AI ਸਮਿਟ ਦੌਰਾਨ ਹੋਏ ਪ੍ਰਦਰਸ਼ਨ ਨੂੰ ਲੈ ਕੇ ਸਿਆਸਤ ਵਿੱਚ ਹਲਚਲ ਮਚ ਗਈ ਹੈ। ਭਾਜਨਾ ਨੇ ਦੋਸ਼ ਲਾਇਆ ਹੈ ਕਿ ਰਾਹੁਲ ਗਾਂਧੀ ਪਿਛਲੇ ਹਫ਼ਤੇ AI ਇਮਪੈਕਟ ਸਮਿਟ ਵਿੱਚ ਕਾਂਗਰਸ ਦੀ ਯੂਥ ਵਿੰਗ ਦੇ ‘ਨੰਗੇ ਧੜ’ ਪ੍ਰਦਰਸ਼ਨ ਦੇ “ਮਾਸਟਰਮਾਈਂਡ” ਸਨ ਅਤੇ…
25 ਫਰਵਰੀ, 2026 – ਨਵੀਂ ਦਿੱਲੀ : AI ਸਮਿਟ ਦੌਰਾਨ ਹੋਏ ਪ੍ਰਦਰਸ਼ਨ ਨੂੰ ਲੈ ਕੇ ਸਿਆਸਤ ਵਿੱਚ ਹਲਚਲ ਮਚ ਗਈ ਹੈ। ਭਾਜਨਾ ਨੇ ਦੋਸ਼ ਲਾਇਆ ਹੈ ਕਿ ਰਾਹੁਲ ਗਾਂਧੀ ਪਿਛਲੇ ਹਫ਼ਤੇ AI ਇਮਪੈਕਟ ਸਮਿਟ ਵਿੱਚ ਕਾਂਗਰਸ ਦੀ ਯੂਥ ਵਿੰਗ ਦੇ ‘ਨੰਗੇ ਧੜ’ ਪ੍ਰਦਰਸ਼ਨ ਦੇ “ਮਾਸਟਰਮਾਈਂਡ” ਸਨ ਅਤੇ ਦਾਅਵਾ ਕੀਤਾ ਕਿ ਕਾਨੂੰਨ ਦੇ ਹੱਥ ਜਲਦੀ ਹੀ ਉਸ ਸ਼ਰਾਰਤੀ ਵਿਅਕਤੀ ਤੱਕ ਪਹੁੰਚਣਗੇ ਜਿਸ ਨੇ ਭਾਰਤ ਨੂੰ ਬਦਨਾਮ ਕਰਨ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਹੈ।
ਇਹ ਬਿਆਨ ਦਿੱਲੀ ਦੀ ਇੱਕ ਅਦਾਲਤ ਵੱਲੋਂ ਭਾਰਤੀ ਯੂਥ ਕਾਂਗਰਸ (IYC) ਦੇ ਪ੍ਰਧਾਨ ਉਦੈ ਭਾਨੂ ਚਿੱਬ ਨੂੰ AI ਇਮਪੈਕਟ ਸਮਿਟ ਵਾਲੀ ਥਾਂ ‘ਤੇ ਹੋਏ “ਨੰਗੇ ਧੜ ਪ੍ਰਦਰਸ਼ਨ” ਦੇ ਸਬੰਧ ਵਿੱਚ ਚਾਰ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜਣ ਤੋਂ ਬਾਅਦ ਆਇਆ ਹੈ।
ਭਾਜਪਾ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਰਾਸ਼ਟਰੀ ਬੁਲਾਰੇ ਗੌਰਵ ਭਾਟੀਆ ਨੇ ਦੋਸ਼ ਲਾਇਆ ਕਿ ਕਾਂਗਰਸ ਯੂਥ ਵਿੰਗ ਨੇ ਰਾਹੁਲ ਗਾਂਧੀ ਦੇ ਇਸ਼ਾਰੇ ‘ਤੇ ਸੰਮੇਲਨ ਵਿੱਚ ਇਹ ਪ੍ਰਦਰਸ਼ਨ ਕੀਤਾ ਸੀ।
ਉਨ੍ਹਾਂ ਕਿਹਾ, “ਰਾਹੁਲ ਗਾਂਧੀ ਅਜਿਹੀ ਖਾਨਾਜੰਗੀ ਵਾਲੀ ਘਟਨਾ ਦੇ ਮਾਸਟਰਮਾਈਂਡ, ਸਗੋਂ ਸੁਪਰ ਮਾਸਟਰਮਾਈਂਡ ਹਨ। ਰਾਹੁਲ ਗਾਂਧੀ ਦੇ ਇਸ਼ਾਰੇ ‘ਤੇ ਕਾਂਗਰਸ ਯੂਥ ਵਿੰਗ ਦੇ ਪ੍ਰਧਾਨ ਅਤੇ ਹੋਰਾਂ ਵੱਲੋਂ ਕੀਤੇ ਗਏ ਨੰਗੇ ਧੜ ਪ੍ਰਦਰਸ਼ਨ ਨੇ ਭਾਰਤ ਦੇ ਅਕਸ ਨੂੰ ਖ਼ਰਾਬ ਕੀਤਾ ਹੈ।”
ਭਾਟੀਆ ਨੇ ਕਿਹਾ ਕਿ “ਕਾਨੂੰਨ ਦੇ ਲੰਬੇ ਹੱਥ ਜਲਦੀ ਹੀ ਉਸ ਵਿਅਕਤੀ ਤੱਕ ਪਹੁੰਚਣਗੇ ਜਿਸ ਨੇ ਦੇਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਚਾਹੇ ਉਹ ਕੋਈ ਵੀ ਹੋਵੇ।”
ਉਨ੍ਹਾਂ ਕਿਹਾ, “ਪੁਲੀਸ ਹਿਰਾਸਤ ਵਿੱਚ ਉਦੈ ਸੱਚ ਦੱਸੇਗਾ ਅਤੇ ਨਾਮ ਲਵੇਗਾ। ਅਸੀਂ ਵੀ ਇਹ ਜਾਣਨ ਦੀ ਉਡੀਕ ਕਰਾਂਗੇ ਕਿ ਇਹ ਸਬੰਧ ਕਿੱਥੇ ਜੁੜਦਾ ਹੈ। ਇਸ ਨੂੰ ਜਨਤਕ ਕੀਤਾ ਜਾਵੇਗਾ ਅਤੇ ਪੂਰੇ ਦੇਸ਼ ਨੂੰ ਪਤਾ ਲੱਗ ਜਾਵੇਗਾ।”
ਪਿਛਲੇ ਸ਼ੁੱਕਰਵਾਰ, ਕਾਂਗਰਸ ਯੂਥ ਵਿੰਗ ਦੇ ਵਰਕਰਾਂ ਦੇ ਇੱਕ ਸਮੂਹ ਨੇ ਭਾਰਤ ਮੰਡਪਮ ਵਿਖੇ AI ਇਮਪੈਕਟ ਸਮਿਟ ਦੌਰਾਨ ਇੱਕ ਪ੍ਰਦਰਸ਼ਨੀ ਹਾਲ ਵਿੱਚ ਨਾਟਕੀ ਢੰਗ ਨਾਲ ਬਿਨਾਂ ਕਮੀਜ਼ਾਂ ਪਾਏ ਪ੍ਰਦਰਸ਼ਨ ਕੀਤਾ ਸੀ। ਸੁਰੱਖਿਆ ਕਰਮੀਆਂ ਵੱਲੋਂ ਬਾਹਰ ਕੱਢੇ ਜਾਣ ਤੋਂ ਪਹਿਲਾਂ, ਉਹ ਸਰਕਾਰ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਵਿਰੁੱਧ ਨਾਅਰੇ ਲਿਖੀਆਂ ਟੀ-ਸ਼ਰਟਾਂ ਹੱਥਾਂ ਵਿੱਚ ਫੜ ਕੇ ਘੁੰਮ ਰਹੇ ਸਨ। ਦਿੱਲੀ ਪੁਲੀਸ ਨੇ ਇਸ ਘਟਨਾ ਦੇ ਸਬੰਧ ਵਿੱਚ ਹੁਣ ਤੱਕ ਚਿੱਬ ਸਮੇਤ IYC ਦੇ ਅੱਠ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਪੰਜਾਬੀ ਟ੍ਰਿਬਯੂਨ