Punjab School Education Board ਦੇ ਸਰਟੀਫਿਕੇਟਾਂ ਵਿੱਚ ਵੱਡੀ ਗਲਤੀ ਕਾਰਨ ਅਗਲੀ ਜਮਾਤ ਵਿਚ ਦਾਖਲਾ ਲੈਣ ਲਈ ਦਿੱਕਤਾਂ ਵਧੀਆਂ
01 ਅਪ੍ਰੈਲ 2026 – ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਪੰਜਵੀਂ ਜਮਾਤ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਇੱਕ ਵੱਡੀ ਸਮੱਸਿਆ ਸਾਹਮਣੇ ਆਈ ਹੈ। ਸਕੂਲਾਂ ਨੂੰ ਮਿਲੇ ਸਰਟੀਫਿਕੇਟਾਂ ਵਿੱਚ ਵਿਦਿਆਰਥੀਆਂ ਦੀ ਜਨਮ ਮਿਤੀ (Date of Birth) ਦਰਜ ਨਹੀਂ ਕੀਤੀ ਗਈ ਹੈ। ਹਾਲਾਂਕਿ ਇਨ੍ਹਾਂ ਸਰਟੀਫਿਕੇਟਾਂ ‘ਤੇ ਮਾਪਿਆਂ ਦੇ ਨਾਮ ਤਾਂ ਲਿਖੇ ਹੋਏ ਹਨ ਪਰ ਜਨਮ ਮਿਤੀ ਵਰਗੀ ਜ਼ਰੂਰੀ ਜਾਣਕਾਰੀ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿੱਚ ਦਾਖਲਾ ਲੈਣ ਲਈ ਦਿੱਕਤਾਂ ਆ ਰਹੀਆਂ ਹਨ।
ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਦਾ ਕਹਿਣਾ ਹੈ ਕਿ ਮਾਪੇ ਆਪਣੇ ਬੱਚਿਆਂ ਦੇ ਸਰਟੀਫਿਕੇਟ ਮੰਗ ਰਹੇ ਹਨ ਪਰ ਜਨਮ ਮਿਤੀ ਤੋਂ ਬਿਨਾਂ ਇਹ ਦਸਤਾਵੇਜ਼ ਅਧੂਰੇ ਹਨ। ਅਧਿਆਪਕਾਂ ਅਨੁਸਾਰ ਜੇਕਰ ਕੋਈ ਵਿਦਿਆਰਥੀ ਸਕੂਲ ਬਦਲਦਾ ਹੈ ਜਾਂ ਕਿਸੇ ਹੋਰ ਸੰਸਥਾ ਵਿੱਚ ਦਾਖਲਾ ਲੈਣਾ ਚਾਹੁੰਦਾ ਹੈ ਤਾਂ ਉੱਥੇ ਉਮਰ ਦੇ ਸਬੂਤ ਵਜੋਂ ਜਨਮ ਮਿਤੀ ਵਾਲਾ ਸਰਟੀਫਿਕੇਟ ਹੋਣਾ ਲਾਜ਼ਮੀ ਹੁੰਦਾ ਹੈ। ਇਸ ਕਾਰਨ ਸਕੂਲ ਸਟਾਫ਼ ਅਤੇ ਮਾਪਿਆਂ ਵਿੱਚ ਭੰਬਲਭੂਸਾ ਬਣਿਆ ਹੋਇਆ ਹੈ।
ਅਧਿਆਪਕਾਂ ਨੇ ਦੱਸਿਆ ਕਿ ਪਹਿਲਾਂ ਸਕੂਲਾਂ ਨੂੰ ‘ਹੋਲਿਸਟਿਕ ਕਾਰਡ’ ਦੀਆਂ ਹਾਰਡ ਕਾਪੀਆਂ ਦਿੱਤੀਆਂ ਗਈਆਂ ਸਨ ਜਿਨ੍ਹਾਂ ਵਿੱਚ ਸਾਰੀ ਜਾਣਕਾਰੀ ਅਤੇ ਜਨਮ ਮਿਤੀ ਸਹੀ ਸੀ ਪਰ ਜੋ ਅਧਿਕਾਰਤ ਸਰਟੀਫਿਕੇਟ ਈ-ਪੰਜਾਬ ਪੋਰਟਲ ਤੋਂ ਡਾਊਨਲੋਡ ਕੀਤੇ ਜਾ ਰਹੇ ਹਨ, ਸਿਰਫ ਉਨ੍ਹਾਂ ਵਿੱਚ ਹੀ ਇਹ ਗਲਤੀ ਹੈ। ਕਿਉਂਕਿ ਪੋਰਟਲ ਵਾਲੇ ਸਰਟੀਫਿਕੇਟਾਂ ‘ਤੇ ਹੀ ਅਧਿਕਾਰਤ ਮੋਹਰ ਲੱਗੀ ਹੁੰਦੀ ਹੈ, ਇਸ ਲਈ ਸਿਰਫ ਉਹੀ ਅਸਲੀ ਦਸਤਾਵੇਜ਼ ਮੰਨੇ ਜਾਂਦੇ ਹਨ।
ਡੈਮੋਕ੍ਰੈਟਿਕ ਟੀਚਰਜ਼ ਫਰੰਟ ਅਤੇ ਹੋਰ ਅਧਿਆਪਕ ਜਥੇਬੰਦੀਆਂ ਨੇ ਵਿਭਾਗ ਦੀ ਇਸ ਲਾਪ੍ਰਵਾਹੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਸਿੱਖਿਆ ਬੋਰਡ ਦੀ ਭਰੋਸੇਯੋਗਤਾ ‘ਤੇ ਸਵਾਲ ਉੱਠਦੇ ਹਨ। ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਬੋਰਡ ਨੂੰ ਜਲਦੀ ਤੋਂ ਜਲਦੀ ਇਹ ਸਰਟੀਫਿਕੇਟ ਦੁਬਾਰਾ ਜਾਰੀ ਕਰਨੇ ਚਾਹੀਦੇ ਹਨ ਤਾਂ ਕਿ ਵਿਦਿਆਰਥੀਆਂ ਨੂੰ ਅਗਲੀ ਪੜ੍ਹਾਈ ਲਈ ਦਾਖਲਾ ਲੈਣ ਵਿੱਚ ਕੋਈ ਮੁਸ਼ਕਲ ਨਾ ਆਵੇ।
ਪੰਜਾਬੀ ਟ੍ਰਿਬਯੂਨ