ਸਿੱਖਿਆ ਮੰਤਰੀ ਜੀ! ਇੰਜ ਦੱਸੋ ਕਿਸ ਤਰ੍ਹਾਂ ਪੜ੍ਹਨਗੇ ਸਰਹੱਦੀ ਸਕੂਲਾਂ ਦੇ ਬੱਚੇ
ਜ਼ਿਲ੍ਹਾ ਸਿੱਖਿਆ ਅਫਸਰ ਰਜੇਸ਼ ਕੁਮਾਰ ਗੁਰਦਾਸਪੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਦੀਆਂ ਖਾਲੀ ਪੋਸਟਾਂ ਸਬੰਧੀ ਸਰਕਾਰ ਨੂੰ ਜਾਣੂ ਕਰਵਾਇਆ ਗਿਆ ਹੈ ਅਤੇ ਸਰਕਾਰ ਸਕੂਲਾਂ ’ਚ ਪ੍ਰਿੰਸੀਪਲ ਦੀਆਂ ਪੋਸਟਾਂ ਭਰਨ ਲਈ ਪੂਰੀ ਤਰ੍ਹਾਂ ਗੰਭੀਰ ਹੈ ਤੇ ਜਲਦ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ’ਚ ਪ੍ਰਿੰਸੀਪਲਾਂ ਤੇ ਲੈਕਚਰਾਂ ਦੀਆਂ ਪੋਸਟਾਂ ਭਰ ਦਿੱਤੀਆਂ ਜਾਣਗੀਆਂ।
23 ਮਈ, 2025 – ਕਲਾਨੌਰ : ਪੰਜਾਬ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿੱਥੇ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ’ਚ 20 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਨਾਲ ਲੱਗਦੇ ਕਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ’ਚ ਪ੍ਰਿੰਸੀਪਲਾਂ ਦੀਆਂ ਪੋਸਟਾਂ ਖਾਲੀ ਹਨ ਤੇ ਇਸ ਤੋਂ ਇਲਾਵਾ ਲੈਕਚਰਾਰਾਂ ਦੀ ਵੀ ਵੱਡੀ ਘਾਟ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਸਰਹੱਦ ਨਾਲ ਲੱਗਦੇ ਬਲਾਕ ਕਲਾਨੌਰ, ਡੇਰਾ ਬਾਬਾ ਨਾਨਕ, ਦੋਰਾਂਗਲਾ ਅਤੇ ਦੀਨਾਨਗਰ ਨਾਲ ਸੰਬੰਧਿਤ ਸਰਹੱਦੀ ਇਲਾਕਿਆਂ ਦੇ ਸੀਨੀਅਰ ਸੈਕੰਡਰੀ ਸਕੂਲ ਰੋਸਾ ’ਚ ਪ੍ਰਿੰਸੀਪਲ ਦੀ ਪੋਸਟ ਖਾਲੀ ਹੈ, ਉੱਥੇ ਲੈਕਚਰਾਰਾਂ ਦੀਆਂ ਪੋਸਟਾਂ ਖਾਲੀ ਹੋਣ ਕਾਰਨ ਹਾਈ ਸਕੂਲ ਦੇ ਅਧਿਆਪਕ ਗਿਆਰਵੀਂ ਅਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਦੋਸਤਪੁਰ, ਕਲਾਨੌਰ, ਸੋਹਨ, ਭੰਡਾਲ, ਦੇਹੜ ਫੱਤੂਪੁਰ, ਸ਼ਾਹਪੁਰ ਗੁਰਾਇਆ, ਭਗਤਾਣਾ ਤੁਲੀਆਂ, ਹਰਦੋਛੰਨੀਆ, ਗਾਹਲੜੀ, ਝੜੋਲੀ, ਛੀਨਾ ਬੇਟ,ਦਰਦਾਬਾਦ, ਧਿਆਨਪੁਰ, ਸ਼ਾਹਪੁਰ ਜਾਜਨ, ਲਾਲੇ ਨੰਗਲ, ਕੋਟਲੀ ਸੂਰਤ ਮੱਲ੍ਹੀ ਆਦਿ ਸੀਨੀਅਰ ਸੈਕੰਡਰੀ ਸਕੂਲਾਂ ’ਚ ਪ੍ਰਿੰਸੀਪਲਾਂ ਦੀਆਂ ਪੋਸਟਾਂ ਖਾਲੀ ਹੋਣ ਤੋਂ ਇਲਾਵਾ ਲੈਕਚਰਾਰਾਂ ਦੀਆਂ ਵੀ ਪੋਸਟਾਂ ਖਾਲੀ ਪਈਆਂ ਹੋਈਆਂ ਹਨ।
ਇਸ ਮੌਕੇ ਪਿੰਡ ਰੋਸੇ ਦੇ ਸਾਬਕਾ ਸਰਪੰਚ ਪ੍ਰਭਸ਼ਰਨ ਸਿੰਘ ਰੋਸੇ, ਰਛਪਾਲ ਸਿੰਘ, ਬਾਵਾ ਸਿੰਘ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਰੋਸੇ ਵੱਲੋਂ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੌਰਾਨ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਕਾਰਜਕਾਲ ਦੌਰਾਨ ਪੰਚਾਇਤ ਵੱਲੋਂ ਪਿੰਡ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਅਪਗਰੇਡ ਕਰਵਾਇਆ ਸੀ। ਪ੍ਰਭਸ਼ਰਨ ਸਿੰਘ ਨੇ ਦੱਸਿਆ ਕਿ ਰੋਸੇ ਤੋਂ ਬਟਾਲੇ ਤੱਕ ਪੁਰਾਣੇ ਸਮਿਆਂ ’ਚ ਬੱਸ ਚੱਲਣ ਕਾਰਨ ਪਿੰਡ ਦੇ ਨੌਜਵਾਨ ਲੜਕੇ ਤੇ ਲੜਕੀਆਂ ਕਲਾਨੌਰ, ਬਟਾਲਾ ਗੁਰਦਾਸਪੁਰ ’ਚ ਪੜ੍ਹਨ ਜਾਂਦੇ ਸਨ ਪਰ ਕਈ ਸਾਲ ਪਹਿਲਾਂ ਇਸ ਬੱਸ ਨੂੰ ਬੰਦ ਕਰ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਸਕੂਲ ’ਚ ਪ੍ਰਿੰਸੀਪਲ ਤੇ ਲੈਕਚਰਾਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇ। ਇਸ ਮੌਕੇ ਸਰਹੱਦੀ ਪਿੰਡਾਂ ਦੇ ਸਾਬਕਾ ਸਰਪੰਚ ਗੁਰਦਿਆਲ ਸਿੰਘ ਲਾਡੀ, ਜਗੀਰ ਸਿੰਘ, ਬਲਵਿੰਦਰ ਸਿੰਘ, ਜਗਮੋਹਨ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ, ਹਰਦੇਵ ਆਦਿ ਨੇ ਕਿਹਾ ਕਿ ਬਾਰਡਰ ਏਰੀਏ ਦੇ ਲੋਕ ਪਹਿਲਾਂ ਹੀ ਸਮੇਂ-ਸਮੇਂ ਦੀਆਂ ਜੰਗਾਂ ਅਤੇ ਰਾਵੀ ਦਰਿਆ ਦੀ ਮਾਰ ਕਰਨ ਆਰਥਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਹਨ।
ਸਰਕਾਰੀ ਸਕੂਲਾਂ ’ਚ ਪ੍ਰਿੰਸੀਪਲ ਦੀਆਂ ਪੋਸਟਾਂ ਭਰਨ ਲਈ ਸਰਕਾਰ ਪੂਰੀ ਤਰ੍ਹਾਂ ਗੰਭੀਰ : ਜ਼ਿਲ੍ਹਾ ਸਿੱਖਿਆ ਅਫਸਰ ਰਜੇਸ਼ ਕੁਮਾਰ
ਜ਼ਿਲ੍ਹਾ ਸਿੱਖਿਆ ਅਫਸਰ ਰਜੇਸ਼ ਕੁਮਾਰ ਗੁਰਦਾਸਪੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਦੀਆਂ ਖਾਲੀ ਪੋਸਟਾਂ ਸਬੰਧੀ ਸਰਕਾਰ ਨੂੰ ਜਾਣੂ ਕਰਵਾਇਆ ਗਿਆ ਹੈ ਅਤੇ ਸਰਕਾਰ ਸਕੂਲਾਂ ’ਚ ਪ੍ਰਿੰਸੀਪਲ ਦੀਆਂ ਪੋਸਟਾਂ ਭਰਨ ਲਈ ਪੂਰੀ ਤਰ੍ਹਾਂ ਗੰਭੀਰ ਹੈ ਤੇ ਜਲਦ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ’ਚ ਪ੍ਰਿੰਸੀਪਲਾਂ ਤੇ ਲੈਕਚਰਾਂ ਦੀਆਂ ਪੋਸਟਾਂ ਭਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਮੁੱਚੇ ਹਾਈ ਸਕੂਲਾਂ ਵਿੱਚ ਹੈਡ ਮਾਸਟਰਾਂ ਦੀਆਂ ਪੋਸਟਾਂ ਭਰੀਆਂ ਜਾ ਚੁੱਕੀਆਂ ਹਨ।
ਬਾਰਡਰ ਏਰੀਏ ਦੇ ਸਕੂਲਾਂ ’ਚ ਪ੍ਰਿੰਸੀਪਲ ਤੇ ਲੈਕਚਰਾਰਾਂ ਦੀਆਂ ਪੋਸਟਾਂ ਭਰੇ ਸਰਕਾਰ : ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ
ਡੈਮੋਕਰੇਟਿਕ ਫਰੰਟ ਦੇ ਜ਼ਿਲ੍ਹਾ ਗੁਰਦਾਸਪੁਰ ਤੇ ਪ੍ਰਧਾਨ ਤੇ ਸੂਬਾਈ ਕਮੇਟੀ ਦੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਨੇ ਕਿਹਾ ਕਿ ਬਾਰਡਰ ਏਰੀਏ ਦੇ ਸਕੂਲਾਂ ’ਚ ਪ੍ਰਿੰਸੀਪਲ ਅਤੇ ਲੈਕਚਰਾਰਾਂ ਦੀ ਵੱਡੀ ਘਾਟ ਹੈ, ਜਿਸ ਦਾ ਕਾਰਨ ਪਿਛਲੀ ਕਾਂਗਰਸ ਸਰਕਾਰ ਦੌਰਾਨ ਮੁਲਾਜ਼ਮਾਂ ਦਾ ਬਾਰਡਰ ਭੱਤਾ ਬੰਦ ਕਰਨ ਵੀ ਮੰਨਿਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਾਰਡਰ ਏਰੀਏ ਦੇ ਸਕੂਲਾਂ ’ਚ ਪ੍ਰਿੰਸੀਪਲਾਂ ਦੀਆਂ ਪੋਸਟਾਂ ਤੇ ਲੈਕਚਰਾਰਾਂ ਦੀਆਂ ਪੋਸਟਾਂ ਤੁਰੰਤ ਭਰੀਆਂ ਜਾਣ ਤਾਂ ਜੋ ਸੈਸ਼ਨ 2025-26 ਦੇ ਨਤੀਜੇ ਵਧੀਆ ਆ ਸਕਣ।
ਪੰਜਾਬੀ ਜਾਗਰਨ
test