ਪਿਛਲੇ ਢਾਈ ਦਹਾਕਿਆਂ ਦੌਰਾਨ ਕਈ ਸਰਕਾਰਾਂ ਆਈਆਂ ਅਤੇ ਗਈਆਂ, ਪਰ ਜੈਤੋਂ ਦੇ ਸੀਵਰੇਜ ਪ੍ਰਬੰਧ ਨੂੰ ਕੋਈ ਵੀ ਹਕੂਮਤ ਠੀਕ ਨਾ ਕਰ ਸਕੀ।
10 ਫਰਵਰੀ, 2026 – ਜੈਤੌਂ : ਪਿਛਲੇ ਢਾਈ ਦਹਾਕਿਆਂ ਦੌਰਾਨ ਕਈ ਸਰਕਾਰਾਂ ਆਈਆਂ ਅਤੇ ਗਈਆਂ, ਪਰ ਜੈਤੋਂ ਦੇ ਸੀਵਰੇਜ ਪ੍ਰਬੰਧ ਨੂੰ ਕੋਈ ਵੀ ਹਕੂਮਤ ਠੀਕ ਨਾ ਕਰ ਸਕੀ। ਪਹਿਲਾਂ ਇਸ ਸੀਵਰੇਜ ਸਿਸਟਮ ਦਾ ਕੰਟਰੋਲ ਨਗਰ ਕੌਂਸਲ ਕੋਲ ਸੀ, ਕਰੀਬ ਦਹਾਕਾ ਪਹਿਲਾਂ ਇਸ ਦੀ ਵਾਗਡੋਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਹੱਥ ਆ ਗਈ।
ਦਰਅਸਲ ਚਾਰ ਦਹਾਕੇ ਪਹਿਲਾਂ ਸ਼ਹਿਰ ਦੇ ਸੀਵਰੇਜ ਦੀ ਨਿਕਾਸੀ ਲਗਪਗ ਪੌਣੀ ਦਰਜਨ ਛੱਪੜਾਂ ’ਚ ਹੁੰਦੀ ਸੀ। ਬਾਅਦ ’ਚ ਛੱਪੜਾਂ ਦਾ ਨਾਮੋ-ਨਿਸ਼ਾਨ ਮਿਟ ਗਿਆ ਅਤੇ ਸੀਵਰੇਜ ਦੇ ਪਾਣੀ ਦਾ ਨਿਕਾਸ ਵਾਇਆ ਡਿਸਪੋਜ਼ਲ ਖੇਤਾਂ ਵਿੱਚ ਹੋਣ ਲੱਗਾ ਅਤੇੇ ਡੇਢ ਕੁ ਦਹਾਕਾ ਪਹਿਲਾਂ ਪਿੰਡ ਰਣ ਸਿੰਘ ਵਾਲਾ ਰੋਡ ’ਤੇ ਚੰਦਭਾਨ ਸੇਮ ਨਾਲੇ ਵਿੱਚ ਕਰ ਦਿੱਤਾ ਗਿਆ। ਡਰੇਨ ਦੀ ਧਰਾਤਲੀ ਸਤ੍ਵਾ ਸ਼ਹਿਰ ਤੋਂ ਉੱਚੀ ਹੋਣ ਕਰਕੇ ਇਹ ਫਾਰਮੂਲਾ ਠੁੱਸ ਹੋ ਕੇ ਰਹਿ ਗਿਆ। ‘ਆਪ’ ਸਰਕਾਰ ਨੇ ਕੁੱਝ ਅਰਸਾ ਪਹਿਲਾਂ ਸੀਵਰੇਜ ਦਾ ਮੁਹਾਣ ਬਦਲ ਕੇ ਪਿੰਡ ਦਬੜ੍ਹੀਖਾਨਾ ਵੱਲ ਸੇਮ ਨਾਲੇ ਦੇ ਨਿਵਾਣ ਵਾਲੇ ਪਾਸੇ ਕਰ ਦਿੱਤਾ। ਹੁਣ ਪਾਣੀ ਸ਼ਹਿਰ ਦੇ ਕਈ ਹਿੱਸਿਆਂ ’ਚ ਨਾਲੀਆਂ ’ਚੋਂ ਉੱਛਲ ਕੇ ਸੜਕਾਂ ’ਤੇ ਫਿਰ ਰਿਹਾ ਹੈ।
ਬਰਸਾਤੀ ਮੌਸਮ ’ਚ ਦਸ਼ਾ ਇਸ ਕਦਰ ਬਦਤਰ ਹੋ ਜਾਂਦੀ ਹੈ ਕਿ ਸ਼ਹਿਰ ਦਾ ਸਭ ਤੋਂ ਉੱਚਾ ਚੌਕ ਨੰਬਰ ਟਾਪ ਬਣ ਜਾਂਦਾ ਹੈ ਅਤੇ ਬਾਕੀ ਖੇਤਰ ਪਾਣੀ ਵਿੱਚ ਡੁੱਬ ਜਾਂਦੇ ਹਨ। ਤੇਲੀ ਮੁਹੱਲਾ, ਨਵੀਂ ਆਬਾਦੀ, ਬਾਜਾ ਰੋਡ, ਅੰਬੇਡਕਰ ਨਗਰ, ਸੁਖਚੈਨਪੁਰਾ ਬਸਤੀ, ਪੀਰਖਾਨਾ ਬਸਤੀ ਅਤੇ ਕੁੱਝ ਹੋਰ ਖੇਤਰ ਮੀਂਹ ਦੇ ਸੀਜ਼ਨ ’ਚ ਕਈ-ਕਈ ਦਿਨ ਕਾਲੇ ਪਾਣੀ ਦਾ ਨਰਕ ਹੰਢਾਉਂਦੇ ਹਨ।
ਪੰਜਾਬੀ ਟ੍ਰਿਬਯੂਨ
ਦੂਸ਼ਿਤ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰਾਹਗੀਰ ਪ੍ਰੇਸ਼ਾਨ
ਲੋਕ ਹਿੱਤ ਮਿਸ਼ਨ ਵਲੋਂ ਹਫ਼ਤੇ ਦਾ ਅਲਟੀਮੇਟਮ; ਗੁਰੂਘਰ ਜਾਣਾ ਵੀ ਹੋਇਆ ਮੁਹਾਲ
10 ਫਰਵਰੀ, 2026 – ਕੁਰਾਲੀ : ਪਿੰਡ ਬੂਥਗੜ੍ਹ ਦੇ ਘਰਾਂ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕੁਰਾਲੀ-ਸਿਸਵਾਂ-ਚੰਡੀਗੜ੍ਹ ਰੋਡ ’ਤੇ ਜਮ੍ਹਾਂ ਹੁੰਦਾ ਦੂਸ਼ਿਤ ਪਾਣੀ ਕਈ ਪਿੰਡਾਂ ਨੂੰ ਜਾਣ ਵਾਲੀ ਲਿੰਕ ਸੜਕ ਤੱਕ ਪਹੁੰਚ ਗਿਆ। ਇਹ ਪਾਣੀ ਬਲਾਕ ਮਾਜਰੀ ਦੇ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਅੱਗੇ ਜਮ੍ਹਾਂ ਹੋ ਰਿਹਾ ਹੈ। ਇਸ ਕਾਰਨ ਸੰਗਤ ਅਤੇ ਗੁਰੂ ਘਰ ਦੇ ਪ੍ਰਬੰਧਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਲੋਕ ਹਿੱਤ ਮਿਸ਼ਨ ਦੇ ਆਗੂ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਵਜੀਦਪੁਰ, ਮਨਦੀਪ ਸਿੰਘ ਖਿਜ਼ਰਾਬਾਦ, ਭਗਤ ਸਿੰਘ ਭਗਤਮਾਜਰਾ ਤੇ ਅੱਛਰ ਸਿੰਘ ਕੰਸਾਲਾ ਨੇ ਦੱਸਿਆ ਕਿ ਪਿੰਡ ਬੂਥਗੜ੍ਹ ਦੀ ਸੜਕ ’ਤੇ ਵਸੀ ਕਲੋਨੀ ਦੇ ਘਰਾਂ ਦਾ ਦੂਸ਼ਿਤ ਪਾਣੀ ਨਿਕਾਸੀ ਨਾ ਹੋਣ ਕਾਰਨ ਕੁਰਾਲੀ-ਸਿਸਵਾਂ-ਚੰਡੀਗੜ੍ਹ ਸੜਕ ’ਤੇ ਛੱਡ ਦਿੱਤਾ ਗਿਆ ਹੈ। ਇਸ ਕਾਰਨ ਚੰਡੀਗੜ੍ਹ, ਪੀ ਜੀ ਆਈ, ਬੱਦੀ ਤੇ ਕੁਰਾਲੀ ਆਦਿ ਜਾਣ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਮਿਸ਼ਨ ਦੇ ਆਗੂਆਂ ਨੇ ਦੱਸਿਆ ਕਿ ਇਹ ਪਾਣੀ ਹੁਣ ਹੋਰ ਅੱਗੇ ਵਧ ਕੇ ਵਜੀਦਪੁਰ ਸਣੇ ਇਲਾਕੇ ਦੇ ਹੋਰਨਾਂ ਪਿੰਡਾਂ ਨੂੰ ਜਾਣ ਵਾਲੀ ਲਿੰਕ ਸੜਕ ’ਤੇ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਦੂਸ਼ਿਤ ਪਾਣੀ ਕਾਰਨ ਰਾਹਗੀਰਾਂ ਸਣੇ ਗੁਰੂ ਘਰ ਬਲਾਕ ’ਚ ਆਉਣ ਵਾਲੀ ਸੰਗਤ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਇਸ ਬਾਰੇ ਪਿਛਲੇ ਦਿਨੀਂ ਜ਼ਿਲ੍ਹਾ ਪ੍ਰਸਾਸ਼ਨ ਤੇ ਬੀ ਡੀ ਪੀ ਓ ਮਾਜਰੀ ਨੂੰ ਜਾਣੂ ਕਰਵਾਇਆ ਗਿਆ ਸੀ। ਆਗੂਆਂ ਨੇ ਪ੍ਰਸ਼ਾਸ਼ਨ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇ ਇਹ ਸਮੱਸਿਆ ਜਲਦੀ ਹੱਲ ਨਾ ਹੋਈ ਤਾਂ ਮਿਸ਼ਨ ਵਲੋਂ ਸੰਘਰਸ਼ ਵਿੱਢਿਆ ਜਾਵੇਗਾ।
ਪੰਜਾਬੀ ਟ੍ਰਿਬਯੂਨ