ਥਾਣਾ ਧਰਮਕੋਟ ਅੱਗੇ ਕਾਂਗਰਸ ਆਗੂਆਂ ਵੱਲੋਂ ਧਰਨਾ ਸ਼ੁਰੂ
03 ਜਨਵਰੀ, 2026 – ਮੋਗਾ : ਧਰਮਕੋਟ ਸਬ ਡਿਵੀਜ਼ਨ ਅਧੀਨ ਪਿੰਡ ਭਿੰਡਰ ਕਲਾਂ ਵਿਖੇ ਅੱਜ ਸਵੇਰੇ ਇੱਕ ਕਾਂਗਰਸ ਪਾਰਟੀ ਸਮਰਥਕ ਨੌਜਵਾਨ ਦੀ ਅੰਨ੍ਹੇਵਾਹ ਗੋਲੀਆਂ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ ਦੀ ਪਛਾਣ ਉਮਰਸੀਰ ਸਿੰਘ (35) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਸਵੇਰੇ ਆਪਣੇ ਸਵਿਫ਼ਟ ਕਾਰ ਵਿਚ ਮੋਗਾ ਵਿਖੇ ਆਪਣੇ ਕੰਮ ਕਾਰ ਲਈ ਘਰ ਤੋਂ ਨਿਕਲਿਆ ਸੀ। ਮਿਲੀ ਜਾਣਕਾਰੀ ਮੁਤਾਬਕ ਅੱਜ ਤੜਕਸਾਰ ਸੱਤ ਵਜੇ ਦੇ ਕਰੀਬ ਨੌਜਵਾਨ ਉਮਰਸੀਰ ਸਿੰਘ ਆਪਣੇ ਡਿਊਟੀ ਉੱਤੇ ਜਾਣ ਲਈ ਆਪਣੀ ਕਾਰ ਉੱਤੇ ਘਰ ਤੋਂ ਨਿਕਲਿਆ ਤਾਂ ਇੱਕ ਕਾਲੇ ਰੰਗ ਦੀ ਕਾਰ ਜਿਸ ਵਿੱਚ ਪੰਜ ਹਮਲਵਾਰ ਸਵਾਰ ਸਨ ਨੇ ਅੰਨ੍ਹੇਵਾਹ ਉਸ ਦੀ ਕਾਰ ਉੱਤੇ ਫਾਇਰਿੰਗ ਕਰ ਦਿੱਤੀ ਅਤੇ ਫਰਾਰ ਹੋ ਗਏ। ਮ੍ਰਿਤਕ ਪਿੰਡ ਭਿੰਡਰ ਖੁਰਦ ਦਾ ਰਹਿਣ ਵਾਲਾ ਸੀ ਅਤੇ ਨੈਸਲੇ ਇੰਡੀਆ ਮੋਗਾ ਵਿਖੇ ਮੁਲਾਜ਼ਮ ਸੀ।
ਇਸ ਹੱਤਿਆ ਨੂੰ ਹਾਲ ਹੀ ਵਿਚ ਹੋਈਆਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਦੀ ਰੰਜਿਸ਼ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਹਾਲਾਂਕਿ ਕੋਈ ਵੀ ਪੁਲੀਸ ਅਧਿਕਾਰੀ ਹਾਲੇ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਹਲਕੇ ਦੇ ਸਾਬਕਾ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਅਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੋਹਨ ਸਿੰਘ ਖੇਲਾ ਆਪਣੇ ਵੱਡੀ ਗਿਣਤੀ ਵਿੱਚ ਸਾਥੀਆਂ ਨਾਲ ਮੌਕੇ ਤੇ ਪੁੱਜੇ। ਸੋਹਣ ਸਿੰਘ ਖੇਲਾ ਨੇ ਦੱਸਿਆ ਕਿ ਮ੍ਰਿਤਕ ਦੀ ਸ਼ਰੀਕੇ ਵਿਚ ਲਗਦੀ ਭਰਜਾਈ ਵੀਰਪਾਲ ਕੌਰ ਬਲਾਕ ਸਮਿਤੀ ਚੋਣਾਂ ਵਿਚ ਜੇਤੂ ਰਹੀ ਸੀ। ਇਸ ਹੱਤਿਆ ਦੇ ਰੋਸ ਵਿਚ ਕਾਂਗਰਸ ਆਗੂਆਂ ਨੇ ਥਾਣਾ ਧਰਮਕੋਟ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੰਜਾਬੀ ਟ੍ਰਿਬਯੂਨ