01 ਸਿਤੰਬਰ, 2025 – ਭਵਾਨੀਗੜ੍ਹ : ਸਰਕਾਰੀ ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਤਾਇਨਾਤ ਸੀਨੀਅਰ ਡਾਕਟਰ ਵਿਕਰਮ ਪਾਲ ਸਿੰਘ ਤੇ ਉਸ ਦੀ ਸਰਕਾਰੀ ਰਿਹਾਇਸ਼ ਵਿੱਚ ਦਾਖਲ ਹੋ ਕੇ ਤਿੰਨ ਲੁਟੇਰਿਆਂ ਵੱਲੋਂ ਜਾਨਲੇਵਾ ਹਮਲਾ ਕਰਕੇ ਗੰਭੀਰ ਜ਼ਖ਼ਮੀ ਕੀਤਾ ਅਤੇ ਬਾਅਦ ਵਿਚ ਘਰੋਂ 4 ਲੱਖ ਰੁਪਏ ਦੇ ਕਰੀਬ ਨਕਦੀ ਅਤੇ ਕੀਮਤੀ ਸਮਾਨ ਲੈ ਕੇ ਫ਼ਰਾਰ ਹੋ ਗਏ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਵਿਕਰਮ ਪਾਲ ਸਿੰਘ ਨੇ ਦੱਸਿਆ ਕਿ ਮੂੰਹ ਲਪੇਟੇ ਤਿੰਨ ਵਿਅਕਤੀਆਂ ਵੱਲੋਂ ਅੱਜ ਸਵੇਰੇ 3 ਵਜੇ ਸਰਕਾਰੀ ਹਸਪਤਾਲ ਵਿੱਚ ਉਨ੍ਹਾਂ ਦੀ ਰਿਹਾਇਸ਼ ਵਿੱਚ ਦਾਖਲ ਹੋ ਕੇ ਜਾਨਲੇਵਾ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਉਨ੍ਹਾਂ ਦੀ ਪਤਨੀ ਦੀ ਗਰਦਨ ਤੇ ਨੁਕੀਲੇ ਹਥਿਆਰ ਰੱਖ ਕੇ ਧਮਕਾਇਆ ਗਿਆ। ਇਸ ਉਪਰੰਤ ਲੁਟੇਰੇ ਘਰ ਵਿੱਚ ਪਈ ਕਰੀਬ 4 ਲੱਖ ਰੁਪਏ ਨਕਦੀ, ਗਹਿਣੇ ਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ।
ਉਧਰ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਪੁਲੀਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚ ਕੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸੀਸੀ ਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਲੁਟੇਰਿਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਪੰਜਾਬੀ ਟ੍ਰਿਬਯੂਨ