ਐਸ ਆਰ ਲੱਧੜ
ਪੰਜਾਬ ਵਿੱਚ 39 ਜਾਤੀਆਂ ਹਨ ਜੋ ਪਾਰਲੀਮੈਂਟ ਅਤੇ ਸੰਵਿਧਾਨ ਵੱਲੋਂ ਅਨੁਸੂਚਿਤ ਜਾਤੀਆਂ ਘੋਸ਼ਿਤ ਹਨ। ਵੱਸੋਂ ਪੱਖੋਂ 35% ਤੋਂ ਵੱਧ ਲੋਕ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ ਅਤੇ ਇੱਕ ਕਰੋੜ ਤੋਂ ਉੱਪਰ ਹਨ ਪਰ ਉਹਨਾਂ ਦੀ ਪੁੱਛ ਪੜਤਾਲ ਕੁੱਝ ਖ਼ਾਸ ਨਹੀ ਹੈ। ਭਾਜਪਾ ਨੇ ਚੋਣਾਂ ਵਿੱਚ 18.57% ਵੋਟ ਸ਼ੇਅਰ ਲਿਆ ਹੈ ਪਰ ਕਾਂਗਰਸ ਨੇ ‘ਸੰਵਿਧਾਨ ਅਤੇ ਰਾਖਵਾਂਕਰਣ ਖਤਰੇ ਵਿੱਚ ਹੈ ‘ਦਾ ਨਾਹਰਾ ਲਾ ਕੇ
ਦਲਿਤਾਂ ਨੂੰ ਖੂਬ ਡਰਾਇਆ। ਅਨੁਸੂਚਿਤ ਜਾਤੀ ਦਾ ਵੱਡਾ ਹਿੱਸਾ ਕਾਂਗਰਸ ਦੇ ਹੱਕ ਵਿੱਚ ਭੁਗਤਿਆ। ਪਰ ਕਿਸ ਕੀਮਤ ਤੇ ?
ਕੀ ਕਾਂਗਰਸ ਹਿਮਾਚਲ ਅਤੇ ਕਰਨਾਟਕਾ ਰਾਜਾਂ ਵਿੱਚ ਜਿੱਥੇ ਕਾਂਗਰਸ ਦਾ ਰੂਲ ਹੈ ਲੱਖ-ਲੱਖ ਰੁਪਏ ਮਹਿਲਾਵਾਂ ਨੂੰ ਦੇਣਗੇ ? ਕੀ 36 ਲੱਖ ਨੌਕਰੀਆਂ ਦੇਣਗੇ ? ਲੋਕਾਂ ਨੇ ਜੋ ਜਨ-ਅਧਾਰ ਕਾਂਗਰਸ ਨੂੰ ਦਿੱਤਾ ਕੀ ਭਵਿੱਖ ਵਿੱਚ ਪਾਰਟੀ ਇਸ ਤੋਂ ਉੱਪਰ ਲਵੇਗੀ ? ਜਾਂ ਹਿਮਾਚਲ ਵਾਂਗ ਵਿਧਾਇਕ ਛੱਡ ਜਾਣਗੇ ਅਤੇ ਮੈਂਬਰ ਪਾਰਲੀਮੈਂਟ ਜੋ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਜਿੱਤੇ ਹਨ ਕਾਂਗਰਸ ਛੱਡ ਕੇ ਰਾਜਸੀ ਤਾਕਤ ਦਾ ਰੁੱਖ ਕਰਨਗੇ ? ਇਤਹਾਸ ਗਵਾਹ ਹੈ ਕਿ ਕਾਂਗਰਸੀ ਪਾਵਰ ਤੋਂ ਬਿਨਾ ਨਹੀ ਰਹਿ ਸਕਦੇ। ਸੋ ਮੇਰਾ ਅਨੁਮਾਨ ਹੈ ਜਿੱਥੇ ਭਾਜਪਾ ਲਈ ਇਹ ਚੋਣਾਂ ਇੱਕ ਖ਼ਤਰੇ ਦੀ ਘੰਟੀ ਸਨ(wake up call), ਗਲਤੀਆਂ ਸੁਧਾਰਨ ਦਾ ਸਮਾਂ ਹੈ , ਉੱਥੇ ਪਾਵਰ ਦੇ ਭੁੱਖੇ ਨੇਤਾ ਭਾਜਪਾ ਦਾ ਰੁੱਖ ਕਰਨਗੇ, ਮੈਨੂੰ ਇਸ ਵਿੱਚ ਕੋਈ ਸ਼ੰਕਾ ਨਹੀ ਹੈ। ਅਨੁਸੂਚਿਤ ਜਾਤੀ ਲੋਕ ਪੰਜਾਬ ਵਿੱਚ ਜ਼ਰੂਰ ਸਵੈ-ਪੜਚੋਲ ਕਰਨ ਕਿ ਕਾਂਗਰਸ ਨੇ ਉਹਨਾਂ ਨੂੰ ਹੁਣ ਤੱਕ ਕੀ ਦਿੱਤਾ ਹੈ ?
ਕਾਂਗਰਸ ਨੇ 35% ਵੱਸੋਂ ਨੂੰ 25% ਰਾਖਵਾਂਕਰਣ ਦਿੱਤਾ , ਅਬਾਦੀ ਮੁਤਾਬਕ ਨਹੀਂ। ਇਹ ਵਰਤਾਰਾ 1975 ਤੋਂ ਇਸੇ ਤਰਾਂ ਜਾਰੀ ਹੈ ਭਾਵੇਂ ਐਮ ਐਲ ਏਜ ਅਤੇ ਐਮ ਪੀਜ ਦੀਆਂ ਰਿਜ਼ਰਵ ਪੋਸਟਾਂ/ਸੀਟਾਂ ਵਿੱਚ ਵਾਧਾ ਹੋਇਆ ਹੈ।
ਕਾਂਗਰਸ ਨੇ ਅਨੁਸੂਚਿਤ ਜਾਤੀਆਂ ਦਾ ਰਾਖਵਾਂਕਰਣ ਵਾਲਮੀਕੀ/ਮਜਬੀ ਸਿੱਖਾਂ ਅਤੇ ਹੋਰ ਜਾਤੀਆਂ ਵਿੱਚ 50% ਦਾ ਰਾਖਵਾਂਕਰਣ ਦਾ ਪਾੜਾ ਸੌੜੀ ਰਾਜਨੀਤੀ ਲਈ ਪਾਇਆ ਤੇ ਲੋਕ ਸੁਪਰੀਮ ਕੋਰਟ ਵਿੱਚ ਅੱਜ ਵੀ ਖੱਜਲ ਹੋ ਰਹੇ ਹਨ।
ਬਾਬਾ ਸਾਹਿਬ ਅੰਬੇਡਕਰ ਨੂੰ ਕਾਂਗਰਸ ਨੇ ਪਹਿਲੇ ਪਾਰਲੀਮੈਂਟ ਚੋਣਾਂ ਵਿੱਚ ਇੱਕ ਟੁੱਚੇ ਜਿਹੇ ਬੰਦੇ ਤੋਂ ਹਰਵਾਇਆ ਅਤੇ ਦੇਸ਼ ਦੇ ਸੰਵਿਧਾਨ ਨਿਰਮਾਤਾ ਦੀ ਬੇਇੱਜ਼ਤੀ ਕੀਤੀ। ਬਾਬਾ ਸਾਹਿਬ ਅੰਬੇਡਕਰ ਨੂੰ ਦਿੱਲੀ ਵਿੱਚ ਆਖਰੀ ਸਮੇਂ ਸੰਸਕਾਰ ਲਈ ਨਹਿਰੂ ਸਰਕਾਰ ਨੇ ਤਿੰਨ ਗਜ਼ ਭੂਮੀ ਨਹੀ ਦਿੱਤੀ। ਉਹਨਾਂ ਦੇ ਪਰੀਨਿਰਵਾਣ ਸਮੇਂ ਉਹਨਾਂ ਨੂੰ ਮੁੰਬਈ ਲਿਜਾਇਆ ਗਿਆ।
ਬਾਬਾ ਸਾਹਿਬ ਨੂੰ ਭਾਰਤ ਰਤਨ ਲਈ ਦੇਸ਼ ਦੇ ਸੰਵਿਧਾਨ ਨਿਰਮਾਤਾ , ਦਲਿਤਾਂ ਅਤੇ ਔਰਤਾਂ ਦੇ ਮਸੀਹਾ ਨੂੰ 34 ਸਾਲ ਇੰਤਜ਼ਾਰ ਕਰਨਾ ਪਿਆ ਜਦੋ ਕਿ ਨਹਿਰੂ , ਇੰਦਰਾ ਅਤੇ ਰਜੀਵ ਨੂੰ ਆਪੇ ਭਾਰਤ ਰਤਨ ਨਾਲ ਸਨਮਾਨਿਤ ਕਰ ਲਿਆ। ਬਾਬਾ ਸਾਹਿਬ ਨੂੰ ਹਿੰਦੂ ਕੋਡ ਬਿੱਲ ਦਾ ਸਿਹਰਾ ਨਾ ਜਾਵੇ, ਇਸ ਲਈ ਨਹਿਰੂ ਨੇ 1956 ਵਿੱਚ ਬਾਬਾ ਸਾਹਿਬ ਦੇ ਦੁਨੀਆ ਤੋ ਜਾਣ ਬਾਅਦ ਉਹ ਸਾਰੇ ਐਕਟ ਪਾਸ ਕੀਤੇ ਜੋ ਔਰਤਾਂ ਲਈ ਬਾਬਾ ਸਾਹਿਬ 1951 ਵਿੱਚ ਹਿੰਦੂ ਕੋਡ ਬਿੱਲ ਰਾਂਹੀ ਪਾਸ ਕਰਨਾ ਚਹੁੰਦੇ ਸਨ।
ਬਾਬਾ ਸਾਹਿਬ ਦੀਆਂ ਸਾਰੀਆਂ ਲਿਖਤਾਂ ਨੂੰ ਕਾਂਗਰਸ ਨੇ ਛਪਵਾਉਣ ਦੀ ਕਦੇ ਕੋਸ਼ਿਸ਼ ਨਹੀ ਕੀਤੀ ਤਾਂ ਜੋ ਉਹਨਾਂ ਦੇ ਕ੍ਰਾਂਤੀਕਾਰੀ ਵਿਚਾਰਾਂ ਤੋਂ ਦੇਸ਼ ਵਾਸੀ ਅਤੇ ਖਾਸ ਕਰ ਕੇ ਦਲਿਤ ਜਾਣੂ ਨਾ ਹੋ ਸਕਣ। ਗਰੀਬੀ ਹਟਾਉ ਵਰਗੇ ਨਾਹਰੇ, ਐਮਰਜੈਂਸੀ ਵਰਗੇ ਅਤਿ ਘਿਨਾਉਣੇ ਕਨੂੰਨ , ਹਰਮੰਦਰ ਸਾਹਿਬ ਤੇ ਹਮਲਾ, ਅੱਤਵਾਦ ਨੂੰ ਹੱਲਾਸ਼ੇਰੀ, 1962 ਵਿੱਚ ਚੀਨ ਤੋਂ ਭਾਰਤ ਦੀ ਹਾਰ, ਸਿੱਖਾਂ ਦਾ ਕਤਲੇ- ਆਮ
ਗਾਂਧੀ ਵੱਲੋਂ ਅਨੁਸੂਚਿਤ ਜਾਤੀਆਂ ਦੇ ਹੱਕਾਂ ਖਿਲਾਫ ਮਰਨ ਵਰਤ ਆਦਿ ਅਤਿ ਘਿਨਾਉਣੇ ਕੰਮਾਂ ਲਈ ਕਾਂਗਰਸ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਪੰਜਾਬ ਵਿੱਚ ਦਲਿਤਾਂ ਨਾਲ ਵਿਤਕਰਾ ਜਿਵੇਂ ਖੇਤੀ-ਬਾੜੀ ਯੂਨੀਵਰਸਿਟੀ ਅਤੇ ਗਡਵਾਸੂ ਯੂਨੀਵਰਸਿਟੀ ਵਿੱਚ ਜ਼ੀਰੋ ਰਾਖਵਾਂਕਰਣ,ਜੁਡੀਸ਼ਰੀ ਵਿੱਚ ਭਰਤੀ ਲਈ 45% ਨੰਬਰਾਂ ਦੀ ਸ਼ਰਤ,ਲਾਅ ਅਫਸਰਾਂ ਦੀ ਭਰਤੀ ਵਿੱਚ ਰਾਖਵਾਂਕਰਣ ਦੀ ਅਣਹੋਂਦ
ਠੇਕਾ ਸਿਸਟਮ ਨੂੰ ਨੌਕਰੀਆਂ ਵਿੱਚ ਪਰੋਮੋਟ ਕਰਨਾ,
ਰਾਈਟ ਟੂ ਐਜੂਕੇਸ਼ਨ ਨੂੰ ਪੰਜਾਬ ਵਿੱਚ ਲਾਗੂ ਨਾ ਕਰਨਾ,
ਜਾਹਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਧਾਰਕਾਂ ਨਾਲ ਨਰਮੀ ਤੇ ਕਿਸੇ ਖ਼ਿਲਾਫ਼ ਵੀ ਐਕਸ਼ਨ ਨਾ ਲੈਣਾਂ , ਚੋਟੀ ਦੇ
ਕਾਂਗਰਸੀ ਨੇਤਾਵਾਂ ਵੱਲੋਂ ਜਾਤੀ ਅਧਾਰਤ(ਜੱਟ ਮਹਾਂ ਸਭਾ ਆਦਿ) ਜਥੇਬੰਦੀਆਂ ਨੂੰ ਪਰੋਮੋਟ ਕਰਨਾ ,
ਜਾਤੀ ਅਧਾਰਤ ਜੁੱਲਮ ਨੂੰ ਪੰਜਾਬ ਵਿੱਚ ਨੱਥ ਨਾ ਪਾਉਣਾ
ਕਾਂਗਰਸ ਦੀ ਜਾਤੀਵਾਦੀ ,ਐਂਟੀ ਦਲਿਤ
ਅਤੇ ਫੁੱਟ ਪਾਉਣ ਵਾਲੇ ਕੁੱਝ ਕੁ ਕਾਰਨਾਮੇ ਹਨ ਜਿਹਨਾਂ ਤੋਂ ਭੋਲ਼ੇ ਭਾਲੇ ਪੰਜਾਬੀ ਤੇ ਖ਼ਾਸ ਕਰ ਕੇ ਅਨੁਸੂਚਿਤ ਜਾਤੀ ਦੇ ਲੋਕ ਬੇ-ਖਬਰ ਹਨ। ਆਪ ਸਰਕਾਰ ਅਤੇ ਕਾਂਗਰਸ ਵਾਰੋ ਵਾਰੀ ਅਨੁਸੂਚਿਤ ਜਾਤੀ ਲੋਕਾਂ ਨੂੰ ਬਾਬਾ ਸਾਹਿਬ ਦੀ ਫੋਟੋ ਲਾ ਕਿ ਜਾਂ ਨਾਹਰਾ ਲਾ ਕਿ ਮੂਰਖ ਬਣਾਉਂਦੀਆਂ ਆਈਆਂ ਹਨ ਪਰ ਅਸੀਂ ਪੜੇ-ਲਿਖੇ ਹੋ ਕੇ ਵੀ ਇਹਨਾਂ ਨੂੰ ਆਪਣਾ ਰਹਿਨੁਮਾ ਸਮਝੀ ਬੈਠੇ ਹਾਂ। ਸਾਡੀਆਂ ਵੋਟਾਂ ਲੈ ਕੇ ਸਾਡੇ ਤੇ ਰਾਜ ਕਰਦੇ ਹਨ ਪਰ ਅਸੀਂ ਉਸ ਰਹਿਬਰ ਨੂੰ ਭੁੱਲੀ ਬੈਠੇ ਹਾਂ ਜਿਸ ਨੇ ਵੋਟ ਦਾ ਅਧਿਕਾਰ ਦੇਣ ਵੇਲੇ ਸਾਨੂੰ ਕਿਹਾ ਸੀ, “ ਜਾਓ ਆਪਣੀਆਂ ਕੰਧਾਂ ਤੇ ਲਿੱਖ ਦੋ ਅਸੀ ਇਸ ਦੇਸ਼ ਦੇ ਹੁਕਮਰਾਨ ਹਾਂ”।
(ਲੇਖਕ ਸਾਬਕਾ ਪ੍ਰਿੰਸੀਪਲ ਸੈਕਟਰੀ ਹੈ )
test