USA: ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫ਼ੋਰਨੀਆ ਦੀ ਸਿਲਵਰ ਜੁਬਲੀ ਕਾਨਫ਼ਰੰਸ ਨੇ ਅਮਰੀਕਾ ਵਿੱਚ ਨਵਾਂ ਇਤਿਹਾਸ ਸਿਰਜਿਆ
ਪੰਜਾਬੀ ਭਾਸ਼ਾ, ਕਹਾਣੀ, ਕਵਿਤਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਹੋਈ ਗੰਭੀਰ ਵਿਚਾਰ ਚਰਚਾ
ਸੰਗੀਤ ਮਹਿਫ਼ਲ ਅਤੇ ਸੁਰਿੰਦਰ ਧਨੋਆ ਦੇ ਨਾਟਕ ‘ਜ਼ਫ਼ਰਨਾਮਾ’ ਦੀ ਪੇਸ਼ਕਾਰੀ ਬੇਹੱਦ ਪ੍ਰਭਾਵਸ਼ਾਲੀ ਰਹੀ
ਹਰਦਮ ਮਾਨ
14 ਅਕਤੂਬਰ, 2025 – ਹੇਵਰਡ : ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫ਼ੋਰਨੀਆ ਵੱਲੋਂ ਆਪਣੀ 25ਵੀਂ ਵਰ੍ਹੇਗੰਢ ਉੱਤੇ ਤਿੰਨ ਰੋਜ਼ਾ ਪੰਜਾਬੀ ਸਾਹਿਤਕ ਕਾਨਫ਼ਰੰਸ ਸੈਫ਼ਾਇਰ ਬੈਂਕੁਇੱਟ ਹਾਲ ਹੇਵਰਡ (ਕੈਲੀਫ਼ੋਰਨੀਆ) ਵਿਖੇ ਕਰਵਾਈ ਗਈ। ਅਮਰੀਕਾ ਵਿੱਚ ਇਹ ਪਹਿਲੀ ਪੰਜਾਬੀ ਸਾਹਿਤਕ ਕਾਨਫ਼ਰੰਸ ਸੀ ਜੋ ਤਿੰਨ ਦਿਨ ਚੱਲੀ ਅਤੇ ਇਸ ਵਿੱਚ ਵਿਦਵਾਨਾਂ ਅਤੇ ਸਾਹਿਤਕਾਰਾਂ ਨੇ ਲਗਾਤਾਰ ਤਿੰਨ ਦਿਨ ਪੰਜਾਬੀ ਸਾਹਿਤ ਅਤੇ ਪੰਜਾਬੀ ਮਾਂ ਬੋਲੀ ਦੇ ਵੱਖ ਵੱਖ ਪਹਿਲੂਆਂ ਉੱਪਰ ਗੰਭੀਰ ਚਿੰਤਨ ਕੀਤਾ ਗਿਆ। ਇਹ ਵੀ ਇਸ ਕਾਨਫ਼ਰੰਸ ਦੀ ਸਾਰਥਿਕਤਾ ਰਹੀ ਕਿ ਇਸ ਨੇ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਬਾਰੇ ਪੰਜਾਬ ਦੇ ਲੇਖਕਾਂ, ਵਿਦਵਾਨਾਂ ਵਿੱਚ ਪਾਏ ਜਾਂਦੇ ਉਨ੍ਹਾਂ ਸਾਰੇ ਭਰਮਾਂ, ਮਾਪਦੰਡਾਂ ਨੂੰ ਮਾਤ ਦੇ ਦਿੱਤੀ ਕਿ ‘ਵਿਦੇਸ਼ਾਂ ਵਿਚ ਹੁੰਦੀਆਂ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਵਿਚ ਕੋਈ ਗੰਭੀਰ ਸਾਹਿਤਕ ਗੱਲ ਨਹੀਂ ਹੁੰਦੀ’।
ਕਾਨਫ਼ਰੰਸ ਵਿਚ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਡਾ. ਮਨਜਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਕਾਨਫ਼ਰੰਸ ਨੇ ਉਨ੍ਹਾਂ ਦੇ ਮਨ ਵਿਚ ਵਿਦੇਸ਼ਾਂ ਵਿਚ ਹੁੰਦੀਆਂ ਸਾਹਿਤਕ ਕਾਨਫ਼ਰੰਸਾਂ ਬਾਰੇ ਬਣੇ ਖ਼ਿਆਲ ਨੂੰ ਗ਼ਲਤ ਸਾਬਿਤ ਕਰ ਦਿੱਤਾ ਹੈ। ਕਾਨਫ਼ਰੰਸ ਵਿਚ ਵੱਖ ਵੱਖ ਸਾਹਿਤਕ ਵਿਸ਼ਿਆਂ ਉੱਪਰ ਵਿਦਵਾਨਾਂ ਨੇ ਬਹੁਤ ਹੀ ਗੰਭੀਰ ਵਿਚਾਰ ਚਰਚਾ ਕੀਤੀ ਅਤੇ ਲੇਖਕਾਂ, ਪਾਠਕਾਂ ਅਤੇ ਸਰੋਤਿਆਂ ਨੇ ਵੀ ਸਮੁੱਚੀ ਕਾਨਫ਼ਰੰਸ ਦੀ ਗੰਭੀਰਤਾ ਨੂੰ ਕਾਇਮ ਰੱਖਿਆ। ਡਾ. ਬਲਦੇਵ ਧਾਲੀਵਾਲ, ਡਾ. ਗੁਰਪਾਲ ਸਿੰਘ ਸੰਧੂ ਅਤੇ ਡਾ. ਜਸਵਿੰਦਰ ਨੇ ਵੀ ਅਜਿਹਾ ਇਜ਼ਹਾਰ ਕਰਦਿਆਂ ਕਿਹਾ ਕਿ ਅਜਿਹੀਆਂ ਸਾਹਿਤਕ ਕਾਨਫ਼ਰੰਸਾਂ ਪੰਜਾਬ ਵਿਚ ਵੀ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ।
ਕਾਨਫ਼ਰੰਸ ਦੀ ਸ਼ੁਰੂਆਤ ਪੰਜਾਬੀ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾ) ਕੈਲੀਫ਼ੋਰਨੀਆ ਦੇ ਰੂਹੇ-ਰਵਾਂ ਅਤੇ ਨਾਮਵਰ ਸ਼ਾਇਰ ਕੁਲਵਿੰਦਰ ਦੇ ਮੋਹ ਭਰੇ ਸ਼ਬਦਾਂ ਨਾਲ਼ ਹੋਈ। ਕੁਲਵਿੰਦਰ ਨੇ ਅਕਾਦਮੀ ਦੀ ਸਥਾਪਨਾ, ਸਰਗਰਮੀਆਂ ਅਤੇ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਅਕਾਦਮੀ ਦੇ ਮੁੱਢਲੇ ਮੈਂਬਰ ਮਰਹੂਮ ਗੁਰੂਮੇਲ ਸਿੱਧੂ ਨੂੰ ਯਾਦ ਕੀਤਾ ਅਤੇ ਸੁਖਵਿੰਦਰ ਕੰਬੋਜ ਤੇ ਸੁਰਿੰਦਰ ਸੀਰਤ ਦੀ ਯੋਗਦਾਨ ਦੀ ਪ੍ਰਸੰਸਾ ਕੀਤੀ। ਕੁਲਵਿੰਦਰ ਨੇ ਕਿਹਾ ਕਿ “ਭਾਸ਼ਾ ਸਿਰਫ ਸ਼ਬਦਾਂ ਦਾ ਸਮੂਹ ਹੀ ਨਹੀਂ ਹੁੰਦੀ, ਇਹ ਸਾਡੀ ਪਹਿਚਾਣ ਹੈ, ਸਾਡਾ ਵਿਰਸਾ ਹੈ, ਸਾਡੀ ਰੂਹ ਦੀ ਖੁਰਾਕ ਹੈ। ਇਸ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ। ਸਾਡੀ ਕੋਸ਼ਿਸ਼ ਹੈ ਕਿ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਇਹ ਸੰਸਾਰ ਹਮੇਸ਼ਾ ਜਿਉਂਦਾ ਰਹੇ, ਅੱਗੇ ਵੱਧਦਾ ਰਹੇ”। ਵਿਪਸਾ ਦੇ ਪ੍ਰਬੰਧਕਾਂ ਨੂੰ ਸਿਲਵਰ ਜੁਬਲੀ ਸਮਾਗਮ ਦੀ ਮੁਬਾਰਕਬਾਦ ਦਿੰਦਿਆਂ ਇਸ ਸੰਸਥਾ ਦੇ ਮੁੱਖ ਸਹਿਯੋਗੀ ਅਤੇ ਉੱਘੇ ਬਿਜ਼ਨਸਮੈਨ ਜਸਬੀਰ ਗਿੱਲ, ਨਾਵਲਕਾਰ ਡਾ. ਗੁਰਪ੍ਰੀਤ ਧੁੱਗਾ ਅਤੇ ਪੰਕਜ ਆਂਸਲ ਨੇ ਅਕਾਦਮੀ ਵੱਲੋਂ ਪੰਜਾਬੀ ਸਾਹਿਤ ਅਤੇ ਪੰਜਾਬੀ ਭਾਸ਼ਾ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਸਰਗਰਮੀਆਂ ਦੀ ਸ਼ਲਾਘਾ ਕੀਤੀ।
ਪਹਿਲੇ ਦਿਨ ਹੋਈ ਸੰਗੀਤਮਈ ਦਿਲਕਸ਼ ਸ਼ਾਮ ਵਿਚ ਗ਼ਜ਼ਲ ਗਾਇਕ ਸੁਖਦੇਵ ਸਾਹਿਬ, ਪਰਮਿੰਦਰ ਗੁਰੀ ਅਤੇ ਗਾਇਕਾ ਟੀਨਾ ਮਾਨ ਨੇ ਡਾ. ਸੁਰਜੀਤ ਪਾਤਰ, ਸ਼ਿਵ ਕੁਮਾਰ ਬਟਾਲਵੀ, ਜਸਵਿੰਦਰ, ਕੁਲਵਿੰਦਰ, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ ਅਤੇ ਹੋਰ ਪੰਜਾਬੀ ਸ਼ਾਇਰਾਂ ਦੇ ਕਲਾਮ ਨੂੰ ਆਪਣੇ ਸੁਰੀਲੇ ਸੁਰਾਂ ਦੀ ਛੋਹ ਨਾਲ ਬਹੁਤ ਖੂਬਸੂਰਤ ਸੰਗੀਤਕ ਮਾਹੌਲ ਸਿਰਜਿਆ। ਸੰਗੀਤਕ ਸ਼ਾਮ ਦਾ ਸੰਚਾਲਨ ਕਰ ਰਹੀ ਸਟੇਜ ਦੀ ਮਲਿਕਾ ਆਸ਼ਾ ਸ਼ਰਮਾ ਵੱਲੋਂ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤੇ ਸ਼ਿਅਰਾਂ ਨੇ ਇਸ ਮਹਿਫ਼ਲ ਨੂੰ ਹੋਰ ਵੀ ਦਿਲਕਸ਼ ਬਣਾ ਦਿੱਤਾ। ਵਿਪਸਾ ਵਲੋਂ 25ਵੀਂ ਵਰ੍ਹੇਗੰਢ ਮੌਕੇ ਵਿਪਸਾ ਬਾਰੇ ਤਿਆਰ ਕੀਤੀ ਡਾਕੂਮੈਂਟਰੀ ਵੀ ਵਿਖਾਈ ਗਈ।
ਕਾਨਫ਼ਰੰਸ ਦੇ ਦੂਜੇ ਦਿਨ ਡਿਜ਼ੀਟਲ ਦੁਨੀਆਂ ਦੇ ਮਾਹਿਰ ਨੌਜਵਾਨ ਸ਼ਾਇਰ ਚਰਨਜੀਤ ਗਿੱਲ ਨੇ ਪੰਜਾਬੀ ਫੌਂਟਸ, ਪੰਜਾਬੀ ਸ਼ਬਦਾਵਲੀ ਅਤੇ ਡਿਜ਼ੀਟਲ ਪੰਜਾਬੀ ਡਿਕਸ਼ਨਰੀ ਬਾਰੇ ਬਹੁਤ ਹੀ ਖੋਜ ਭਰਪੂਰ ਜਾਣਕਾਰੀ ਪ੍ਰਦਰਸ਼ਿਤ ਕੀਤੀ। ਉਹ ਪੰਜਾਬੀ ਦੇ 7 ਪ੍ਰਵਾਣਿਤ ਸ਼ਬਦ ਕੋਸ਼ ਏਆਈ ਨੂੰ ਸਿੱਖਣ ਲਈ ਦੇ ਰਿਹਾ ਤਾਂ ਜੋ ਪੰਜਾਬੀ ਸ਼ਬਦਾਂ ਦੇ ਸਹੀ ਸ਼ਬਦ-ਜੋੜ, ਅਰਥ ਅਤੇ ਵਰਤੋਂ ਦੇ ਸੰਦਰਭ ਏਆਈ ਕੋਲ ਹੋਣ।
ਡਾ. ਰਾਜੇਸ਼ ਸ਼ਰਮਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਪੰਜਾਬੀ ਸਾਹਿਤ ਉੱਪਰ ਪੈ ਰਹੇ ਅਤੇ ਪੈਣ ਵਾਲੇ ਪ੍ਰਭਾਵ ਬਾਰੇ ਵਿਸਥਾਰ ਵਿਚ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਸਾਰੇ ਪਹਿਲੂਆਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਏਆਈ ਪ੍ਰਭਾਵਿਤ ਕਰਦੀ ਹੈ ਅਤੇ ਲੱਗਦਾ ਹੈ ਕਿ ਇਹ ਤੁਹਾਡੇ ਤੋਂ ਵਧੀਆ ਲਿਖ ਸਕਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਕੁਝ ਪੜ੍ਹਿਆ ਜਾਂ ਲਿਖਿਆ ਨਹੀਂ ਅਤੇ ਤੁਹਾਨੂੰ ਲਿਖਣਾ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਏਆਈ ਵਿਦਿਆਰਥੀਆਂ, ਲੇਖਕਾਂ, ਆਲੋਚਕਾਂ ਲਈ ਇੱਕ ਮੀਲ ਪੱਥਰ ਹੈ ਅਤੇ ਅਸੀਂ ਇਸ ਮੀਲ ਪੱਥਰ ਤੋਂ ਅੱਗੇ ਆਪਣਾ ਕੰਮ ਸ਼ੁਰੂ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਸ ਦੀ ਪੂਜਾ ਕਰਦੇ ਫਿਰਦੇ ਹਨ ਉਹਨਾਂ ਤੋਂ ਪੰਜਾਬ ਦੀ ਰਹਿਨੁਮਾਈ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। ਰਾਜਵੰਤ ਰਾਜ ਨੇ ਕਿਹਾ ਕਿ ਏਆਈ ਅਜੇ ਬੱਚਾ ਹੈ ਅਤੇ ਇਸ ਦੇ ਭਵਿੱਖ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਇੰਟਰਨੈੱਟ ਦੇ ਖੇਤਰ ਵਿਚ ਇਹ ਬਹੁਤ ਵੱਡੀ ਤਬਦੀਲੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਮਨੁੱਖ ਇਸ ਨੂੰ ਚੰਗੇ ਕਾਰਜ ਲਈ ਵਰਤੇਗਾ, ਮਾੜੇ ਲਈ ਨਹੀਂ। ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਏਆਈ ਵੀ ਬਾਕੀ ਨਵੀਆਂ ਤਕਨੀਕਾਂ ਵਾਂਗ ਜ਼ਿੰਦਗੀ ਨੂੰ ਸੁਖਾਲਾ ਕਰੇਗੀ ਪਰ ਮਨੁੱਖੀ ਕਪਲਨਾ ਅਤੇ ਕ੍ਰੀਏਟਿਵਿਟੀ ਦਾ ਬਦਲ ਨਹੀਂ ਬਣ ਸਕੇਗੀ, ਸੋ ਸਾਨੂੰ ਇਸ ਤੋਂ ਡਰਨਾ ਨਹੀਂ ਚਾਹੀਦਾ।
ਕਾਨਫ਼ਰੰਸ ਦੇ ਤੀਜੇ ਦਿਨ ਡਾ. ਮਨਜਿੰਦਰ ਸਿੰਘ ਨੇ ਅਮਰੀਕਾ ਵਿਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਬਾਰੇ ਪਰਚਾ ਪੜ੍ਹਿਆ। ਉਨ੍ਹਾਂ ਕਿਹਾ ਕਿ ਅਮਰੀਕੀ ਪੰਜਾਬੀ ਕਵਿਤਾ ਨੇ ਵਿਦਵਾਨਾਂ ਦੇ ਪੁਰਾਣੇ ਮਾਪਦੰਡਾਂ ਨੂੰ ਤੋੜਿਆ ਹੈ। ਇਸ ਕਵਿਤਾ ਨੂੰ ਹੁਣ ਮੁੱਖ ਧਾਰਾ ਦੀ ਕਵਿਤਾ ਮੰਨ ਕੇ ਮੁਲਾਂਕਣ ਕਰਨ ਦੀ ਲੋੜ ਹੈ। ਇਹ ਕਵਿਤਾ ਮਨੁੱਖ ਨੂੰ ਸਵੈ-ਮੁਲਾਂਕਣ ਲਈ ਪ੍ਰੇਰਦੀ ਹੈ, ਮਾਨਵਤਾ ਦੀ ਗੱਲ ਕਰਦੀ ਹੈ ਅਤੇ ਬਹੁਪੱਖੀ ਧਰਾਤਲਾਂ ਨੂੰ ਪਛਾਣਦੀ ਹੈ। ਇਹ ਪ੍ਰਸਥਿਤੀਆਂ ਦਾ ਰੁਦਨ ਨਹੀਂ ਕਰਦੀ, ਸੰਘਰਸ਼ ਦਾ ਰਾਹ ਚੁਣਦੀ ਹੈ। ਡਾ. ਗੁਰਪਾਲ ਸਿੰਘ ਸੰਧੂ ਨੇ ਕਿਹਾ ਕਿ ਅਮਰੀਕਾ ਵਿਚ ਗ਼ਜ਼ਲ ਵਧੀਆ ਲਿਖੀ ਜਾ ਰਹੀ ਹੈ। ਸਮੁੱਚੀ ਅਮਰੀਕੀ ਪੰਜਾਬੀ ਕਵਿਤਾ ਸੱਚ ਤੱਕ ਪਹੁੰਚਦੀ ਹੈ। ਸ਼ਾਇਰ ਜਸਵਿੰਦਰ ਨੇ ਕਿਹਾ ਕਿ ਗ਼ਜ਼ਲ ਮੁੱਖ ਵਿਧਾ ਬਣੀ ਹੋਈ ਹੈ ਅਤੇ ਅਮਰੀਕਾ ਦੇ ਸ਼ਾਇਰਾਂ ਦੇ ਸ਼ਿਅਰ ਅਕਸਰ ਲੋਕ ਕੋਟ ਕਰਦੇ ਹਨ। ਡਾ. ਜਸਵਿੰਦਰ ਨੇ ਕਿਹਾ ਕਿ ਵਰਤਮਾਨ ਪੰਜਾਬੀ ਕਵਿਤਾ ਨੇ ਵਿਕਸਤ ਪੂੰਜੀਵਾਦ ਅਤੇ ਰਾਜਨੀਤੀ ਦੀਆਂ ਅੰਦਰਲੀਆਂ ਰੌਆਂ ਨੂੰ ਪਛਾਣਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਗ਼ਜ਼ਲ ਨੇ ਕਵਿਤਾ ਨੂੰ ਬਚਾਇਆ ਹੈ।
ਅਮਰੀਕਾ ਵਿਚ ਰਚੀ ਜਾ ਰਹੀ ਪੰਜਾਬੀ ਕਹਾਣੀ ਵਾਲੇ ਸੈਸ਼ਨ ਦੀ ਪ੍ਰਧਾਨਗੀ ਨਾਮਵਰ ਕਹਾਣੀਕਾਰ ਡਾ. ਵਰਿਆਮ ਸੰਧੂ ਨੇ ਕੀਤੀ। ਡਾ. ਬਲਦੇਵ ਧਾਲੀਵਾਲ ਨੇ ਆਪਣੇ ਪਰਚੇ ਵਿਚ ਕਿਹਾ ਕਿ ਅਮਰੀਕੀ ਪੰਜਾਬੀ ਕਹਾਣੀ ਦੀ ਉਮਰ ਅੱਧੀ ਕੁ ਸਦੀ ਹੈ। 9/11 ਦੀ ਘਟਨਾ ਨੇ ਇਸ ਨੂੰ ਚਿੰਤਨ ਦੇ ਰਾਹ ਪਾਇਆ ਹੈ। ਇਸ ਵਿਚ ਨਾਬਰੀ ਅਤੇ ਪ੍ਰਤੀਰੋਧ ਦੀ ਸੁਰ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਪੰਜਾਬੀ ਕਹਾਣੀ ਬੰਦੇ ਦੇ ਨਾਲ਼ ਨਾਲ਼ ਚਲਦੀ ਹੈ ਪਰ ਕਲਾ ਪੱਖੋਂ ਅਜੇ ਕਈ ਊਣਤਾਈਆਂ ਹਨ। ਇਸ ਮੌਕੇ ਉਨ੍ਹਾਂ 22 ਲੇਖਕਾਂ ਦੀਆਂ ਕਹਾਣੀਆਂ ਦਾ ਵੀ ਸੰਖੇਪ ਮੁਲਾਂਕਣ ਕੀਤਾ।
ਲੇਖਕ, ਪਾਠਕ ਅਤੇ ਪ੍ਰਕਾਸ਼ਕ ਵਿਸ਼ੇ ‘ਤੇ ਵੀ ਮਹੱਤਵਪੂਰਨ ਵਿਚਾਰ ਚਰਚਾ ਹੋਈ ਜਿਸ ਵਿਚ ਡਾ. ਰਾਜੇਸ਼ ਸ਼ਰਮਾ, ਸਤੀਸ਼ ਗੁਲਾਟੀ, ਦਲਜੀਤ ਸਰਾਂ, ਡਾ. ਗੁਰਪ੍ਰੀਤ ਧੁੱਗਾ ਅਤੇ ਸੋਨੀਆ ਮਨਜਿੰਦਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਵਿਚ ਮੁੱਖ ਤੌਰ ‘ਤੇ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਨ ਵਿਚ ਸੰਪਾਦਨ ਦੀ ਅਣਹੋਂਦ ਦਾ ਮਸਲਾ ਉੱਭਰ ਕੇ ਸਾਹਮਣੇ ਆਇਆ ਜਿਸ ਕਾਰਨ ਬਹੁਤ ਸਾਰੀਆਂ ਗ਼ੈਰ-ਮਿਆਰੀ ਪੁਸਤਕਾਂ ਛਪ ਰਹੀਆਂ ਹਨ। ਅਜਿਹੀਆਂ ਪੁਸਤਕਾਂ ਪੰਜਾਬੀ ਪਾਠਕਾਂ ਨੂੰ ਵੀ ਨਿਰਾਸ਼ ਕਰਦੀਆਂ ਹਨ ਅਤੇ ਪਾਠਕਾਂ ਦੀ ਸਾਹਿਤ ਪ੍ਰਤੀ ਦਿਲਚਸਪੀ ਘਟਾਉਣ ਦਾ ਕਾਰਨ ਵੀ ਬਣਦੀਆਂ ਹਨ।
ਕਾਨਫ਼ਰੰਸ ਦੌਰਾਨ ਦੋ ਦਿਨ ਵਿਸ਼ਾਲ ਕਵੀ ਦਰਬਾਰ ਵੀ ਹੋਇਆ ਜਿਸ ਵਿਚ ਦਰਸ਼ਨ ਬੁੱਟਰ, ਜਸਵਿੰਦਰ, ਕੁਲਵਿੰਦਰ, ਤਾਹਿਰਾ ਸਰਾ, ਜਗਜੀਤ ਨੌਸ਼ਹਿਰਵੀ, ਸੁਰਿੰਦਰ ਸੀਰਤ, ਸੁਖਵਿੰਦਰ ਕੰਬੋਜ, ਰਾਜਵੰਤ ਰਾਜ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਸਤੀਸ਼ ਗੁਲਾਟੀ, ਸੁਰਜੀਤ ਸਖੀ, ਹਰਪ੍ਰੀਤ ਕੌਰ ਧੂਤ, ਨੀਲਮ ਲਾਜ ਸੈਣੀ, ਹਰਜਿੰਦਰ ਕੰਗ, ਸੰਤੋਖ ਮਿਨਹਾਸ, ਹਰਦਮ ਮਾਨ, ਜਸਬੀਰ ਗਿੱਲ, ਚਰਨਜੀਤ ਗਿੱਲ, ਦਿਲ ਨਿੱਝਰ,ਡਾ. ਅੰਬਰੀਸ਼, ਡਾ. ਮਨਜੀਤ ਕੌਰ, ਲਖਵਿੰਦਰ ਕੌਰ ਲੱਕੀ, ਨਛੱਤਰ ਭੋਗਲ ਭਾਖੜੀਆਣਾ, ਡਾ. ਬਿਕਰਮ ਸੋਹੀ, ਜਸਵੰਤ ਸ਼ਾਦ, ਦਲਵੀਰ ਕੌਰ ਯੂ.ਕੇ. ਡਾ. ਸੁਖਪਾਲ ਸੰਘੇੜਾ, ਪਿਆਰਾ ਸਿੰਘ ਕੁੱਦੋਵਾਲ, ਕੁਲਵਿੰਦਰ ਖਹਿਰਾ, ਬੀਬੀ ਸੁਰਜੀਤ ਕੌਰ ਸੈਕਰਾਮੈਂਟੋ, ਭੁਪਿੰਦਰ ਦੂਲੇ, ਲਖਵਿੰਦਰ ਗਿੱਲ, ਰਾਕਿੰਦ ਕੌਰ, ਰਾਜਵੰਤ ਕੌਰ ਸੰਧੂ, ਗੁਰਦੇਵ ਚੌਹਾਨ, ਗੁਲਸ਼ਨ ਦਿਆਲ, ਅਰਤਿੰਦਰ ਸੰਧੂ, ਅੰਜੂ ਮੀਰਾ, ਮੁਕੇਸ਼ ਕੁਮਾਰ, ਗੁਰੁਤੇਜ ਪਾਰਸਾ, ਡਾ. ਕੁਲਜੀਤ ਜੰਜੂਆ, ਬਲਬੀਰ ਸਿੰਘ ਐਮ.ਏ., ਅਮਰਜੀਤ ਜੌਹਲ, ਹਰਕੰਵਲਜੀਤ ਸਾਹਿਲ, ਕਾਕਾ ਕਲੇਰ, ਡਾ. ਇੰਦਰਪਾਲ ਕੌਰ, ਹਰਜੀਤ ਹਮਸਫ਼ਰ, ਕੁਲਵੰਤ ਸੇਖੋਂ, ਸੁੱਖੀ ਧਾਲੀਵਾਲ, ਅਮਰਜੀਤ ਕੌਰ ਪੰਨੂ, ਐਸ਼ ਕੁਮ ਐਸ਼, ਗਗਨਦੀਪ ਮਾਹਲ ਅਤੇ ਹੋਰ ਸਥਾਨਕ ਕਵੀਆਂ ਨੇ ਆਪਣਾ ਕਲਾਮ ਪੇਸ਼ ਕੀਤਾ।
ਕਾਨਫ਼ਰੰਸ ਦੌਰਾਨ ਪੰਜਾਬ ਲੋਕ ਰੰਗਮੰਚ ਵੱਲੋਂ ਸੁਰਿੰਦਰ ਸਿੰਘ ਧਨੋਆ ਦਾ ਲਿਖਿਆ ਨਾਟਕ ‘ਜ਼ਫ਼ਰਨਾਮਾ – ਕਲਮ ਦੀ ਤਲਵਾਰ ਉੱਪਰ ਜਿੱਤ’ ਖੇਡਿਆ ਗਿਆ। ਇਸ ਨਾਟਕ ਦੀ ਪੇਸ਼ਕਾਰੀ ਬਹੁਤ ਹੀ ਪ੍ਰਭਾਵਸ਼ਾਲੀ ਰਹੀ। ਸਾਰੇ ਕਲਾਕਾਰਾਂ ਦੀ ਅਦਾਕਾਰੀ ਨੇ ਦਰਸ਼ਕਾਂ ਦੇ ਮਨਾਂ ਨੂੰ ਬੇਹੱਦ ਟੁੰਬਿਆ। ਜੰਮੂ ਯੂਨੀਵਰਿਸਟੀ ਤੋਂ ਡਾ ਬਲਜੀਤ ਕੌਰ ਨੇ ਇਸ ਨਾਟਕ ਬਾਰੇ ਆਪਣੇ ਬਹੁਮੁੱਲੇ ਵਿਚਾਰ ਰੱਖੇ ਅਤੇ ਭਾਰਤ ਵਿੱਚ ਇਸ ਨਾਟਕ ਦੀਆਂ 15 ਤੋਂ ਵੱਧ ਹੋਈਆਂ ਪੇਸ਼ਕਾਰੀਆਂ ਬਾਰੇ ਦਸਿਆ। ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਅਜਿਹਾ ਇਤਿਹਾਸਕ ਨਾਟਕ ਏਨੀਂ ਕਲਾ ਕੌਸ਼ਲਤਾ ਨਾਲ ਕਰਨਾ ਬਹੁਤ ਵੱਡੀ ਗੱਲ ਹੈ ਅਤੇ ਸੁਰਿੰਦਰ ਧਨੋਆ ਇਸ ਕਠਨ ਕਾਰਜ ਵਿੱਚ ਸਫਲ ਹੋਏ ਹਨ। ਕੁਲਵਿੰਦਰ ਅਤੇ ਸੁਰਿੰਦਰ ਸੀਰਤ ਵੱਲੋਂ ਸੰਪਾਦਿਤ ਕੀਤੀ ਪੁਸਤਕ ‘ਅਮਰੀਕੀ ਪੰਜਾਬੀ ਕਹਾਣੀ’, ਹਰਪ੍ਰੀਤ ਕੌਰ ਧੂਤ ਦਾ ਕਹਾਣੀ ਸੰਗ੍ਰਹਿ ‘ਖ਼ਤਰਾ ਤਾਂ ਹੈ’ ਅਤੇ ਐਸ਼ ਕੁਮ ਐਸ਼ ਤੇ ਬਲਿਹਾਰ ਦੀਆਂ ਪੁਸਤਕਾਂ ਅਤੇ ਸੋਨੀਆ ਮਨਜਿੰਦਰ ਦੇ ਆਨ ਲਾਈਨ ਮੈਗਜ਼ੀਨ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।
ਕਾਨਫ਼ਰੰਸ ਦੇ ਵੱਖ ਵੱਖ ਸੈਸ਼ਨਾਂ ਦੀ ਪ੍ਰਧਾਨਗੀ ਡਾ. ਵਰਿਆਮ ਸੰਧੂ, ਡਾ. ਰਾਜੇਸ਼ ਸ਼ਰਮਾ, ਡਾ. ਮਨਜਿੰਦਰ ਸਿੰਘ, ਡਾ. ਗੁਰਪਾਲ ਸਿੰਘ ਸੰਧੂ, ਡਾ. ਜਸਵਿੰਦਰ, ਡਾ. ਬਲਦੇਵ ਧਾਲੀਵਾਲ, ਸ਼ਾਇਰ ਜਸਵਿੰਦਰ, ਦਰਸ਼ਨ ਬੁੱਟਰ, ਤਾਹਿਰਾ ਸਰਾ, ਗੁਰਪ੍ਰੀਤ ਧੁੱਗਾ, ਦਲਜੀਤ ਸਰਾਂ ਅਤੇ ਡਾ. ਧਨੰਵਤ ਕੌਰ ਅਤੇ ਡਾ. ਬਲਜੀਤ ਕੌਰ ਨੇ ਕੀਤੀ। ਪ੍ਰਬੰਧਕਾਂ ਵੱਲੋਂ ਅਕਾਦਮੀ ਨੂੰ ਸਪਾਂਸਰ ਕਰਨ ਵਾਲੀਆਂ ਸਖ਼ਸ਼ੀਅਤਾਂ ਸਰਵ ਸ੍ਰੀ ਜਸਬੀਰ ਗਿੱਲ, ਸੁਰਿੰਦਰ ਧਨੋਆ, ਪ੍ਰੋ. ਸੁਖਦੇਵ ਸਿੰਘ, ਬਲਵਿੰਦਰ (ਲਾਲੀ) ਧਨੋਆ, ਐਸ਼ ਕੁਮ ਐਸ਼, ਡਾ. ਗੁਰਪ੍ਰੀਤ ਧੁੱਗਾ, ਪੰਕਜ ਆਂਸਲ, ਡਾ. ਸਰਬਜੀਤ ਹੁੰਦਲ, ਬਲਜਿੰਦਰ ਸਵੈਚ, ਸੁਰਿੰਦਰਪਾਲ ਸਿੰਘ ਦਾ ਸਨਮਾਨ ਕੀਤਾ ਗਿਆ। ਅੰਤ ਵਿੱਚ ਅਕਾਦਮੀ ਦੇ ਪ੍ਰਧਾਨ ਕੁਲਵਿੰਦਰ ਨੇ ਕਾਨਫ਼ਰੰਸ ਨੂੰ ਸਫਲਤਾ ਤੀਕ ਪੁਚਾਉਣ ਲਈ ਆਪਣੀ ਸਮੁੱਚੀ ਕਾਰਜਸ਼ੀਲ ਟੀਮ ਅਤੇ ਹਾਜ਼ਰ ਵਿਦਵਾਨਾਂ ਮਹਿਮਾਨਾਂ, ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਸਹਿਯੋਗ ਦੀ ਉਮੀਦ ਜ਼ਾਹਿਰ ਕੀਤੀ।
ਬਾਬੁਸ਼ਹੀ ਬਿਊਰੋ