ਤੇਲ ਕੰਪਨੀਆਂ ਨੇ LPG ਤੇ ਪੈਟਰੋਲੀਅਮ ਪਦਾਰਥਾਂ ਦੀ ਘਾਟ ਦੀਆਂ ਅਫ਼ਵਾਹਾਂ ਨੂੰ ਨਕਾਰਿਆ
04 ਅਪ੍ਰੈਲ, 2026 – ਚੰਡੀਗੜ੍ਹ : ਤੇਲ ਮਾਰਕੀਟਿੰਗ ਕੰਪਨੀਆਂ ਨੇ ਰਸੋਈ ਗੈਸ ਦੀ ਕਿੱਲਤ ਦੇ ਖਦਸ਼ੇ ਨੂੰ ਦੂਰ ਕਰਦੇ ਹੋਏ ਅੱਜ ਕਿਹਾ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਰਸੋਈ ਗੈਸ ਜਾਂ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਵਿੱਚ ਕੋਈ ਰੁਕਾਵਟ ਨਹੀਂ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਪੰਜਾਬ ਵਿੱਚ ਤੇਲ ਉਦਯੋਗ ਦੇ ਕੋਆਰਡੀਨੇਟਰ ਆਸ਼ੂਤੋਸ਼ ਗੁਪਤਾ ਨੇ ਖਪਤਕਾਰਾਂ ਨੂੰ ਭਰੋਸਾ ਦਿਵਾਇਆ ਕਿ LPG ਦਾ ਲੋੜੀਂਦਾ ਸਟਾਕ ਉਪਲਬਧ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਮੰਗ ਨੂੰ ਪੂਰਾ ਕਰਨ ਲਈ ਸਪਲਾਈ ਸੁਚਾਰੂ ਢੰਗ ਨਾਲ ਜਾਰੀ ਹੈ। ਗੈਸ ਬੋਟਲਿੰਗ ਪਲਾਂਟਾਂ ਵਿੱਚ ਸਟਾਕ ਦੀ ਸਥਿਤੀ ਤਸੱਲੀਬਖਸ਼ ਹੈ ਅਤੇ ਨਿਯਮਾਂ ਅਨੁਸਾਰ ਸਟਾਕ ਨੂੰ ਲਗਾਤਾਰ ਭਰਨ ਦੀ ਯੋਜਨਾ ਪਹਿਲਾਂ ਹੀ ਬਣਾਈ ਜਾ ਚੁੱਕੀ ਹੈ।
ਕੰਪਨੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੂਰੇ ਰਾਜ ਅਤੇ ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਬਿਲਕੁਲ ਆਮ ਹੈ। ਤੇਲ ਡਿਪੂਆਂ ਵਿੱਚ ਪੂਰੀ ਮਾਤਰਾ ਵਿੱਚ ਸਟਾਕ ਮੌਜੂਦ ਹੈ ਅਤੇ ਪੈਟਰੋਲ ਪੰਪਾਂ ਕੋਲ ਵੀ ਵਿਕਰੀ ਜਾਰੀ ਰੱਖਣ ਲਈ ਲੋੜੀਂਦਾ ਸਟਾਕ ਹੈ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ। ਅਧਿਕਾਰੀਆਂ ਨੇ ਕਿਹਾ ਕਿ ਉਹ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ ਅਤੇ ਜਿੱਥੇ ਵੀ ਲੋੜ ਹੈ, ਸਪਲਾਈ ਤੇਜ਼ ਕਰਨ ਲਈ ਕਦਮ ਚੁੱਕੇ ਗਏ ਹਨ।
ਤੇਲ ਕੰਪਨੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਹਟ ਵਿੱਚ ਆ ਕੇ ਗੈਸ ਦੀ ਬੁਕਿੰਗ ਨਾ ਕਰਨ ਅਤੇ ਨਾ ਹੀ ਤੇਲ ਦੀ ਜਮ੍ਹਾਂਖੋਰੀ ਕਰਨ। ਉਨ੍ਹਾਂ ਕਿਹਾ ਕਿ ਕਿੱਲਤ ਦੀ ਕੋਈ ਗੱਲ ਨਹੀਂ ਹੈ, ਇਸ ਲਈ ਲੋਕਾਂ ਨੂੰ ਸ਼ਾਂਤ ਰਹਿਣਾ ਚਾਹੀਦਾ ਹੈ।
ਖਪਤਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ LPG ਸਿਲੰਡਰਾਂ ਦੀ ਬੁਕਿੰਗ ਡਿਜੀਟਲ ਤਰੀਕੇ ਨਾਲ ਕਰਨ। ਡਿਲਿਵਰੀ ਦੇ ਸਮੇਂ ‘ਡਿਲਿਵਰੀ ਆਈਥੈਂਟੀਫਿਕੇਸ਼ਨ ਕੋਡ’ (DAC) ਦੀ ਜਾਂਚ ਜ਼ਰੂਰ ਕਰਨ ਤਾਂ ਕਿ ਪਾਰਦਰਸ਼ਤਾ ਬਣੀ ਰਹੇ ਅਤੇ ਸਹੀ ਗਾਹਕਾਂ ਨੂੰ ਸਮੇਂ ਸਿਰ ਸੇਵਾ ਮਿਲ ਸਕੇ। ਆਸ਼ੂਤੋਸ਼ ਗੁਪਤਾ ਨੇ ਕਿਹਾ ਕਿ ਸਿਸਟਮ ਨੂੰ ਸਹੀ ਢੰਗ ਨਾਲ ਚਲਾਉਣ ਲਈ ਜਨਤਾ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਸਿਰਫ਼ ਅਧਿਕਾਰਤ ਜਾਣਕਾਰੀ ’ਤੇ ਹੀ ਭਰੋਸਾ ਕਰਨ।
ਪੰਜਾਬੀ ਟ੍ਰਿਬਯੂਨ