ਜੇਲ੍ਹ ’ਚ ਚਿੱਟੇ ਦੀ ਸਮਗਲਿੰਗ ਕਰਦਾ ਕਾਬੂ
30 ਜੂਨ, 2025 – ਫ਼ਿਰੋਜ਼ਪੁਰ : ਸੂਬੇ ਦੀਆਂ ਜੇਲ੍ਹਾਂ ਵਿੱਚੋਂ ਨਸ਼ਿਆਂ ਦੀ ਸਮਗਲਿੰਗ ਰੋਕਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚੋਂ ਸਾਹਮਣੇ ਆਏ ਇੱਕ ਹੈਰਾਨੀਜਨਕ ਮਾਮਲੇ ਨੇ ਫਿਰ ਸ਼ੀਸ਼ਾ ਦਿਖਾ ਦਿੱਤਾ ਹੈ। ਇੱਥੇ ਜੇਲ੍ਹ ਦੀ ਸੁਰੱਖਿਆ ਵਿੱਚ ਤਾਇਨਾਤ ਇੱਕ ਕਮਾਂਡੋ ਮੁਲਾਜ਼ਮ ਹੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਫੜਿਆ ਗਿਆ ਹੈ। ਤਲਾਸ਼ੀ ਦੌਰਾਨ ਉਸ ਦੇ ਬੂਟ ਵਿੱਚੋਂ 20 ਗ੍ਰਾਮ ਚਿੱਟਾ ਪਾਊਡਰ ਬਰਾਮਦ ਹੋਣ ਨਾਲ ਜੇਲ੍ਹ ਪ੍ਰਸ਼ਾਸਨ ਸਮੇਤ ਪੂਰੇ ਸੁਰੱਖਿਆ ਤੰਤਰ ‘ਤੇ ਸਵਾਲ ਖੜ੍ਹੇ ਹੋ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਦੁਪਹਿਰ ਕਰੀਬ ਸਵਾ ਬਾਰਾਂ ਵਜੇ ਕੇਂਦਰੀ ਜੇਲ੍ਹ ਵਿੱਚ ਸੁਰੱਖਿਆ ਕਰਮੀ ਵਜੋਂ ਤਾਇਨਾਤ ਕਮਾਂਡੋ ਮੁਲਾਜ਼ਮ ਸੁੱਖਾ ਸਿੰਘ ਜਦੋਂ ਡਿਊਟੀ ‘ਤੇ ਜਾਣ ਲਈ ਜੇਲ੍ਹ ਦੀ ਡਿਉਢੀ ਵਿੱਚ ਪਹੁੰਚਿਆ ਤਾਂ ਉੱਥੇ ਤਾਇਨਾਤ ਮੁਲਾਜ਼ਮਾਂ ਨੇ ਉਸਦੀ ਤਲਾਸ਼ੀ ਲਈ। ਇਸ ਦੌਰਾਨ ਉਸਦੇ ਖੱਬੇ ਪੈਰ ਦੇ ਬੂਟ ਦੇ ਤਲੇ (ਪਤਾਵੇ) ਵਿੱਚੋਂ ਲੁਕੋ ਕੇ ਰੱਖਿਆ 20 ਗ੍ਰਾਮ ਚਿੱਟਾ ਪਾਊਡਰ ਬਰਾਮਦ ਹੋਇਆ।
ਜੇਲ੍ਹ ਦੇ ਸਹਾਇਕ ਸੁਪਰਡੈਂਟ ਤਰਸੇਮ ਸਿੰਘ ਦੀ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਵਿੱਚ ਕਮਾਂਡੋ ਮੁਲਾਜ਼ਮ ਸੁੱਖਾ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਮੌਕੇ ‘ਤੇ ਹੀ ਮੁਲਜ਼ਮ ਨੂੰ ਕਾਬੂ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਸੁੱਖਾ ਸਿੰਘ ਪਹਿਲਾਂ ਵੀ ਅਜਿਹੀਆਂ ਕਾਰਵਾਈਆਂ ਵਿੱਚ ਸ਼ਾਮਲ ਸੀ ਅਤੇ ਉਸਦੇ ਪਿਛਲੇ ਰਿਕਾਰਡ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।
ਪੰਜਾਬੀ ਟ੍ਰਿਬਯੂਨ
test