ਨਕਲੀ ਡੇਅਰੀ ਉਤਪਾਦਾਂ ਦਾ ਵੱਡਾ ਪਰਦਾਫਾਸ਼, ਖਾਸ ਰਿਪੋਰਟ
ਕੀ ਨਕਲੀ ਦੁੱਧ ਦੀ ਸਮੱਸਿਆ ਸਿਰਫ਼ ਪੰਜਾਬ ਦੀ ਹੈ ਜਾਂ ਪੂਰੇ ਭਾਰਤ ਦੀ ? ਪੜ੍ਹੋ ਚੰਡੀਗੜ੍ਹ ਤੋਂ ਕਵਲਜੀਤ ਕੌਰ ਦੀ ਖਾਸ ਰਿਪੋਰਟ…
15 ਅਪ੍ਰੈਲ, 2026 – ਚੰਡੀਗੜ੍ਹ: ਸਵੇਰੇ ਉੱਠਦਿਆਂ ਹੀ ਜਿਸ ਦੁੱਧ ਦਾ ਗਲਾਸ ਅਸੀਂ ਆਪਣੇ ਬੱਚਿਆਂ ਨੂੰ ਸਿਹਤਮੰਦ ਬਣਾਉਣ ਲਈ ਦਿੰਦੇ ਹਾਂ, ਕੀ ਉਹ ਅਸਲ ਵਿੱਚ ਅੰਮ੍ਰਿਤ ਹੈ ਜਾਂ ਮਿੱਠਾ ਜ਼ਹਿਰ ? ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਹਾਲ ਹੀ ਵਿੱਚ ਆਪਣੇ ਘਰ ਵਿੱਚ ਯੂਰੀਆ ਅਤੇ ਡਿਟਰਜੈਂਟ ਦੀ ਵਰਤੋਂ ਕਰਕੇ ਨਕਲੀ ਦੁੱਧ ਤਿਆਰ ਕੀਤਾ ਗਿਆ ਅਤੇ ਦਾਅਵਾ ਕੀਤਾ ਕਿ ਪੰਜਾਬ ਵਿਚ ਮਿਲਣ ਵਾਲਾ ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਉਤਪਾਦ ਖੋਆ ਅਤੇ ਪਨੀਰ ਨਕਲੀ ਹਨ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਅਤੇ ਭਾਰਤ ਦੇ ਡੂੰਘੇ ਹੋ ਰਹੇ ਜਨਤਕ ਸਿਹਤ ਸੰਕਟ ਦੀ ਇੱਕ ਡਰਾਉਣੀ ਜ਼ਮੀਨੀ ਤਸਵੀਰ ਪੇਸ਼ ਕੀਤੀ ਹੈ। ਚੰਨੀ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਪਈ ਇਸ ਵੀਡੀਓ ਤੋਂ ਬਾਅਦ ਚਰਚਾਵਾਂ ਦਾ ਬਜ਼ਾਰ ਗਰਮ ਹੋ ਗਿਆ ਹੈ ਕਿ ਆਖਿਰ ਪੰਜਾਬ ਵਿੱਚ ਨਕਲੀ ਦੁੱਧ ਦਾ ਕਾਰੋਬਾਰ ਕਿਵੇਂ ਵਧ ਰਿਹਾ ਹੈ ? ਕਿਵੇਂ ਤਿਆਰ ਹੁੰਦਾ ਹੈ ਨਕਲੀ ਪਨੀਰ ਅਤੇ ਖੋਆ ? ਨਕਲੀ ਉਤਪਾਦਾਂ ਸਬੰਧੀ FSSAI ਦੇ ਨਿਯਮ ਅਤੇ ਰਿਪੋਰਟਾਂ ਕੀ ਕਹਿੰਦੇ ਹਨ ? ਨਕਲੀ ਉਤਪਾਦਾਂ ਦੀ ਪਛਾਣ ਕਿਵੇਂ ਹੋ ਸਕਦੀ ਹੈ ? ਕੀ ਨਕਲੀ ਦੁੱਧ ਦੀ ਸਮੱਸਿਆ ਸਿਰਫ਼ ਪੰਜਾਬ ਦੀ ਹੈ ਜਾਂ ਪੂਰੇ ਭਾਰਤ ਦੀ ਜੇਕਰ ਇਹ ਸਮੱਸਿਆ ਇੰਨੀ ਗੰਭੀਰ ਹੈ ਤਾਂ ਹੁਣ ਤੱਕ ਇਸਤੇ ਕਾਰਵਾਈ ਕਿਉਂ ਨਹੀਂ ਹੋ ਸਕੀ ? ਸਭ ਤੋਂ ਵੱਡੀ ਗੱਲ ਕਿ ਇਸਦੇ ਕਾਰਨ ਕੀ ਹਨ ਕਿ ਨਕਲੀ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਧੜੱਲੇ ਨਾਲ ਬਣ ਰਹੇ ਹਨ ਅਤੇ ਧੜੱਲੇ ਨਾਲ ਹੀ ਇਸਦੀ ਵਿਕਰੀ ਹੋ ਰਹੀ ਹੈ। ਕਾਨੂੰਨੀ ਪੱਖ ਕੀ ਕਹਿੰਦੇ ਹਨ ਅਤੇ ਸਿਹਤ ‘ਤੇ ਕੀ ਅਸਰ ਪੈਂਦਾ ਹੈ? ਇਸ ਖਾਸ ਪੇਸ਼ਕਸ਼ ਵਿੱਚ ਤੱਥਾਂ ਦੇ ਅਧਾਰ ‘ਤੇ ਇਹਨਾਂ ਤਮਾਮ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ।
ਸਾਬਕਾ ਮੁੱਖ ਮੰਤਰੀ ਚੰਨੀ ਨੇ ਬਣਾਇਆ ਨਕਲੀ ਦੁੱਧ !
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਵਿੱਚ ਚੱਲ ਰਹੇ ਨਕਲੀ ਦੁੱਧ ਦੇ ਕਾਰੋਬਾਰ ਦਾ ਪਰਦਾਫਾਸ਼ ਕਰਦਿਆਂ ਇੱਕ ਵੀਡੀਓ ਰਾਹੀਂ ਬਹੁਤ ਹੀ ਹੈਰਾਨੀਜਨਕ ਖੁਲਾਸਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਖੁਦ ਘਰ ਵਿੱਚ ਮਿਕਸੀ ਅੰਦਰ ਯੂਰੀਆ ਖਾਦ, ਕੱਪੜੇ ਧੋਣ ਵਾਲਾ ਡਿਟਰਜੈਂਟ (ਸਰਫ), ਰਿਫਾਇੰਡ ਤੇਲ, ਥੋੜ੍ਹਾ ਜਿਹਾ ਅਸਲੀ ਦੁੱਧ ਅਤੇ ਪਾਣੀ ਮਿਲਾ ਕੇ ਨਕਲੀ ਦੁੱਧ ਤਿਆਰ ਕਰਕੇ ਦਿਖਾਇਆ ਜੋ ਦੇਖਣ ਅਤੇ ਉਬਾਲਣ ਵਿੱਚ ਬਿਲਕੁਲ ਅਸਲੀ ਲੱਗਦਾ ਹੈ ਅਤੇ ਪੂਰੀ ਫੈਟ ਵੀ ਦਿੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਜ਼ਾਰ ਵਿੱਚ ਵਿਕ ਰਿਹਾ 70 ਫੀਸਦ ਦੁੱਧ, 80 ਫੀਸਦ ਪਨੀਰ ਅਤੇ 95 ਫੀਸਦ ਖੋਆ ਪੂਰੀ ਤਰ੍ਹਾਂ ਨਕਲੀ ਹੈ ਕਿਉਂਕਿ ਪਿੰਡਾਂ ਵਿੱਚ ਪਸ਼ੂਆਂ ਦੀ ਗਿਣਤੀ ਘੱਟ ਜਾਣ ਦੇ ਬਾਵਜੂਦ ਸਪਲਾਈ ਵੱਧ ਰਹੀ ਹੈ, ਜੋ ਕਿ ਸਿੱਧੇ ਤੌਰ ‘ਤੇ ਮੌਤ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ (ਫੇਫੜੇ ਅਤੇ ਗੁਰਦੇ ਖਰਾਬ) ਨੂੰ ਸੱਦਾ ਹੈ, ਜਿਸ ਨੂੰ ਉਨ੍ਹਾਂ ਨੇ ‘ਕਤਲ ਦੀ ਕੋਸ਼ਿਸ਼’ (Attempt to Murder) ਕਰਾਰ ਦਿੱਤਾ ਹੈ।
ਡੇਅਰੀ ਫਾਰਮਿੰਗ ਕਮੇਟੀ ਦੇ ਚੇਅਰਮੈਨ ਰਹਿ ਚੁੱਕੇ ਚੰਨੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੌਜੂਦਾ ਮਾਮੂਲੀ ਜੁਰਮਾਨਿਆਂ (10-12 ਹਜ਼ਾਰ ਰੁਪਏ) ਦੀ ਥਾਂ ਸਖ਼ਤ ਕਾਨੂੰਨ ਬਣਾਏ ਜਾਣ ਅਤੇ ਹਰ ਡੇਅਰੀ ਜਾਂ ਬੂਥ ‘ਤੇ ਇੱਕ ਰੁਪਏ ਵਾਲੀ ਸਸਤੀ ਟੈਸਟਿੰਗ ਤਕਨੀਕ ਨੂੰ ਲਾਜ਼ਮੀ ਕੀਤਾ ਜਾਵੇ, ਨਾਲ ਹੀ ਉਨ੍ਹਾਂ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਸਤਾ ਦੁੱਧ ਭਾਲਣ ਦੀ ਬਜਾਏ ਸ਼ੁੱਧਤਾ ਵੱਲ ਧਿਆਨ ਦੇਣ ਤਾਂ ਜੋ ਅਸਲੀ ਡੇਅਰੀ ਮਾਲਕਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਸਹੀ ਮੁੱਲ, ਜੋ ਕਿ ਲੱਗਭਗ 500 ਰੁਪਏ ਪ੍ਰਤੀ ਲੀਟਰ ਬਣਦਾ ਹੈ, ਮਿਲ ਸਕੇ ਅਤੇ ਇਸ ਮਿੱਠੇ ਜ਼ਹਿਰ ਤੋਂ ਬਚਿਆ ਜਾ ਸਕੇ।
ਨਕਲੀ ਦੁੱਧ ਅਤੇ ਡੇਅਰੀ ਉਤਪਾਦਾਂ ਦਾ ਕਾਰੋਬਾਰ ਕਿਵੇਂ ਵਧ ਰਿਹਾ ?
ਹੈਲਥ ਕੋਚ ਦਲੀਪ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਕਿਹਾ ਕਿ “ਸਿੰਥੈਟਿਕ ਦੁੱਧ ਦਾ ਧੰਧਾ ਮੁੱਖ ਤੌਰ ‘ਤੇ ਮੰਗ ਅਤੇ ਸਪਲਾਈ ਦੇ ਵੱਡੇ ਫਰਕ ਕਰਕੇ ਵਧ ਰਿਹਾ ਹੈ, ਖ਼ਾਸ ਕਰਕੇ ਤਿਉਹਾਰਾਂ ਦੇ ਸਮੇਂ ਇਹ ਜਿਆਦਾ ਹੁੰਦਾ ਹੈ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਆਰਥਿਕ ਲਾਭ ਹੈ, ਕਿਉਂਕਿ ਯੂਰੀਆ, ਡਿਟਰਜੈਂਟ ਅਤੇ ਸਸਤੇ ਵੇਜਿਟੇਬਲ ਫੈਟ ਵਰਗੇ ਮਿਲਾਵਟੀ ਪਦਾਰਥ ਵਰਤ ਕੇ ਉਤਪਾਦਨ ਦੀ ਲਾਗਤ ਘਟਾਈ ਜਾਂਦੀ ਹੈ ਅਤੇ ਦੁੱਧ ਨੂੰ ਮੋਟਾ ਅਤੇ ਗੁਣਵੱਤਾ ਵਾਲਾ ਦਿਖਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਦੁੱਧ ਇਕੱਠਾ ਕਰਨ ਦੀ ਪ੍ਰਣਾਲੀ ਬਹੁਤ ਹੀ ਟੁਕੜਿਆਂ ਵਿੱਚ ਵੰਡੀਆਂ ਹੋਣ ਕਰਕੇ ਇਹ ਪਤਾ ਲਗਾਉਣਾ ਔਖਾ ਹੋ ਜਾਂਦਾ ਹੈ ਕਿ ਮਿਲਾਵਟ ਕਿੱਥੇ ਅਤੇ ਕਿਵੇਂ ਹੋਈ। ਨਾਲ ਹੀ, ਦੁੱਧ ਜਲਦੀ ਖਰਾਬ ਹੋਣ ਵਾਲੀ ਚੀਜ਼ ਹੈ, ਇਸ ਲਈ ਕੁਝ ਗਲਤ ਤਰੀਕੇ ਅਪਣਾਉਣ ਵਾਲੇ ਲੋਕ ਫਾਰਮਾਲਿਨ ਜਾਂ ਹਾਈਡਰੋਜਨ ਪੈਰਆਕਸਾਈਡ ਵਰਗੇ ਰਸਾਇਣ ਵਰਤ ਕੇ ਇਸਦੀ ਸਟੋਰੇਜ ਸਮਾਂ ਵਧਾਉਂਦੇ ਹਨ, ਤਾਂ ਜੋ ਮਹਿੰਗੀ ਠੰਢੀ ਸਟੋਰੇਜ ਦੀ ਲੋੜ ਤੋਂ ਬਚਿਆ ਜਾ ਸਕੇ।”
ਕਿਵੇਂ ਬਣਦਾ ਹੈ ਨਕਲੀ ਦੁੱਧ ?
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਡੇਅਰੀ ਫਾਰਮਿੰਗ ਦੇ ਕਿੱਤੇ ਨਾਲ ਜੁੜੇ ਜਤਿੰਦਰ ਸਿੰਘ ਚਹਿਲ ਨੇ ਦੱਸਿਆ “ਇਸਦੇ ਪਿੱਛੇ ਇੱਕ ਪੂਰਾ ਸੰਗਠਿਤ ਮਾਫ਼ੀਆ ਕੰਮ ਕਰਦਾ ਹੈ ਜੋ ਕਿ ਡੇਅਰੀ ਫਾਰਮਿੰਗ ਦੇ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਨਕਲੀ ਜਾਂ ਸਿੰਥੈਟਿਕ ਦੁੱਧ ਬਣਾਉਣਾ ਇੱਕ ਰਸਾਇਣਕ ਪ੍ਰਕਿਰਿਆ ਹੈ ਜੋ ਬੇਹੱਦ ਖਤਰਨਾਕ ਅਤੇ ਸਸਤੀ ਹੈ। ਇਸੇ ਲਈ ਪੰਜਾਬ ਵਿਚ ਡੇਅਰੀ ਫਾਰਮਿੰਗ ਦਾ ਧੰਦਾ ਲਾਹੇਵੰਦ ਨਹੀਂ ਰਿਹਾ ਕਿਉਂਕਿ ਨਕਲੀ ਦੁੱਧ, ਸ਼ੁੱਧ ਦੁੱਧ ਦੇ ਮੁਕਾਬਲੇ ਬੇਹੱਦ ਸਸਤੇ ਰੇਟਾਂ ‘ਤੇ ਵੇਚਿਆ ਜਾਂਦਾ ਹੈ ਅਤੇ ਜਿਸ ਨਾਲ ਪੰਜਾਬ ਦੇ ਡੇਅਰੀ ਉਦਯੋਗ ਨੂੰ ਵੀ ਕਾਫ਼ੀ ਝਟਕਾ ਲੱਗਿਆ ਹੈ। ਮਿਲਾਵਟਖੋਰ ਨਕਲੀ ਦੁੱਧ ਤਿਆਰ ਕਰਨ ਲਈ ਕਈ ਤਕਨੀਕਾਂ ਅਪਣਾਉਂਦੇ ਹਨ। ਜਿਵੇਂ ਕਿ ਦੁੱਧ ਵਿੱਚ SNF (Solid Not Fat) ਦੀ ਮਾਤਰਾ ਨੂੰ ਨਕਲੀ ਤਰੀਕੇ ਨਾਲ ਵਧਾਉਣ ਲਈ ਯੂਰੀਆ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ, ਰਿਫਾਇੰਡ ਤੇਲ ਅਤੇ ਪਾਣੀ ਨੂੰ ਆਪਸ ਵਿੱਚ ਘੁਲਣਸ਼ੀਲ ਬਣਾਉਣ (Emulsifier ਵਜੋਂ) ਅਤੇ ਦੁੱਧ ਵਿੱਚ ਝੱਗ ਪੈਦਾ ਕਰਨ ਲਈ ਕੱਪੜੇ ਧੋਣ ਵਾਲੇ ਸਰਫ ਜਾਂ ਕਾਸਟਿਕ ਸੋਡਾ ਦੀ ਵਰਤੋਂ ਹੁੰਦੀ ਹੈ। ਦੁੱਧ ਵਿੱਚ ਨਕਲੀ ਫੈਟ ਜਾਂ ਚਿਕਨਾਈ ਬਣਾਉਣ ਲਈ ਸਭ ਤੋਂ ਸਸਤੇ ਬਨਸਪਤੀ ਜਾਂ ਪਾਮ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਦੁੱਧ ਨੂੰ ਗਾੜ੍ਹਾ ਕਰਨ ਅਤੇ ਬਿਲਕੁਲ ਅਸਲੀ ਦੁੱਧ ਵਰਗਾ ਚਿੱਟਾ ਰੰਗ ਦੇਣ ਲਈ ਆਰਾ ਰੋਟ (ਸਟਾਰਚ) ਜਾਂ ਕੁਝ ਮਾਮਲਿਆਂ ਵਿੱਚ ਸਫੇਦ ਪੇਂਟ/ਕੈਮੀਕਲ ਵਰਤੇ ਜਾਂਦੇ ਹਨ।”
“ਪਹਿਲਾਂ ਤੇਲ ਅਤੇ ਡਿਟਰਜੈਂਟ ਨੂੰ ਗਰਮ ਪਾਣੀ ਵਿੱਚ ਮਿਲਾ ਕੇ ਇੱਕ ਚਿੱਟਾ ਘੋਲ ਤਿਆਰ ਕੀਤਾ ਜਾਂਦਾ ਹੈ। ਫਿਰ ਇਸ ਵਿੱਚ ਯੂਰੀਆ ਅਤੇ ਸਟਾਰਚ ਮਿਲਾ ਕੇ ਇਸਨੂੰ ਥੋੜ੍ਹੇ ਜਿਹੇ ਅਸਲੀ ਦੁੱਧ ਵਿੱਚ ਮਿਕਸ ਕਰ ਦਿੱਤਾ ਜਾਂਦਾ ਹੈ ਤਾਂ ਜੋ ਅਸਲੀ ਦੁੱਧ ਵਰਗੀ ਮਹਿਕ ਆ ਸਕੇ। ਸਾਡੇ ਦੇਸ਼ ਵਿੱਚ ਦੁੱਧ ਦੀ ਕੁੱਲ ਮੰਗ ਅਤੇ ਅਸਲ ਉਤਪਾਦਨ ਵਿੱਚ ਇੱਕ ਬਹੁਤ ਵੱਡਾ ਪਾੜਾ ਹੈ, ਜਿਸ ਦਾ ਸਿੱਧਾ ਫਾਇਦਾ ਮਿਲਾਵਟਖੋਰ ਉਠਾਉਂਦੇ ਹਨ। ਖਾਸ ਕਰਕੇ ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਵਿੱਚ ਜਦੋਂ ਮੰਗ ਅਸਮਾਨ ਛੂਹਣ ਲੱਗਦੀ ਹੈ ਤਾਂ ਇਹ ਕਾਰੋਬਾਰ ਸਿਖਰਾਂ ‘ਤੇ ਪਹੁੰਚ ਜਾਂਦਾ ਹੈ।”– ਜਤਿੰਦਰ ਸਿੰਘ ਚਹਿਲ, ਡੇਅਰੀ ਫਾਰਮਰ
ਕਿਵੇਂ ਤਿਆਰ ਹੁੰਦਾ ਹੈ ਨਕਲੀ ਪਨੀਰ ਅਤੇ ਖੋਆ ?
ਕੁਦਰਤੀ ਸਿਹਤ ਪ੍ਰਣਾਲੀ ‘ਤੇ ਕੰਮ ਕਰ ਰਹੇ ਹੈਲਥ ਕੋਚ ਦਲੀਪ ਸਿੰਘ ਕਹਿੰਦੇ ਹਨ ਕਿ “ਨਕਲੀ ਪਨੀਰ ਅਤੇ ਖੋਆ ਬਣਾਉਣ ਦੀ ਪ੍ਰਕਿਰਿਆ ਬੇਹੱਦ ਖਤਰਨਾਕ ਹੈ। ਮਾਫੀਆ ਅਸਲੀ ਦੁੱਧ ਦੀ ਬਜਾਏ ਬਹੁਤ ਹੀ ਸਸਤੇ ਪਦਾਰਥਾਂ ਦੀ ਵਰਤੋਂ ਕਰਦਾ ਹੈ। ਪਨੀਰ ਦਾ ਭਾਰ ਅਤੇ ਮਾਤਰਾ ਵਧਾਉਣ ਲਈ ਉਸ ਵਿੱਚ ਸਟਾਰਚ (ਆਰਾ ਰੋਟ), ਪਾਮ ਆਇਲ, ਸਸਤਾ ਬਨਸਪਤੀ ਘਿਓ, ਅਤੇ ਯੂਰੀਆ ਦੀ ਵਰਤੋਂ ਕੀਤੀ ਜਾਂਦੀ ਹੈ। ਨਕਲੀ ਦੁੱਧ ਨੂੰ ਫਾੜਨ ਲਈ ਖਤਰਨਾਕ ਸਿਨਥੈਟਿਕ ਕੈਮੀਕਲ ਵਰਤੇ ਜਾਂਦੇ ਹਨ, ਜੋ ਮਨੁੱਖੀ ਅੰਤੜੀਆਂ ਨੂੰ ਸਾੜ ਸਕਦੇ ਹਨ। ਇਸੇ ਤਰ੍ਹਾਂ ਖੋਆ ਬਣਾਉਣ ਲਈ ਮਿਆਦ ਪੁੱਗ ਚੁੱਕੇ ਸਕਿਮਡ ਮਿਲਕ ਪਾਊਡਰ ਵਿੱਚ ਡਿਟਰਜੈਂਟ ਅਤੇ ਖਾਣ ਵਾਲਾ ਸਸਤਾ ਤੇਲ ਮਿਲਾ ਕੇ ਉਸ ਨੂੰ ਗਾੜ੍ਹਾ ਕੀਤਾ ਜਾਂਦਾ ਹੈ, ਜਿਸ ਨਾਲ ਇਹ ਬਿਲਕੁਲ ਅਸਲੀ ਖੋਏ ਵਰਗਾ ਦਿੱਖਣ ਲੱਗਦਾ ਹੈ।”
ਪੰਜਾਬ ਵਿੱਚ ਦੁੱਧ ਦਾ ਉਤਪਾਦਨ ਕਿੰਨਾ ?
ਪੰਜਾਬ ਜਿਸ ਨੂੰ ਸਮੁੱਚੇ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ, ਡੇਅਰੀ ਉਦਯੋਗ ਵਿੱਚ ਵੀ ਦੇਸ਼ ਦੇ ਸਭ ਤੋਂ ਮੋਹਰੀ ਸੂਬਿਆਂ ਵਿੱਚੋਂ ਇੱਕ ਹੈ। ਪਰ ਵਧਦੀ ਆਬਾਦੀ, ਤਿਉਹਾਰਾਂ ਦੌਰਾਨ ਬੇਤਹਾਸ਼ਾ ਮੰਗ ਅਤੇ ਮੁਨਾਫਾਖੋਰੀ ਦੀ ਦੌੜ ਨੇ ਇਸ ਪਵਿੱਤਰ ਖੇਤਰ ਨੂੰ ਨਕਲੀ ਦੁੱਧ ਦੇ ਮਾਫੀਆ ਦਾ ਸ਼ਿਕਾਰ ਬਣਾ ਦਿੱਤਾ ਹੈ। ਪਸ਼ੂਆਂ ਦੀ ਗਿਣਤੀ ਵਿੱਚ ਉਤਰਾਅ-ਚੜ੍ਹਾਅ ਅਤੇ ਖੇਤੀਬਾੜੀ ਨਾਲ ਜੁੜੀਆਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਦੇ ਡੇਅਰੀ ਸੈਕਟਰ ਨੇ ਵਿਕਾਸ ਕੀਤਾ ਹੈ। ਪਿਛਲੇ 4 ਸਾਲਾਂ ਦੌਰਾਨ ਪੰਜਾਬ ਵਿਚ ਦੁੱਧ ਉਤਪਾਦਨ ਦਾ 4.8 ਫੀਸਦ ਵਾਧਾ ਦਰਜ ਹੋਇਆ। 2024 ਦੇ ਸੰਸਦੀ ਰਿਕਾਰਡ ਮੁਤਾਬਿਕ ਪੰਜਾਬ ਅੰਦਰ ਦੁੱਧ ਦੇ ਉਤਪਾਦਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਐਨਡੀਡੀਬੀ ਅੰਕੜਿਆਂ ਦੇ ਅਧਾਰ ‘ਤੇ 1990 ਤੋਂ ਪੰਜਾਬ ਦੇ ਦੁੱਧ ਉਤਪਾਦਨ ਵਿੱਚ ਲੱਗਭਗ 172 ਫੀਸਦ ਦਾ ਵਾਧਾ ਹੋਇਆ ਹੈ। IMARC ਗਰੁੱਪ ਦੀ ਤਾਜ਼ਾ ਰਿਪੋਰਟ ਪੰਜਾਬ ਵਿੱਚ ਡੇਅਰੀ ਉਦਯੋਗ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਪੇਸ਼ ਕਰਦੀ ਹੈ। ਪੰਜਾਬ ਵਿੱਚ ਦੁੱਧ ਦਾ ਉਤਪਾਦਨ ਮੁੱਖ ਤੌਰ ‘ਤੇ ਗਾਂ ਅਤੇ ਮੱਝ ਦੇ ਦੁੱਧ ਤੋਂ ਪ੍ਰਾਪਤ ਹੁੰਦਾ ਹੈ। ਰਿਪੋਰਟ ਦੇ ਮੁਤਾਬਿਕ 2025 ਵਿੱਚ ਪੰਜਾਬ ਵਿੱਚ ਡੇਅਰੀ ਬਾਜ਼ਾਰ ਦਾ ਆਕਾਰ 709.4 ਬਿਲੀਅਨ ਰੁਪਏ ਤੱਕ ਪਹੁੰਚ ਗਿਆ। ਰਿਪੋਰਟ ਮੁਤਾਬਿਕ 2034 ਤੱਕ ਬਾਜ਼ਾਰ ਦੇ 1,952.4 ਬਿਲੀਅਨ ਰੁਪਏ ਤੱਕ ਪਹੁੰਚਣ ਦੀ ਉਮੀਦ ਹੈ।
“ਆਮ ਦਿਨਾਂ ਵਿੱਚ ਦੁੱਧ ਦੀ ਸਪਲਾਈ ਪੂਰੀ ਰਹਿੰਦੀ ਹੈ ਪਰ ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਦੌਰਾਨ ਦੁੱਧ ਦੀ ਮੰਗ ਅਚਾਨਕ 20 ਫੀਸਦ ਤੋਂ 30 ਫੀਸਦ ਤੱਕ ਵੱਧ ਜਾਂਦੀ ਹੈ। ਅਸਲੀ ਦੁੱਧ ਦਾ ਉਤਪਾਦਨ ਰਾਤੋ–ਰਾਤ ਨਹੀਂ ਵਧਾਇਆ ਜਾ ਸਕਦਾ ਜਿਸ ਕਾਰਨ ਇਸ ਖਲਾਅ (Gap) ਨੂੰ ਭਰਨ ਲਈ ਮਾਫੀਆ ਨਕਲੀ ਦੁੱਧ ਦਾ ਸਹਾਰਾ ਲੈਂਦਾ ਹੈ।” – ਜਤਿੰਦਰ ਸਿੰਘ ਚਹਿਲ, ਮਾਹਿਰ
2018 ਦੀ ਰਿਪੋਰਟ ਮੁਤਾਬਿਕ 68 ਫੀਸਦੀ ਦੁੱਧ ਨਕਲੀ
ਸਾਲ 2018 ਵਿੱਚ ਪਸ਼ੂ ਵੈਲਫੇਅਰ ਬੋਰਡ ਆਫ ਇੰਡੀਆ ਦੇ ਮੈਂਬਰ ਮੋਹਨ ਸਿੰਘ ਆਹਲੂਵਾਲੀਆ ਨੇ ਦੇਸ਼ ਵਿੱਚ ਵਿਕਣ ਵਾਲੇ ਕਰੀਬ 68 ਫੀਸਦੀ ਦੁੱਧ ਅਤੇ ਇਸ ਤੋਂ ਬਣੇ ਉਤਪਾਦਾਂ ਨੂੰ ਨਕਲੀ ਦੱਸਿਆ ਸੀ। ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਵਿੱਚ ਮਿਲਾਵਟ ਦੀ ਪੁਸ਼ਟੀ ਕਰਦਿਆਂ ਆਹਲੂਵਾਲੀਆ ਨੇ ਕਿਹਾ ਕਿ “ਸਭ ਤੋਂ ਵੱਧ ਮਿਲਾਵਟ ਡਿਟਰਜੈਂਟ, ਕਾਸਟਿਕ ਸੋਡਾ, ਗਲੂਕੋਜ਼, ਚਿੱਟੇ ਰੰਗ ਅਤੇ ਰਿਫਾਇੰਡ ਤੇਲ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਦੁੱਧ ਦੀਆਂ ਨਦੀਆਂ ਵਹਾਉਣ ਵਾਲਾ ਪੰਜਾਬ ਵੀ ਇਸ ਤੋਂ ਵਾਂਝਾ ਨਹੀਂ, ਪੰਜਾਬ ਵਿੱਚ ਸਿਰਫ਼ 40 ਫ਼ੀਸਦੀ ਦੁੱਧ ਹੀ ਸ਼ੁੱਧ ਹੈ, ਬਾਕੀ 60 ਫ਼ੀਸਦੀ ਨਕਲੀ ਹੈ। ਪਰ, ਮਿਲਾਵਟ ਖੋਰੀ ਤੇ ਪਾਬੰਦੀ ਲਗਾਉਣ ਵੱਲ ਕਿਸੇ ਦਾ ਧਿਆਨ ਨਹੀਂ ਅਤੇ ਨਾ ਹੀ ਸਰਕਾਰਾਂ ਨੇ ਇਸ ਲਈ ਕੁਝ ਕੀਤਾ ਹੈ। ਡੇਅਰੀ ਫਾਰਮਿੰਗ ਕਿੱਤੇ ‘ਚ ਦੁੱਧ ਦੀ ਮਾਤਰਾ ਵਧਾਉਣ ਲਈ ਕੈਮੀਕਲ, ਪੈਸਟੀਸਾਈਡਜ਼ ਦਾ ਇਸਤੇਮਾਲ ਕੀਤਾ ਜਾਂਦਾ, ਮੱਝਾਂ ਗਾਵਾਂ ਨੂੰ ਗੈਰ ਕੁਦਰਤੀ ਤਰੀਕੇ ਨਾਲ ਗਰਭ ਧਾਰਨ ਕਰਵਾਇਆ ਜਾਂਦਾ ਹੈ, ਤਾਂ ਕਿ ਦੁੱਧ ਦੀ ਮਾਤਰਾ ਜਲਦੀ ਤੋਂ ਜਲਦੀ ਵੱਧ ਜਾਵੇ। ਦੁੱਧ ਦੀ ਪੈਦਾਵਾਰ ਵਧਾਉਣ ਲਈ ਮੱਝਾਂ ਗਾਵਾਂ ਨੂੰ ਸਖ਼ਤ ਕੈਮੀਕਲ ਵਾਲੇ ਟੀਕੇ ਲਗਾਏ ਜਾਂਦੇ ਹਨ, ਜੋ ਕਿ ਚੰਗਾ ਨਹੀਂ ਹੈ। ਇਹ ਰਿਪੋਰਟ 2018 ਦੀ ਹੈ ਜਦਕਿ ਅੱਜ ਦੀ ਸਥਿਤੀ ਇਸਤੋਂ ਵੀ ਚਾਰ ਰਤੀਆਂ ਵੱਧ ਹੋਵੇਗੀ।”
ਕੀ ਨਕਲੀ ਦੁੱਧ ਦੀ ਸਮੱਸਿਆ ਸਿਰਫ਼ ਪੰਜਾਬ ਵਿੱਚ ਹੈ ?
ਹੈਲਥ ਕੋਚ ਦਲੀਪ ਸਿੰਘ ਕਹਿੰਦੇ ਹਨ ਕਿ “ਨਕਲੀ ਦੁੱਧ ਦੀ ਸਮੱਸਿਆ ਸਿਰਫ਼ ਪੰਜਾਬ ਵਿੱਚ ਹੀ ਨਹੀਂ ਹੈ, ਇਹ ਪੂਰੇ ਭਾਰਤ ਵਿੱਚ ਪਾਈ ਜਾਂਦੀ ਹੈ। ਹਾਲਾਂਕਿ ਪੰਜਾਬ, ਹਰਿਆਣਾ ਅਤੇ ਯੂਪੀ ਵਰਗੇ ਉੱਤਰੀ ਰਾਜਾਂ ਵਿੱਚ ਤਿਉਹਾਰਾਂ ਦੌਰਾਨ ਪਨੀਰ ਅਤੇ ਖੋਏ ਦੀ ਵੱਧ ਮੰਗ ਕਾਰਨ ਇਹ ਸਮੱਸਿਆ ਹੋਰ ਵੱਧ ਦੇਖਣ ਨੂੰ ਮਿਲਦੀ ਹੈ। ਵੱਡੇ ਸ਼ਹਿਰਾਂ ਜਿਵੇਂ ਦਿੱਲੀ, ਮੁੰਬਈ ਅਤੇ ਬੈਂਗਲੁਰੂ ਵਿੱਚ ਵੀ ਢਿੱਲੇ ਦੁੱਧ ਦੀ ਸਪਲਾਈ ਚੇਨ ਕਾਰਨ ਪਾਣੀ ਅਤੇ ਯੂਰੀਆ ਵਰਗੀ ਮਿਲਾਵਟ ਆਮ ਹੈ। ਇਸ ਲਈ ਇਹ ਇੱਕ ਰਾਸ਼ਟਰੀ ਪੱਧਰ ਦੀ ਸਮੱਸਿਆ ਹੈ, ਜਿਸ ਨਾਲ ਨਿਪਟਣ ਲਈ ਸਰਕਾਰ ਵੱਲੋਂ ਟੈਸਟਿੰਗ ਅਤੇ ਨਿਗਰਾਨੀ ਵਧਾਈ ਜਾ ਰਹੀ ਹੈ।”
ਖਾਦ ਮਿਲਾਵਟ ਅਤੇ ਕਾਨੂੰਨੀ ਢਾਂਚਾ
ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਰਣਬੀਰ ਸਿੰਘ ਚੌਹਾਨ ਕਹਿੰਦੇ ਹਨ “ਖਾਦ ਉਦਯੋਗ ਵਿੱਚ ਖਾਣ–ਪੀਣ ਦੀਆਂ ਵਸਤੂਆਂ ਦੀ ਤਿਆਰੀ, ਪੈਕਿੰਗ, ਪ੍ਰੋਸੈਸਿੰਗ ਅਤੇ ਵੰਡ ਸ਼ਾਮਲ ਹੁੰਦੇ ਹਨ, ਜੋ ਲੋਕਾਂ ਦੀ ਸਿਹਤ ‘ਤੇ ਸਿੱਧਾ ਅਸਰ ਪਾਂਦੇ ਹਨ। ਖਾਦ ਮਿਲਾਵਟ ਦਾ ਅਰਥ ਹੈ ਖਾਣ ਵਾਲੀ ਚੀਜ਼ ਵਿੱਚ ਕਿਸੇ ਪਦਾਰਥ ਨੂੰ ਮਿਲਾਉਣਾ ਜਾਂ ਉਸ ਵਿੱਚੋਂ ਕੁਝ ਹਟਾਉਣਾ, ਜਿਸ ਨਾਲ ਉਸਦੀ ਗੁਣਵੱਤਾ ਘਟ ਜਾਂਦੀ ਹੈ। ਭਾਰਤ ਵਿੱਚ ਇਹ ਸਮੱਸਿਆ ਵਧ ਰਹੀ ਹੈ, ਜਿਸਦਾ ਸਬੂਤ FSSAI ਦੇ ਸਰਵੇ ਵਿੱਚ ਮਿਲਦਾ ਹੈ ਜਿਸ ਵਿੱਚ ਲੱਗਭਗ 70 ਫੀਸਦ ਦੁੱਧ ਵਿੱਚ ਮਿਲਾਵਟ ਪਾਈ ਗਈ। ਇਸ ਨੂੰ ਰੋਕਣ ਲਈ ਪਹਿਲਾਂ Prevention of Food Adulteration Act, 1954 ਲਾਗੂ ਸੀ, ਜਿਸਦੀ ਥਾਂ ਹੁਣ Food Safety and Standards Act, 2006 ਨੇ ਲੈ ਲਈ ਹੈ। ਇਸ ਕਾਨੂੰਨ ਅਧੀਨ FSSAI ਦੀ ਸਥਾਪਨਾ ਕੀਤੀ ਗਈ ਹੈ, ਜੋ ਖਾਦ ਸੁਰੱਖਿਆ ਅਤੇ ਮਿਆਰਾਂ ਨੂੰ ਨਿਯੰਤਰਿਤ ਕਰਦੀ ਹੈ ਅਤੇ ਦੇਸ਼ ਭਰ ਵਿੱਚ ਇਸ ਦੀ ਲਾਗੂਅੰਦੀ ਯਕੀਨੀ ਬਣਾਉਂਦੀ ਹੈ। ਹੁਣ FSSAI ਐਕਟ ਦੇ ਲਾਗੂ ਹੋਣ ਤੋਂ ਬਾਅਦ ਲਗਭਗ ਸਾਰੀਆਂ ਖਾਣ–ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਲਈ ਕਾਨੂੰਨ ਦੇ ਤਹਿਤ ਕਾਫ਼ੀ ਸਜ਼ਾ ਨਿਰਧਾਰਤ ਕੀਤੀ ਗਈ ਹੈ ਪਰ ਇਸਦੀ ਸਫਲਤਾ ਕਾਨੂੰਨ ਨੂੰ ਇਸਦੀ ਅਸਲ ਭਾਵਨਾ ਨਾਲ ਲਾਗੂ ਕਰਨ ‘ਤੇ ਨਿਰਭਰ ਕਰੇਗੀ।”
ਅੰਕੜੇ ਅਤੇ FSSAI ਦੀਆਂ ਰਿਪੋਰਟਾਂ ਕੀ ਕਹਿੰਦੀਆਂ ਹਨ ?
ਭਾਰਤੀ ਫੂਡ ਸੇਫਟੀ ਅਤੇ ਸਟੈਂਡਰਡ ਅਥਾਰਟੀ (FSSAI) ਦੇ ਤਾਜ਼ਾ ਅੰਕੜੇ ਬੇਹੱਦ ਚਿੰਤਾਜਨਕ ਹਨ ਅਤੇ ਚੰਨੀ ਦੇ ਦਾਅਵਿਆਂ ਨੂੰ ਕਾਫੀ ਹੱਦ ਤੱਕ ਸਹੀ ਸਾਬਤ ਕਰਦੇ ਹਨ। ਕੇਂਦਰੀ ਸਿਹਤ ਮੰਤਰਾਲੇ ਦੀਆਂ ਰਿਪੋਰਟਾਂ ਮੁਤਾਬਿਕ ਪੰਜਾਬ ਵਿੱਚ 2024-25 ਦੌਰਾਨ ਲਏ ਗਏ ਦੁੱਧ, ਪਨੀਰ ਅਤੇ ਹੋਰ ਡੇਅਰੀ ਉਤਪਾਦਾਂ ਦੇ ਸੈਂਪਲਾਂ ਵਿੱਚੋਂ ਲੱਗਭਗ 47 ਫੀਸਦ ਟੈਸਟ ਵਿੱਚ ਫੇਲ੍ਹ ਹੋਏ ਹਨ। ਇਸ ਵਿੱਚ ਸਭ ਤੋਂ ਮਾੜੀ ਹਾਲਤ ਪਨੀਰ ਦੀ ਹੈ ਜਿਸ ਵਿੱਚ ਸਭ ਤੋਂ ਜ਼ਿਆਦਾ ਮਿਲਾਵਟ ਮਿਲੀ ਹੈ। ਇੰਡੀਅਨ ਰਾਈਸ ਐਕਸਪੋਰਟ ਫੈਡਰੇਸ਼ਨ ਦੇ ਮੁਤਾਬਿਕ ਇਹ ਮਹਾਂਮਾਰੀ ਸਿਰਫ਼ ਪੰਜਾਬ ਤੱਕ ਸੀਮਤ ਨਹੀਂ। ਗੁਆਂਢੀ ਸੂਬੇ ਹਰਿਆਣਾ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ 1,451 ਵਿੱਚੋਂ 529 ਅਤੇ ਉੱਤਰ ਪ੍ਰਦੇਸ਼ ਵਿੱਚ 12,945 ਵਿੱਚੋਂ 8,299 ਸੈਂਪਲ ਅਸੁਰੱਖਿਅਤ ਪਾਏ ਗਏ ਹਨ। ਪੰਜਾਬ ਦੇ ਲੁਧਿਆਣਾ, ਪਟਿਆਲਾ, ਅਤੇ ਰਾਜਪੁਰਾ ਵਰਗੇ ਸ਼ਹਿਰਾਂ ਵਿੱਚ ਸਿਹਤ ਵਿਭਾਗ ਵੱਲੋਂ ਲਗਾਤਾਰ ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਪਨੀਰ ਜ਼ਬਤ ਕੀਤਾ ਜਾ ਰਿਹਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਇੱਕ ਜਨਹਿਤ ਪਟੀਸ਼ਨ ਮੁਤਾਬਿਕ ਪੰਜਾਬ ਦੇ ਬਜ਼ਾਰਾਂ ਵਿੱਚ 21 ਫੀਸਦ ਦੇਸੀ ਘਿਓ ਅਤੇ 26 ਫੀਸਦ ਖੋਏ ਦੇ ਸੈਂਪਲ ਤੈਅ ਮਾਪਦੰਡਾਂ ‘ਤੇ ਖਰੇ ਨਹੀਂ ਉੱਤਰੇ।
ਪਸ਼ੂ ਘਟੇ, ਆਬਾਦੀ ਵਧੀ ਫਿਰ ਦੁੱਧ ਕਿੱਥੋਂ ਆ ਰਿਹਾ ਹੈ ?
ਪੰਜਾਬ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਖਾਸ ਕਰਕੇ ਦੁੱਧ ਅਤੇ ਡੇਅਰੀ ਉਤਪਾਦਾਂ ਵਿੱਚ ਹੋ ਰਹੀ ਮਿਲਾਵਟਖੋਰੀ ਇੱਕ ਗੰਭੀਰ ਜਨਤਕ ਸਿਹਤ ਸੰਕਟ ਬਣ ਚੁੱਕੀ ਹੈ। ਇਸ ਗੰਭੀਰ ਮੁੱਦੇ ‘ਤੇ ਮਾਹਿਰ ਜੀਵ ਵਿਗਿਆਨੀ ਡਾ. ਮਹਿੰਦਰ ਕੌਰ ਗਰੇਵਾਲ ਨੇ ਹੈਰਾਨੀਜਨਕ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਨਕਲੀ ਦੁੱਧ ਦੇ ਕਾਰੋਬਾਰ ਦੀਆਂ ਪਰਤਾਂ ਖੋਲ੍ਹਦਿਆਂ ਦੱਸਿਆ ਕਿ ਕਿਵੇਂ ਮਿਲਾਵਟਖੋਰ ਸਾਡੀਆਂ ਰਸੋਈਆਂ ਤੱਕ ਮੌਤ ਪਰੋਸ ਰਹੇ ਹਨ। ਡਾ. ਗਰੇਵਾਲ ਨੇ ਜ਼ਮੀਨੀ ਹਕੀਕਤ ਬਿਆਨ ਕਰਦਿਆਂ ਇੱਕ ਬਹੁਤ ਹੀ ਤਰਕਪੂਰਨ ਸਵਾਲ ਚੁੱਕਿਆ ਹੈ। ਉਨ੍ਹਾਂ ਕਿਹਾ “ਜੇ ਅਸੀਂ ਅੱਜ ਪਿੰਡਾਂ ਵੱਲ ਝਾਤ ਮਾਰੀਏ ਤਾਂ ਪਹਿਲਾਂ ਦੇ ਮੁਕਾਬਲੇ ਦੁਧਾਰੂ ਪਸ਼ੂਆਂ ਦੀ ਗਿਣਤੀ ਬਹੁਤ ਘੱਟ ਗਈ ਹੈ। ਦੂਜੇ ਪਾਸੇ ਸਾਡੀ ਆਬਾਦੀ ਕਈ ਗੁਣਾ ਵੱਧ ਚੁੱਕੀ ਹੈ। ਅਜਿਹੇ ਵਿੱਚ ਬਾਜ਼ਾਰਾਂ ਵਿੱਚ ਜੋ ਇੰਨੀ ਵੱਡੀ ਮਾਤਰਾ ਵਿੱਚ ਦੁੱਧ ਵਿਕ ਰਿਹਾ ਹੈ, ਉਹ ਕਿੱਥੋਂ ਆ ਰਿਹਾ ਹੈ? ਇਹ ਸਿੱਧਾ ਇਸ਼ਾਰਾ ਕਰਦਾ ਹੈ ਕਿ ਸਪਲਾਈ ਅਤੇ ਮੰਗ ਦੇ ਇਸ ਵੱਡੇ ਪਾੜੇ ਨੂੰ ਭਰਨ ਲਈ ਸਿੰਥੈਟਿਕ ਅਤੇ ਨਕਲੀ ਦੁੱਧ ਦਾ ਸਹਾਰਾ ਲਿਆ ਜਾ ਰਿਹਾ ਹੈ।”
“ਨਕਲੀ ਦੁੱਧ ਬਣਾਉਣ ਲਈ ਯੂਰੀਆ (ਖਾਦ) ਅਤੇ ਹੋਰ ਖਤਰਨਾਕ ਕੈਮੀਕਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪ੍ਰਦੂਸ਼ਣ ਅਤੇ ਫੂਡ ਚੇਨ (Food Chain) ਵਿੱਚ ਜ਼ਹਿਰ ਰਲਣ ਕਾਰਨ ਹੁਣ ਮਾਂ ਦੇ ਦੁੱਧ ਵਿੱਚ ਵੀ ਡੀ.ਡੀ.ਟੀ. (DDT) ਵਰਗੇ ਤੱਤ ਪਾਏ ਜਾਣ ਲੱਗੇ ਹਨ, ਤਾਂ ਇਹ ਬਾਜ਼ਾਰੀ ਨਕਲੀ ਦੁੱਧ ਕਿੰਨਾ ਖਤਰਨਾਕ ਹੋਵੇਗਾ, ਇਸਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਜਦੋਂ ਦੁੱਧ ਹੀ ਨਕਲੀ ਹੈ ਤਾਂ ਉਸ ਤੋਂ ਬਣਨ ਵਾਲਾ ਪਨੀਰ ਅਤੇ ਖੋਆ ਵੀ ਪੂਰੀ ਤਰ੍ਹਾਂ ਨਕਲੀ ਹੈ। ਕੁਇੰਟਲਾਂ ਦੇ ਹਿਸਾਬ ਨਾਲ ਵਿਕ ਰਿਹਾ ਨਕਲੀ ਪਨੀਰ ਖਾਸ ਕਰਕੇ ਸ਼ਾਕਾਹਾਰੀ ਲੋਕਾਂ ਲਈ ਵੱਡਾ ਖਤਰਾ ਹੈ। ਸ਼ਾਕਾਹਾਰੀ ਲੋਕ ਪ੍ਰੋਟੀਨ ਲਈ ਪਨੀਰ ‘ਤੇ ਨਿਰਭਰ ਕਰਦੇ ਹਨ ਪਰ ਇਹ ਨਕਲੀ ਪਨੀਰ ਉਨ੍ਹਾਂ ਨੂੰ ਤਾਕਤ ਦੇਣ ਦੀ ਬਜਾਏ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣਾ ਰਿਹਾ ਹੈ।”– ਡਾ. ਮਹਿੰਦਰ ਕੌਰ ਗਰੇਵਾਲ, ਮਾਹਿਰ ਜੀਵ ਵਿਗਿਆਨੀ
ਅਸਲੀ ਦੁੱਧ ਦੀ ਕੀਮਤ ਅਤੇ ਆਰਥਿਕਤਾ
ਡਾ. ਗਰੇਵਾਲ ਨੇ ਕਿਹਾ ਕਿ “ਪਸ਼ੂ ਪਾਲ ਕੇ ਸ਼ੁੱਧ ਦੁੱਧ ਪੈਦਾ ਕਰਨਾ ਅੱਜ ਦੇ ਸਮੇਂ ਵਿੱਚ ਬਹੁਤ ਮਹਿੰਗਾ ਸੌਦਾ ਹੈ। ਨਕਲੀ ਦੁੱਧ ਮਾਫੀਆ ਸਸਤੇ ਵਿੱਚ ਜ਼ਹਿਰ ਤਿਆਰ ਕਰਕੇ ਉਸ ਨੂੰ ਅਸਲੀ ਦੁੱਧ ਦੇ ਭਾਅ ‘ਤੇ ਵੇਚ ਰਿਹਾ ਹੈ। ਜੇਕਰ ਅਸਲੀ ਪਸ਼ੂ ਪਾਲਕ ਸ਼ੁੱਧ ਦੁੱਧ ਦੀ ਸਹੀ ਅਤੇ ਵੱਧ ਕੀਮਤ ਮੰਗਦਾ ਹੈ ਤਾਂ ਲੋਕ ਖਰੀਦਣ ਤੋਂ ਝਿਜਕਦੇ ਹਨ। ਜਦੋਂ ਤੱਕ ਜਨਤਾ ਜਾਗਰੂਕ ਹੋ ਕੇ ਸ਼ੁੱਧ ਚੀਜ਼ ਦੀ ਸਹੀ ਕੀਮਤ ਦੇਣ ਲਈ ਤਿਆਰ ਨਹੀਂ ਹੁੰਦੀ ਉਦੋਂ ਤੱਕ ਨਾ ਤਾਂ ਪਸ਼ੂ ਪਾਲਕ ਬਚੇਗਾ ਅਤੇ ਨਾ ਹੀ ਸਾਡੀ ਸਿਹਤ।” ਡਾ. ਗਰੇਵਾਲ ਮੁਤਾਬਿਕ ਸਰਕਾਰ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਵੱਲੋਂ ਸਖ਼ਤ ਨਿਯਮ ਬਣਾਏ ਗਏ ਹਨ। ਕਿਸੇ ਵੀ ਡੇਅਰੀ ਕਾਰੋਬਾਰ ਲਈ ਰਜਿਸਟ੍ਰੇਸ਼ਨ ਅਤੇ ਲਾਇਸੈਂਸ ਲਾਜ਼ਮੀ ਹੈ, ਪਰ ਜ਼ਮੀਨੀ ਪੱਧਰ ‘ਤੇ ਇਸਦੀ ਪਾਲਣਾ ਅਤੇ ਚੈਕਿੰਗ ਬਹੁਤ ਕਮਜ਼ੋਰ ਹੈ। ਆਮ ਲੋਕਾਂ ਲਈ ਘਰਾਂ ਵਿੱਚ ਦੁੱਧ ਦੀ ਟੈਸਟਿੰਗ ਕਰਨਾ ਵੀ ਆਸਾਨ ਨਹੀਂ ਹੈ।
ਨਕਲੀ ਉਤਪਾਦਾਂ ਦੀ ਪਛਾਣ ਕਿਵੇਂ ਕਰੀਏ ?
ਡਾ. ਮਹਿੰਦਰ ਕੌਰ ਗਰੇਵਾਲ ਕਹਿੰਦੇ ਹਨ ਕਿ “ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕੁਝ ਆਸਾਨ ਘਰੇਲੂ ਤਰੀਕੇ ਦੱਸੇ ਹਨ, ਜਿਨ੍ਹਾਂ ਨਾਲ ਅਸੀਂ ਇਸ ਜ਼ਹਿਰ ਨੂੰ ਆਪਣੇ ਘਰਾਂ ਵਿੱਚ ਆਉਣ ਤੋਂ ਰੋਕ ਸਕਦੇ ਹਾਂ। ਜਿਵੇਂ ਕਿ ਥੋੜ੍ਹਾ ਜਿਹਾ ਦੁੱਧ ਇੱਕ ਕੱਚ ਦੀ ਸ਼ੀਸ਼ੀ ਵਿੱਚ ਪਾ ਕੇ ਜ਼ੋਰ ਨਾਲ ਹਿਲਾਓ। ਜੇਕਰ ਉਸ ਵਿੱਚ ਸਾਬਣ ਵਰਗੀ ਸੰਘਣੀ ਝੱਗ ਬਣਦੀ ਹੈ ਜੋ ਦੇਰ ਤੱਕ ਖਤਮ ਨਹੀਂ ਹੁੰਦੀ ਤਾਂ ਇਹ ਪੱਕਾ ਹੈ ਕਿ ਉਸ ਵਿੱਚ ਡਿਟਰਜੈਂਟ ਮਿਲਿਆ ਹੋਇਆ ਹੈ। ਦੁੱਧ ਵਿੱਚ ਅੱਧਾ ਚਮਚ ਸੋਇਆਬੀਨ ਜਾਂ ਅਰਹਰ ਦੀ ਦਾਲ ਦਾ ਪਾਊਡਰ ਮਿਲਾ ਕੇ 5 ਮਿੰਟ ਰੱਖੋ। ਫਿਰ ਉਸ ਵਿੱਚ ਲਿਟਮਸ ਪੇਪਰ ਡੁਬੋਵੋ। ਜੇਕਰ ਲਾਲ ਲਿਟਮਸ ਪੇਪਰ ਨੀਲਾ ਹੋ ਜਾਵੇ ਤਾਂ ਦੁੱਧ ਵਿੱਚ ਯੂਰੀਆ ਮੌਜੂਦ ਹੈ। ਪਨੀਰ ਦੇ ਟੁਕੜੇ ਨੂੰ ਹੱਥਾਂ ਨਾਲ ਮਸਲ ਕੇ ਦੇਖੋ। ਜੇਕਰ ਉਹ ਰਬੜ ਵਾਂਗ ਖਿੱਚਣ ਦੀ ਬਜਾਏ ਆਟੇ ਵਾਂਗ ਭੁਰਨ ਲੱਗੇ ਤਾਂ ਉਹ ਨਕਲੀ ਹੋ ਸਕਦਾ ਹੈ। ਇਸ ਤੋਂ ਇਲਾਵਾ ਪਨੀਰ ਨੂੰ ਪਾਣੀ ਵਿੱਚ ਉਬਾਲ ਕੇ ਉਸ ਵਿੱਚ ਆਇਓਡੀਨ ਦੇ ਕੁਝ ਕਤਰੇ ਪਾਓ। ਜੇਕਰ ਰੰਗ ਨੀਲਾ ਹੋ ਜਾਵੇ ਤਾਂ ਇਸ ਦਾ ਮਤਲਬ ਹੈ ਕਿ ਉਸ ਵਿੱਚ ਸਟਾਰਚ ਮਿਲਾਇਆ ਗਿਆ ਹੈ। ਡਾ. ਮਹਿੰਦਰ ਕੌਰ ਗਰੇਵਾਲ ਕਹਿੰਦੇ ਹਨ ਕਿ ਇਹਨਾਂ ਤਰੀਕਿਆਂ ਨਾਲ ਅਸੀਂ ਆਪਣੇ ਘਰ ਵਿਚ ਨਕਲੀ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਪਛਾਣ ਕਰ ਸਕਦੇ ਹਾਂ।”
ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006
ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਸਿਮਰਨਜੀਤ ਸਿੰਘ ਕਹਿੰਦੇ ਹਨ “ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਇੱਕ ਮਹੱਤਵਪੂਰਨ ਕਾਨੂੰਨ ਹੈ ਜੋ ਭਾਰਤ ਵਿੱਚ ਖਾਣ–ਪੀਣ ਦੀਆਂ ਚੀਜ਼ਾਂ ਨੂੰ ਸੁਰੱਖਿਅਤ ਬਣਾਉਣ ਲਈ ਬਣਾਇਆ ਗਿਆ ਹੈ। ਇਸ ਕਾਨੂੰਨ ਅਧੀਨ FSSAI ਨਾਂ ਦੀ ਸੰਸਥਾ ਕੰਮ ਕਰਦੀ ਹੈ ਜੋ ਇਹ ਯਕੀਨੀ ਬਣਾਉਂਦੀ ਹੈ ਕਿ ਲੋਕਾਂ ਨੂੰ ਸਾਫ਼ ਅਤੇ ਸਿਹਤਮੰਦ ਭੋਜਨ ਮਿਲੇ। ਇਹ ਕਾਨੂੰਨ ਛੋਟੇ ਦੁਕਾਨਦਾਰ ਤੋਂ ਲੈ ਕੇ ਵੱਡੀਆਂ ਕੰਪਨੀਆਂ ਤੱਕ ਸਭ ‘ਤੇ ਲਾਗੂ ਹੁੰਦਾ ਹੈ ਅਤੇ ਭੋਜਨ ਬਣਾਉਣ ਤੋਂ ਲੈ ਕੇ ਵੇਚਣ ਤੱਕ ਸਾਰੇ ਕੰਮਾਂ ‘ਤੇ ਨਿਗਰਾਨੀ ਰੱਖਦਾ ਹੈ। ਜੇ ਕੋਈ ਵਿਅਕਤੀ ਇਸ ਕਾਨੂੰਨ ਦੀ ਉਲੰਘਣਾ ਕਰਦਾ ਹੈ, ਤਾਂ ਉਸਨੂੰ ਸਖ਼ਤ ਸਜ਼ਾ ਮਿਲ ਸਕਦੀ ਹੈ।”
“ਜੇ ਮਿਲਾਵਟੀ ਭੋਜਨ ਨਾਲ ਕਿਸੇ ਨੂੰ ਹਲਕਾ ਨੁਕਸਾਨ ਹੁੰਦਾ ਹੈ, ਤਾਂ 3 ਤੋਂ 6 ਮਹੀਨੇ ਤੱਕ ਕੈਦ ਅਤੇ 1 ਤੋਂ 3 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ। ਜੇ ਨੁਕਸਾਨ ਵੱਧ ਹੋਵੇ, ਤਾਂ ਸਜ਼ਾ 1 ਸਾਲ ਜਾਂ 6 ਸਾਲ ਤੱਕ ਵੀ ਹੋ ਸਕਦੀ ਹੈ। ਜੇ ਕਿਸੇ ਦੀ ਮੌਤ ਹੋ ਜਾਵੇ, ਤਾਂ ਘੱਟੋ–ਘੱਟ 7 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਅਤੇ ਘੱਟੋ–ਘੱਟ 10 ਲੱਖ ਰੁਪਏ ਜੁਰਮਾਨਾ ਲਾਜ਼ਮੀ ਹੈ। ਇਸ ਤੋਂ ਇਲਾਵਾ, ਬਿਨਾਂ ਲਾਇਸੈਂਸ ਕਾਰੋਬਾਰ ਕਰਨ ‘ਤੇ 6 ਮਹੀਨੇ ਤੱਕ ਕੈਦ ਅਤੇ 5 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ। ਗਲਤ ਇਸ਼ਤਿਹਾਰ ਦੇਣ ਜਾਂ ਝੂਠੀ ਜਾਣਕਾਰੀ ਦੇਣ ‘ਤੇ ਵੀ 10 ਲੱਖ ਤੱਕ ਜੁਰਮਾਨਾ ਲੱਗ ਸਕਦਾ ਹੈ। ਜੇ ਕੋਈ ਵਾਰ–ਵਾਰ ਗਲਤੀ ਕਰਦਾ ਹੈ, ਤਾਂ ਉਸਦੀ ਸਜ਼ਾ ਹੋਰ ਵੱਧ ਸਕਦੀ ਹੈ ਅਤੇ ਹਰ ਦਿਨ ਦੇ ਹਿਸਾਬ ਨਾਲ ਜੁਰਮਾਨਾ ਵੀ ਲੱਗ ਸਕਦਾ ਹੈ।”– ਸਿਮਰਨਜੀਤ ਸਿੰਘ, ਸੀਨੀਅਰ ਵਕੀਲ
ਕਾਨੂੰਨ ਹੈ ਪਰ ਲਾਗੂ ਨਹੀਂ !
ਐਡਵੋਕੇਟ ਸਿਮਰਨਜੀਤ ਸਿੰਘ ਕਹਿੰਦੇ ਹਨ ਕਿ “ਭੋਜਨ ਵਿਚ ਮਿਲਾਵਟ ਅਤੇ ਬੇਨਿਯਮੀਆਂ ਰੋਕਣ ਲਈ ਇਸ ਐਕਟ ਵਿਚ ਸਖ਼ਤ ਤਜਵੀਜ਼ਾਂ ਹਨ ਪਰ ਤ੍ਰਾਸਦੀ ਇਹ ਹੈ ਕਿ ਇਹ ਕਾਨੂੰਨ ਧਰਾਤਲ ’ਤੇ ਪੂਰੀ ਤਰ੍ਹਾਂ ਲਾਗੂ ਨਹੀਂ ਹੈ। ਸੈਂਪਲਿੰਗ ਕਰਨ ਵਾਲੇ ਅਧਿਕਾਰੀਆਂ ਤੋਂ ਲੈ ਕੇ ਟੈਸਟਿੰਗ ਤੱਕ ਸਭ ਥਾਂ ਭ੍ਰਿਸ਼ਟਾਚਾਰ ਚੱਲਦਾ ਹੈ। ਡੀਐਚਓ ਤੋਂ ਲੈ ਕੇ ਡਾਕਟਰ ਤੱਕ ਇਸ ਕਾਨੂੰਨ ਨੂੰ ਛਿੱਕੇ ਟੰਗਦੇ ਹਨ ਅਤੇ ਮਿਲਾਵਟਖੋਰਾਂ ਤੋਂ ਰਿਸ਼ਵਤ ਅਤੇ ਵਸੂਲੀ ਕਰਕੇ ਉੇਹਨਾਂ ਦੇ ਸੈਂਪਲ ਤੱਕ ਪਾਸ ਕਰ ਦਿੱਤੇ ਜਾਂਦੇ ਹਨ। ਜਦਕਿ ਇਹ ਆਮ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੈ। ਜਿਸ ਤਰੀਕੇ ਨਾਲ ਇਸ ਕਾਨੂੰਨ ਵਿਚ ਸਖ਼ਤ ਧਰਾਵਾਂ ਹਨ ਉਸ ਸਖ਼ਤੀ ਨਾਲ ਇਸ ਨੂੰ ਲਾਗੂ ਵੀ ਕੀਤਾ ਜਾਣਾ ਚਾਹੀਦਾ ਹੈ।”
ਨਕਲੀ ਦੁੱਧ ਦੇ ਸਿਹਤ ‘ਤੇ ਮਾੜੇ ਪ੍ਰਭਾਵ
ਪੰਜਾਬ ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਵਿੱਚ ਹੋ ਰਹੀ ਮਿਲਾਵਟ ਨੂੰ ਲੈ ਕੇ ਪ੍ਰਸਿੱਧ ਮਾਹਿਰ ਡਾ. ਐਚ.ਐਸ. ਖਰਬੰਦਾ ਨੇ ਬੇਹੱਦ ਚਿੰਤਾਜਨਕ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ “ਪੰਜਾਬ ਵਿੱਚ ਮਿਲ ਰਿਹਾ ਮਿਲਾਵਟੀ ਦੁੱਧ ਸਿਰਫ਼ ਦੁੱਧ ਨਹੀਂ, ਸਗੋਂ ‘ਹੌਲੀ ਜ਼ਹਿਰ‘ ਵਾਂਗ ਕੰਮ ਕਰ ਰਿਹਾ ਹੈ, ਜੋ ਸਿੱਧਾ ਮਨੁੱਖ ਦੇ ਲਿਵਰ ਅਤੇ ਗੁਰਦਿਆਂ (Kidneys) ‘ਤੇ ਹਮਲਾ ਕਰਦਾ ਹੈ। ਪੰਜਾਬ ਵਿੱਚ ਦੁੱਧ ਦੀ ਜਿੰਨੀ ਪੈਦਾਵਾਰ ਹੁੰਦੀ ਹੈ, ਉਸ ਦੇ ਮੁਕਾਬਲੇ ਖਪਤ 25 ਤੋਂ 30 ਫ਼ੀਸਦੀ ਜ਼ਿਆਦਾ ਹੈ। ਤਿਉਹਾਰਾਂ ਦੇ ਦਿਨਾਂ ਵਿੱਚ ਇਹ ਖਪਤ 50 ਤੋਂ 70 ਫ਼ੀਸਦੀ ਤੱਕ ਵਧ ਜਾਂਦੀ ਹੈ।”
“ਜੇਕਰ ਪੈਦਾਵਾਰ ਘੱਟ ਹੈ ਤਾਂ ਇਹ ਵਾਧੂ ਦੁੱਧ ਅਤੇ ਪਨੀਰ ਕਿੱਥੋਂ ਆ ਰਿਹਾ ਹੈ ? ਉਨ੍ਹਾਂ ਦੱਸਿਆ ਕਿ “ਇਹ ਸਾਰਾ ਮਿਲਾਵਟੀ ਮਾਲ ਗੁਆਂਢੀ ਸੂਬਿਆਂ ਤੋਂ ਆਉਂਦਾ ਹੈ, ਜੋ ਪੂਰੀ ਤਰ੍ਹਾਂ ਕੈਮੀਕਲ ਅਤੇ ਯੂਰੀਆ ‘ਤੇ ਅਧਾਰਿਤ ਹੁੰਦਾ ਹੈ। ਨਕਲੀ ਦੁੱਧ ਗੁਰਦੇ ਅਤੇ ਲੀਵਰ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਕਿਉਂਕਿ ਗੁਰਦਿਆਂ ਦਾ ਕੰਮ ਸਰੀਰ ਵਿੱਚੋਂ ਗੰਦਗੀ ਕੱਢਣਾ ਹੈ ਅਤੇ ਲਿਵਰ ਚੰਗੀਆਂ ਚੀਜ਼ਾਂ ਨੂੰ ਸੋਖਦਾ ਹੈ, ਇਸ ਲਈ ਕੈਮੀਕਲ ਵਾਲਾ ਦੁੱਧ ਇਨ੍ਹਾਂ ਦੋਵਾਂ ਅੰਗਾਂ ਨੂੰ ਬੁਰੀ ਤਰ੍ਹਾਂ ਫੇਲ੍ਹ ਕਰ ਦਿੰਦਾ ਹੈ। ਆਮ ਜਨਤਾ ਜਿਸ ਨੂੰ ਸਭ ਤੋਂ ਪੌਸ਼ਟਿਕ ਖੁਰਾਕ ਸਮਝ ਕੇ ਪੀ ਰਹੀ ਹੈ, ਉਸ ਵਿੱਚ ਯੂਰੀਆ ਵਰਗੇ ਖ਼ਤਰਨਾਕ ਤੱਤ ਮਿਲੇ ਹੁੰਦੇ ਹਨ।” –ਡਾ. ਐਚ.ਐਸ. ਖਰਬੰਦਾ
ਮਨੁੱਖੀ ਸਰੀਰ ਲਈ ਖ਼ਤਰਨਾਕ ਹੈ ਨਕਲੀ ਦੁੱਧ
ਡਾ. ਖਰਬੰਦਾ ਨੇ ਦੱਸਿਆ ਕਿ “ਜੇਕਰ ਮਿਲਾਵਟੀ ਦੁੱਧ ਦਾ ਅਸਰ ਵੱਡਿਆਂ ‘ਤੇ 60 ਫ਼ੀਸਦੀ ਹੁੰਦਾ ਹੈ, ਤਾਂ ਬੱਚਿਆਂ ਦੇ ਕੋਮਲ ਸਰੀਰ ‘ਤੇ ਇਸਦਾ ਅਸਰ 90 ਫ਼ੀਸਦੀ ਤੱਕ ਹੁੰਦਾ ਹੈ। ਇਸ ਤੋਂ ਇਲਾਵਾ ਇਸ ਨੂੰ ਪੀਣ ਨਾਲ ਪੇਟ ਦਰਦ, ਉਲਟੀਆਂ, ਦਸਤ ਅਤੇ ਇਨਫੈਕਸ਼ਨ ਹੋ ਸਕਦੇ ਹਨ। ਡਿਟਰਜੈਂਟ ਜਾਂ ਸਟਾਰਚ ਕਾਰਨ ਪੇਟ ਖਰਾਬ ਰਹਿੰਦਾ ਹੈ ਅਤੇ ਹਜ਼ਮ ਕਰਨ ਵਿੱਚ ਦਿੱਕਤ ਆਉਂਦੀ ਹੈ। ਲੰਬੇ ਸਮੇਂ ਤੱਕ ਵਰਤੋਂ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ।
ਮਨੁੱਖੀ ਸਰੀਰ ਲਈ ਖ਼ਤਰਨਾਕ ਹੈ ਨਕਲੀ ਦੁੱਧ
ਡਾ. ਖਰਬੰਦਾ ਨੇ ਦੱਸਿਆ ਕਿ “ਜੇਕਰ ਮਿਲਾਵਟੀ ਦੁੱਧ ਦਾ ਅਸਰ ਵੱਡਿਆਂ ‘ਤੇ 60 ਫ਼ੀਸਦੀ ਹੁੰਦਾ ਹੈ, ਤਾਂ ਬੱਚਿਆਂ ਦੇ ਕੋਮਲ ਸਰੀਰ ‘ਤੇ ਇਸਦਾ ਅਸਰ 90 ਫ਼ੀਸਦੀ ਤੱਕ ਹੁੰਦਾ ਹੈ। ਇਸ ਤੋਂ ਇਲਾਵਾ ਇਸ ਨੂੰ ਪੀਣ ਨਾਲ ਪੇਟ ਦਰਦ, ਉਲਟੀਆਂ, ਦਸਤ ਅਤੇ ਇਨਫੈਕਸ਼ਨ ਹੋ ਸਕਦੇ ਹਨ। ਡਿਟਰਜੈਂਟ ਜਾਂ ਸਟਾਰਚ ਕਾਰਨ ਪੇਟ ਖਰਾਬ ਰਹਿੰਦਾ ਹੈ ਅਤੇ ਹਜ਼ਮ ਕਰਨ ਵਿੱਚ ਦਿੱਕਤ ਆਉਂਦੀ ਹੈ। ਲੰਬੇ ਸਮੇਂ ਤੱਕ ਵਰਤੋਂ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ।
ETV Bharat