ਡੇਰਾਬੱਸੀ ਅਦਾਲਤ ਨੇ ਸੁਣਾਇਆ ਫੈਸਲਾ; 3.5 ਕਰੋੜ ਰੁਪਏ ਦੇ ਲੈਣ-ਦੇਣ ਨਾਲ ਜੁੜਿਆ ਹੈ ਮਾਮਲਾ
18 ਮਾਰਚ, 2026 – ਡੇਰਾਬੱਸੀ : ਡੇਰਾਬੱਸੀ ਦੀ ਇੱਕ ਅਦਾਲਤ ਨੇ ਸਾਲ 2018 ਦੇ ਚੈੱਕ ਬਾਊਂਸ ਮਾਮਲੇ ਵਿੱਚ ਇੱਕ ਹਾਊਸਿੰਗ ਪ੍ਰੋਜੈਕਟ ਫਰਮ ਦੇ ਤਿੰਨ ਭਾਈਵਾਲਾਂ ਨੂੰ ਦੋ-ਦੋ ਸਾਲ ਦੀ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਜ਼ਾ ਪਾਉਣ ਵਾਲਿਆਂ ਵਿੱਚ ਖਰੜ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਸ਼ਹਿਬਾਜ਼ ਸਿੰਘ ਸੋਹੀ ਵੀ ਸ਼ਾਮਲ ਹਨ। ਹਾਲਾਂਕਿ, ਅਦਾਲਤ ਨੇ ਫੈਸਲੇ ਤੋਂ ਤੁਰੰਤ ਬਾਅਦ ਤਿੰਨਾਂ ਮੁਲਜ਼ਮਾਂ- ਸ਼ਹਿਬਾਜ਼ ਸਿੰਘ ਸੋਹੀ (ਸੈਕਟਰ-3 ਨਿਵਾਸੀ), ਨਛੱਤਰ ਸਿੰਘ (ਨਾਰਾਇਣਗੜ੍ਹ) ਅਤੇ ਜਤਿੰਦਰ ਸਿੰਘ (ਜ਼ੀਰਕਪੁਰ), ਨੂੰ ਜ਼ਮਾਨਤ ਦੇ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ?
ਪੰਚਕੂਲਾ ਦੇ ਸੈਕਟਰ-21 ਨਿਵਾਸੀ ਕਮਲਜੀਤ ਸਿੰਘ ਨੇ M/S Platinum Smart Buildcon LLP ਅਤੇ ਇਸ ਦੇ ਤਿੰਨ ਭਾਈਵਾਲਾਂ ਵਿਰੁੱਧ ਨੇਗੋਸ਼ੀਏਬਲ ਇੰਸਟ੍ਰੂਮੈਂਟ ਐਕਟ ਦੀ ਧਾਰਾ 138/142 ਅਤੇ ਆਈ.ਪੀ.ਸੀ. ਦੀ ਧਾਰਾ 420 ਤਹਿਤ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਅਨੁਸਾਰ, ਉਕਤ ਫਰਮ ਨੇ ਰਾਜਪੁਰਾ ਦੀ ‘ਸਿਲਵਰ ਸਿਟੀ’ ਵਿੱਚ ਪਲਾਟਾਂ ਦੀ ਵਿਕਰੀ ਸਬੰਧੀ ਇੱਕ ਸੌਦਾ ਕੀਤਾ ਸੀ, ਜੋ ਸਿਰੇ ਨਹੀਂ ਚੜ੍ਹ ਸਕਿਆ। ਇਸ ਦੇ ਬਦਲੇ ਮੁਲਜ਼ਮਾਂ ਨੇ ਉਸ ਨੂੰ 3.5 ਕਰੋੜ ਰੁਪਏ ਦਾ ਚੈੱਕ ਦਿੱਤਾ ਸੀ, ਜੋ ਬੈਂਕ ਵਿੱਚ ਲਗਾਉਣ ’ਤੇ ਬਾਊਂਸ ਹੋ ਗਿਆ।
ਵਿਧਾਇਕਾ ਨਾਲ ਕੀ ਹੈ ਸਬੰਧ ?
ਜ਼ਿਕਰਯੋਗ ਹੈ ਕਿ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਦਾ ਵਿਆਹ 16 ਜੂਨ, 2024 ਨੂੰ ਐਡਵੋਕੇਟ ਸ਼ਹਿਬਾਜ਼ ਸਿੰਘ ਸੋਹੀ ਨਾਲ ਹੋਇਆ ਸੀ। ਉਸ ਸਮੇਂ ਅਨਮੋਲ ਗਗਨ ਮਾਨ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੇ ਸਨ।
ਪੰਜਾਬੀ ਟ੍ਰਿਬਯੂਨ