ਨਵਦੀਪ ਢੀਂਗਰਾ
ਪਟਿਆਲਾ : ਇਹ ਗੱਲ ਸੌ ਫੀਸਦੀ ਸੱਚ ਹੈ ਕਿ ਪੰਜਾਬ ਗੁਰਾਂ ਦੇ ਨਾਂ ’ਤੇ ਵੱਸਦਾ ਹੈ। ਉਹ ਗੁਰੂ ਜਿਨ੍ਹਾਂ ਸਰਬ ਸਾਂਝੀਵਾਲਤਾ ਦੀ ਬਾਤ ਪਾਉਂਦਿਆਂ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਣਬੋ’ ਦਾ ਸੰਦੇਸ਼ ਦਿੱਤਾ। ਜਿੰਨਾ ਹਿੰਦੂ ਧਰਮ ਦੀ ਰੱਖਿਆ ਲਈ ਸੀਸ ਦਿੱਤਾ। ਜਿੰਨਾ ਜ਼ੁਲਮ ਦੇ ਖ਼ਿਲਾਫ਼ ਆਪਣਾ ਸਰਬੰਸ ਦਾਨ ਕੀਤਾ। ਜਿੰਨਾ ਦੇ ਪੈਰੋਕਾਰ ਹਰ ਧਰਮ ਦੇ ਅਨੁਯਾਈ ਹਨ। ਅੱਜ ਵੀ ਗੁਰਾਂ ਦੇ ਨਾਮ ਤੇ ਵੱਸਦੇ ਪੰਜਾਬ ਵਿੱਚ ਗੁਰਦੁਆਰਿਆਂ ਦੇ ਕਿਸੇ ਕੋਨੇ ਵਿੱਚ ਨਮਾਜ਼ ਅਤਾ ਕਰਦੇ ਮੁਸਲਮਾਨ ਮਿਲ ਜਾਣਗੇ। ਸਵੇਰੇ ਸ਼ਾਮ ਹਾਜ਼ਰੀ ਭਰਦੇ ਹਿੰਦੂਆਂ ਦੀ ਗਿਣਤੀ ਕਰਨੀ ਔਖੀ ਹੈ।
ਮੰਦਰਾਂ ‘ਚ ਲੱਗੀਆਂ ਕਤਾਰਾਂ ‘ਚ ਪੱਗਾਂ ਦਿਸ ਜਾਣਗੀਆਂ ਤੇ ਮੁਸਲਮਾਨ ਪੀਰਾਂ ਦੀ ਦਰਗਾਹ ਤੇ ਮੁਸਲਮਾਨਾਂ ਨਾਲ਼ੋਂ ਹਿੰਦੂ-ਸਿੱਖ ਜ਼ਿਆਦਾ ਮਿਲਣਗੇ। ਪੰਜਾਬ ਭਾਰਤ ਦਾ 16ਵਾਂ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਹੈ ਅਤੇ ਇਸ ਵਿੱਚ ਬਹੁਤ ਸਾਰੇ ਧਰਮਾਂ ਅਤੇ ਭਾਈਚਾਰਿਆਂ ਦੀ ਆਬਾਦੀ ਹੈ। ਅੱਜ ਦੇ ਦੌਰ ਵਿਚ ਪੰਜਾਬ ਦੇ ਵੱਖਰੇ ਰੰਗਾਂ ਨੂੰ ਵੋਟ ਬੈਂਕ ਵਜੋਂ ਦੇਖਿਆ ਜਾਣ ਲੱਗਿਆ ਹੈ। ਸਿਆਸੀ ਪਾਰਟੀਆਂ ਨੇ ਆਪਣਾ ਵੋਟ ਬੈਂਕ ਮਜਬੂਤ ਕਰ ਲਈ ਜਾਤ ਤੇ ਧਰਮ ਨੂੰ ਮੁੱਦਾ ਬਣਾਇਆ, ਇੰਨਾਂ ਵੰਡੀਆਂ ਵਿਚੋਂ ਲਾਹਾ ਲੈਣ ਲਈ ਭਰਮਾਉਣ ਦੀ ਰਾਜਨੀਤੀ ਜੋਰਾਂ ’ਤੇ ਹੈ। ਭਾਸ਼ਾ, ਧਰਮਾ ਤੇ ਵੱਖ ਵੱਖ ਸੱਭਿਆਚਾਰ ਦੇ ਸੁਮੇਲ ਵਾਲੇ ਪੰਜਾਬ ਸਬੰਧੀ ਨਵਦੀਪ ਢੀਂਗਰਾ ਦੀ ਗਰਾਊਂਡ ਰਿਪੋਰਟ।
2011 ਦੀ ਮਰਦਮਸ਼ੁਮਾਰੀ ਵਿੱਚ, 2.77 ਕਰੋੜ ਆਬਾਦੀ ਵਿੱਚੋਂ, ਲਗਭਗ 1.6 ਕਰੋੜ (57.69%) ਨੇ ਆਪਣੇ ਆਪ ਨੂੰ ਸਿੱਖ ਧਰਮ ਦੇ ਪੈਰੋਕਾਰਾਂ ਵਜੋਂ, 1.06 ਕਰੋੜ (38.49%) ਹਿੰਦੂ ਜਾਂ ਹਿੰਦੂ ਧਰਮ ਦੇ ਪੈਰੋਕਾਰਾਂ ਵਜੋਂ, 5.35 ਲੱਖ (1.93%) ਮੁਸਲਮਾਨ ਅਤੇ 3.48 ਲੱਖ (1.26%) ਈਸਾਈ ਵਜੋਂ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ 0.32% ਨੇ ਕੋਈ ਧਰਮ ਨਹੀਂ ਦੱਸਿਆ ਗਿਆ ਅਤੇ 0.32% ਹੋਰ ਧਰਮ ਹਨ।
ਇਤਿਹਾਸ ਦੱਸਦਾ ਹੈ ਕਿ ਪੁਰਾਣੇ ਪੰਜਾਬ ਦਾ ਘੇਰਾ ਅਫਗਾਨਿਸਤਾਨ ਤੋਂ ਕੁਰੂਕਸ਼ੇਤਰ ਯਮਨਾ (ਜੋ ਹੁਣ ਯਮਨਾ ਨਗਰ) ਤੱਕ ਰਿਹਾ। ਪੁਹਿਲਾਂ ਕਿਸੇ ਖੇਤਰ ਦੀ ਹੱਦਬੰਦੀ ਦਰਿਆ, ਪਹਾੜ, ਮਾਰੂਥਲਾਂ ਨਾਲ ਹੁੰਦੀ ਰਹੀ। ਸਰਹੱਦੀ ਖੇਤਰ ਹੋਣ ਕਰਕੇ ਪੰਜਾਬ ’ਤੇ ਕੇਂਦਰੀ ਏਸ਼ੀਆ, ਮੰਗੋਲ ਤੇ ਅਫਗਾਨੀਆਂ ਵਲੋਂ ਵੀ ਹਮਲੇ ਕੀਤੇ ਜਾਂਦੇ ਰਹੇ। ਇਸ ਦੌਰਾਨ ਵੱਖ ਵੱਖ ਖੇਤਰਾਂ ਦੇ ਕਈ ਲੋਕ ਵਾਪਸ ਜਾਣ ਦੀ ਬਾਏ, ਇਥੇ ਹੀ ਵਸ ਗਏ। ਲਗਾਤਾਰ ਉਥਲ ਪੁੱਥਲ ਦੇ ਬਾਵਜੂਦ ਪੰਜਾਬ ਨੇ ਵੱਖ ਵੱਖ ਧਰਮਾਂ, ਭਾਸ਼ਾ ਤੇ ਸੱਭਿਆਚਾਰ ਨੂੰ ਆਪਣੇ ਝੋਲੀ ਦਾ ਨਿੱਘ ਦਿੱਤਾ ਤੇ ਇਥੋਂ ਹੀ ਰੰਗਲਾ ਪੰਜਾਬ ਬਣਿਆ। ਆਪਣੇ ਧਰਮ ਦੇ ਨਾਲ ਹੋਰ ਧਰਮਾਂ ਦੀ ਆਦਰ ਸਤਿਕਾਰ ਪੰਜਾਬ ਦੇ ਲੋਕਾਂ ਦੀ ਖੁੱਲਦਿਲੀ ਤੇ ਸ਼ਾਂਝੀਵਾਲਤਾ ਦਾ ਪ੍ਰਤੀਕ ਹੈ। ਇਹੀ ਕਾਰਨ ਹੈ ਕਿ ਮੰਦਰਾਂ ਵਿਚ ਹਿੰਦੂਆਂ ਤੇ ਨਾਲ ਸਿੱੱਖ, ਗੁਰਦੁਆਰਿਆਂ ਵਿਚ ਸਿੱਖਾਂ ਦੇ ਨਾਲ ਹਿੰਦੂ ਤੇ ਦਰਗਾਹ ’ਤੇ ਵੱਖ ਵੱਖ ਧਰਮਾਂ ਦੇ ਲੋਕ ਨਤਮਸਤਕ ਹੁੰਦੇ ਹਨ। ਅਸਲ ਵਿਚ ਪੰਜਾਬ ਦੇ ਲੋਕਾਂ ’ਚ ਕਦੇ ਕਿਸੇ ਧਰਮ, ਭਾਸ਼ਾ ਜਾਂ ਸੱਭਿਆਚਾਰ ਨਾਲ ਵੰਡੀਆਂ ਨਹੀਂ ਪਈਆਂ।
ਪੰਜਾਬੀ ਲੋਕ ਧਾਰਾ ਦੇ ਵਿਦਵਾਨ ਡਾ.ਸੁਰਜੀਤ ਸਿੰਘ ਲਈ ਕਹਿੰਦੇ ਹਨ ਕਿ ਪੰਜਾਬ ਜਾਤ ਪਾਤ ਦੇ ਵਖਰੇਵਿਆਂ ਵਿਚ ਵਿਸ਼ਵਾਸ ਨਹੀਂ ਰੱਖਦਾ ਸਗੋਂ ਇਹ ਤਾਂ ਵੱਖ ਵੱਖ ਸੱਭਿਆਚਾਰ, ਸਮਾਜ ਤੇ ਭਾਸ਼ਾਵਾਂ ਦਾ ਸੁਮੇਲ ਹੈ। ਇਸ ਵਿੱਖ ਕੋਈ ਵੰਡੀਆਂ ਨਾ ਕਦੇ ਪਈਆਂ ਤੇ ਨਾ ਪੈ ਸਕਦੀਆਂ ਹਨ। ਸਿਆਸੀ ਲੋਕਾਂ ਵਲੋਂ ਭਾਸ਼ਾ, ਧਰਮ ਤੇ ਜਾਤ ਦੇ ਨਾਮ ’ਤੇ ਵੰਡੀਆਂ ਪਾਈਆਂ ਜਾ ਰਹੀਆਂ ਹਨ, ਜੋਕਿ ਦੁਖਦਾਈ ਹੈ। ਪੰਜਾਬ ਦਾ ਅਸਲ ਮੁੱਦਾ ਇਥੋਂ ਦੀ ਆਰਥਿਕਤਾ, ਸਿਹਤ, ਸਿੱਖਿਆ ਤੇ ਰੁਜਗਾਰ ਹੋਣਾ ਚਾਹੀਦਾ ਹੈ। ਅਫਸੋਸ ਹੈ ਕਿ ਅੱਜ ਦੀ ਸਿਆਸਤ ਅਸਲ ਮੁੱਦਿਆਂ ਪ੍ਰਤੀ ਗੰਭੀਰ ਹੀ ਨਹੀਂ ਹੈ।
ਰੋਜ਼ ਨਮਾਜ਼, ਰੋਜ਼ੇ ਰੱਖਣ ਦੇ ਨਾਲ ਪੈਦਲ ਨੈਣਾ ਦੇਵੀ ਜਾਂਦਾ ਹੈ ਗਗਨਦੀਪ ਖਾਨ
ਭਾਦਸੋਂ ਵਾਸੀ 30 ਸਾਲ ਦਾ ਗਗਨਦੀਪ ਖਾਨ ਦਾ ਪੂਰਾ ਪਰਿਵਾਰ ਮੁਸਲਮਾਨ ਹੈ ਤੇ ਮੁੱਢੋਂ ਹੀ ਚੜਦੇ ਪੰਜਾਬ ਵਿਚ ਵਸੇ ਹੋਏ ਹਨ। ਗਗਨਦੀਪ ਖਾਨ ਤੇ ਉਸਦਾ ਪਰਿਵਾਰ ਰੋਜ ਦੀ ਨਮਾਜ ਤੇ ਰੋਜੇ ਵੀ ਰੱਖਦਾ ਹੈ, ਆਪਣੇ ਧਰਮ ਦੇ ਨਾਲ ਉਸਨੂੰ ਦੂਸਰੇ ਧਰਮਾਂ ਨਾਲ ਲਗਾਵ ਹੈ। ਗਗਨਦੀਪ ਖਾਨ ਸ਼ਹਿਰ ਦੇ ਸ਼ੀਤਲਾ ਮਾਤਾ ਮੰਦਰ ਕਮੇਟੀ ਦਾ ਮੈਂਬਰ ਹੈ ਤੇ ਹਰ ਸਾਲ ਭਾਦਸੋਂ ਤੋਂ ਤੂਰ ਕੇ ਪੈਦਲ ਹੀ ਮਾਤਾ ਨੈਣਾ ਦੇਵੀ ਦਰਬਾਰ ਮੱਥਾ ਟੇਕਣ ਵੀ ਜਾਂਦਾ ਹੈ। ਗਗਨਦੀਪ ਖਾਨ ਦਾ ਮੰਨਣਾ ਹੈ ਕਿ ਸਾਰੇ ਧਰਮ ਇਕ ਦੂਸਰੇ ਦਾ ਸਤਿਕਾਰ ਕਰਨਾ ਹੀ ਸਿਖਾਉਂਦੇ ਹਨ ਤੇ ਅਸਲ ਵਿਚ ਧਰਮ ਇਕੋ ਹੀ ਹਨ। ਧਰਮਾਂ ਨੂੰ ਵੱਖ ਵੱਖ ਤੌਰ ’ਤੇ ਦੇਖਣਾ ਗਲਤ ਹੈ।
ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਯਾਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਇਥੇਂ ਵੱਸਦੇ ਲੋਕਾਂ ਦੀ ਆਪਸੀ ਸਾਂਝ ਬੜੀ ਡੂੰਘੀ ਹੈ ਲੋਕ ਧਰਮ ਅਤੇ ਜਾਤ ਪਾਤ ਅਤੇ ਧਰਮ ਅਲੱਗ ਅਲੱਗ ਹੁੰਦਿਆਂ ਆਪਸੀ ਸਨੇਹ ਅਤੇ ਪਿਆਰ ਨਾਲ ਰਹਿੰਦੇ ਹਨ। ਮੌਜੂਦਾ ਚੋਣਾਂ ਵਿਚ ਰਾਜਨੀਤਿਕ ਧਿਰਾਂ ਆਪਣੇ ਰਾਜਸੀ ਹਿੱਤਾਂ ਲਈ ਧਰਮ ਅਤੇ ਜਾਤ ਨੂੰ ਆਧਾਰ ਉੱਪਰ ਸਮਾਜ ਨੂੰ ਵੰਡ ਰਹੇ ਹਨ। 1947 ਨੂੰ ਦੇਸ਼ ਦੀ ਵੰਡ ਸਮੇਂ ਰਾਜਨੀਤਿਕ ਲੋਕਾਂ ਵੱਲੋਂ ਕੀਤੀ ਇਸ ਵੰਡ ਨੇ ਫਿਰਕੂ ਰੰਗਤ ਰਾਹੀਂ ਬਹੁਤ ਨੁਕਸਾਨ ਕਰਵਾਇਆ ਅਤੇ ਭਾਈਚਾਰਕ ਸਾਂਝ ਨੂੰ ਤੋੜਿਆਂ ਸੀ, ਸੋ ਪੰਜਾਬ ਦੇ ਵੋਟਰਾਂ ਨੂੰ ਉਹਨਾਂ ਰਾਜਨੀਤਿਕ ਲੀਡਰਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਜੋ ਧਰਮ ਅਤੇ ਜਾਤ ਦੇ ਆਧਾਰ ਉਪਰ ਰਾਜਨੀਤੀ ਕਰ ਲੋਕਾਂ ਵਿੱਚ ਆਪਸੀ ਨਫ਼ਰਤ ਪੈਦਾ ਕਰ ਰਹੇ ਹਨ।
ਸਾਲ ਗਿਣਤੀ ਵਾਧਾ ਫੀਸਦੀ
1951 9,161,000
1961 11,135,001 21.5%
1971 13,551,000 21.7%
1981 16,788,915 23.9%
1991 20,281,969 20.8%
2001 24,358,999 20.1%
2011 27,743,338 13.9%
ਧਰਮ ਗਿਣਤੀ (2011 ਅਨੁਸਾਰ)
ਸਿੱਖ 16,004,754
ਹਿੰਦੂ 10,678,138
ਮੁਸਲਿਮ 535,489
ਇਸਾਈ 348,230
ਜੈਨ 45,040
ਬੁਧਿਸਟ 33,237
ਹੋਰ ਧਰਮ 98450
ਜਾਤੀ ਆਬਾਦੀ (%)
ਓਬੀਸੀ 15%
ਦਲਿਤ (ਐਸਸੀ) 31.94%
ਜਨਰਲ 49%
ਹੋਰ 4%
test