Iran ’ਚ ਫਸੇ ਨਾਗਰਿਕਾਂ ਲਈ ਐਡਵਾਈਜ਼ਰੀ
ਹਵਾਈ ਰਸਤੇ ਬੰਦ ਹੋਣ ਕਾਰਨ ਬਦਲਵੇਂ ਮਾਰਗਾਂ ਰਾਹੀਂ ਭਾਰਤੀ ਵਾਪਸ ਲਿਆਂਦੇ
09 ਅਪ੍ਰੈਲ, 2026 – ਨਵੀਂ ਦਿੱਲੀ : ਭਾਰਤੀ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ 28 ਫਰਵਰੀ ਨੂੰ ਪੱਛਮੀ ਏਸ਼ੀਆ ਵਿੱਚ ਸ਼ੁਰੂ ਹੋਏ ਸੰਘਰਸ਼ ਤੋਂ ਬਾਅਦ ਹੁਣ ਤੱਕ ਲਗਪਗ 7,88,000 ਭਾਰਤੀ ਉਸ ਖੇਤਰ ਤੋਂ ਭਾਰਤ ਵਾਪਸ ਆ ਚੁੱਕੇ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਇਜ਼ਰਾਈਲ, ਇਰਾਕ, ਕੁਵੈਤ ਅਤੇ ਬਹਿਰੀਨ ਵਿੱਚ ਹਵਾਈ ਖੇਤਰ ’ਤੇ ਲੱਗੀਆਂ ਪਾਬੰਦੀਆਂ ਕਾਰਨ ਉੱਥੇ ਫਸੇ ਭਾਰਤੀਆਂ ਨੂੰ ਕੱਢਣ ਲਈ ਬਦਲਵੇਂ ਰਸਤੇ ਵਰਤੇ ਜਾ ਰਹੇ ਹਨ। ਇਰਾਨ ਵਿੱਚ ਫਸੇ ਭਾਰਤੀਆਂ ਨੂੰ ਅਰਮੀਨੀਆ ਅਤੇ ਅਜ਼ਰਬਾਈਜਾਨ ਦੇ ਰਸਤੇ ਲਿਆਂਦਾ ਜਾ ਰਿਹਾ ਹੈ, ਜਦਕਿ ਇਜ਼ਰਾਈਲ ਅਤੇ ਇਰਾਕ ਵਿੱਚ ਮੌਜੂਦ ਭਾਰਤੀਆਂ ਨੂੰ ਜੌਰਡਨ, ਮਿਸਰ ਅਤੇ ਸਾਊਦੀ ਅਰਬ ਰਾਹੀਂ ਭਾਰਤ ਪਹੁੰਚਾਇਆ ਜਾ ਰਿਹਾ ਹੈ। ਸਰਕਾਰ ਨੇ ਇਰਾਨ ਵਿੱਚ ਰਹਿ ਰਹੇ ਬਾਕੀ 7,500 ਭਾਰਤੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਦੂਤਾਵਾਸ ਨਾਲ ਤਾਲਮੇਲ ਕਰਕੇ ਜਲਦੀ ਤੋਂ ਜਲਦੀ ਉੱਥੋਂ ਨਿਕਲ ਜਾਣ।
ਰਣਧੀਰ ਜੈਸਵਾਲ ਮੁਤਾਬਕ ਹੁਣ ਤੱਕ ਇਰਾਨ ਵਿੱਚ ਭਾਰਤੀ ਦੂਤਾਵਾਸ ਨੇ 1,864 ਨਾਗਰਿਕਾਂ ਨੂੰ ਅਰਮੀਨੀਆ ਅਤੇ ਅਜ਼ਰਬਾਈਜਾਨ ਦੀਆਂ ਜ਼ਮੀਨੀ ਸਰਹੱਦਾਂ ਰਾਹੀਂ ਸੁਰੱਖਿਅਤ ਬਾਹਰ ਕੱਢ ਲਿਆ ਹੈ, ਜਿਨ੍ਹਾਂ ਵਿੱਚ 935 ਵਿਦਿਆਰਥੀ ਅਤੇ 472 ਮਛੇਰੇ ਸ਼ਾਮਲ ਹਨ। ਭਾਰਤ ਸਰਕਾਰ ਨੇ ਖਾੜੀ ਅਤੇ ਪੱਛਮੀ ਏਸ਼ੀਆ ਵਿੱਚ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਿਦੇਸ਼ ਮੰਤਰਾਲੇ ਵਿੱਚ ਇੱਕ ਸਮਰਪਿਤ ‘ਸਪੈਸ਼ਲ ਕੰਟਰੋਲ ਰੂਮ’ ਬਣਾਇਆ ਹੈ ਜੋ ਦਿਨ-ਰਾਤ ਕੰਮ ਕਰ ਰਿਹਾ ਹੈ। ਇਹ ਕੰਟਰੋਲ ਰੂਮ ਰਾਜ ਸਰਕਾਰਾਂ ਅਤੇ ਉੱਥੇ ਰਹਿ ਰਹੇ ਭਾਰਤੀ ਭਾਈਚਾਰੇ ਦੇ ਸੰਪਰਕ ਵਿੱਚ ਹੈ ਤਾਂ ਜੋ ਕਿਸੇ ਵੀ ਮੁਸੀਬਤ ਵੇਲੇ ਤੁਰੰਤ ਮਦਦ ਪਹੁੰਚਾਈ ਜਾ ਸਕੇ।
ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ’ਤੇ ਹੋਣ ਵਾਲੇ ਹਮਲਿਆਂ ਨੂੰ ਦੋ ਹਫ਼ਤਿਆਂ ਲਈ ਰੋਕਣ ਦਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਕਿ ਪਾਕਿਸਤਾਨੀ ਲੀਡਰਸ਼ਿਪ ਦੀ ਅਪੀਲ ’ਤੇ ਅਤੇ ਇਰਾਨ ਵੱਲੋਂ ਹੋਰਮੁਜ਼ ਜਲ ਮਾਰਗ ਨੂੰ ਪੂਰੀ ਤਰ੍ਹਾਂ ਅਤੇ ਸੁਰੱਖਿਅਤ ਰੂਪ ਵਿੱਚ ਖੋਲ੍ਹਣ ਦੀ ਸ਼ਰਤ ’ਤੇ ਉਹ ਇਸ ਜੰਗਬੰਦੀ ਲਈ ਤਿਆਰ ਹੋਏ ਹਨ। ਉਨ੍ਹਾਂ ਨੇ ਇਰਾਨ ਵੱਲੋਂ ਦਿੱਤੇ ਗਏ 10-ਨੁਕਾਤੀ ਪ੍ਰਸਤਾਵ ਨੂੰ ਸ਼ਾਂਤੀ ਵਾਰਤਾ ਲਈ ਇੱਕ ਚੰਗਾ ਆਧਾਰ ਦੱਸਿਆ ਹੈ। ਟਰੰਪ ਦਾ ਮੰਨਣਾ ਹੈ ਕਿ ਅਮਰੀਕਾ ਨੇ ਆਪਣੇ ਜ਼ਿਆਦਾਤਰ ਫੌਜੀ ਟੀਚੇ ਮੁਕੰਮਲ ਕਰ ਲਏ ਹਨ ਅਤੇ ਇਹ ਦੋ ਹਫ਼ਤਿਆਂ ਦਾ ਸਮਾਂ ਇੱਕ ਸਥਾਈ ਸ਼ਾਂਤੀ ਸਮਝੌਤੇ ‘ਤੇ ਪਹੁੰਚਣ ਵਿੱਚ ਮਦਦਗਾਰ ਸਾਬਤ ਹੋਵੇਗਾ।
ਪੰਜਾਬੀ ਟ੍ਰਿਬਯੂਨ