12 ਸਾਲਾ ਮਾਸੂਮ ਦੀ ਕੈਂਸਰ ਕਾਰਨ ਮੌਤ
07 ਅਗਸਤ, 2025 – ਫ਼ਤਹਿਗੜ੍ਹ ਪੰਜਤੂਰ : ਨਜ਼ਦੀਕੀ ਪਿੰਡ ਦਾਨੇਵਾਲਾ ਕੈਂਸਰ ਦੀ ਨਾਮੁਰਾਦ ਦਾ ਧੁਰਾ ਬਣ ਗਿਆ ਹੈ। ਲਗਭਗ ਸਮੁੱਚੇ ਪਿੰਡ ਨੂੰ ਇਸ ਬਿਮਾਰੀ ਨੇ ਆਪਣੀ ਜਕੜ ਵਿੱਚ ਲੈ ਲਿਆ ਹੈ। ਦੋ ਦਿਨ ਪਹਿਲਾਂ ਪਿੰਡ ਵਿੱਚ ਇਸ ਬਿਮਾਰੀ ਨਾਲ ਚੌਧਵੀਂ ਮੌਤ ਹੋਈ ਹੈ। ਇਸ ਵਾਰ ਇਸ ਦੀ ਲਪੇਟ ਵਿੱਚ 12 ਸਾਲ ਦਾ ਮਾਸੂਮ ਯੁਵਰਾਜ ਸਿੰਘ ਆਇਆ ਹੈ।
ਮਰਨ ਵਾਲਾ ਯੁਵਰਾਜ ਪਿੰਡ ਦੇ ਸਰਪੰਚ ਨਿਸ਼ਾਨ ਸਿੰਘ ਦਾ ਇਕਲੌਤਾ ਪੁੱਤਰ ਸੀ। ਮਾਸੂਮ ਯੁਵਰਾਜ ਲੰਘੇ ਡੇਢ ਸਾਲ ਤੋਂ ਇਸ ਬਿਮਾਰੀ ਨਾਲ ਜੂਝ ਰਿਹਾ ਸੀ ਅਤੇ ਉਸ ਦਾ ਬਠਿੰਡਾ ਏਮਜ਼ ਤੋਂ ਇਲਾਜ ਚੱਲ ਰਿਹਾ ਸੀ। ਇਸ ਛੋਟੇ ਜਿਹੇ ਪਿੰਡ ਦੀ ਕੁੱਲ ਆਬਾਦੀ 225 ਦੇ ਕਰੀਬ ਹੈ ਅਤੇ ਇੱਥੇ ਮਹਿਜ਼ 40 ਘਰ ਹਨ, ਜੋ ਜ਼ਿਮੀਦਾਰ ਪਰਿਵਾਰਾਂ ਨਾਲ ਸਬੰਧਤ ਹਨ।
ਪਿੰਡ ਵਿੱਚ ਕੈਂਸਰ ਦੇ ਨਾਲ ਨਾਲ ਕਾਲੇ ਪੀਲੀਏ ਨੇ ਵੀ ਆਪਣੇ ਪੈਰ ਪਸਾਰ ਰੱਖੇ ਹਨ। ਪਿੰਡ ਦੀ ਹੱਦ ਦੇ ਨਾਲ ਇਕ ਗੰਦੇ ਪਾਣੀ ਦਾ ਨਿਕਾਸੀ ਛੱਪੜ ਹੈ, ਜਿਸ ਵਿੱਚ ਫ਼ਤਹਿਗੜ੍ਹ ਪੰਜਤੂਰ ਦਾ ਪਾਣੀ ਪੈ ਰਿਹਾ ਹੈ। ਕਾਂਗਰਸ ਸਰਕਾਰ ਦੇ ਰਾਜਕਾਲ ਦੌਰਾਨ ਇਸ ਛੱਪੜ ਨੂੰ ਸੀਚੇਵਾਲ ਮਾਡਲ ਉੱਤੇ ਵਿਕਸਿਤ ਕਰਨ ਲਈ ਕਾਰਵਾਈ ਆਰੰਭੀ ਗਈ ਸੀ। ਉਸ ਵੇਲੇ ਛੱਪੜ ਨੂੰ ਲਗਭਗ 40 ਫੁੱਟ ਡੂੰਘਾ ਕਰਕੇ ਇਸ ਵਿੱਚ ਤਿੰਨ ਡੰਪ ਬਣਾ ਦਿੱਤੇ ਗਏ ਸਨ।
ਨੇੜਲੇ ਪਿੰਡਾਂ ਦਾ ਸਰਵੇ ਕੀਤਾ ਗਿਆ ਸੀ ਜਿਨ੍ਹਾਂ ਨੂੰ ਪਾਣੀ ਸੋਧ ਕਰਕੇ ਦਿੱਤਾ ਜਾਣਾ ਸੀ। ਪਰ ਸਰਕਾਰ ਬਦਲੀ ਤੋਂ ਬਾਅਦ ਇਹ ਪ੍ਰੋਜੈਕਟ ਵਿਚਾਲੇ ਲਟਕ ਗਿਆ ਸੀ। ਡੂੰਘੇ ਹੋਏ ਛੱਪੜ ਦਾ ਗੰਧਲਾ ਪਾਣੀ ਧਰਤੀ ਦੀ ਹੇਠਲੇ ਪਾਣੀ ਨਾਲ ਜਾ ਮਿਲਿਆ ਅਤੇ ਪਿੰਡ ਦਾਨੇਵਾਲਾ ਦਾ ਪੀਣ ਵਾਲਾ ਪਾਣੀ ਪੂਰੀ ਤਰ੍ਹਾਂ ਦੂਸ਼ਿਤ ਕਰ ਦਿੱਤਾ।
ਪਿੰਡ ਵਾਸੀ ਸਤਨਾਮ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਿੰਡ ਵਾਸੀਆਂ ਨੂੰ ਹੈਂਡ ਪੰਪਾਂ ਅਤੇ ਘਰੇਲੂ ਬੋਰਾਂ ਦਾ ਪਾਣੀ ਨਾਂ ਤਾਂ ਆਪ ਪੀਣ ਅਤੇ ਨਾਂ ਹੀ ਪਸ਼ੂਆਂ ਨੂੰ ਪਿਲਾਉਣ ਦੀ ਸਲਾਹ ਵੀ ਦਿੱਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਰਕਾਰ ਅਤੇ ਅਧਿਕਾਰੀਆਂ ਨਾਲ ਅਨੇਕਾਂ ਵਾਰ ਚਿੱਠੀ ਪੱਤਰ ਰਾਹੀਂ ਰਾਬਤਾ ਬਣਾਇਆ ਜਾ ਚੁੱਕਾ ਹੈ ਪਰ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਕਿਹਾ ਕਿ ਸਰਕਾਰ ਵਲੋਂ ਨਿੱਤ ਦਿਨ ਕਾਗਜ਼ਾਂ ਵਿੱਚ ਕੈਂਸਰ ਜਾਗਰੂਕਤਾ ਕੈਂਪ ਲਗਾਉਣ ਸਮੇਤ ਇਸ ਬਿਮਾਰੀ ਦੀ ਰੋਕਥਾਮ ਲਈ ਅਰੰਭੇ ਯਤਨਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਪਿੰਡ ਦਾਨੇਵਾਲਾ ਦੀ ਹਕੀਕਤ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਜੇ ਇਸ ਛੱਪੜ ਦੇ ਗੰਦੇ ਪਾਣੀ ਲਈ ਸ਼ੁਰੂ ਕੀਤਾ ਸੋਧ ਪ੍ਰੋਜੈਕਟ ਜਲਦ ਚਾਲੂ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਡਾ ਸਘੰਰਸ਼ ਉਲੀਕੇਗੀ।
ਕੀ ਕਹਿੰਦੇ ਨੇ ਅਧਿਕਾਰੀ
ਇਸ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦਾ ਕਹਿਣਾ ਸੀ ਕਿ ਉਹ ਪਿੰਡ ਵਿੱਚ ਫੈਲੀ ਕੈਂਸਰ ਦੀ ਬਿਮਾਰੀ ਸਬੰਧੀ ਛੱਪੜ ਦੇ ਪਾਣੀ ਦੀ ਜ਼ਿੰਮੇਵਾਰੀ ਤੈਅ ਕਰਨ ਤੋਂ ਪਹਿਲਾਂ ਪਿੰਡ ਅਤੇ ਛੱਪੜ ਦੇ ਪਾਣੀ ਦੀ ਜਾਂਚ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਦੀ ਸਿਹਤ ਜਾਂਚ ਲਈ ਸਿਹਤ ਵਿਭਾਗ ਦੀ ਟੀਮ ਵੀ ਭੇਜਣਗੇ।
ਪੰਜਾਬੀ ਟ੍ਰਿਬਯੂਨ