01 ਜੁਲਾਈ, 2025 – ਫ਼ਾਜ਼ਿਲਕਾ : ਪੰਜਾਬ ਭਰ ਤੋਂ ਆਏ ਬੀਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਨੈਸ਼ਨਲ ਹਾਈਵੇਅ ਜਾਮ ਕਰਕੇ ਅੱਜ ਆਵਾਜਾਈ ਠੱਪ ਕਰ ਦਿੱਤੀ। ਬੇਰੁਜ਼ਗਾਰ ਅਧਿਆਪਕ ਆਪਣੀਆਂ ਮੰਗਾਂ ਮਨਵਾਉਣ ਲਈ ਸਥਾਨਕ ਦਾਣਾ ਮੰਡੀ ਵਿਖੇ ਇਕੱਠੇ ਹੋਏ ਅਤੇ ਉਥੋਂ ਮਾਰਚ ਕਰਦੇ ਹੋਏ ਰੇਲਵੇ ਫਲਾਈਓਵਰ ’ਤੇ ਪੁੱਜੇ ਤੇ ਧਰਨਾ ਲਗਾਇਆ। ਬੇਰੁਜ਼ਗਾਰ ਬੀ ਐਡ ਟੈਟ ਪਾਸ ਯੂਨੀਅਨ ਦੇ ਨੁਮਾਇੰਦਿਆਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਮੰਗ ਕਰਦਿਆਂ ਕਿਹਾ ਕਿ ਸਰਕਾਰ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ 15000 ਅਸਾਮੀਆਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕਰੇ ਅਤੇ 55% ਦੀ ਸ਼ਰਤ ਰੱਦ ਕੀਤੀ ਜਾਵੇ ਅਤੇ ਲੈਕਚਰਾਰ ਦੇ ਸਾਰੇ ਵਿਸ਼ਿਆਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕਰਕੇ ਉਮਰ ਹੱਦ ਵਿਚ ਵਾਧਾ ਕੀਤਾ ਜਾਵੇ।
ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੰਤ ਘੁਬਾਇਆ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਨੇ ਉਹਨਾਂ ਨਾਲ ਮੀਟਿੰਗ ਕਰਨ ਲਈ ਕਈ ਵਾਅਦੇ ਕੀਤੇ, ਪ੍ਰੰਤੂ ਮੀਟਿੰਗ ’ਤੇ ਜਾਣ ਉਪਰੰਤ ਤੁਰੰਤ ਵਾਅਦੇ ਤੋਂ ਮੁੱਕਰ ਗਏ। ਦੂਜੇ ਪਾਸੇ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਵਨਾ ਨੇ ਧਰਨੇ ਵਿਚ ਪਹੁੰਚ ਕੇ ਬੇਰੁਜ਼ਗਾਰ ਅਧਿਆਪਕਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਫੋਨ ‘ਤੇ ਗੱਲ ਕਰ ਕੇ ਆਉਣ ਵਾਲੇ ਮੰਗਲਵਾਰ ਨੂੰ ਯੂਨੀਅਨ ਨਾਲ ਮੀਟਿੰਗ ਅਤੇ ਗੱਲਬਾਤ ਦਾ ਸਮਾਂ ਦੁਆ ਕੇ ਇਸ ਧਰਨੇ ਨੂੰ ਸਮਾਪਤ ਕਰਵਾਇਆ।
ਅਧਿਆਪਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਮੰਗਲਵਾਰ ਉਨ੍ਹਾਂ ਦੀ ਮੀਟਿੰਗ ਨਹੀਂ ਕਰਵਾਈ ਜਾਂਦੀ ਜਾਂ ਉਨ੍ਹਾਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ ਬੁੱਧਵਾਰ ਨੂੰ ਉਨ੍ਹਾਂ ਵੱਲੋਂ ਇਸੇ ਤਰ੍ਹਾਂ ਨੈਸ਼ਨਲ ਹਾਈਵੇਅ ਜਾਮ ਕਰ ਕੇ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ, ਕੁਲਦੀਪ ਸਿੰਘ, ਹਰਪ੍ਰੀਤ, ਸਬੀਨਾ, ਵੀਨੂੰ, ਪ੍ਰੇਮ, ਅਜੇ, ਸੰਦੀਪ, ਸੀਮਾ, ਗੁਰਮੀਤ, ਭੁਪਿੰਦਰ, ਬੂਟਾ,ਬਲਜੀਤ,ਹਰਦੀਪ ਫਾਜ਼ਿਲਕਾ, ਨਰਿੰਦਰ ਅਬੋਹਰ, ਮੋਨੂੰ, ਨਛੱਤਰ ਸਿੰਘ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸੂੁਬਾ ਸਰਕਾਰ ਉਨ੍ਹਾਂ ਦੇ ਮਸਲੇ ਜਲਦੀ ਹੱਲ ਕਰੇ।
ਪੰਜਾਬੀ ਟ੍ਰਿਬਯੂਨ
test