ਪੁਲੀਸ ਨੇ ਕਿਸਾਨਾਂ ਨੂੰ ਘੇਰਿਆ
Dharamkot ਵਿੱਚ AAP Rally ਅੱਜ; ਪਿੰਡ ਲੋਹਗੜ੍ਹ ਵਿਚ ਕਿਸਾਨਾਂ ਨੂੰ ਰੋਕਣ ਲਈ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਪੁਲੀਸ ਤਾਇਨਾਤ
21 ਮਾਰਚ, 2026 – ਧਰਮਕੋਟ : ਇੱਥੋਂ ਦੇ ਪਿੰਡ ਲੋਹਗੜ੍ਹ ਦੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਅੱਜ ਸੁਵਖਤੇ ਪੁਲੀਸ ਤਾਇਨਾਤ ਕਰ ਦਿੱਤੀ ਗਈ। ਇਸ ਗੁਰਦੁਆਰਾ ਸਾਹਿਬ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਅਗਵਾਈ ਹੇਠ ਕਿਸਾਨ ਅੱਜ ਧਰਮਕੋਟ ਵਿਚ ਹੋ ਰਹੀ ‘ਆਪ’ ਦੀ ਰੈਲੀ ਵਿੱਚ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਲਈ ਇਕੱਠੇ ਹੋਏ ਸਨ।
ਐਸ ਪੀ ਬਾਲ ਕ੍ਰਿਸ਼ਨ ਸਿੰਗਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲੀਸ ਬਲ ਨੇ ਕਿਸਾਨਾਂ ਨੂੰ ਉੱਥੇ ਰੋਕਿਆ ਹੋਇਆ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀ ਦੇ ਆਗੂ ਮੁੱਖ ਮੰਤਰੀ ਨੂੰ ਸੁਆਲ ਪੁੱਛਣ ਲਈ ਬਜ਼ਿੱਦ ਹਨ। ਕਿਸਾਨਾਂ ਅਤੇ ਪੁਲੀਸ ਵਿਚਾਲੇ ਟਕਰਾਅ ਦਾ ਮਾਹੌਲ ਬਣਿਆ ਹੋਇਆ ਹੈ।
ਕਿਸਾਨ ਆਗੂ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਪੰਜ ਵਾਰ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਦੇ ਚੁੱਕੇ ਹਨ ਲੇਕਿਨ ਹਰ ਵਾਰ ਮੀਟਿੰਗ ਨੂੰ ਬਹਾਨਾ ਬਣਾ ਕੇ ਟਾਲ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਮੁੱਖ ਮੰਤਰੀ ਨੂੰ ਬਿਜਲੀ ਬਿੱਲ ਸਮਝੌਤਾ, ਨਰੇਗਾ ਕਾਨੂੰਨ ਨੂੰ ਰੱਦ ਕਰਨ, ਦਿੱਲੀ ਕਿਸਾਨ ਮੋਰਚੇ ਦੌਰਾਨ ਕਿਸਾਨਾਂ ਦੀਆਂ ਟਰਾਲੀਆਂ ਅਤੇ ਹੋਰ ਚੋਰੀ ਸਾਮਾਨ ਦਾ ਮੁਆਵਜ਼ੇ ਸਮੇਤ ਪੰਜਾਬ ਦੇ ਹੋਰ ਅੱਧੀ ਦਰਜਨ ਮੁੱਦਿਆਂ ਨੂੰ ਲੈ ਕੇ ਸਵਾਲ ਪੁੱਛਣਾ ਚਾਹੁੰਦੀ ਹੈ ਤੇ ਜਥੇਬੰਦੀ ਮੁੱਖ ਮੰਤਰੀ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਲੇਕਿਨ ਸਰਕਾਰ ਗੱਲਬਾਤ ਤੋਂ ਭੱਜ ਰਹੀ ਹੈ।
ਉਨ੍ਹਾਂ ਕਿਹਾ ਕਿ ਅੱਜ ਹਰ ਹਾਲਤ ਵਿੱਚ ਧਰਮਕੋਟ ਦੀ ਅਨਾਜ ਮੰਡੀ ਰੈਲੀ ਵਿੱਚ ਪੁੱਜ ਕੇ ਮੁੱਖ ਮੰਤਰੀ ਨੂੰ ਸੁਆਲ ਪੁੱਛੇ ਜਾਣਗੇ। ਇਸ ਮੌਕੇ ਕਿਸਾਨ ਆਗੂ ਰਾਣਾ ਰਣਬੀਰ ਸਿੰਘ, ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸ਼ਾਹਵਾਲਾ, ਅਵਤਾਰ ਸਿੰਘ ਧਰਮ ਸਿੰਘ ਵਾਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਪੁਲੀਸ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਪੰਜਾਬੀ ਟ੍ਰਿਬਯੂਨ