ਲੰਘੇ ਹਫ਼ਤੇ ਦੌਰਾਨ ਇਕ ਲੱਖ ਏਕੜ ਫ਼ਸਲ ਨੁਕਸਾਨੀ; ਮਾਝੇ ’ਚ ਵੀ ਕੁਝ ਥਾਈਂ ਗੜੇਮਾਰੀ
04 ਅਪ੍ਰੈਲ, 2026 – ਚੰਡੀਗੜ੍ਹ : ਪੰਜਾਬ ਵਿੱਚ ਮੀਂਹ ਤੇ ਤੇਜ਼ ਹਵਾਵਾਂ ਨੇ ਕਣਕ ਦੀ ਪੱਕੀ ਫ਼ਸਲ ਵਿਛਾ ਦਿੱਤੀ ਹੈ। ਮਾਲਵਾ ਖ਼ਿੱਤੇ ’ਚ ਲੰਘੇ ਹਫ਼ਤੇ ਦੌਰਾਨ ਕਰੀਬ ਇੱਕ ਲੱਖ ਏਕੜ ਫ਼ਸਲ ਨੁਕਸਾਨੀ ਗਈ ਹੈ। ਮਾਝੇ ਵਿੱਚ ਅੰਮ੍ਰਿਤਸਰ ਤੇ ਗੁਰਦਾਸਪੁਰ ’ਚ ਕੁਝ ਥਾਵਾਂ ’ਤੇ ਗੜੇਮਾਰੀ ਦੀਆਂ ਖ਼ਬਰਾਂ ਹਨ, ਜਦੋਂ ਕਿ ਤੇਜ਼ ਹਵਾਵਾਂ ਨੇ ਮਾਲਵਾ ਖ਼ਿੱਤੇ ’ਚ ਫ਼ਸਲ ਝੰਬ ਦਿੱਤੀ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ ਚਿਤਾਵਨੀ ਜਾਰੀ ਕੀਤੀ ਹੈ। ਭਲਕੇ ਸ਼ਨਿੱਚਰਵਾਰ ਨੂੰ ਮੁੜ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ ਜਦੋਂ ਕਿ ਐਤਵਾਰ ਨੂੰ ਕੁਝ ਥਾਵਾਂ ’ਤੇ ਮੌਸਮ ਵਿਗੜਨ ਦੀ ਸੰਭਾਵਨਾ ਹੈ। ਪੰਜਾਬ ਦੇ ਕਈ ਹਿੱਸਿਆਂ ’ਚ ਸ਼ੁੱਕਰਵਾਰ ਨੂੰ ਤੇਜ਼ ਹਵਾਵਾਂ ਤੋਂ ਇਲਾਵਾ ਗਰਜ ਨਾਲ ਮੀਂਹ ਪਿਆ।
ਪੰਜਾਬ ਵਿੱਚ ਕਰੀਬ 34 ਲੱਖ ਹੈਕਟੇਅਰ ਰਕਬੇ ’ਚ ਕਣਕ ਦੀ ਬਿਜਾਂਦ ਹੈ ਅਤੇ ਫ਼ਸਲ ਵਾਢੀ ਲਈ ਤਿਆਰ ਹੈ। ਪੱਕੀ ਫ਼ਸਲ ’ਤੇ ਪਈ ਕੁਦਰਤੀ ਮਾਰ ਨੇ ਕਿਸਾਨਾਂ ਦੇ ਫ਼ਿਕਰ ਵਧਾ ਦਿੱਤੇ ਹਨ। ਖੇਤੀ ਮਹਿਕਮੇ ਦੀ ਰਿਪੋਰਟ ਅਨੁਸਾਰ ਪਿਛਲੇ ਦਿਨਾਂ ’ਚ ਪਏ ਮੀਂਹ ਤੇ ਗੜੇਮਾਰੀ ਕਾਰਨ ਮਾਲਵਾ ਖ਼ਿੱਤੇ ਦੇ ਪੰਜ ਜ਼ਿਲ੍ਹਿਆਂ ’ਚ 83,362 ਏਕੜ ਕਣਕ ਦੀ ਫ਼ਸਲ ਨੁਕਸਾਨੀ ਗਈ ਹੈ, ਜਦੋਂ ਕਿ ਕਿਸਾਨ ਇੱਕ ਲੱਖ ਏਕੜ ਤੋਂ ਵੱਧ ਦਾ ਨੁਕਸਾਨ ਦੱਸ ਰਹੇ ਹਨ। ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਸਭ ਤੋਂ ਵੱਧ ਕਰੀਬ 40 ਹਜ਼ਾਰ ਏਕੜ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 35 ਹਜ਼ਾਰ ਏਕੜ ਫ਼ਸਲ ਨੁਕਸਾਨੀ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਫ਼ਾਜ਼ਿਲਕਾ ’ਚ ਕਿਹਾ ਸੀ ਕਿ ਨੁਕਸਾਨੀ ਫ਼ਸਲ ਦੀ ਗਿਰਦਾਵਰੀ ਦੇ ਹੁਕਮ ਦੇ ਦਿੱਤੇ ਹਨ ਅਤੇ ਫ਼ਸਲ ਦੇ ਨੁਕਸਾਨ ਦਾ ਮੁਆਵਜ਼ਾ ਸਰਕਾਰ ਦੇਵੇਗੀ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਿੰਡ ਚੰਨੂ ਅਤੇ ਹੋਰਨਾਂ ਪਿੰਡਾਂ ’ਚ ਫ਼ਸਲੀ ਨੁਕਸਾਨ ਦਾ ਜਾਇਜ਼ਾ ਲਿਆ ਜਦੋਂ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ’ਚ ਭਾਜਪਾ ਆਗੂਆਂ ਦੀ ਟੀਮ ਨੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਭਾਗਸਰ ਅਤੇ ਗੰਧੜ ’ਚ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ।
ਪੰਜਾਬ ਰਾਜ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਅਗਲੇ 24 ਘੰਟਿਆਂ ਲਈ ਗਰਜ ਨਾਲ ਮੀਂਹ, ਤੂਫ਼ਾਨ ਅਤੇ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ 50-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਝੱਖੜ ਝੁੱਲਣ ਦਾ ਅਨੁਮਾਨ ਹੈ। ਪੰਜਾਬ ਦੇ ਬਹੁਤੇ ਹਿੱਸਿਆਂ ’ਚ ਸ਼ੁੱਕਰਵਾਰ ਨੂੰ ਬੱਦਲਵਾਈ ਰਹੀ ਜਿਸ ਨਾਲ ਹੁਣ ਵਾਢੀ ਕੁਝ ਹੋਰ ਦਿਨਾਂ ਲਈ ਪਛੜ ਗਈ ਹੈ। ਖੇਤੀ ਮਾਹਿਰਾਂ ਮੁਤਾਬਕ ਤੇਜ਼ ਹਵਾਵਾਂ ਨਾਲ ਫ਼ਸਲ ਵਿਛਣ ਕਰ ਕੇ ਇਸ ਦੀ ਗੁਣਵੱਤਾ ਪ੍ਰਭਾਵਿਤ ਹੋਵੇਗੀ ਅਤੇ ਮੰਡੀਆਂ ’ਚ ਕਿਸਾਨਾਂ ਨੂੰ ਮੁਸ਼ਕਲਾਂ ਆ ਸਕਦੀਆਂ ਹਨ। 30-31 ਮਾਰਚ ਨੂੰ ਪਏ ਮੀਂਹ ਨੇ ਵੀ ਮਾਲਵੇ ’ਚ ਫ਼ਸਲੀ ਨੁਕਸਾਨ ਕੀਤਾ ਹੈ। ਖੇਤੀਬਾੜੀ ਮੌਸਮ ਵਿਭਾਗ ਦੀ ਮੁਖੀ ਪਵਨੀਤ ਕੌਰ ਕਿੰਗਰਾ ਨੇ ਕਿਸਾਨਾਂ ਨੂੰ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਖੇਤਾਂ ਨੂੰ ਪਾਣੀ ਲਾਉਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ।
ਬਠਿੰਡਾ ਜ਼ਿਲ੍ਹੇ ’ਚ ਕਾਫ਼ੀ ਘਰ ਵੀ ਨੁਕਸਾਨੇ ਗਏ ਹਨ ਅਤੇ ਮਾਨਸਾ ਜ਼ਿਲ੍ਹੇ ’ਚ ਫ਼ਸਲਾਂ ਵਿਛੀਆਂ ਹਨ। ਖੇਤੀ ਵਿਭਾਗ ਦੇ ਡਾਇਰੈਕਟਰ ਗੁਰਜੀਤ ਸਿੰਘ ਬਰਾੜ ਨੇ ਕਿਹਾ ਕਿ 30-31 ਮਾਰਚ ਨੂੰ ਪਏ ਮੀਂਹ ਨੇ 80 ਹਜ਼ਾਰ ਏਕੜ ਦੇ ਕਰੀਬ ਫ਼ਸਲ ਪ੍ਰਭਾਵਿਤ ਕੀਤੀ ਹੈ ਅਤੇ ਬਾਕੀ ਰਿਪੋਰਟ ਹਾਸਲ ਕੀਤੀ ਜਾ ਰਹੀ ਹੈ।
ਅਸਮਾਨੀ ਬਿਜਲੀ ਕਾਰਨ ਲੜਕੇ ਦੀ ਮੌਤ
ਗੜ੍ਹਸ਼ੰਕਰ : ਨੇੜਲੇ ਪਿੰਡ ਰਸੂਲਪੁਰ ’ਚ ਅਸਮਾਨੀ ਬਿਜਲੀ ਡਿੱਗਣ ਕਾਰਨ ਨਾਬਾਲਗ ਲੜਕੇ ਦੀ ਮੌਤ ਹੋ ਗਈ, ਜਦਕਿ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨਵਾਂ ਸ਼ਹਿਰ ਦੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਇਹ ਸਾਰੇ ਪਿੰਡ ਦੇ ਖੇਡ ਮੈਦਾਨ ਵਿੱਚ ਖੇਡ ਰਹੇ ਸਨ ਕਿ ਵਿਗੜਦੇ ਮੌਸਮ ਕਾਰਨ ਅਸਮਾਨੀ ਬਿਜਲੀ ਡਿੱਗੀ, ਜਿਸ ਨਾਲ ਤਰਨਵੀਰ ਸਿੰਘ (16) ਪੁੱਤਰ ਉਂਕਾਰ ਰਾਮ ਦੀ ਮੌਤ ਹੋ ਗਈ। ਇਸ ਦੌਰਾਨ ਜੱਸੀ ਪੁੱਤਰ ਲੱਛਮਣ ਅਤੇ ਅੰਸ਼ ਪੁੱਤਰ ਮੁਖਤਿਆਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪੰਜਾਬੀ ਟ੍ਰਿਬਯੂਨ