 ’ਚ ਪੰਜਾਬ ’ਚ ਬਜ਼ੁਰਗਾਂ ਨੂੰ ਸਿਰਫ਼ 15 ਰੁਪਏ ਮਹੀਨਾ ਬੁਢਾਪਾ ਪੈਨਸ਼ਨ ਮਿਲਦੀ ਸੀ ਜੋ 1968 ਵਿੱਚ 25 ਰੁਪਏ, 1973 ’ਚ 50 ਰੁਪਏ ਅਤੇ 1990 ’ਚ ਇੱਕ ਸੌ ਰੁਪਏ ਕੀਤੀ ਗਈ। 1992 ’ਚ ਇਹ ਪੈਨਸ਼ਨ ਵਧ ਕੇ 150 ਰੁਪਏ, 1995 ’ਚ 200 ਰੁਪਏ ਅਤੇ 2006 ’ਚ 250 ਰੁਪਏ ਕੀਤੀ ਗਈ।
ਹਰਿਆਣਾ ’ਚ ਇਸ ਵੇਲੇ ਬਜ਼ੁਰਗਾਂ ਨੂੰ 3000 ਰੁਪਏ ਮਹੀਨਾ ਬੁਢਾਪਾ ਪੈਨਸ਼ਨ ਮਿਲ ਰਹੀ ਹੈ; ਆਂਧਰਾ ਪ੍ਰਦੇਸ਼ ’ਚ ਬੁਢਾਪਾ ਪੈਨਸ਼ਨ 4000 ਰੁਪਏ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 11 ਅਗਸਤ 2022 ਨੂੰ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਲਾਗੂ ਕਰ ਦਿੱਤੀ ਸੀ। ਉਸ ਤੋਂ ਪਹਿਲਾਂ ਤਾਂ ਸਾਬਕਾ ਵਿਧਾਇਕਾਂ ਨੂੰ ਪ੍ਰਤੀ ਟਰਮ 10 ਹਜ਼ਾਰ ਰੁਪਏ ਵਾਧੂ ਪੈਨਸ਼ਨ ਵੀ ਮਿਲਦੀ ਸੀ। ਹਰ ਟਰਮ ਦੇ ਵਾਧੇ ਨਾਲ ਪੈਨਸ਼ਨ ਆਪਣੇ ਆਪ ਵਧ ਜਾਂਦੀ ਸੀ। ਕਈ ਸਾਬਕਾ ਵਿਧਾਇਕਾਂ ਨੇ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੋਈ ਹੈ।
ਸੰਸਦ ਮੈਂਬਰਾਂ ਨੂੰ ਇਸ ਵੇਲੇ ਮੁਢਲੀ ਪੈਨਸ਼ਨ ਪ੍ਰਤੀ ਮਹੀਨਾ 31 ਹਜ਼ਾਰ ਰੁਪਏ ਮਿਲਦੀ ਹੈ। ਜੇ ਕੋਈ ਸੰਸਦ ਮੈਂਬਰ ਪੰਜ ਸਾਲ ਤੋਂ ਬਾਅਦ ਸਮੇਂ ਲਈ ਸੰਸਦ ਮੈਂਬਰ ਬਣਦਾ ਹੈ ਤਾਂ ਹਰ ਸਾਲ 2500 ਰੁਪਏ ਦਾ ਵਾਧਾ ਹੁੰਦਾ ਹੈ; ਭਾਵ, ਦੂਜੀ ਟਰਮ ਵਾਲੇ ਸੰਸਦ ਮੈਂਬਰ ਨੂੰ 10 ਹਜ਼ਾਰ ਰੁਪਏ ਵੱਧ ਪੈਨਸ਼ਨ ਮਿਲਦੀ ਹੈ। ਕੇਂਦਰ ਸਰਕਾਰ ਨੇ 18 ਮਈ 2009 ਨੂੰ ਸੰਸਦ ਮੈਂਬਰਾਂ ਦੀ ਪੈਨਸ਼ਨ ਵਧਾ ਕੇ 20 ਹਜ਼ਾਰ ਰੁਪਏ ਮਹੀਨਾ ਕਰ ਦਿੱਤੀ ਸੀ, ਫਿਰ ਪਹਿਲੀ ਅਪਰੈਲ 2018 ਨੂੰ ਵਾਧਾ ਕਰ ਕੇ ਪੈਨਸ਼ਨ 25 ਹਜ਼ਾਰ ਰੁਪਏ ਮਹੀਨਾ ਕਰ ਦਿੱਤੀ। 21 ਮਾਰਚ 2025 ਨੂੰ ਇਹ ਪੈਨਸ਼ਨ 31 ਹਜ਼ਾਰ ਰੁਪਏ ਮਹੀਨਾ ਕਰ ਦਿੱਤੀ ਗਈ।
ਬੁਢਾਪਾ ਪੈਨਸ਼ਨਾਂ ਦੀ ਪਿਛਲੇ ਵਰ੍ਹਿਆਂ ’ਚ ਕਈ ਵਾਰ ਪੜਤਾਲ ਵੀ ਹੋ ਚੁੱਕੀ ਹੈ ਅਤੇ ਅਯੋਗ ਲਾਭਪਾਤਰੀਆਂ ਤੋਂ ਵਸੂਲੀ ਵੀ ਹੋਈ ਹੈ। ਬਜ਼ੁਰਗਾਂ ਦਾ ਸ਼ਿਕਵਾ ਹੈ ਕਿ ਉਨ੍ਹਾਂ ਦੀ ਮਾਮੂਲੀ ਪੈਨਸ਼ਨ ਦਾ ਢੰਡੋਰਾ ਪਿੱਟਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ, ਸਿਆਸੀ ਨੇਤਾਵਾਂ ਦੀ ਪੈਨਸ਼ਨ ਦੀ ਕਦੇ ਭਾਫ਼ ਬਾਹਰ ਨਹੀਂ ਕੱਢੀ ਜਾਂਦੀ।
ਕੀ ਹੈ ਪੈਨਸ਼ਨਾਂ ਦਾ ਵਿਧਾਨ
ਪੰਜਾਬ ਸਟੇਟ ਲੈਜਿਸਲੇਟਿਵ ਮੈਂਬਰਜ਼ (ਪੈਨਸ਼ਨਜ਼ ਐਂਡ ਮੈਡੀਕਲ ਫੈਸਿਲਟੀਜ਼ ਰੈਗੂਲੇਸ਼ਨ) ਸੋਧ ਐਕਟ-2022 ਦੀ ਧਾਰਾ 2(1) ਅਨੁਸਾਰ ਸਾਬਕਾ ਵਿਧਾਇਕ ਨੂੰ 11 ਅਗਸਤ 2022 ਤੋਂ 60 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਅਤੇ ਡੀ ਏ ਮਿਲਦਾ ਹੈ। ਇਸ ਤੋਂ ਇਲਾਵਾ 65 ਸਾਲ ਦੀ ਉਮਰ ’ਤੇ ਪੰਜ ਫ਼ੀਸਦੀ, 75 ਸਾਲ ਦੀ ਉਮਰ ’ਤੇ 10 ਫ਼ੀਸਦੀ ਅਤੇ 80 ਸਾਲ ਦੀ ਉਮਰ ’ਤੇ 15 ਫ਼ੀਸਦੀ ਪੈਨਸ਼ਨ ’ਚ ਵਾਧਾ ਹੁੰਦਾ ਹੈ। ਕਰੀਬ 85 ਹਜ਼ਾਰ ਤੋਂ 95 ਹਜ਼ਾਰ ਰੁਪਏ ਤੱਕ ਪੈਨਸ਼ਨ ਪ੍ਰਤੀ ਮਹੀਨਾ ਬਣ ਜਾਂਦੀ ਹੈ।
ਸਾਬਕਾ ਵਿਧਾਇਕਾਂ ਦੀ ਪੈਨਸ਼ਨ ’ਤੇ ਨਜ਼ਰ
ਵਾਧੇ ਦੀ ਤਰੀਕ – ਬੇਸਿਕ ਪੈਨਸ਼ਨ (ਪ੍ਰਤੀ ਮਹੀਨਾ) – ਪ੍ਰਤੀ ਸਾਲ ਵਾਧਾ
1 ਮਈ 1977 – 300 ਰੁਪਏ – 50 ਰੁਪਏ
29 ਸਤੰਬਰ 1985 – 500 ਰੁਪਏ – 100 ਰੁਪਏ
29 ਜੁਲਾਈ 1992 – 1000 ਰੁਪਏ – 100 ਰੁਪਏ
27 ਜੁਲਾਈ 1998 – 1500 ਰੁਪਏ – 100 ਰੁਪਏ
23 ਅਪਰੈਲ 2003 – 5000 ਰੁਪਏ – 500 ਰੁਪਏ
30 ਅਕਤੂਬਰ 2006 – 5000 ਰੁਪਏ – 2500 ਰੁਪਏ ਪ੍ਰਤੀ ਟਰਮ
27 ਅਕਤੂਬਰ 2010 – 7500 ਰੁਪਏ – 5000 ਰੁਪਏ ਪ੍ਰਤੀ ਟਰਮ
15 ਮਈ 2015 – 10,000 ਰੁਪਏ – 7500 ਰੁਪਏ ਪ੍ਰਤੀ ਟਰਮ
26 ਅਕਤੂਬਰ 2016 – 15,000 ਰੁਪਏ – 10,000 ਰੁਪਏ ਪ੍ਰਤੀ ਟਰਮ
11 ਅਗਸਤ 2022 – 60,000 ਰੁਪਏ – ਪ੍ਰਤੀ ਟਰਮ ਵਾਧਾ ਖ਼ਤਮ
ਨੋਟ : ਇਸ ਤੋਂ ਇਲਾਵਾ ਡੀ ਏ ਵੱਖਰਾ।
ਬੁਢਾਪਾ ਪੈਨਸ਼ਨ ’ਤੇ ਝਾਤ
ਸਾਲ -ਪੈਨਸ਼ਨ ਰਾਸ਼ੀ (ਪ੍ਰਤੀ ਮਹੀਨਾ)
1964 – 15 ਰੁਪਏ
1968 – 25 ਰੁਪਏ
1973 – 50 ਰੁਪਏ
1990 – 100 ਰੁਪਏ
1992 – 150 ਰੁਪਏ
1995 – 200 ਰੁਪਏ
2006 – 250 ਰੁਪਏ
2016 – 500 ਰੁਪਏ
2021 – 1500 ਰੁਪਏ
ਪੰਜਾਬੀ ਟ੍ਰਿਬਯੂਨ