ਮੌਸਮ ਵਿਭਾਗ ਵੱਲੋਂ 30 ਤੇ 31 ਮਾਰਚ ਨੂੰ ਵੀ ਹਲਕਾ ਤੇ ਦਰਮਿਆਨਾ ਮੀਂਹ ਪੈਣ ਦੀ ਪੇਸ਼ੀਨਗੋਈ
30 ਮਾਰਚ, 2026 – ਚੰਡੀਗੜ੍ਹ : ਪੰਜਾਬ ਵਿੱਚ ਮਾਰਚ ਮਹੀਨੇ ਦੇ ਅਖੀਰ ਵਿੱਚ ਮੀਂਹ ਪੈ ਰਿਹਾ ਹੈ। ਅੱਜ ਪੰਜਾਬ ਦੇ ਜ਼ਿਆਦਾਰ ਇਲਾਕਿਆਂ ਵਿੱਚ ਤੜਕੇ ਤੋਂ ਰੁਕ-ਰੁਕ ਕੇ ਮੀਂਹ ਪਿਆ। ਮੀਂਹ ਕਰਕੇ ਲੋਕਾਂ ਨੇ ਅਤਿ ਦਾ ਗਰਮੀ ਤੋਂ ਮਾਮੂਲੀ ਰਾਹਤ ਮਹਿਸੂਸ ਕੀਤੀ ਹੈ ਪਰ ਇਸ ਸਮੇਂ ਮੀਂਹ ਕਰਕੇ ਕਿਸਾਨਾਂ ਦੇ ਸਾਹ ਸੁੱਕ ਗਏ ਹਨ। ਪੰਜਾਬ ਵਿੱਚ ਅੱਜ ਤੜਕੇ ਤੋਂ ਮੀਂਹ ਦੇ ਨਾਲ ਚੱਲ ਰਹੀਆਂ ਤੇਜ਼ ਹਵਾਵਾਂ ਕਰਕੇ ਪਟਿਆਲਾ, ਸੰਗਰੂਰ, ਹੁਸ਼ਿਆਰਪੁਰ ਸਣੇ ਹੋਰ ਕਈ ਜ਼ਿਲ੍ਹਿਆਂ ਵਿੱਚ ਕਣਕ ਦੀਆਂ ਫਸਲਾਂ ਵਿੱਛ ਗਈਆਂ ਹਨ। ਇਸ ਦੇ ਨਾਲ ਹੀ ਸਰਦੁਲਗੜ੍ਹ ਤੇ ਹੋਰ ਕਈ ਇਲਾਕਿਆਂ ਵਿੱਚ ਗੜੇਮਾਰੀ ਹੋਈ ਹੈ, ਜਿਸ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਸੂਬੇ ਵਿੱਚ ਅੱਜ ਮੀਂਹ ਕਰਕੇ 4.3 ਡਿਗਰੀ ਸੈਲਸੀਅਸ ਤੱਕ ਪਾਰਾ ਡਿੱਗ ਗਿਆ ਹੈ।
ਜਾਣਕਾਰੀ ਅਨੁਸਾਰ ਮੌਸਮ ਵਿੱਚ ਪੱਛਮੀ ਵਿਗਾੜ ਦੇ ਚਲਦਿਆਂ ਮੀਂਹ ਪਿਆ ਤੇ ਤੇਜ਼ ਹਵਾਵਾਂ ਕਰਕੇ ਪੱਕਣ ਕੰਢੇ ਪਹੁੰਚ ਚੁੱਕੀ ਕਣਕ ਦੀ ਫਸਲ ਦਾ ਝਾੜ ਘੱਟ ਸਕਦਾ ਹੈ। ਦੂਜੇ ਪਾਸੇ ਮੀਂਹ ਕਰਕੇ ਸੂਬੇ ਵਿੱਚ ਖਰਬੂਜ਼ਾ, ਖੀਰਾ ਤੇ ਹੋਰ ਗਰਮੀ ਦੇ ਫਲ ਤੇ ਸਬਜ਼ੀ ਦੀ ਫਸਲ ਕਰੰਡ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ 30 ਤੇ 31 ਮਾਰਚ ਨੂੰ ਹਲਕਾ ਤੇ ਦਰਮਿਆਨਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਲਈ ਮੌਸਮ ਵਿਭਾਗ ਨੇ 30 ਮਾਰਚ ਲਈ ਓਰੈਂਜ ਅਤੇ 31 ਮਾਰਚ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਚੱਲਣਗੀਆਂ, ਜੋ ਕਿ ਕਣਕ ਦੀ ਫ਼ਸਲ ਲਈ ਘਾਤਕ ਸਾਬਤ ਹੋ ਸਕਦਾ ਹੈ।
ਚੰਡੀਗੜ੍ਹ ਵਿੱਚ ਅੱਜ 3.3 ਐੱਮ ਐੱਮ, ਅੰਮ੍ਰਿਤਸਰ ਵਿੱਚ 13.7 ਐੱਮ ਐੱਮ, ਫਰੀਦਕੋਟ ਵਿੱਚ 4.9 ਐੱਮ ਐੱਮ, ਗੁਰਦਾਸਪੁਰ ਵਿੱਚ 4 ਐੱਮ ਐੱਮ, ਨਵਾਂ ਸ਼ਹਿਰ ਵਿੱਚ 1.3 ਐੱਮ ਐੱਮ, ਬਠਿੰਡਾ ਵਿੱਚ ਇਕ ਐੱਮ ਐੱਮ, ਫਿਰੋਜ਼ਪੁਰ ਵਿੱਚ 8.5 ਐੱਮ ਐੱਮ, ਮੁਹਾਲੀ ਵਿੱਚ 5 ਐੱਮ ਐੱਮ, ਪਠਾਨਕੋਟ ਵਿੱਚ 4 ਐੱਮ ਐੱਮ ਅਤੇ ਰੂਪਨਗਰ ਵਿੱਚ 6.5 ਐੱਮ ਐੱਮ ਮੀਂਹ ਪਿਆ। ਅੱਜ ਸੂਬੇ ਵਿੱਚ ਬਠਿੰਡਾ ਸ਼ਹਿਰ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 32.3 ਡਿਗਰੀ ਸੈਲਸੀਅਸ ਦਰਜ ਕੀਤਾ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ 27.3 ਡਿਗਰੀ, ਅੰਮ੍ਰਿਤਸਰ ਵਿੱਚ 28.1 ਡਿਗਰੀ, ਲੁਧਿਆਣਾ ਵਿੱਚ 30 ਡਿਗਰੀ, ਪਟਿਆਲਾ ਵਿੱਚ 31 ਡਿਗਰੀ, ਫਾਜ਼ਿਲਕਾ ਵਿੱਚ 31.8 ਡਿਗਰੀ, ਫਿਰੋਜ਼ਪੁਰ ਵਿੱਚ 28.3 ਡਿਗਰੀ, ਹੁਸ਼ਿਆਰਪੁਰ ਵਿੱਚ 27.2 ਡਿਗਰੀ, ਮੁਹਾਲੀ ਵਿੱਚ 28.1 ਡਿਗਰੀ, ਪਠਾਨਕੋਟ ਵਿੱਚ 30.9 ਡਿਗਰੀ ਅਤੇ ਰੂਪਨਗਰ ਵਿੱਚ 26.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਪੰਜਾਬੀ ਟ੍ਰਿਬਯੂਨ