ਬਸੰਤ: ਹਰ ਵਰ੍ਹੇ ਪ੍ਰਸ਼ਾਸਨ ਦਾ ਮੂੰਹ ਚਿੜਾਉਂਦੀ ਹੈ ਚੀਨੀ ਡੋਰ
19 ਜਨਵਰੀ, 2026 – ਬਠਿੰਡਾ : ਮਨੁੱਖਾਂ ਤੋਂ ਇਲਾਵਾ ਧਰਤੀ ’ਤੇ ਵਸਦੇ ਹੋਰਨਾਂ ਜੀਵਾਂ ਲਈ ਮੌਤ ਦਾ ਕਹਿਰ ਵਰਤਾਉਣ ਲਈ ਚਰਚਿਤ ਪਤੰਗ ਉਡਾਉਣ ਲਈ ਵਰਤੀ ਜਾਂਦੀ ਚੀਨੀ ਡੋਰ ਦੇ ਚਰਚੇ ਹਰ ਸਾਲ ਬਸੰਤ ਦੇ ਦਿਨਾਂ ’ਚ ਜ਼ੋਰ ਫੜ ਲੈਂਦੇ ਹਨ। ਮੌਤ ਦੀ ਰੱਸੀ ’ਤੇ ਪਾਬੰਦੀ ਲਾਉਣ ਦੀ ਮੰਗ ਇਨ੍ਹੀਂ ਦਿਨੀਂ ਜ਼ਿਆਦਾ ਹੋ ਜਾਂਦੀ ਹੈ। ਉੱਧਰ ਪ੍ਰਸ਼ਾਸਨ ਵੱਲੋਂ ਵੀ ਇਸ ਦੀ ਰੋਕਥਾਮ ਬਾਰੇ ਆਪਣੀਆਂ ਸਰਗਰਮੀਆਂ ਬਾਰੇ ਬਹੁਤ ਸਾਰੇ ਦਾਅਵੇ ਕੀਤੇ ਜਾਂਦੇ ਹਨ, ਪਰ ਅੰਕੜੇ ਦੱਸਦੇ ਹਨ ਕਿ ਇਹ ਯਤਨ ਇੱਕ ਹੱਦ ਤੱਕ ਸੀਮਤ ਹੋ ਕੇ ਹਮੇਸ਼ਾ ਨਾ-ਕਾਫ਼ੀ ਰਹਿ ਜਾਂਦੇ ਹਨ।
ਬਠਿੰਡਾ ਦੇ ਆਰ ਟੀ ਆਈ ਕਾਰਕੁਨ ਸੰਜੀਵ ਗੋਇਲ ਵੱਲੋਂ ਪੁਲੀਸ ਪਾਸੋਂ ਲਏ ਤੱਥ ਅਜਿਹੀਆਂ ਕੋਸ਼ਿਸ਼ਾਂ ਦੇ ਪਰਦੇ ਫ਼ਰੋਲਦੇ ਹਨ। ਸੂਚਨਾ ਦੇ ਅਧਿਕਾਰ ਰਾਹੀਂ ਮਿਲੀ ਜਾਣਕਾਰੀ ਮੁਤਾਬਿਕ ਬਠਿੰਡਾ ਜ਼ਿਲ੍ਹੇ ਦੀ ਪੁਲੀਸ ਨੇ ਪਿਛਲੇ 14 ਸਾਲਾਂ ਦੌਰਾਨ ਚੀਨੀ ਡੋਰ ਨਾਲ ਸਬੰਧਿਤ 141 ਕੇਸ ਦਰਜ ਕੀਤੇ ਹਨ। ਐੱਸ ਐੱਸ ਪੀ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੰਨ 2012 ’ਚ 1, 2013 ਵਿੱਚ 19, 2014 ’ਚ 10, 2015 ’ਚ 18, 2016 ਅਤੇ 2017 ’ਚ 9-9, 2018 ’ਚ 10, 2019 ’ਚ 3, 2020 ’ਚ 8, 2021 ’ਚ 1, 2022 ’ਚ 16, 2023 ’ਚ 13, 2024 ’ਚ 6 ਅਤੇ ਉਸ ਤੋਂ ਬਾਅਦ 6 ਨਵੰਬਰ 2025 ਤੱਕ ਕੁੱਲ 18 ਮਾਮਲੇ ਦਰਜ ਹੋਏ ਹਨ। ਹਕੀਕਤ ਇਹ ਹੈ ਕਿ ਬਸੰਤ ਦੇ ਸੀਜ਼ਨ ਮੌਕੇ ਪਤੰਗ ਉਡਾਉਣ ਲਈ ਚੀਨੀ ਡੋਰ ਦੀ ਵਰਤੋਂ ਧੜੱਲੇ ਨਾਲ ਹੁੰਦੀ ਹੈ। ਪਤੰਗ ਉਡਾਉਣ ਦੇ ਸ਼ੌਕੀਨ ਆਮ ਦੁਕਾਨਾਂ ਤੋਂ ਹੀ ਇਸ ਡੋਰ ਦੇ ਗੱਟੂ ਖਰੀਦਦੇ ਹਨ। ਇਸ ਡੋਰ ਦੀ ਖ਼ਰੀਦੋ-ਫ਼ਰੋਖ਼ਤ ਦਾ ਸਿਲਸਿਲਾ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ।
ਪੰਜਾਬੀ ਟ੍ਰਿਬਯੂਨ