03 ਮਈ, 2025 – ਧਰਮਕੋਟ : ਹਲਕੇ ਦੇ ਪਿੰਡ ਦੌਲੇਵਾਲਾ ਮਾਇਰ ਵਿਖੇ ਸਥਿਤ ਪ੍ਰਸਿੱਧ ਧਾਰਮਿਕ ਅਸਥਾਨ ਬਾਬਾ ਤੁਲਸੀ ਦਾਸ ਝੁੱਗੀ ਵਾਲਾ ਦੇ ਪ੍ਰਬੰਧਾਂ ਬਾਰੇ ਪੈਦਾ ਹੋਇਆ ਵਿਵਾਦ ਗੰਭੀਰ ਰੂਪ ਧਾਰਦਾ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਸਬੰਧੀ ਦੋ ਧੜਿਆਂ ਵਿਚਾਲੇ ਖਿਚੋਤਾਣ ਬਣੀ ਹੋਈ ਹੈ।
ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਚਲਾ ਰਹੀ ਬਾਬਾ ਅਵਤਾਰ ਸਿੰਘ ਵਾਲੀ ਧਿਰ ਦਾ ਦੋਸ਼ ਹੈ ਕਿ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਕਥਿਤ ਤੌਰ ’ਤੇ ਪ੍ਰਬੰਧਾਂ ਵਿਚ ਸਿੱਧੀ ਦਖ਼ਲਅੰਦਾਜ਼ੀ ਕਰ ਕੇ ਗੁਰਦੁਆਰਾ ਸਾਹਿਬ ਦੀ ਮਾਣ-ਮਰਿਆਦਾ ਨੂੰ ਢਾਹ ਲਾ ਰਿਹਾ ਹੈ। ਪ੍ਰਬੰਧਕ ਬੂਟਾ ਸਿੰਘ ਅਤੇ ਮੁੱਖ ਗ੍ਰੰਥੀ ਜਗਤਾਰ ਸਿੰਘ ਨੇ ਦੱਸਿਆ ਕਿ ਭਾਈ ਅਵਤਾਰ ਸਿੰਘ ਫੌਜੀ ਲੰਘੇ 20 ਸਾਲਾਂ ਦੇ ਵੱਧ ਸਮੇਂ ਤੋਂ ਵੀ ਇਸ ਧਾਰਮਿਕ ਅਸਥਾਨ ਦੀ ਸਾਂਭ ਸੰਭਾਲ ਕਰ ਰਹੇ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਵਿਧਾਇਕ ਦੀ ਕਥਿਤ ਸ਼ਹਿ ਉੱਤੇ ਪਿੰਡ ਦੇ ਕੁਝ ਲੋਕ ਜੋ ਆਮ ਆਦਮੀ ਪਾਰਟੀ ਨਾਲ ਸਬੰਧਤ ਦੱਸੇ ਜਾਂਦੇ ਹਨ, ਗੁਰਦੁਆਰਾ ਸਾਹਿਬ ’ਤੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਵਿਵਾਦ ਕਾਰਨ 29 ਅਪਰੈਲ ਨੂੰ ਅਦਾਲਤ ਪਾਸੋਂ ਸਟੇਅ ਵੀ ਲਿਆ ਜਾ ਚੁੱਕਾ ਹੈ।
ਦੂਜੇ ਪਾਸੇ ਉਪ ਮੰਡਲ ਸਿਵਲ ਅਧਿਕਾਰੀ ਧਰਮਕੋਟ ਦੇ ਨਿਰਦੇਸ਼ਾਂ ਉੱਤੇ ਕੱਲ੍ਹ ਨਾਇਬ ਤਹਿਸੀਲਦਾਰ ਨਵਜੀਵਨ ਛਾਬੜਾ ਵਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਦਫਤਰ ਅਤੇ ਗੋਲਕ ਉਪਰ ਸਰਕਾਰੀ ਪ੍ਰਬੰਧਾਂ ਦੇ ਨੋਟਿਸ ਚਿਪਕਾ ਦਿੱਤੇ ਗਏ। ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਉਪ ਮੰਡਲ ਸਿਵਲ ਦਫਤਰ ਵਲੋਂ ਮਿਲੇ ਆਦੇਸ਼ਾਂ ਤਹਿਤ ਉਨ੍ਹਾਂ ਸਿਰਫ਼ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਕਾਰਜ ਹੀ ਸੰਭਾਲੇ ਹਨ।
ਗੁਰੂ ਘਰ ਦੀ ਮਰਿਆਦਾ ਅਤੇ ਧਾਰਮਿਕ ਕਾਰਜਾਂ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੋਹਾਂ ਧਿਰਾਂ ਦੇ ਟਕਰਾਅ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਦਾਲਤੀ ਸਟੇਅ ਦੇ ਹੁਕਮ ਪ੍ਰਸ਼ਾਸਨ ਨੂੰ ਅਜੇ ਤੱਕ ਪ੍ਰਾਪਤ ਨਹੀਂ ਹੋਏ ਹਨ।
ਮਿਲੀ ਜਾਣਕਾਰੀ ਮੁਤਾਬਕ 30 ਅਪਰੈਲ ਨੂੰ ਭਾਈ ਅਵਤਾਰ ਸਿੰਘ ਵਲੋਂ ਕੁਝ ਬਾਹਰੀ ਧਾਰਮਿਕ ਲੋਕਾਂ ਪਾਸੋਂ ਆਪਣੀ ਕਰਵਾਈ ਦਸਤਾਰਬੰਦੀ ਤੋਂ ਬਾਅਦ ਪਹਿਲਾਂ ਹੀ ਪ੍ਰਬੰਧਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਹੋਰ ਉਲਝ ਗਿਆ ਹੈ। ਜਾਣਕਾਰੀ ਮੁਤਾਬਕ ਇਸ ਵਿਵਾਦ ਨੂੰ ਟਾਲਣ ਲਈ ਪੁਲੀਸ ਪ੍ਰਸ਼ਾਸਨ ਵੀ ਪੱਬਾਂ ਭਾਰ ਹੈ। ਥਾਣਾ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਇਸ ਮਾਮਲੇ ਕਾਰਨ ਗੁਰਦੁਆਰਾ ਸਾਹਿਬ ਅੰਦਰ ਚੱਲ ਰਹੀ ਹਰੇਕ ਗਤੀਵਿਧੀ ਉੱਤੇ ਧਿਆਨ ਰੱਖ ਰਹੀ ਹੈ। ਬਾਬਾ ਤੁਲਸੀ ਦਾਸ ਝੁੱਗੀ ਵਾਲਾ ਵਿਖੇ ਹਰੇਕ ਦੇਸੀ ਮਹੀਨੇ ਦੀ 20 ਤਰੀਕ ਨੂੰ ਧਾਰਮਿਕ ਸਮਾਗਮ ਹੁੰਦੇ ਹਨ। ਪੁਲੀਸ ਪ੍ਰਸ਼ਾਸਨ ਅੱਜ ਇਸ ਮੌਕੇ ਹੋਣ ਵਾਲੇ ਕਿਸੇ ਸੰਭਾਵੀ ਟਕਰਾਅ ਨੂੰ ਟਾਲਣ ਲਈ ਪੂਰੀ ਤਰ੍ਹਾਂ ਮੁਸਤੈਦ ਹੈ।
ਪੰਜਾਬੀ ਟ੍ਰਿਬਯੂਨ
test