ਭਾਰਤ ਦੇ ਸਮਾਜਿਕ ਤੇ ਰਾਜਨੀਤਿਕ ਸੰਗਠਨ, ਭਾਰਤੀ ਮੀਡੀਆ ਅਤੇ ਪੰਜਾਬ ਦੇ ਕਈ ਸਮਾਜ ਸੇਵੀ ਸੰਗਠਨ ਅਕਸਰ ਪੰਜਾਬੀਆਂ ਦੇ ਵਿਦੇਸ਼ਾਂ ਵੱਲ ਜਾਣ ਦੇ ਕ੍ਰੇਜ ਦੀਆਂ ਚਰਚਾਵਾਂ ਕਰਕੇ ਚਿੰਤਿਤ ਰਹਿੰਦੇ ਹਨ। ਕਈ ਲੋਕੀਂ ਤੇ ਇਹ ਅੰਦਾਜੇ ਲਗਾਉਂਦੇ ਰਹਿੰਦੇ ਨੇ ਕਿ ਪੰਜਾਬ ਕਿੰਨੇ ਕੁ ਸਾਲਾਂ ਤੱਕ ਖਾਲੀ ਹੋ ਜਾਵੇਗਾ। ਭਾਰਤ ਸਰਕਾਰ ਵੱਲੋਂ ਪੇਸ਼ ਬਿਊਰੋ ਆਫ਼ ਇਮੀਗਰੇਸ਼ਨ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਪਿਛਲੇ ਪੰਜ ਸਾਲਾਂ ਵਿੱਚ 7 ਲੱਖ 40 ਹਜਾਰ ਪੰਜਾਬੀ ਵਿਦੇਸ਼ ਜਾ ਚੁੱਕੇ ਹਨ। ਭਾਵ ਲਗਪਗ 2-3 ਵਿਧਾਨ ਸਭਾ ਹਲਕੇ ਪੂਰੇ ਹੀ ਵਿਦੇਸ਼ ਚਲੇ ਗਏ ਹਨ। ਸਾਲ 2019 ਵਿੱਚ ਵਿਦੇਸ਼ ਜਾਣ ਦੇ ਮਾਮਲੇ ਚ ਪੰਜਾਬ ਭਾਰਤ ਚੋਂ ਪਹਿਲੇ ਨੰਬਰ ਤੇ ਆਇਆ ਹੈ। 2019 ਦੇ ਵਿੱਚ ਹਰ ਰੋਜ ਔਸਤਨ 201 ਪੰਜਾਬੀ ਵਿਦੇਸ਼ਾਂ ਵੱਲ ਗਏ ਹਨ। ਪੂਰੇ ਸਾਲ ਦਾ ਹਿਸਾਬ ਲਈਏ ਤਾਂ ਲਗਪਗ 73574 ਲੋਕਾਂ ਨੇ ਪੰਜਾਬ ਨੂੰ ਅਲਵਿਦਾ ਕਿਹਾ। ਜੇ ਗੱਲ ਪੈਸਿਆਂ ਦੀ ਕਰੀਏ ਤਾਂ ਸਟੱਡੀ ਵੀਜੇ ਦੇ ਲਈ 15 ਤੋਂ 20 ਲੱਖ ਅਤੇ ਵਰਕ ਵੀਜੇ ਦੇ ਲਈ 25 ਤੋਂ 35 ਲੱਖ ਰੁਪਏ ਖਰਚੇ ਜਾਂਦੇ ਹਨ। ਭਾਵ ਮੋਟੇ ਜਿਹੇ ਅਨੁਮਾਨ ਅਨੁਸਾਰ ਪਿੱਛਲੇ ਪੰਜਾਂ ਸਾਲਾਂ ਵਿੱਚ 7,40,000*20,00000=1480000000000 ਰੁਪਏ (1ਖਰਬ 480ਅਰਬ ਰੁਪਏ) ਵੀ ਪੰਜਾਬ ਨੂੰ ਅਲਵਿਦਾ ਕਹਿ ਗਏ। ਦੂਜੇ ਪਾਸੇ, ਪੰਜਾਬ ਸਰਕਾਰ ਦਾ ਇੱਕ ਸਾਲ ਦਾ ਬਜਟ 6, 44,326 ਕਰੋੜ (6 ਲੱਖ ਚਤਾਲੀ ਹਜਾਰ ਤਿਨ ਸੋ ਛੱਬੀ ਕਰੋੜ) ਰੁਪਏ ਹੈ।
ਵਿਦਵਾਨ ਜਦੋਂ ਚਰਚਾ ਕਰਦੇ ਹਨ ਤਾਂ ਉਹ ਕਹਿੰਦੇ ਹਨ ਕਿ ਪੰਜਾਬੀਆਂ ਨੂੰ ਇੱਥੇ ਹੀ ਰਹਿ ਕੇ ਕੰਮ-ਧੰਦਾ ਕਰਦੇ ਹੋਏ ਪੰਜਾਬ ਦੀ ਤਰੱਕੀ ਚ ਯੋਗਦਾਨ ਪਾਉਣ ਚਾਹੀਦਾ ਹੈ। ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਸਾਨੂੰ ਵਿਦੇਸ਼ਾਂ ਚ ਜਾਣ ਲਈ ਮਜਬੂਰ ਕਿਸ ਨੇ ਕੀਤਾ? ਸਾਡੇ ਵਿਦੇਸ਼ਾਂ ਵੱਲ ਜਾਣ ਦਾ ਮੁੱਢ ਕੋਣ ਹੈ? ਜਦ ਸਾਡੇ ਬਾਬੇ ਜਮੀਨਾਂ ਦੀ ਖਾਤਿਰ ਇੱਕ ਸਾਲ ਦਿੱਲੀ ਦੀਆਂ ਬਰੂਹਾਂ ਤੇ ਸੜਕਾਂ ਤੇ ਸੋ ਸਕਦੇ ਨੇ ਤਾਂ ਸੋਚ ਕੇ ਦੇਖੋ ਉਸ ਮਾਂ ਵਰਗੀ ਜਮੀਨ ਨੂੰ ਵੇਚ ਕੇ ਅਸੀਂ ਵਿਦੇਸ਼ਾਂ ਵੱਲ ਜਾਣ ਲਈ ਕਿਓ ਮਜਬੂਰ ਹੋਏ? ਜਦੋਂ ਉਸ ਦੇ ਵਿਕਣ ਦੀ ਗੱਲ ਆਈ ਤਾਂ ਦੇਖੋ ਅਸੀਂ ਕਿਵੇਂ ਵਾਪਸ ਦੋੜੇ ਆਏ
ਵਿਦੇਸ਼ਾਂ ਵਿੱਚੋਂ ਤੇ ਜਿਹੜੇ ਨਹੀਂ ਆ ਸਕੇ ਉਹਨਾਂ ਵੀਰਾਂ-ਭੈਣਾਂ ਨੇ ਪੈਸੇ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ, ਤਾਂ ਫਿਰ ਸੋਚੋ ਕਿਉਂ ਸਾਨੂੰ ਇੱਥੋਂ ਪਲਾਇਨ ਕਰਨਾ ਪਿਆ? ਜਿਹੜੀ ਅੰਗਰੇਜੀ ਤੋਂ ਵੀ ਸਾਨੂੰ ਸਕੂਲ ਟਾਈਮ ਡਰ ਲੱਗਦਾ ਹੁੰਦਾ ਸੀ, ਉਸੇ ਭਾਸ਼ਾ ਦੇ ਸਭ ਤੋਂ ਔਖੇ ਪੇਪਰ IELTS ਨੂੰ ਪਾਸ ਕਰਕੇ ਵੀ ਅਸੀਂ ਬਹਾਰ ਨੂੰ ਜਾ ਰਹੇ ਹਾਂ, ਦੱਸੋ ਕਿ ਅਸੀਂ ਇੱਥੇ ਕੋਈ ਹੋਰ ਪੜ੍ਹਾਈ ਨਹੀਂ ਕਰ ਸਕਦੇ ਸੀ? ਦੁਨੀਆਂ ਦੇ ਵੱਡੇ-ਵੱਡੇ ਦੇਸ਼ਾਂ ਚ ਸਾਡੇ ਲੋਕੀਂ ਨਾਮੀ ਬਿਜਨਸਮੈਨ ਬਣ ਗਏ ਨੇ ਤਾਂ ਕਿ ਸਾਨੂੰ ਇੱਥੇ ਬਿਜਨਸ ਕਰਨਾ ਨਹੀਂ ਆਉਂਦਾ? ਕਈ ਮੁਲਕਾਂ ਦੀ ਰਾਜਨੀਤੀ ਚ ਅਸੀਂ ਮੱਲਾਂ ਮਾਰ ਲਈਆਂ ਨੇ, ਤਾਂ ਫਿਰ ਕਈ ਅਸੀਂ ਭਾਰਤ ਚ ਰਾਜਨੀਤੀ ਨਹੀਂ ਕਰ ਸਕਦੇ ਸਨ? ਪੰਜਾਬ ਚ ਅਸੀਂ ਆਪਣੀ ਇਕੱਲੀ ਕੁੜੀ ਨੂੰ ਘਰੋਂ ਬਾਹਰ ਪਿੰਡ ਚ ਵੀ ਨਹੀਂ ਭੇਜਦੇ, ਭਰਾ-ਪਿਓ ਜਾਂ ਕੋਈ ਹੋਰ ਨਾਲ ਜਰੂਰ ਜਾਂਦਾ ਆ, ਤਾਂ ਫਿਰ ਸੋਚੋ ਉਹਨਾਂ ਕੁੜੀਆਂ ਨੂੰ ਵਿਦੇਸ਼ਾਂ ਵਿੱਚ 7 ਸਮੁੰਦਰੋਂ ਪਾਰ ਭੇਜਣ ਦੇ ਲਈ ਸਾਨੂੰ ਕਿਸ ਨੇ ਮਜਬੂਰ ਕੀਤਾ ?
ਜੇ ਕਿਸੇ ਨੂੰ ਇਹ ਲੱਗਦਾ ਅਸੀਂ ਪੰਜਾਬ ਦੀ ਧਰਤੀ ਨੂੰ ਪਿਆਰ ਨਹੀਂ ਕਰਦੇ ਤਾਂ ਉਹ ਆਪਣੇ ਪਿੰਡ ਦੇ ਸਕੂਲਾਂ, ਗੁਰੂਦੁਆਰਿਆਂ ਜਾਂ ਮੰਦਿਰਾਂ ਚ ਜਾ ਕੇ ਦੇਖ ਲਵੇ ਕਿ ਬਾਹਰ ਗਏ ਬੰਦਿਆਂ ਨੇ ਕਿੰਨਾ ਪੈਸਾ ਭੇਜਿਆ ਏ ਪੰਜਾਬ ਦੀ ਤਰੱਕੀ ਦੇ ਲਈ ਨਹੀਂ? ਸਾਨੂੰ ਪੰਜਾਬ ਛੱਡ ਕੇ ਜਾਣ ਦਾ ਕੋਈ ਕ੍ਰੇਜ ਨਹੀਂ ਆ।
ਅਸੀਂ ਆਪਣੀ ਮਰਜੀ ਨਾਲ ਨਹੀਂ ਗਏ, ਸਾਨੂੰ ਮਜਬੂਰ ਕੀਤਾ ਗਿਆ ਜਾਂ ਇਹ ਕਹਿ ਲਵੋ ਕਿ ਧੱਕੇ ਮਾਰ ਕੇ ਕੱਢਿਆ ਗਿਆ। ਪੰਜਾਬ ਦੇ ਲੀਡਰਾਂ ਨੇ, ਅਲਗਾਵਾਦੀ ਵਿਚਾਰਧਾਰਾ ਵਾਲਿਆਂ ਨੇ, ਕੇਂਦਰ ਚ ਪਹਿਲਾਂ ਰਹੀਆਂ ਸਰਕਾਰਾਂ ਨੇ ਅਤੇ ਕਾਮਰੇਡਾਂ ਨੇ। ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਸਾਨੂੰ ਪੰਜਾਬੋਂ ਜਾਣ ਲਈ ਮਜਬੂਰ ਕੀਤਾ ਸੀ ਅਤੇ ਅਜੇ ਤੱਕ ਕਰ ਰਹੇ ਹਨ। ਤਾਂ ਹੀ ਪੰਜਾਬ ਦੀ ਜਵਾਨੀ ਵਿਦੇਸ਼ਾਂ ਵੱਲ ਨੂੰ ਨੱਠ ਰਹੀ ਹੈ।
ਹੁਣ ਤੁਸੀਂ ਹੀ ਦੱਸੋ ਅਸੀਂ ਪੰਜਾਬ ਨੂੰ ਛੱਡ ਕੇ ਕਿਉਂ ਨਾ ਜਾਈਏ?
- ਯੂਨੇਸਕੋ (UNESCO) ਦੀ ਰਿਪੋਰਟ ਅਨੁਸਾਰ ਪੰਜਾਬ ਦੇ 366 ਸਕੂਲਾਂ ਵਿੱਚ ਸਿਰਫ਼ ਇੱਕ ਹੀ ਅਧਿਆਪਕ ਹੈ ਅਤੇ ਪੰਜਾਬ ਦੇ ਸਕੂਲਾਂ ਵਿੱਚ 4442 ਅਧਿਆਪਕਾਂ ਦੀਆਂ ਪੋਸਟਾਂ ਖਾਲੀ ਪਈਆ ਹਨ। ਸਾਡੇ ਨਾਲ ਲੱਗਦੇ ਸੂਬੇ ਹਿਮਾਚਲ ਅਤੇ ਹਰਿਆਣਾ ਸਾਡੇ ਨਾਲੋਂ ਕੀਤੇ ਅੱਗੇ ਨਿਕਲ ਗਏ ਨੇ ਤੇ ਅਸੀਂ ਅੱਜ ਵੀ ਪਹਿਲਾਂ 66 ਫਿਰ 84 ਤੇ ਹੁਣ 2020 ਚ ਹੀ ਉਲਝੇ ਹੋਏ ਆ। ਹੁਣ ਦੱਸੋ ਅਸੀਂ ਇੱਥੇ ਹੀ ਰਹਿ ਕੇ ਫਿਰ ਕੋਈ ਜੰਗ ਲੜੀਏ ਜਾਂ ਪੰਜਾਬੋ ਬਾਹਰ ਜਾ ਕੇ ਆਪਣਾ ਭਵਿੱਖ ਸੁਥਰਾ ਕਰੀਏ?
- ਪੰਜਾਬ ਵਿੱਚ ਇੰਡਸਟਰੀ ਨਾ ਦੇ ਬਰਾਬਰ ਹੀ ਹੈ। ਉੱਪਰੋਂ ਪੰਜਾਬ ਦਾ 600 ਕਿਲੋਮੀਟਰ ਬਾਰਡਰ ਪਾਕਿਸਤਾਨ ਦੇ ਨਾਲ ਹੋਣ ਕਰਕੇ ਵੱਡੇ ਇੰਡਸਟ੍ਰੀਅਲ ਘਰਾਣੇ ਇੱਥੇ ਪੂੰਜੀ ਲਗਾਉਣ ਦੇ ਲਈ ਤਿਆਰ ਨਹੀਂ ਹਨ। ਜੇ ਕੋਈ ਸਾਡੇ ਹਿੱਤਾਂ ਦੇ ਲਈ ਇੰਡਸਟਰੀ ਲਗਾਉਣ ਲੱਗੇ ਤਾਂ ਕਾਮਰੇਡ ਲਾਣਾ ਆ ਖੜਾ ਹੁੰਦਾ। ਅਜਿਹੀ ਹੀ ਇੱਕ ਉਦਾਹਰਨ ਹੁਸ਼ਿਆਰਪੁਰ-ਮੁਕੇਰੀਆਂ ਰੋਡ ਤੇ ਲੱਗੀ ਸੇਂਚੁਰੀ ਪਲਾਈ ਫੁਡ ਫੈਕਟਰੀ ਦੀ ਹੈ। ਜਦੋਂ ਇਹ ਫੈਕਟਰੀ ਲੱਗਣੀ ਸ਼ੁਰੂ ਹੋਈ ਸੀ ਤਾਂ ਕਾਮਰੇਡ ਅਤੇ ਕੁੱਝ ਅਲਗਵਾਦੀ ਵਿਚਾਰਧਾਰਾ ਵਾਲੇ ਆ ਗਏ ਇਕੱਠੇ ਹੋ ਕੇ ਬੰਦ ਕਰਵਾਉਣ। ਕਈ ਮਹੀਨੇ ਤੱਕ ਧਰਨਾ ਚੱਲਦਾ ਰਿਹਾ, ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਫੈਕਟਰੀ ਦੇ ਖਿਲਾਫ ਭੜਕਾਇਆ ਗਿਆ। ਧਰਨਕਾਰੀ ਫੈਕਟਰੀ ਦੇ ਨਾਮ ਤੇ ਆਪਣਾ ਅਲਗਵਾਦੀ ਅਜੇਂਡਾ ਚਲਾਈ ਜਾ ਰਹੇ ਸਨ। ਕਾਮਰੇਡ ਆਪਣਿਆ ਕਿਤਾਬਾਂ ਵੰਡੀ ਜਾ ਰਹੇ ਸਨ, ਧਰਨੇ ਦੇ ਨਾਮ ਤੇ ਉਹ ਸਮਾਜ ਵਿੱਚ ਵੰਡੀਆਂ ਪਾਉਣ ਵਾਲਿਆਂ ਗੱਲਾਂ ਕਰਦੇ ਸਨ। ਪਰ ਅਖੀਰ ਕਿਸੇ ਵੀ ਤਰਾਂ ਲੈ ਦੇ ਕੇ ਧਰਨਾ ਖਤਮ ਹੋ ਗਿਆ ਤੇ ਅੱਜ ਉਸੇ ਫੈਕਟਰੀ ਨੇ ਸੈਕੜੇਂ ਨੋਜਵਾਨ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ, ਜਿਹੜੇ ਕਦੇ ਉਸ ਨੂੰ ਬੰਦ ਕਰਵਾਉਣ ਤੇ ਤੁਲੇ ਹੋਏ ਸਨ। ਇਹ ਤੇ ਸਿਰਫ਼ ਇੱਕ ਉਦਾਹਰਨ ਹੈ, ਅਜਿਹੇ ਸੈਕੜੇਂ ਪ੍ਰਯੋਗ ਹੋ ਚੁੱਕੇ ਨੇ ਪੰਜਾਬ ਵਿੱਚ ਅਤੇ ਇੰਡਸਟਰੀ ਨੂੰ ਪੰਜਾਬ ਆਉਣ ਤੋਂ ਰੋਕਿਆਂ ਗਿਆ। ਪੰਜਾਬ ਵਿੱਚ ਇੰਡਸਟਰੀ ਲੱਗਦੀ ਨੀ, ਸਰਕਾਰੀ ਨੋਕਰੀ ਮਿਲਦੀ ਨੀ, ਤਾਂ ਦੱਸੋ ਫਿਰ ਅਸੀਂ ਕਿਉ ਨਾ ਜਾਈਏ ਵਿਦੇਸ਼ ਨੂੰ?
- ਪੰਜਾਬ ਦੇ ਨੇਤਾਵਾਂ ਨੇ ਕਦੇ ਵੀ ਪੰਜਾਬ ਦੀ ਅਤੇ ਕੇਂਦਰ ਸਰਕਾਰ ਦੀ ਆਪਸ ਵਿੱਚ ਸਹਿਮਤੀ ਨਹੀਂ ਬਣਨ ਦਿੱਤੀ। ਸਾਡੇ ਅਖੋਤੀ ਲੀਡਰਾਂ ਨੂੰ ਪਤਾ ਹੈ ਕਿ ਅਸੀਂ ਕੇਂਦਰ ਸਰਕਾਰ ਦੇ ਨਾਮ ਉੱਪਰ ਜਲਦੀ ਭੜਕ ਜਾਂਦੇ ਆ ਤਾਂ ਹੀ ਉਹ ਕਦੇ ਪਾਣੀਆਂ ਦੇ ਨਾਮ ਤੇ, ਕਦੇ BSF ਦੇ ਨਾਮ ਤੇ, ਕਦੇ ਬਿਜਲੀ ਦੇ ਨਾਮ ਤੇ ਸਾਡੀਆਂ ਭਾਵਨਾਵਾਂ ਨਾਲ ਖੇਲਦੇ ਰਹਿੰਦੇ ਨੇ ਤੇ ਆਪਣੀ ਰਾਜਨੀਤੀ ਕਰਦੇ ਰਹਿੰਦੇ ਆ। ਪਰ ਪੰਜਾਬ ਨੂੰ ਕੁੱਝ ਨਹੀਂ ਮਿਲਦਾ। ਹੁਣ ਦੱਸੋ ਅਸੀਂ ਇੱਥੇ ਧਰਨੇ ਦਈਏ ਜਾਂ ਪੰਜਾਬੋ ਬਾਹਰ ਜਾ ਕੇ ਆਪਣਾ ਪਰਿਵਾਰ ਪਾਲਿਏ?
- ਨਸ਼ਿਆਂ ਦਾ ਤੇ ਪੰਜਾਬ ਵਿੱਚ ਹੜ੍ਹ ਹੀ ਵਗ ਰਿਹਾ ਹੈ, ਹਰ ਪਿੰਡ ਵਿੱਚ ਚਿੱਟਾ, ਸਮੈਕ ਵਰਗੇ ਨਸ਼ੇ ਤਾਂ ਅਸਾਨੀ ਨਾਲ ਹੀ ਮਿਲ ਜਾਂਦੇ ਨੇ। ਤਾਂ ਦੱਸੋ ਮਾਪੇ ਡਰਦੇ ਆਪਣੇ ਬੱਚਿਆਂ ਨੂੰ ਬਾਹਰ ਕਿਉ ਨਾ ਭੇਜਣ?
- ਰੱਬ ਨਾ ਕਰੇ ਜੇ ਕਿਸੇ ਤੇ ਝੂਠਾ ਕੇਸ ਹੀ ਪੈ ਜਾਵੇ ਤਾਂ ਸਾਰੀ ਉਮਰ ਬੰਦ ਕੋਰਟ- ਕਚਹਿਰਿਆਂ ਦੇ ਚੱਕਰ ਕੱਢਦਾ ਰਹਿ ਜਾਂਦਾ ਆ। ਤੇ ਸਿਆਸੀ ਲੀਡਰਾ ਦੇ ਲਈ ਕਿਸੇ ਤੇ ਕੋਈ ਕੇਸ ਪਵਾਉਣ ਕੋਈ ਔਖੀ ਗੱਲ ਨਹੀਂ ਏ ਪੰਜਾਬ ਚ, ਇਹ ਤੇ ਸਾਰੇ ਪੰਜਾਬੀ ਜਾਣਦੇ ਹੀ ਹਨ। ਹੁਣ ਦੱਸੋ ਅਸੀਂ ਇੱਥੇ ਡਰ-ਡਰ ਕੇ ਰਹਿਏ ਜਾਂ ਵਿਦੇਸ਼ਾਂ ਦੀ ਵਧੀਆ ਨਿਆਂ ਵਿਵਸਥਾ ਦਾ ਆਨੰਦ ਮਾਣਏ?
- ਪੰਜਾਬ ਦੇ ਸਰਕਾਰੀ ਸਕੂਲਾਂ ਦਾ ਹਾਲ ਬੇ-ਹਾਲ ਹੋਇਆ ਪਿਆ ਹੈ, ਜਿਆਦਤਰ ਸਕੂਲਾਂ ਵਿੱਚ ਤਾਂ ਆਧੁਨਿਕਤਾ ਦੇ ਨਾਮ ਬਸ ਕੰਪਿਊਟਰ ਲੈਬ ਹੀ ਆ ਇਸ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਚ ਦੁਪਹਿਰ ਦਾ ਲੰਗਰ ਦੇਣ ਦਾ ਡਰਾਮਾ ਸ਼ੁਰੂ ਕੀਤਾ ਹੋਇਆ ਏ, ਜਿਸ ਨਾਲ ਹੁੰਦਾ ਕਿ ਅਧਿਆਪਕ ਦਾ ਸਾਰਾ ਦਿਨ ਧਿਆਨ ਲੰਗਰ ਬਣਾਉਣ ਤੇ ਖਿਲਾਉਣ ਤੇ ਲੱਗਾ ਰਹਿੰਦਾ ਏ ਤੇ ਬੱਚੇ ਵੀ ਸਵੇਰੇ ਆਉਂਦੇ ਇਹ ਦੇਖਣ ਲੱਗ ਪੈਂਦੇ ਕਿ ਅੱਜ ਸਬਜੀ ਕਿਹੜੀ ਬਣਨੀ ਏ, ਬੱਚਿਆਂ ਨੂੰ ਪੀਰੀਅਡ ਭਾਵੇਂ ਨਾ ਯਾਦ ਹੋਣ ਪਰ ਦਾਲ-ਸਬਜੀ ਦਾ ਮੇਨੂੰ (MENU) ਪੂਰਾ ਯਾਦ ਹੁੰਦਾ ਏ। ਮਿਡ ਦੇ ਮੀਲ ਦੀ ਯੋਜਨਾ ਭਾਵੇਂ ਸਰਕਾਰ ਨੇ ਇੱਕ ਸਹੀ ਨੀਤ ਦੇ ਨਾਲ ਅਤੇ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵੱਧੇ, ਇਸ ਮਕਸਦ ਨਾਲ ਕੀਤੀ ਸੀ, ਪਰ ਇਸ ਯੋਜਨਾ ਨੂੰ ਲਾਗੂ ਉਸ ਢੰਗ ਨਾਲ ਕੀਤਾ ਜਾ ਰਿਹਾ, ਜਿਹੜਾ ਕਿ ਚਿੰਤਾਜਨਕ ਹੈ। ਜੇ ਗੱਲ ਪ੍ਰਾਈਵੇਟ ਸਕੂਲਾਂ ਦੀ ਕਰੀਏ ਤਾਂ ਉੱਥੇ ਫੀਸਾਂ ਹੀ ਬੜੀਆਂ ਜਿਆਦਾ ਨੇ ਤੇ ਇਸ ਦੇ ਨਾਲ ਉਹਨਾਂ ਦੇ ਹੋਰ ਵੀ ਬਥੇਰੇ ਡਰਾਮੇ ਹੁੰਦੇ ਨੇ, ਜੇ ਕੋਈ ਮਾਪੇ ਆਪਣੇ ਬੱਚੇ ਪੜ੍ਹਾ ਵੀ ਲੈਣ ਤਾਂ ਨੋਕਰੀ ਮਿਲਣ ਦੀ ਕੋਈ ਗਰੰਟੀ ਨਹੀਂ ਹੈ। ਇਸ ਲਈ ਹਰ ਕੋਈ ਇਹ ਹੀ ਸੋਚਦਾ ਕਿ ਥੋੜੇ ਜਿਹੇ ਪੈਸੇ ਹੋਰ ਖਰਚ ਕੇ ਬੱਚੇ ਬਾਹਰ ਭੇਜੋਂ, ਜਿਸ ਨਾਲ ਉਸ ਦੀ ਸਾਰੀ ਉਮਰ ਵਧੀਆ ਨਿਕਲ ਜਾਵੇਗੀ।
ਪੰਜਾਬ ਨੂੰ ਛੱਡਣਾ ਕੋਈ ਨਹੀਂ ਚਾਹੁੰਦਾ ਪਰ ਇੱਥੇ ਬਣੇ ਹਾਲਾਤਾਂ ਕਾਰਣ ਹਰ ਕੋਈ ਵਿਦੇਸ਼ ਜਾ ਕੇ ਵਸਣ ਦਾ ਚਾਹਵਾਨ ਹੈ, ਜਿਹੜਾ ਕਿ ਚਿੰਤਾਜਨਕ ਹੈ। ਜੇ ਇੰਝ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਬਰਬਾਦ ਹੋ ਜਾਵੇਗਾ। ਸਾਨੂੰ ਧਰਨਿਆਂ ਦੀ ਸੋਚ ਛੱਡ ਕੇ ਪੰਜਾਬ ਵਿੱਚ ਇੰਡਸਟਰੀ ਲਗਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਭਾਰਤ ਸਰਕਾਰ ਦੇ ਨਾਲ ਵਿਰੋਧ ਲੈ ਕੇ ਪੰਜਾਬ ਤਰੱਕੀ ਨਹੀਂ ਕਰ ਸਕਦਾ, ਇਸ ਲਈ ਕੇਂਦਰ ਅਤੇ ਰਾਜ ਸਰਕਾਰ ਨੂੰ ਮਿਲ ਕੇ ਪੰਜਾਬ ਦੀ ਤਰੱਕੀ ਚ ਯੋਗਦਾਨ ਪਾਉਣਾ ਚਾਹੀਦਾ ਹੈ। ਸਾਨੂੰ ਪੰਜਾਬ ਵਿੱਚ ਅਜਿਹਾ ਵਾਤਾਵਰਣ ਤਿਆਰ ਕਰਨਾ ਚਾਹੀਦਾ ਹੈ ਕਿ ਵੱਡੇ ਇੰਡਸਟ੍ਰੀਅਲ ਪੰਜਾਬ ਵਿੱਚ ਬਿਨਾਂ ਕਿਸੇ ਡਰ ਇੰਡਸਟਰੀ ਲਗਾਉਣ ਤਾਂ ਜੋ ਰੁਜ਼ਗਾਰ ਦੇ ਅਵਸਰ ਪੈਦਾ ਹੋਣ। IELTS ਸੈਂਟਰਾਂ ਦੀ ਥਾਂ ਤੇ IAS-IPS ਅਤੇ ਹੋਰ ਸਰਕਾਰੀ ਨੋਕਰੀਆਂ ਦੀ ਤਿਆਰੀ ਕਰਵਾਉਣ ਵਾਲੇ ਸੈਂਟਰ ਪੰਜਾਬ ਦੇ ਹਰ ਕਸਬੇ ਵਿੱਚ ਖੁੱਲਣੇ ਚਾਹੀਦੇ ਹਨ। ਰਾਜਨੀਤਿਕ ਪਾਰਟੀਆਂ ਨੂੰ ਵੀ ਹੁਣ ਆਪਣੇ ਘਰ ਭਰਨ ਦੀ ਥਾਂ ਪੰਜਾਬ ਭਰਨ ਦੀ ਸੋਚ ਨਾਲ ਕੰਮ ਕਰਨ ਦੀ ਲੋੜ ਹੈ । ਅਤੇ ਪੰਜਾਬ ਵਿੱਚ ਇੱਕ ਵਧੀਆ ਨਿਕਾਇਕ ਵਿਵਸਥਾ ਸਥਾਪਿਤ ਕਰਨੀ ਚਾਹੀਦੀ ਹੈ। ਸਾਰਿਆਂ ਨੂੰ ਮਿਲ ਕੇ ਪੰਜਾਬ ਦੀ ਤਰੱਕੀ ਚ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਹੀ ਪੰਜਾਬ ਅਤੇ ਪੰਜਾਬ ਦੀ ਜਵਾਨੀ ਸਾਂਭੀ ਜਾ ਸਕਦੀ ਹੈ।
ਜਤਿੰਦਰ ਵਿਰਦੀ – 9872996542
ਆਭਾਰ : https://www.punjabijuction.com/2022/03/blog-post_6.html
test