ਪਿਛਲੇ ਸਾਲ ਨਵੀਂ ਦਿੱਲੀ ’ਚ ਜੀ-20 ਸ਼ਿਖਰ ਸੰਮੇਲਨ ਤੋਂ ਤੁਰੰਤ ਬਾਅਦ ਭਾਰਤ-ਸਾਊਦੀ ਅਰਬ ਰਣਨੀਤਕ ਭਾਈਵਾਲੀ ਕੌਂਸਲ ਦੀ ਮੀਟਿੰਗ ’ਚ ਭਾਰਤੀ ਪ੍ਰਧਾਨ ਮੰਤਰੀ ਨੇ ਸਾਊਦੀ ਅਰਬ ਦੇ ਯੁਵਰਾਜ ਮੁਹੰਮਦ ਬਿਨ ਸਲਮਾਨ ਨਾਲ ਵਿਚਾਰ ਚਰਚਾ ਕੀਤੀ ਸੀ। ਇਸ ਤੋਂ ਪਹਿਲਾਂ ਜੀ-20 ਸੰਮੇਲਨ ਵਿਚ ਭਾਰਤ-ਪੱਛਮ ਏਸ਼ੀਆ-ਯੂਰਪ ਆਰਥਕ ਗਲਿਆਰੇ ਦਾ ਐਲਾਨ ਹੋਇਆ ਸੀ ਜਿਸ ਵਿਚ ਸਾਊਦੀ ਅਰਬ ਇਕ ਮੁੱਖ ਹਿੱਸੇਦਾਰ ਹੈ।
ਇਹ ਕਿਸੇ ਤੋਂ ਲੁਕਿਆ ਨਹੀਂ ਕਿ ਆਮ ਪਾਕਿਸਤਾਨੀ ਨੂੰ ਹਰ ਰੋਜ਼ ਭਾਰਤ ਵਿਰੋਧ ਦਾ ਜ਼ਹਿਰ ਪਿਲਾਇਆ ਜਾਂਦਾ ਹੈ। ਹੁਣ ਪਾਕਿਸਤਾਨ ਨੂੰ ਇਹ ਦੇਖ ਕੇ ਵੀ ਹੈਰਾਨੀ ਹੋ ਰਹੀ ਹੈ ਕਿ ਭਾਰਤ ਲਈ ਹੋਰ ਦੇਸ਼ਾਂ ਦੇ ਨਾਲ-ਨਾਲ ਅਰਬ ਜਗਤ ਨੇ ਵੀ ਲਾਲ ਕਾਲੀਨ ਵਿਛਾਏ ਹੋਏ ਹਨ। ਕਿਉਂਕਿ ਪਾਕਿਸਤਾਨ ਵਿਚ ਮੰਦਰਾਂ ਤੇ ਪਵਿੱਤਰ ਥਾਵਾਂ ਨੂੰ ਨੁਕਸਾਨ ਪਹੁੰਚਾਉਣ ਤੇ ਉਨ੍ਹਾਂ ਨੂੰ ਲੁੱਟਣ ਦਾ ਇਕ ਲੰਬਾ ਸਿਲਸਿਲਾ ਰਿਹਾ ਹੈ ਤਾਂ ਪਾਕਿਸਤਾਨੀਆਂ ਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਅਰਬ ਰਾਸ਼ਟਰ ਆਪਣੇ ਦੇਸ਼ ’ਚ ਮੰਦਰਾਂ ਦੇ ਨਿਰਮਾਣ ’ਚ ਅਜਿਹੀ ਮਦਦ ਕਿਵੇਂ ਕਰ ਰਹੇ ਹਨ।ਕੁਝ ਸਮਾਂ ਪਹਿਲਾਂ ਆਬੂਧਾਬੀ ’ਚ ਪਹਿਲੇ ਮੰਦਰ ਦੇ ਉਦਘਾਟਨੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਜਾਯੇਦ ਅਲ ਨਾਹਯਾਨ ਪ੍ਰਤੀ ਧੰਨਵਾਦ ਜ਼ਾਹਰ ਕੀਤਾ ਕਿ ਉਨ੍ਹਾਂ ਨੇ ਆਬੂਧਾਬੀ ’ਚ ਮੰਦਰ ਨਿਰਮਾਣ ਲਈ ਹਰਸੰਭਵ ਮਦਦ ਉਪਲੱਬਧ ਕਰਵਾਈ। ਮੰਦਰ ਦੇ ਉਦਘਾਟਨ ਨੂੰ ਮਾਨਵਤਾ ਦੇ ਇਤਿਹਾਸ ’ਚ ਇਕ ‘ਸੁਨਹਿਰਾ ਅਧਿਆਏ’ ਕਰਾਰ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਸ਼ੇਖ ਅਲ ਨਾਹਯਾਨ ਨੇ ਨਾ ਸਿਰਫ਼ ਖਾੜੀ ਦੇਸ਼ਾਂ ’ਚ ਰਹਿ ਰਹੇ ਭਾਰਤਵੰਸ਼ੀਆਂ, ਬਲਕਿ 140 ਕਰੋੜ ਭਾਰਤੀਆਂ ਦੇ ਦਿਲਾਂ ਨੂੰ ਵੀ ਜਿੱਤ ਲਿਆ ਹੈ। ਉਂਜ ਤਾਂ ਖਾੜੀ ਖੇਤਰ ’ਚ ਕਈ ਹੋਰ ਮੰਦਰ ਵੀ ਹਨ। ਜਿਵੇਂ ਦੋ ਮੰਦਰ ਓਮਾਨ ’ਚ, ਦੋ ਮੰਦਰ ਤੇ ਇਕ ਗੁਰਦੁਆਰਾ ਦੁਬਈ ਤੇ ਇਕ ਮੰਦਰ ਬਹਿਰੀਨ ’ਚ ਵੀ ਹੈ, ਪਰ ਆਪਣੇ ਵਾਸਤੂ, ਡਿਜ਼ਾਈਨ ਤੇ ਆਕਾਰ ਦੇ ਹਿਸਾਬ ਨਾਲ ਆਬੂ ਧਾਬੀ ਦਾ ਮੰਦਰ ਬਹੁਤ ਸ਼ਾਨਦਾਰ ਹੈ। ਅਰਬ ਜਗਤ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਕਈ ਵਿਸ਼ੇਸ਼ ਸਨਮਾਨਾਂ ਨਾਲ ਵੀ ਸਨਮਾਨਿਤ ਕੀਤਾ ਹੈ। ਇਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਨੂੰ ਅਰਬ ’ਚ ਏਨਾ ਸਨਮਾਨ ਨਹੀਂ ਮਿਲਿਆ। ਇਨ੍ਹਾਂ ਸਨਮਾਨਾਂ ’ਚ ਯੂਏਈ ਦੇ ਸਰਬੋਤਮ ਨਾਗਰਿਕ ਸਨਮਾਨ ਆਰਡਰ ਆਫ ਜਾਯੇਦ, ਸਾਊਦੀ ਅਰਬ ਦੇ ਅਬਦੁਲ ਅਜੀਜ਼ ਸਾਸ਼ ਐਵਾਰਡ, ਬਹਿਰੀਨ ਦੇ ਕਿੰਗ ਹਮਾਦ ਆਰਡਰ ਆਪ ਦ ਰੇਨੇਸਾਂ, ਅਫ਼ਗਾਨਿਸਤਾਨ ਵੱਲੋਂ ਅਮੀਰ ਅਮਾਨੁੱਲ੍ਹਾ ਖ਼ਾਨ ਐਵਾਰਡ ਤੇ ਫ਼ਲਸਤੀਨ ਤੇ ਮਾਲਦੀਵ ਦੇ ਸਰਬੋਤਮ ਨਾਗਰਿਕ ਸਨਮਾਨ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਹ ਸਾਰੇ ਮੁਸਲਿਮ ਦੇਸ਼ ਹਨ। ਇਨ੍ਹਾਂ ਸਾਰੇ ਮੌਕਿਆਂ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਕਿਸੇ ਇਕ ਵਿਅਕਤੀ ਦਾ ਸਨਮਾਨ ਨਹੀਂ, ਬਲਕਿ 140 ਕਰੋੜ ਭਾਰਤੀਆਂ ਦਾ ਸਨਮਾਨ ਹੈ। ਪਾਕਿਸਤਾਨੀਆਂ ਨੂੰ ਇਹ ਸਭ ਪਚ ਨਹੀਂ ਰਿਹਾ।
ਪਾਕਿਸਤਾਨ ਤਾਂ ਹਾਲ਼ੇ ਇਕ ਬੱਚਾ ਹੈ ਪਰ ਭਾਰਤ ਅਤੇ ਅਰਬ ਦੇਸ਼ਾਂ ਵਿਚਾਲੇ ਸਬੰਧ ਅੱਜ ਤੋਂ ਨਹੀਂ ਪ੍ਰਾਚੀਨ ਸਮਿਆਂ ਤੋਂ ਹਨ ਅਤੇ ਸਦੀਆਂ ਪੁਰਾਣੇ ਹਨ। ਭਾਰਤ ਦੇ ਨਾਗਰਿਕਾਂ ਨੇ ਓਮਾਨ ਤੋਂ ਲੈ ਕੇ ਮਿਸਰ, ਸੂਡਾਨ ਤੇ ਉਸ ਤੋਂ ਅਗਾਂਹ ਵੀ ਆਪਣੇ ਕਰੋੜਾਂ ਡਾਲਰ ਨਿਵੇਸ਼ ਕੀਤੇ ਹੋਏ ਹਨ। ਸਾਡੇ ਦੇਸ਼ ਦਾ ਵੱਡਾ ਬਰਾਮਦੀ ਕਾਰੋਬਾਰ ਸਵੇਜ਼ ਨਹਿਰ, ਲਾਲ ਸਾਗਰ ਅਤੇ ਅਦਨ ਦੀ ਖਾੜੀ ਰਾਹੀਂ ਹੁੰਦਾ ਹੈ। ਅਰਬ ਲੀਗ ਨਾਲ ਭਾਰਤ ਦੇ ਸੁਖਾਵੇਂ ਤੇ ਮਜ਼ਬੂਤ ਸਬੰਧਾਂ ਤੋਂ ਸਮੁੱਚਾ ਵਿਸ਼ਵ ਜਾਣੂ ਹੈ।
ਮੱਧ–ਪੂਰਬੀ ਦੇਸ਼ਾਂ ਦੀ ਭਾਰਤੀ ਅਰਥਚਾਰੇ ’ਚ ਵਡੇਰੀ ਭੂਮਿਕਾ ਰਹੀ ਹੈ। ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਫ਼ਾਰਸ ਦੀ ਖਾੜੀ ਨਾਲ ਲੱਗਦੇ ਦੇਸ਼ਾਂ ਨਾਲ ਸਾਡੇ ਸਬੰਧ ਸਦਾ ਹੀ ਦੋਸਤਾਨਾ ਰਹੇ ਹਨ। ਪਾਕਿਸਤਾਨ ਦੀ ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜ਼ੀ ਇਨ੍ਹਾਂ ਸਬੰਧਾਂ ਨੂੰ ਕਮਜ਼ੋਰ ਨਹੀਂ ਕਰ ਸਕਦੀ। ਸਾਲ 2014 ’ਚ ਜਦੋਂ ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਬਣੇ ਸਨ, ਤਦ ਉਨ੍ਹਾਂ ਆਪਣੀ ਪਹਿਲੀ ਵਿਦੇਸ਼ ਫੇਰੀ ਲਈ ਬਹਿਰੀਨ ਅਤੇ ਮਨਾਮਾ ਨੂੰ ਚੁਣਿਆ ਸੀ। ਮੋਦੀ ਸਰਕਾਰ ਦੀ ਸਥਾਪਨਾ ਤੋਂ ਪਹਿਲਾਂ ਭਾਰਤ ਦੇ ਸਬੰਧ ਇਜ਼ਰਾਈਲ ਨਾਲ ਕੋਈ ਬਹੁਤੇ ਵਧੀਆ ਨਹੀਂ ਸਨ ਪਰ ਹੁਣ ਜ਼ਮੀਨ–ਅਸਮਾਨ ਦਾ ਫ਼ਰਕ ਹੈ। ਅਰਬ ਦੇਸ਼ਾਂ ’ਚ ਜ਼ਿਆਦਾਤਰ ਨਿਰਮਾਣ ਭਾਰਤੀ ਕਾਮਿਆਂ ਦਾ ਹੀ ਕੀਤਾ ਹੋਇਆ ਹੈ ਅਤੇ ਹਾਲੇ ਵੀ ਇਹ ਸਿਲਸਿਲਾ ਜਾਰੀ ਹੈ। ਉਨ੍ਹਾਂ ਦੇਸ਼ਾਂ ਵਿਚ ਇਸ ਵੇਲੇ ਸਾਡੇ ਲੱਖਾਂ ਕਾਮੇ ਕੰਮ ਕਰਦੇ ਹਨ ਅਤੇ ਚੋਖਾ ਧਨ ਭਾਰਤ ’ਚ ਰਹਿੰਦੇ ਆਪਣੇ ਪਰਿਵਾਰਾਂ ਨੂੰ ਭੇਜਦੇ ਹਨ।
ਪਿਛਲੇ ਦਿਨਾਂ ’ਚ ਕਈ ਪਾਕਿਸਤਾਨੀ ਵਿਸ਼ਲੇਸ਼ਕਾਂ ਨੇ ਆਪਣੀ ਜਨਤਾ ਨੂੰ ਅਸਲੀਅਤ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਵਿਸ਼ਲੇਸ਼ਕ ਦੱਸ ਰਹੇ ਹਨ ਕਿ ਪਾਕਿਸਤਾਨ ਦੀਆਂ ਘਰੇਲੂ ਅਤੇ ਵਿਦੇਸ਼ੀ ਨੀਤੀਆਂ ਬਹੁਤ ਨਕਾਰਾ ਸਾਬਤ ਹੋਈਆਂ ਹਨ ਤੇ ਦੂਜੇ ਪਾਸੇ ਭਾਰਤ ਅੰਤਰਰਾਸ਼ਟਰੀ ਪੱਧਰ ’ਤੇ ਪੂਰੇ ਆਤਮਵਿਸ਼ਵਾਸ ਨਾਲ ਅੱਗੇ ਵਧਦਾ ਜਾ ਰਿਹਾ ਹੈ।
ਅੰਤਰਰਾਸ਼ਟਰੀ ਸਬੰਧਾਂ ’ਤੇ ਟਿੱਪਣੀ ਕਰਨ ਵਾਲੇ ਪਾਕਿਸਤਾਨੀ ਵਿਸ਼ਲੇਸ਼ਕ ਡਾ. ਸਾਜਿਦ ਤਰਾਰ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਲੋਕ ਇਸ ਪਹਿਲੂ ਨੂੰ ਸਮਝਣ ਕਿ ਭਾਰਤ ਨੇ ਅਰਬ ਦੇਸ਼ਾਂ ਨਾਲ ਬਹੁਤ ਮਜ਼ਬੂਤ ਸਬੰਧ ਬਣਾ ਲਏ ਹਨ ਤੇ ਇਸ ਨਾਲ ਪਾਕਿਸਤਾਨ ਦੀਆਂ ਉਹ ਉਮੀਦਾਂ ਟੁੱਟ ਗਈਆਂ ਕਿ ਮਜ਼ਹਬ ਦੇ ਭਰੋਸੇ ਹੀ ਸਭ ਭਲਾ ਹੋ ਸਕਦਾ ਹੈ। ਇਸ ਦਾ ਮਤਲਬ ਹੈ ਕਿ ਪੰਥ-ਮਜ਼ਹਬ ਹੀ ਹੁਣ ਜੋੜਨ ਵਾਲੀ ਇਕਲੌਤੀ ਲੜੀ ਨਹੀਂ ਰਹਿ ਗਈ। ਇਸ ਕਾਰਨ ਪਾਕਿਸਤਾਨ ਨੂੰ ਹਰ ਤਰ੍ਹਾਂ ਦੇ ਭੁਲੇਖੇ ’ਚੋਂ ਬਾਹਰ ਆਉਣਾ ਚਾਹੀਦਾ ਹੈ। ਇਨ੍ਹਾਂ ਅਰਬ ਦੇਸ਼ਾਂ ਨੇ ਨਾ ਸਿਰਫ਼ ਮੋਦੀ ਨੂੰ ਸਰਬੋਤਮ ਸਨਮਾਨ ਨਾਲ ਨਵਾਜਿਆ ਹੈ ਬਲਕਿ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਸਮਰਥਨ ਵੀ ਕਰ ਰਹੇ ਹਨ। ਡਾ. ਤਰਾਰ ਦੇ ਕਹਿਣ ਦਾ ਸਾਰ ਇਹੀ ਹੈ ਕਿ ਭਾਰਤ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ।
ਅਰਬ ਦੇਸ਼ਾਂ ਦੇ ਆਗੂਆਂ ਨਾਲ ਭਾਰਤ ਦੇ ਮਜ਼ਬੂਤ ਹੁੰਦੇ ਸਬੰਧਾਂ ਤੋਂ ਇਲਾਵਾ ਇਨ੍ਹਾਂ ਦੇਸ਼ਾਂ ’ਚ ਭਾਰਤੀ ਪ੍ਰਧਾਨ ਮੰਤਰੀ ਦੀ ਹਰਮਨਪਿਆਰਤਾ ਵੀ ਪਾਕਿਸਤਾਨੀਆਂ ਨੂੰ ਸਦਮੇ ’ਚ ਪਾ ਰਹੀ ਹੈ। ਆਬੂ ਧਾਬੀ ’ਚ ਮੰਦਰ ਦੇ ਉਦਘਾਟਨ ਤੋਂ ਇਲਾਵਾ ‘ਅਹਲਾਨ ਮੋਦੀ’ ਨਾਮ ਨਾਲ ਕਰਵਾਏ ਗਏ ਇਕ ਪ੍ਰੋਗਰਾਮ ਵਿਚ ਸਟੇਡੀਅਮ ਖਚਾਖਚ ਭਰਿਆ ਹੋਇਆ ਸੀ। ਉਸ ਵਿਚ ਭਾਰਤੀ ਪ੍ਰਧਾਨ ਮੰਤਰੀ ਨੇ ਭਾਰਤ ਤੇ ਯੂਏਈ ਵਿਚਾਲੇ ਮਜ਼ਬੂਤ ਸਬੰਧਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸ਼ੇਖ ਅਲ ਨਾਹਯਾਨ ਨੂੰ ਆਪਣਾ ‘ਭਰਾ’ ਦੱਸਦੇ ਹੋਏ ਯਾਦ ਦਿਵਾਇਆ ਕਿ 2015 ਵਿਚ ਉਨ੍ਹਾਂ ਦੇ ਯੂਏਈ ਦੌਰੇ ਤੋਂ ਪਹਿਲਾਂ ਤਿੰਨ ਦਹਾਕਿਆਂ ਤੱਕ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਨੇ ਇਸ ਦੇਸ਼ ਦਾ ਦੌਰਾ ਨਹੀਂ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਤਦ ਉਨ੍ਹਾਂ ਦੇ ਸਵਾਗਤ ਲਈ ਮੁਹੰਮਦ ਜਾਯੇਦ ਅਲ ਨਾਹਯਾਨ ਆਪਣੇ ਪੰਜ ਭਰਾਵਾਂ ਨਾਲ ਹਵਾਈ ਅੱਡੇ ’ਤੇ ਆਏ ਸਨ ਤੇ ਉਨ੍ਹਾਂ ਨੂੰ ਵੀ ਭਾਰਤ ’ਚ ਚਾਰ ਵਾਰ ਸ਼ੇਖ ਦਾ ਸਵਾਗਤ ਕਰਨ ਦਾ ਮੌਕਾ ਮਿਲਿਆ। ਸ਼ੇਖ ਦੇ ਪਿਛਲੇ ਦੌਰੇ ’ਤੇ ਕਈ ਲੋਕ ਉਨ੍ਹਾਂ ਦੇ ਸਵਾਗਤ ਲਈ ਸੜਕਾਂ ’ਤੇ ਉਤਰ ਆਏ ਸਨ।
ਇਸ ’ਚ ਕੋਈ ਸ਼ੱਕ ਨਹੀਂ ਕਿ ਅਰਬ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ’ਚ ਸੁਧਾਰ ਦੇ ਭਾਰਤ ਦੀ ਆਰਥਿਕ ਤਰੱਕੀ ਤੇ ਖਾੜੀ ਦੇਸ਼ਾਂ ’ਚ ਕੰਮ ਕਰ ਰਹੇ ਭਾਰਤੀਆਂ ਦੇ ਨਜ਼ਰੀਏ ਨਾਲ ਵੀ ਬਹੁਤ ਮਾਅਨੇ ਹਨ। ਨਾਲ ਹੀ ਭਾਰਤ ਦੀ ਰਾਸ਼ਟਰੀ ਸੁਰੱਖਿਆ ਤੇ ਖੇਤਰੀ ਸੰਤੁਲਨ ਦੇ ਲਿਹਾਜ਼ ਨਾਲ ਵੀ ਇਹ ਸਬੰਧ ਬਹੁਤ ਮਹੱਤਵਪੂਰਨ ਹਨ। ਇਨ੍ਹਾਂ ਸਬੰਧਾਂ ਨੂੰ ਆਕਾਰ ਦੇਣ ਵਿਚ ਭਾਰਤ ਨੇ ਇਕ ਕੁਸ਼ਲ ਸ਼ਿਲਪਕਾਰ ਦੀ ਭੂਮਿਕਾ ਨਿਭਾਈ ਹੈ। ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਸਾਊਦੀ ਅਰਬ ਦੇ ਨਾਲ ਭਾਰਤ ਦੀ ਰਣਨੀਤਕ ਭਾਈਵਾਲੀ ਸੰਭਵ ਹੋਈ ਹੈ।
ਪਿਛਲੇ ਸਾਲ ਨਵੀਂ ਦਿੱਲੀ ’ਚ ਜੀ-20 ਸ਼ਿਖਰ ਸੰਮੇਲਨ ਤੋਂ ਤੁਰੰਤ ਬਾਅਦ ਭਾਰਤ-ਸਾਊਦੀ ਅਰਬ ਰਣਨੀਤਕ ਭਾਈਵਾਲੀ ਕੌਂਸਲ ਦੀ ਮੀਟਿੰਗ ’ਚ ਭਾਰਤੀ ਪ੍ਰਧਾਨ ਮੰਤਰੀ ਨੇ ਸਾਊਦੀ ਅਰਬ ਦੇ ਯੁਵਰਾਜ ਮੁਹੰਮਦ ਬਿਨ ਸਲਮਾਨ ਨਾਲ ਵਿਚਾਰ ਚਰਚਾ ਕੀਤੀ ਸੀ। ਇਸ ਤੋਂ ਪਹਿਲਾਂ ਜੀ-20 ਸੰਮੇਲਨ ਵਿਚ ਭਾਰਤ-ਪੱਛਮ ਏਸ਼ੀਆ-ਯੂਰਪ ਆਰਥਕ ਗਲਿਆਰੇ ਦਾ ਐਲਾਨ ਹੋਇਆ ਸੀ ਜਿਸ ਵਿਚ ਸਾਊਦੀ ਅਰਬ ਇਕ ਮੁੱਖ ਹਿੱਸੇਦਾਰ ਹੈ। ਸਾਊਦੀ ਅਰਬ ਦੇ ਯੁਵਰਾਜ ਦੀਆਂ ਸਰਗਰਮੀਆਂ ’ਤੇ ਪੂਰੀ ਦੁਨੀਆ ਦੀ ਨਜ਼ਰ ਰਹਿੰਦੀ ਹੈ। ਐੱਮਬੀਐੱਸ ਦੇ ਉਪ ਨਾਮ ਨਾਲ ਮਸ਼ਹੂਰ ਸਾਊਦੀ ਯੁਵਰਾਜ ਇਸਲਾਮਿਕ ਰਵਾਇਤਾਂ ਵਿਚ ਸੁਧਾਰ ਲਈ ਸਖ਼ਤ ਕਦਮ ਉਠਾ ਰਹੇ ਹਨ। ਇਸ ਪਹਿਲ ਨੂੰ ਚੀਨ ਦੀ ਬੈਲਟ ਐਂਡ ਰੋਡ ਇਨੀਸ਼ਿਏਟਿਵ ਭਾਵ ਬੀਆਰਆਈ ਪ੍ਰਾਜੈਕਟ ਦਾ ਜਵਾਬ ਮੰਨਿਆ ਜਾ ਰਿਹਾ ਹੈ। ਬੀਆਰਆਈ ਦੇ ਚੱਲਦੇ ਕਈ ਦੇਸ਼ ਚੀਨੀ ਕਰਜ਼ੇ ਦੇ ਜਾਲ ਵਿਚ ਫਸ ਗਏ ਹਨ।
ਅੰਤਰਰਾਸ਼ਟਰੀ ਪੱਧਰ ’ਤੇ ਅਜਿਹੇ ਸਾਰੇ ਰੁਝਾਨ ਪਾਕਿਸਤਾਨ ਲਈ ਵੱਡੇ ਝਟਕੇ ਹਨ ਜੋ ਹਮੇਸ਼ਾ ਇਹੀ ਸੋਚਦਾ ਆਇਆ ਹੈ ਕਿ ਮਜ਼ਹਬੀ ਪਛਾਣ ਉਸ ਨੂੰ ਅਰਬ ਜਗਤ ਨਾਲ ਜੋੜ ਕੇ ਰੱਖੇਗੀ ਤੇ ਇਸ ਨਾਲ ਉਹ ਸਾਰੇ ਮੋਰਚਿਆਂ ’ਤੇ ਭਾਰਤ ਨੂੰ ਚੁਣੌਤੀ ਦੇਣ ’ਚ ਸਮਰੱਥ ਹੋ ਸਕੇਗਾ। ਹਾਲਾਂਕਿ ਪਾਕਿਸਤਾਨ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਇਕ ਦਿਨ ਭਾਰਤ ਇਸ ਮਜ਼ਹਬੀ ਆਧਾਰ ਦੀਆਂ ਜੜ੍ਹਾਂ ਹਿਲਾ ਕੇ ਦੁਨੀਆ ਨੂੰ ਇਹ ਦਿਖਾਏਗਾ ਕਿ ਮਜ਼ਹਬੀ ਕੱਟੜਤਾ ਤੇ ਨਫ਼ਰਤ ਕਦੀ ਨਹੀਂ ਜਿੱਤ ਸਕਦੀ।
ਏ. ਸੂਰਿਆਪ੍ਰਕਾਸ਼
(ਲੇਖਕ ਜਮਹੂਰੀ ਮਾਮਲਿਆਂ ਦਾ ਮਾਹਿਰ ਅਤੇ ਸੀਨੀਅਰ ਕਾਲਮ-ਨਵੀਸ ਹੈ।)
ਆਭਾਰ : https://www.punjabijagran.com/editorial/general-the-illusion-of-pakistan-is-breaking-9347282.html
test