ਮੁਕਤਸਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਪਿੰਡਾਂ ਵਿੱਚ ਬਿਜਲੀ ਦੇ ਟਰਾਂਸਫਾਰਮਰ ਅਤੇ ਮੋਟਰ ਚੋਰਾਂ ਵੱਲੋਂ ਕਣਕ ਦੀ ਫ਼ਸਲ ਲਈ ਅਹਿਮ ਸਿੰਚਾਈ ਦੇ ਪੜਾਅ ਦੌਰਾਨ ਤੇਜ਼ੀ ਨਾਲ ਚੋਰੀ ਦੀਆਂ ਵਾਰਦਾਤਾਂ ਕੀਤੀਆਂ…
20 ਫਰਵਰੀ, 2026 – ਮੁਕਤਸਰ : ਮੁਕਤਸਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਪਿੰਡਾਂ ਵਿੱਚ ਬਿਜਲੀ ਦੇ ਟਰਾਂਸਫਾਰਮਰ ਅਤੇ ਮੋਟਰ ਚੋਰਾਂ ਵੱਲੋਂ ਕਣਕ ਦੀ ਫ਼ਸਲ ਲਈ ਅਹਿਮ ਸਿੰਚਾਈ ਦੇ ਪੜਾਅ ਦੌਰਾਨ ਤੇਜ਼ੀ ਨਾਲ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਕੁਝ ਦਿਨਾਂ ਦੌਰਾਨ ਫਿਰੋਜ਼ਪੁਰ ਫੀਡਰ ਨਹਿਰ ਦੀ ਰੀਲਾਈਨਿੰਗ ਦੇ ਕੰਮ ਕਾਰਨ ਨਹਿਰਾਂ ਦੀ ਬੰਦੀ ਦੇ ਨਾਲ-ਨਾਲ ਕਈ ਪਾਵਰ ਟਰਾਂਸਫਾਰਮਰ ਚੋਰੀ ਹੋ ਚੁੱਕੇ ਹਨ; ਜ਼ਿਕਰਯੋਗ ਹੈ ਕਿ ਸਰਹਿੰਦ ਫੀਡਰ ਨਹਿਰ, ਜੋ ਇਸ ਜ਼ਿਲ੍ਹੇ ਦੇ ਜ਼ਿਆਦਾਤਰ ਰਜਬਾਹਿਆਂ ਅਤੇ ਸੂਇਆਂ ਨੂੰ ਪਾਣੀ ਸਪਲਾਈ ਕਰਦੀ ਹੈ, ਫਿਰੋਜ਼ਪੁਰ ਫੀਡਰ ਨਹਿਰ ਤੋਂ ਨਿਕਲਦੀ ਹੈ।
ਨਹਿਰੀ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਕਿਸਾਨ ਸਮੇਂ ਸਿਰ ਸਿੰਚਾਈ ਲਈ ਬਿਜਲੀ ਦੇ ਟਿਊਬਵੈੱਲਾਂ ‘ਤੇ ਨਿਰਭਰ ਹਨ। ਥਾਂਦੇਵਾਲਾ, ਸੰਗਰਾਣਾ, ਬਾਦੀਆਂ, ਸੀਰਵਾਲੀ, ਸੱਕਾਂਵਾਲੀ, ਸਮਾਘ, ਹੁਸਨਰ ਅਤੇ ਡੋਡਾ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਨਾ ਸਿਰਫ਼ ਟਰਾਂਸਫਾਰਮਰ ਸਗੋਂ ਪਾਣੀ ਚੁੱਕਣ ਵਾਲੀਆਂ ਮੋਟਰਾਂ ਵੀ ਚੋਰੀ ਹੋ ਗਈਆਂ ਹਨ।
ਸੱਕਾਂਵਾਲੀ ਪਿੰਡ ਦੇ ਕਿਸਾਨ ਭਾਣਾ ਬਰਾੜ ਨੇ ਕਿਹਾ ਕਿ ਸ਼ਾਇਦ ਹੀ ਕੋਈ ਅਜਿਹਾ ਦਿਨ ਲੰਘਦਾ ਹੋਵੇ ਜਦੋਂ ਚੋਰੀ ਦੀਆਂ ਰਿਪੋਰਟਾਂ ਨਾ ਆਉਂਦੀਆਂ ਹੋਣ ਅਤੇ ਪੁਲੀਸ ਨੂੰ ਗਸ਼ਤ ਵਧਾਉਣ ਦੀ ਲੋੜ ਹੈ। ਪੰਜਾਬ ਬਚਾਓ ਮੋਰਚਾ ਦੇ ਕਾਰਕੁਨ ਹਰਿੰਦਰ ਸਿੰਘ ਥਾਂਦੇਵਾਲਾ ਨੇ ਦੱਸਿਆ ਕਿ ਬੁੱਧਵਾਰ ਰਾਤ ਉਨ੍ਹਾਂ ਦੇ ਪਿੰਡੋਂ ਚਾਰ ਟਰਾਂਸਫਾਰਮਰ ਚੋਰੀ ਹੋ ਗਏ, ਜਦਕਿ ਡੋਡਾ ਪਿੰਡ ਦੇ ਨਿਵਾਸੀਆਂ ਨੇ ਪਿਛਲੇ ਹਫ਼ਤੇ ਦੌਰਾਨ ਇੱਕ ਦਰਜਨ ਦੇ ਕਰੀਬ ਟਰਾਂਸਫਾਰਮਰ ਚੋਰੀ ਹੋਣ ਦਾ ਦਾਅਵਾ ਕੀਤਾ ਹੈ।
ਡੋਡਾ ਦੇ ਰਣਜੀਤ ਸਿੰਘ ਨੇ ਕਿਹਾ ਕਿ ਨਵਾਂ ਟਰਾਂਸਫਾਰਮਰ ਲੈਣ ਲਈ ਐਫਆਈਆਰ ਅਤੇ ਹੋਰ ਰਸਮਾਂ ਵਿੱਚ ਸਮਾਂ ਲੱਗਦਾ ਹੈ, ਪਰ ਫ਼ਸਲ ਨੂੰ ਤੁਰੰਤ ਪਾਣੀ ਦੀ ਲੋੜ ਹੈ। ਮੁਕਤਸਰ ਦੇ ਐੱਸ ਐੱਸ ਪੀ ਅਭਿਮਨਿਊ ਰਾਣਾ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਅਜਿਹੀਆਂ ਚੋਰੀਆਂ ਵਿੱਚ ਸ਼ਾਮਲ ਦੋ ਮਾਡਿਊਲਾਂ ਨੂੰ ਨੱਥ ਪਾਈ ਹੈ ਅਤੇ ਚੋਰੀ ਦਾ ਸਾਮਾਨ ਖਰੀਦਣ ਵਾਲੇ ਇੱਕ ਕਬਾੜੀਏ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ, ਸ਼ਹਿਰ ਵਾਸੀ ਪੀਣ ਵਾਲੇ ਪਾਣੀ ਦੀ ਕਿੱਲਤ ਅਤੇ ਮਾੜੀ ਗੁਣਵੱਤਾ ਦੀ ਸ਼ਿਕਾਇਤ ਕਰ ਰਹੇ ਹਨ, ਜਦਕਿ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਨਹਿਰਬੰਦੀ ਅਜੇ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਜਾਰੀ ਰਹੇਗੀ।
ਪੰਜਾਬੀ ਟ੍ਰਿਬਯੂਨ