ਟਰਾਂਸਪੋਰਟ ਵਿਭਾਗ ਪੰਜਾਬ ਦੇ ਕੱਚੇ ਮੁਲਾਜ਼ਮ ਦੀਵਾਲੀ ਮੌਕੇ ਵੀ ਤਨਖ਼ਾਹਾਂ ਤੋਂ ਵਾਂਝੇ ਹਨ। ਪੰਜਾਬ ਰੋਡਵੇਜ਼ ਪਨਬਸ ਤੇ PRTC ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਨੇ ਚਿਤਾਵਨੀ ਦਿੱਤੀ ਕਿ ਜੇ ਭਲਕੇ 17 ਅਕਤੂਬਰ ਨੂੰ ਮੁਲਾਜ਼ਮਾਂ ਦੇ ਖਾਤੇ ਦੇ ਵਿੱਚ…
17 ਅਕਤੂਬਰ 2025 – ਚੰਡੀਗੜ੍ਹ : ਟਰਾਂਸਪੋਰਟ ਵਿਭਾਗ ਪੰਜਾਬ ਦੇ ਕੱਚੇ ਮੁਲਾਜ਼ਮ ਦੀਵਾਲੀ ਮੌਕੇ ਵੀ ਤਨਖ਼ਾਹਾਂ ਤੋਂ ਵਾਂਝੇ ਹਨ। ਪੰਜਾਬ ਰੋਡਵੇਜ਼ ਪਨਬਸ ਤੇ PRTC ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਨੇ ਚਿਤਾਵਨੀ ਦਿੱਤੀ ਕਿ ਜੇ ਭਲਕੇ 17 ਅਕਤੂਬਰ ਨੂੰ ਮੁਲਾਜ਼ਮਾਂ ਦੇ ਖਾਤੇ ਦੇ ਵਿੱਚ ਤਨਖ਼ਾਹ ਨਾ ਆਈ ਤਾਂ 18 ਅਕਤੂਬਰ ਨੂੰ ਪਹਿਲੇ ਸਮੇਂ ਤੋਂ PRTC ਦੇ ਸਮੂਹ ਡਿਪੂ ਬੰਦ ਕੀਤੇ ਜਾਣਗੇ ਅਤੇ PRTC ਦੇ ਚੇਅਰਮੈਨ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ। ਉਸ ਤੋਂ ਬਾਅਦ ਪਨਬਸ ਦੇ ਸਾਰੇ ਡਿਪੂ ਬੰਦ ਕਰ ਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਜਥੇਬੰਦੀ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਖ਼ਜ਼ਾਨਚੀ ਰਮਨਦੀਪ ਸਿੰਘ, ਬਲਜੀਤ ਸਿੰਘ, ਜੁਆਇੰਟ ਸਕੱਤਰ ਜਗਤਾਰ ਸਿੰਘ ਤੇ ਜੋਧ ਸਿੰਘ ਨੇ ਕਿਹਾ ਕਿ ਹਾਲੇ ਤੱਕ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਹੀਂ ਮਿਲੀਆਂ। ਸਰਕਾਰੀ ਬੱਸਾਂ ਵਿੱਚ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਕਾਰਨ ਪਨਬਸ ਤੇ PRTC ਦੇ ਲਗਪਗ 1200 ਕਰੋੜ ਰੁਪਏ ਸਰਕਾਰ ਵੱਲ ਬਕਾਇਆ ਹਨ। ਇਹ ਪੈਸਾ ਨਾ ਆਉਣ ਕਾਰਨ ਹਰ ਮਹੀਨੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਲਈ ਸੰਘਰਸ਼ ਕਰਨਾ ਕਰਨਾ ਪੈਂਦਾ ਹੈ। ਪੈਸਾ ਨਾ ਆਉਣ ਕਾਰਨ ਬੱਸਾਂ ਦੇ ਸਪੇਅਰ ਪਾਰਟਸ ਅਤੇ ਹੋਰ ਵੱਖ-ਵੱਖ ਦਿੱਕਤਾਂ ਦਾ ਸਾਹਮਣਾ ਵੀ ਵਿਭਾਗ ਨੂੰ ਕਰਨਾ ਪੈਂਦਾ ਹੈ। ਮੁਲਾਜ਼ਮ ਹਰ ਤਿਉਹਾਰ ਮੌਕੇ ਤਨਖ਼ਾਹ ਲਈ ਸੰਘਰਸ਼ ਕਰਦੇ ਹਨ ਤੇ ਹੁਣ ਵੀ ਦੀਵਾਲੀ ਮੌਕੇ ਇਹੀ ਹਾਲ ਹੈ, ਜੇ 17 ਅਕਤੂਬਰ ਨੂੰ ਤਨਖ਼ਾਹ ਨਾ ਆਈ ਤਾਂ 18 ਅਕਤੂਬਰ ਨੂੰ ਪਹਿਲੇ ਸਮੇਂ ਤੋਂ PRTCਦੇ ਸਮੂਹ ਡਿਪੂ ਬੰਦ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਹੁਣ ਸਰਕਾਰ PRTC ਦੀਆਂ ਬੱਸਾਂ ਪਾਉਣ ਦੀ ਬਜਾਏ ਕਿਲੋਮੀਟਰ ਸਕੀਮ ਪ੍ਰਾਈਵੇਟ ਬੱਸਾਂ ਦਾ ਟੈਂਡਰ ਲੈ ਕੇ ਆਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੀਵਾਲੀ ਮੌਕੇ ਮੁਲਾਜ਼ਮਾਂ ਨੂੰ ਕੋਈ ਤੋਹਫ਼ਾ ਦੇਣ ਦੀ ਬਜਾਏ ਵਿਭਾਗ ਦਾ ਨਿੱਜੀਕਰਨ ਕਰਕੇ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਕਿਲੋਮੀਟਰ ਸਕੀਮ ਤਹਿਤ ਪਾਉਣ ਦੀ ਤਿਆਰੀ ਹੈ।
ਪੰਜਾਬੀ ਟ੍ਰਿਬਯੂਨ