12 ਹਜ਼ਾਰ ਮੈਗਾਵਾਟ ਨੇੜੇ ਪੁੱਜੀ ਮੰਗ; ਚੁਣੌਤੀ ਭਰੇ ਹੋਣਗੇ ਅਗਲੇ ਮਹੀਨੇ
PSPCS ਨੇ ਨਿੱਜੀ ਤੇ ਸਰਕਾਰੀ ਥਰਮਲਾਂ ਤੋਂ ਕਰੀਬ ਪੰਜ ਹਜ਼ਾਰ ਮੈਗਾਵਾਟ ਬਿਜਲੀ ਹਾਸਲ ਕੀਤੀ, ਜਦਕਿ ਬਾਕੀ ਮੰਗ ਪੂਰੀ ਕਰਨ ਲਈ ਬਿਜਲੀ ਬਾਹਰੀ ਸਰੋਤਾਂ ਤੋਂ ਹਾਸਲ ਕੀਤੀ ਗਈ ਹੈ। ਵੀਰਵਾਰ ਦੁਪਹਿਰ ਤੱਕ ਸਰਕਾਰੀ ਤੇ ਨਿੱਜੀ ਪੰਜ ਥਰਮਲਾਂ ਦੇ 15 ’ਚੋਂ ਦੋ ਯੂਨਿਟ ਤੋਂ ਬਿਜਲੀ ਉਤਪਾਦਨ ਬੰਦ ਰਿਹਾ ਹੈ।
17 ਮਈ, 2025 – ਪਟਿਆਲਾ : ਪੰਜਾਬ ’ਚ ਵਧੀ ਗਰਮੀ ਦੇ ਨਾਲ ਬਿਜਲੀ ਦੀ ਮੰਗ ’ਚ ਵੀ ਰਿਕਾਰਡ ਵਾਧਾ ਹੋਇਆ ਹੈ। ਪਿਛਲੇ ਦੋ ਦਿਨਾਂ ’ਚ ਬਿਜਲੀ ਮੰਗ 2 ਹਜ਼ਾਰ ਮੈਗਾਵਾਟ ਦੇ ਵਾਧੇ ਨਾਲ 12 ਹਜ਼ਾਰ ਮੈਗਾਵਾਟ ਨੇੜੇ ਪੁੱਜ ਗਈ ਹੈ। ਬੁੱਧਵਾਰ ਬਿਜਲੀ ਦੀ ਮੰਗ 10,400 ਮੈਗਾਵਾਟ ਤੱਕ ਸੀ ਜੋ ਕਿ ਵੀਰਵਾਰ ਦੁਪਹਿਰ ਤੱਕ 11,700 ਮੈਗਾਵਾਟ ਤੋਂ ਪਾਰ ਹੋ ਗਈ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਧ ਹੈ। ਪੀਐੱਸਪੀਸੀਐੱਸ ਨੇ ਨਿੱਜੀ ਤੇ ਸਰਕਾਰੀ ਥਰਮਲਾਂ ਤੋਂ ਕਰੀਬ ਪੰਜ ਹਜ਼ਾਰ ਮੈਗਾਵਾਟ ਬਿਜਲੀ ਹਾਸਲ ਕੀਤੀ, ਜਦਕਿ ਬਾਕੀ ਮੰਗ ਪੂਰੀ ਕਰਨ ਲਈ ਬਿਜਲੀ ਬਾਹਰੀ ਸਰੋਤਾਂ ਤੋਂ ਹਾਸਲ ਕੀਤੀ ਗਈ ਹੈ। ਵੀਰਵਾਰ ਦੁਪਹਿਰ ਤੱਕ ਸਰਕਾਰੀ ਤੇ ਨਿੱਜੀ ਪੰਜ ਥਰਮਲਾਂ ਦੇ 15 ’ਚੋਂ ਦੋ ਯੂਨਿਟ ਤੋਂ ਬਿਜਲੀ ਉਤਪਾਦਨ ਬੰਦ ਰਿਹਾ ਹੈ।
ਜਾਣਕਾਰੀ ਅਨੁਸਾਰ ਵੀਰਵਾਰ ਨੂੰ 849 ਮੈਗਾਵਾਟ ਸਮਰੱਥਾ ਵਾਲੇ ਰੋਪੜ ਪਲਾਂਟ ਤੋਂ ਕਰੀਬ 455 ਮੈਗਾਵਾਟ, 920 ਮੈਗਾਵਾਟ ਸਮਰੱਥਾ ਵਾਲੇ ਲਹਿਰਾ ਮੁਹੱਬਤ ਪਲਾਂਟ ਤੋਂ 835 ਮੈਗਾਵਾਟ, 540 ਮੈਗਾਵਾਟ ਸਮਰੱਥਾ ਵਾਲੇ ਗੋਇੰਦਵਾਲ ਸਾਹਿਬ ਪਲਾਂਟ ਤੋਂ 249 ਮੈਗਾਵਾਟ ਬਿਜਲੀ ਹਾਸਲ ਕੀਤੀ ਗਈ ਹੈ। ਉਕਤ ਸਰਕਾਰੀ ਥਰਮਲਾਂ ਵਿਚੋਂ ਰੋਪੜ ਅਤੇ ਗੋਇੰਦਵਾਲ ਸਾਹਿਬ ਪਲਾਂਟ ਦਾ ਇਕ ਇਕ ਯੂਨਿਟ ਬੰਦ ਰਿਹਾ ਹੈ। ਇਨਾਂ ਤੋਂ ਇਲਾਵਾ ਨਿੱਜੀ ਥਰਮਲਾਂ ਵਿਚੋਂ 1400 ਮੈਗਾਵਾਟ ਸਮਰੱਥਾ ਵਾਲੇ ਰਾਜਪਰਾ ਪਲਾਂਟ ਤੋਂ 1321 ਤੇ 1980 ਮੈਗਾਵਾਟ ਸਮਰੱਥਾ ਵਾਲੇ ਤਲਵੰਡੀ ਸਾਬੋ ਪਲਾਂਟ ਤੋਂ 1262 ਮੈਗਾਵਾਟ ਬਿਜਲੀ ਹਾਸਿਲ ਕੀਤੀ ਗਈ ਹੈ ਜਦੋਂਕਿ ਇਸ ਪਲਾਂਟ ਦੇ ਇਕ ਯੂਨਿਟ ਤੋਂ ਬਿਜਲੀ ਉਤਪਾਦਨ ਪ੍ਰਭਾਵਿਤ ਰਿਹਾ ਹੈ।
ਅਗਲੇ ਮਹੀਨੇ ਚੁਣੌਤੀ ਭਰੇ
ਮਈ ਮਹੀਨੇ ਤੋਂ ਬਿਜਲੀ ਦੀ ਮੰਗ ਵਧਣ ਨਾਲ ਹੁਣ ਪੀਐੈੱਸਪੀਸੀਐੱਲ ਲਈ ਅਗਲੇ ਦੋ ਮਹੀਨੇ ਚਣੌਤੀ ਭਰੇ ਰਹਿਣ ਵਾਲੇ ਹਨ। ਹਰ ਸਾਲ ਬਿਜਲੀ ਮੰਗ ’ਚ ਤਕੀਰਬਨ 2400 ਮੈਗਾਵਾਟ ਦਾ ਦਰਜ ਹੋਇਆ ਹੈ। ਪੀਐੱਸਪੀਸੀਐੱਲ ਦੇ ਅੰਕੜਿਆਂ ਅਨੁਸਾਰ ਸਾਲ 2024 ਵਿਚ ਮਈ ਮਹੀਨੇ ਦੇ ਅਖੀਰ ਤੱਕ ਬਿਜਲੀ ਮੰਗ 14,300 ਮੈਗਾਵਾਟ ਤੱਕ ਦਰਜ ਕੀਤੀ ਗਈ ਸੀ ਜਦਕਿ 2023 ’ਚ ਇਸੇ ਮਹੀਨੇ ਬਿਜਲੀ ਮੰਗ 11,900 ਮੈਗਾਵਾਟ ਸੀ। ਇਸ ਸਾਲ ਮਈ ਮਹੀਨੇ ਦੇ ਅੱਧ ’ਚ ਬਿਜਲੀ ਦੀ ਮੰਗ 12 ਹਜ਼ਾਰ ਨੇੜੇ ਪੁੱਜੀ ਹੈ ਜੋ ਕਿ ਅੰਤ ਤੱਕ 15 ਹਜ਼ਾਰ ਮੈਗਾਵਾਟ ਤੱਕ ਪੁੱਜਣ ਦਾ ਅਨੁਮਾਨ ਹੈ। ਜੂਨ ਤੇ ਜੁਲਾਈ ਮਹੀਨੇ ’ਚ ਝੋਨੇ ਦੀ ਬਿਜਾਈ ਸ਼ੁਰੂ ਹੋਣ ਤੇ ਖੇਤੀਬਾੜੀ ਟਿਊਬਵੈੱਲ ਚੱਲਣ ਨਾਲ ਬਿਜਲੀ ਦੀ ਮੰਗ ਇਸ ਸਾਲ ਨਵਾਂ ਰਿਕਾਰਡ ਕਾਇਮ ਕਰੇਗੀ।
ਪੰਜਾਬੀ ਜਾਗਰਨ
test