ਭਾਰਤ ਨੇ ਐਤਵਾਰ ਨੂੰ ਇੱਥੇ ਖੇਡੇ ਗਏ ਮਹਿਲਾ ਵਿਸ਼ਵ ਕੱਪ ਦੇ ਮੈਚ ਵਿੱਚ ਪਾਕਿਸਤਾਨ ਨੂੰ 88 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ।
06 ਅਕਤੂਬਰ, 2025 – ਕੋਲੋਂਬੋ : ਭਾਰਤ ਨੇ ਐਤਵਾਰ ਨੂੰ ਇੱਥੇ ਖੇਡੇ ਗਏ ਮਹਿਲਾ ਵਿਸ਼ਵ ਕੱਪ ਦੇ ਮੈਚ ਵਿੱਚ ਪਾਕਿਸਤਾਨ ਨੂੰ 88 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਹਰਲੀਨ ਦਿਓਲ ਦੀਆਂ 46 ਦੌੜਾਂ ਅਤੇ ਰਿਚਾ ਘੋਸ਼ ਦੀਆਂ 35 ਦੌੜਾਂ ਦੀ ਬਦੌਲਤ 247 ਦੌੜਾਂ ਦਾ ਸਕੋਰ ਖੜ੍ਹਾ ਕੀਤਾ, ਹਾਲਾਂਕਿ ਜ਼ਿਆਦਾਤਰ ਬੱਲੇਬਾਜ਼ ਆਪਣੀ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿੱਚ ਨਹੀਂ ਬਦਲ ਸਕੀਆਂ।
ਇਸ ਦੇ ਜਵਾਬ ਵਿੱਚ ਪਾਕਿਸਤਾਨ ਸ਼ੁਰੂਆਤੀ ਬੱਲੇਬਾਜ਼ੀ ਢਹਿ ਜਾਣ ਤੋਂ ਬਾਅਦ ਉੱਭਰ ਨਹੀਂ ਸਕਿਆ ਅਤੇ ਅੱਠਵੇਂ ਓਵਰ ਵਿੱਚ 26 ਦੌੜਾਂ ’ਤੇ 3 ਵਿਕਟਾਂ ਗੁਆ ਕੇ ਸੰਘਰਸ਼ ਕਰਦਾ ਨਜ਼ਰ ਆਇਆ। ਅੰਤ ਵਿੱਚ ਪਾਕਿਸਤਾਨੀ ਟੀਮ 43 ਓਵਰਾਂ ਵਿੱਚ 159 ਦੌੜਾਂ ਬਣਾ ਕੇ ਆਊਟ ਹੋ ਗਈ।
ਪਾਕਿਸਤਾਨ ਵੱਲੋਂ ਓਪਨਰ ਸਿਦਰਾ ਅਮੀਨ ਨੇ 106 ਗੇਂਦਾਂ ’ਤੇ 81 ਦੌੜਾਂ ਸ਼ਾਨਦਾਰ ਪਾਰੀ ਖੇਡੀ ਜਦਕਿ ਨਤਾਲੀਆ ਪਰਵੇਜ਼ (33) ਦੂਜੀ ਅਹਿਮ ਯੋਗਦਾਨ ਪਾਉਣ ਵਾਲੀ ਖਿਡਾਰਨ ਰਹੀ। ਭਾਰਤ ਵੱਲੋਂ ਕ੍ਰਾਂਤੀ ਗੌੜ (3/20) ਅਤੇ ਦੀਪਤੀ ਸ਼ਰਮਾ (3/45) ਨੇ ਤਿੰਨ-ਤਿੰਨ ਵਿਕਟਾਂ ਲਈਆਂ, ਜਦਕਿ ਸ੍ਰੀ ਚਰਨੀ ਨੇ ਦੋ ਵਿਕਟਾਂ ਹਾਸਲ ਕੀਤੀਆਂ।
ਪੰਜਾਬੀ ਟ੍ਰਿਬਯੂਨ
https://www.punjabitribuneonline.com/news/sports/womens-world-cup-india-beat-pakistan-by-88-runs/
ਮਹਿਲਾ ਵਿਸ਼ਵ ਕੱਪ ਕ੍ਰਿਕਟ: ਹਰਮਨਪ੍ਰੀਤ ਨੇ ਪਾਕਿ ਹਮਰੁਤਬਾ ਨਾਲ ਨਹੀਂ ਮਿਲਾਇਆ ਹੱਥ
ਏਸ਼ੀਆ ਕੱਪ ਵਿੱਚ ਪੁਰਸ਼ ਟੀਮ ਵੱਲੋਂ ਸ਼ੁਰੂ ਕੀਤੇ ਰੁਝਾਨ ਨੂੰ ਕਾਇਮ ਰੱਖਿਆ
06 ਅਕਤੂਬਰ, 2025 – ਕੋਲੋਂਬੋ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਆਸ ਮੁਤਾਬਕ ਅੱਜ ਮਹਿਲਾ ਵਿਸ਼ਵ ਕੱਪ ਦੇ ਮੁਕਾਬਲੇ ਲਈ ਹੋਈ ਟਾਸ ਦੌਰਾਨ ਆਪਣੀ ਪਾਕਿਸਤਾਨੀ ਹਮਰੁਤਬਾ ਫਾਤਿਮਾ ਸਨਾ ਨਾਲ ਹੱਥ ਨਹੀਂ ਮਿਲਾਇਆ। ਇਸ ਤਰ੍ਹਾਂ ਏਸ਼ੀਆ ਕੱਪ ਵਿੱਚ ਪੁਰਸ਼ ਟੀਮ ਵੱਲੋਂ ਸ਼ੁਰੂ ਕੀਤੇ ਗਏ ਰੁਝਾਨ ਨੂੰ ਉਸ ਵੱਲੋਂ ਕਾਇਮ ਰੱਖਿਆ ਗਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਖਿਡਾਰੀਆਂ ਨੂੰ ਪਾਕਿਸਤਾਨੀ ਟੀਮ ਦੇ ਮੈਂਬਰਾਂ ਨਾਲ ਰਵਾਇਤੀ ਤੌਰ ’ਤੇ ਹੱਥ ਮਿਲਾਉਣ ਤੋਂ ਟਾਲਾ ਵੱਟਣ ਲਈ ਕਿਹਾ ਹੈ।
ਮੈਲ ਜੋਨਸ ਨੇ ਟਾਸ ਕਰਵਾਇਆ ਅਤੇ ਦੋਹਾਂ ਕਪਤਾਨਾਂ ਨੇ ਇਸ ਦੌਰਾਨ ਦੂਰੀ ਬਣਾ ਕੇ ਰੱਖੀ। ਪਾਕਿਸਤਾਨ ਨੇ ਟਾਸ ਜਿੱਤਿਆ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤ, ਜਿਸ ਦਾ ਇਕ ਰੋਜ਼ਾ ਮੈਚਾਂ ਵਿੱਚ ਪਾਕਿਸਤਾਨ ਖ਼ਿਲਾਫ਼ 11-0 ਦਾ ਰਿਕਾਰਡ ਹੈ, ਨੇ ਆਪਣੀ ਟੀਮ ਦੇ ਪਹਿਲੇ 11 ਖਿਡਾਰੀਆਂ ਵਿੱਚ ਮਜਬੂਰੀਵੱਸ ਬਦਲਾਅ ਕੀਤਾ ਹੈ। ਜ਼ਖ਼ਮੀ ਅਮਨਜੋਤ ਕੌਰ ਦੀ ਥਾਂ ਰੇਣੁਕਾ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਉੱਧਰ, ਪਾਕਿਸਤਾਨ ਨੇ ਉਮਾਇਮਾ ਸੋਹੇਲ ਦੀ ਥਾਂ ਸਦਫ ਸ਼ਮਸ ਨੂੰ ਸ਼ਾਮਲ ਕੀਤਾ ਹੈ।
ਹਾਲ ਹੀ ਵਿੱਚ ਸਮਾਪਤ ਹੋਏ ਪੁਰਸ਼ਾਂ ਦੇ ਏਸ਼ੀਆ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਾਰੇ ਤਿੰਨ ਮੈਚ ਤਣਾਅਪੂਰਨ ਮਾਹੌਲ ਵਿੱਚ ਹੋਏ ਸਨ। ਭਾਰਤੀ ਖਿਡਾਰੀਆਂ ਨੇ ਮੈਚ ਤੋਂ ਪਹਿਲਾਂ ਜਾਂ ਬਾਅਦ ਵਿੱਚ ਵਿਰੋਧੀ ਟੀਮ ਨਾਲ ਹੱਥ ਨਹੀਂ ਮਿਲਾਇਆ ਸੀ। ਚੈਂਪੀਅਨ ਭਾਰਤ ਨੇ ਏ ਸੀ ਸੀ ਦੇ ਪ੍ਰਧਾਨ ਮੋਹਸਿਨ ਨਕਵੀ ਤੋਂ ਏਸ਼ੀਆ ਕੱਪ ਟਰਾਫੀ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਜੋ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਅਤੇ ਗ੍ਰਹਿ ਮੰਤਰੀ ਹਨ, ਜਿਨ੍ਹਾਂ ਦਾ ਭਾਰਤ ਵਿਰੋਧੀ ਸਿਆਸੀ ਰੁਖ਼ ਸਪੱਸ਼ਟ ਹੈ।
ਪਾਕਿਸਤਾਨ ਦਾ ਸਮਰਥਨ ਪ੍ਰਾਪਤ ਅਤਿਵਾਦੀਆਂ ਵੱਲੋਂ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਕੀਤੇ ਗਏ ਹਮਲੇ ’ਚ 26 ਭਾਰਤੀ ਸੈਲਾਨੀਆਂ ਦੇ ਮਰਨ ਕਾਰਨ ਦੋਹਾਂ ਗੁਆਂਢੀ ਮੁਲਕਾਂ ਵਿਚਾਲੇ ਦੁਸ਼ਮਣੀ ਇਸ ਵੇਲੇ ਸਿਖ਼ਰ ’ਤੇ ਹੈ। ਭਾਰਤ ਨੇ ਪਹਿਲਗਾਮ ਹਮਲੇ ਤੋਂ ਬਾਅਦ ਸਰਹੱਦ ਪਾਰ ਅਤਿਵਾਦੀ ਟਿਕਾਣਿਆਂ ਨੂੰ ਖ਼ਤਮ ਕਰਨ ਲਈ ਅਪਰੇਸ਼ਨ ਸਿੰਧੂਰ ਤਹਿਤ ਫੌਜੀ ਕਾਰਵਾਈ ਕੀਤੀ ਸੀ।
ਪੰਜਾਬੀ ਟ੍ਰਿਬਯੂਨ