ਡਾ; ਸੁਖਜਿੰਦਰ ਰਿਸ਼ੀ
ਅੱਜ ਕੱਲ੍ਹ ਮਾਘ-ਫੱਗਣ ਦੇ ਮਹੀਨਿਆਂ ਵਿਚ ਵੀ ਮੀਂਹ ਪੈ ਰਹੇ ਹਨ, ਲੋਹੜੀ ਤੋਂ ਮਗਰੋਂ ਜਿਥੇ ਠੰਡ ਘਟਣ ਦੇ ਆਸਾਰ ਸਨ ਉਥੇ ਪਿਛਲੇ ਦਿਨੀਂ ਮੀਂਹ ਨੇ ਠੰਡ ਵਧਾ ਦਿੱਤੀ ਸੀ। ਚਾਰ ਕੁ ਮਹੀਨੇ ਪਹਿਲਾਂ ਵੀ ਲਗਾਤਾਰ ਪਏ ਮੀਂਹ ਕਾਰਨ ਪੰਜਾਬ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਸਨ, ਜਿਸ ਕਾਰਨ ਮੌਸਮ ਵਿਭਾਗ ਨੇ ਸੂਬੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਸੀ। ਪਰ ਖੈਰ ਰਹੀ ਕਿ ਕਿਸੇ ਤਰਾਂ ਦੇ ਵੱਡੇ ਖਤਰੇ ਤੋਂ ਪੰਜਾਬ ਬਚ ਗਿਆ।
ਮੀਂਹ ਦਾ ਪੰਜਾਬ ਦੀ ਲੋਕਧਾਰਾ ਅਤੇ ਜੀਵਨ ਅਹਿਸਾਸਾਂ ਨਾਲ ਗੂੜਾ ਸੰਬੰਧ ਹੈ। ਮੀਂਹ ਕਦੇ ਕਦੇ ਪੰਜਾਬ ਨੂੰ ਤੰਗ ਵੀ ਕਰਦਾ ਰਿਹਾ ਹੈ। ਕੱਚੇ ਘਰਾਂ ਦੇ ਲੋਕਾਂ ਲਈ ਸਾਓਣ ਦੀ ਝੜੀ ਸਹਿਮ ਵੀ ਲੈ ਕੇ ਆਓਂਦੀ ਰਹੀ ਹੈ। ਬਜ਼ੁਰਗਾਂ ਤੋਂ ਸੁਣਨ ਨੂੰ ਮਿਲਦਾ ਹੈ ਕਿ ਜਦ ਪੰਜਾਬ ਵਿਚ ਕੱਚੇ ਘਰਾਂ ਦਾ ਦੌਰ ਸੀ ਤਾਂ ਉਦੋਂ ਜਦ ਵੀ ਝੜੀ ਲਗਦੀ ਪਿੰਡ ਵਿਚੋਂ ਅਚਾਨਕ ‘ਦੜੱਮ’ ਦੀ ਅਵਾਜ ਆਓਂਦੀ ਅਤੇ ਪਤਾ ਚਲਦਾ ਕਿ ਕਿਸੇ ਦੇ ਕੱਚੇ ਘਰ ਦੀ ਛੱਤ ਗਿਰ ਗਈ ਹੈ। ਪੰਜਾਬ ਵਿਚ 1980 ਤੋਂ 90 ਤੱਕ ਨੀਮ ਹੜਾਂ ਦੀ ਸਮੱਸਿਆ ਵੀ ਮੀਂਹ ਕਰਕੇ ਪੈਦਾ ਹੁੰਦੀ ਰਹੀ ਹੈ।
ਪਰ ਸਮੁੱਚੇ ਰੂਪ ਵਿਚ ਪੰਜਾਬੀ ਜੀਵਨਧਾਰਾ ਅਤੇ ਮਾਨਸਿਕਤਾ ਵਿਚ ਮੀਂਹ ਦਾ ਇਕ ਪਾਜਿਟਿਵ ਬਿੰਬ ਹੈ। ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਇਥੋਂ ਦੀ ਖੇਤੀ ਮੀਂਹ ਤੇ ਅਧਾਰਿਤ ਰਹੀ ਹੈ। ਇਸੇ ਕਰਕੇ ਮੀਂਹ ਦੀ ਲੋੜ ਪੰਜਾਬ ਨੂੰ ਹਮੇਸ਼ਾ ਰਹੀ ਹੈ। ਮੀਂਹ ਆਉਣ ਦੇ ਅਸਮਾਨੀ ਸੰਕੇਤਾਂ ਨਾਲ ਹੀ ਬੱਚੇ ਖੁਸ਼ੀ ਨਾਲ ਝੂਮਣ ਲੱਗ ਪੈਂਦੇ ਹਨ। ਕੇਵਲ ਬੱਚੇ ਹੀ ਨਹੀਂ ਮੋਰ, ਡੱਡੂ ਅਤੇ ਹੋਰ ਕਈ ਜੀਵ ਜੰਤੂ ਵੀ ਬਾਰਿਸ਼ ਦੌਰਾਨ ਮਸਤ ਹੁੰਦੇ ਹਨ। ਬਚਪਨ ਵਿਚ ਭਾਵੇਂ ਮੀਂਹ ਦੀ ਕੋਈ ਉਂਝ ਸਾਰਥਿਕਤਾ ਨਹੀਂ ਹੁੰਦੀ ਸੀ ਪਰ ਅਸੀਂ ਸਾਰੇ ਮੀਂਹ ‘ਚ ਨਹਾ ਕੇ ਖੁਸ਼ ਹੁੰਦੇ ਅਤੇ ਗਾਓਂਦੇ ਰਹੇ ਹਾਂ।
“ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਵਰਸਾ ਦੇ ਜੋਰੋ ਜੋਰ”
ਖੇਤਾਂ ਵਿਚ ਮੋਟਰਾਂ ਤਾਂ ਪਿਛਲੇ ਤਿੰਨ ਕੁ ਦਹਾਕਿਆਂ ਤੋਂ ਹੀ ਆਈਆਂ ਹਨ। ਪਹਿਲਾਂ ਜੱਟ ਦੀ ਆਰਥਿਕਤਾ ਸਿੱਧੀ ਮੀਂਹ ਨਾਲ ਜੁੜੀ ਹੋਣ ਕਰਕੇ ਓਹ ਵੀ ਝੋਲੀ ਅੱਡ ਕੇ ਗਾਓਂਦਾ ਤੇ ਇੰਦਰ ਦੇਵਤਾ ਦਾ ਸ਼ੁਕਰਾਨਾ ਕਰਦਾ।
“ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ”
ਭਾਵੇਂ ਪੱਛਮੀਂ ਸੰਸਕ੍ਰਿਤੀ ਵਿਚ ਕਵਿਤਾਵਾਂ ਗਾਈਆਂ ਜਾਂਦੀਆਂ ਹਨ ‘ਰੇਨ ਰੇਨ ਗੋ ਅਵੇ’ ਪਰ ਪੰਜਾਬੀ ਬੰਦਾ ਹਮੇਸ਼ਾਂ ਮੀਂਹ ਪੈਣ ਦੀ ਉਡੀਕ ਅਤੇ ਤਾਂਘ ਵਿਚ ਰਹਿੰਦਾ ਹੈ। ਜਿਸ ਤਰਾਂ ਚਾਵਲ ਰਾਜਸਥਾਨ ਵਿਚ ਅਤੇ ਖੰਜੂਰਾਂ ਪੰਜਾਬ ਵਿਚ ਚੰਗੀ ਤਰ੍ਹਾਂ ਨਹੀਂ ਹੋ ਸਕਦੀਆਂ ਕਿਉਂਕਿ ਉਹ ਆਪਣੀ ਲੋੜ ਦੇ ਅਨੁਕੂਲ ਮੌਸਮ ਵਿਚ ਹੀ ਵਧ ਫੁਲ ਸਕਦੀਆਂ ਨੇ। ਇਸੇ ਤਰਾਂ ਕਿਸੇ ਸੰਸਕ੍ਰਿਤੀ ਦੇ ਗੀਤ, ਕਵਿਤਾਵਾਂ ਵੀ ਦੂਸਰੀ ਸੰਸਕ੍ਰਿਤੀ ਵਿਚ ਫਿੱਟ ਨਹੀਂ ਹੋ ਸਕਦੇ। ਕਿਉਂਕਿ ਜਿਹੜੇ ਦੇਸ਼ਾਂ ਵਿਚ ਬਾਰਾਂ ਮਹੀਨੇ ਬਰਫ ਪੈਂਦੀ ਹੈ ਉਹਨਾਂ ਦੇ ਬੱਚਿਆਂ ਦਾ ‘ਰੇਨ ਰੇਨ ਗੋ ਅਵੇ’ ਗਾਉਣਾ ਸੁਭਾਵਿਕ ਹੈ, ਪਰ ਪੰਜਾਬ ਨੂੰ ਮੀਂਹ ਦੀ ਹਮੇਸ਼ਾ ਲੋੜ ਰਹੀ ਹੈ। ਮੀਂਹ ਸਿਰਫ ਕਿਸਾਨ ਨਹੀਂ ਮੰਗਦਾ ਬਲਕਿ ਮੀਂਹ ਦਾ ਮੌਸਮ ਪਿਆਰ ਕਰਨ ਵਾਲਿਆਂ ਲਈ ਵੀ ਮੁਹੱਬਤ ਦੀ ਸਿਖਰ ਦਾ ਮੌਸਮ ਹੈ। ਇਕ ਪੁਰਾਣੀ ਹਿੰਦੀ ਫਿਲਮ ਦਾ ਗੀਤ ਹੈ
“ਸਾਵਨ ਕਾ ਮਹੀਨਾ ਪਵਨ ਕਰੇ ਸ਼ੋਰ, ਜੀਅਰਾਰੇ ਐਸੇ ਝੂਮੇਂ ਜੈਸੇ ਮਨਵਾ ਨਾਚੇ ਮੋਰ”
ਉਥੇ ਨੌਜਵਾਨਾ ਵਿਚ ਵੱਖਰੀ ਸ਼ੌਹਰਤ ਰੱਖਣ ਵਾਲਾ ਗਾਇਕ ਬੱਬੂ ਮਾਨ ਆਪਣੇ ਸੁਪਰਹਿਟ ਗੀਤ “ਸਾਓਣ ਦੀ ਝੜੀ ਨੀ ਲੱਗੀ ਸਾਓਣ ਦੀ ਝੜੀ, ਮੈਂ ਵੀ ਖੜਾ ਕੋਠੇ ਤੂੰ ਵੀ ਛੱਤ ਤਾ ਚੜ੍ਹੀ” ਵਿਚ ਮੀਂਹ ਦੇ ਮੌਕੇ ਆਪਣੀ ਮੁਹੱਬਤ ਨਾਲ ਮੀਂਹ ਵਿਚ ਨੱਚਣ ਵਰਗੇ ਰੋਮਾਂਟਿਕ ਖਾਬ ਸਿਰਜਦਾ ਹੈ।
ਪੰਜਾਬੀ ਦਾ ਵੱਡਾ ਸਾਹਿਤਕਾਰ ਵਿਧਾਤਾ ਸਿੰਘ ਤੀਰ ਤਾਂ ਮੀਂਹ ਦੇ ਮੌਸਮ ਨੂੰ ਮੌਜਾਂ ਦਾ ਮੌਸਮ ਆਖਦਾ ਹੈ ਉਹ ਮੀਂਹ ਦੇ ਪਾਣੀ ਨੂੰ ਅੰਮ੍ਰਿਤ ਵਰਗਾ ਦੱਸਦਾ ਲਿਖਦਾ ਹੈ।
ਸਾਵਣ ਵਿਚ ਮੌਜਾਂ ਬਣੀਆਂ ਨੇ ।
ਬਦਲਾਂ ਨੇ ਤਾਣੀਆਂ ਤਣੀਆਂ ਨੇ ।
ਫੌਜਾਂ ਲੱਥੀਆਂ ਘਣੀਆਂ ਨੇ ।
ਕਿਰ ‘ਕਿਣ ਮਿਣ’ ਲਾਈ ਕਣੀਆਂ ਨੇ ।
ਮੱਟ ਡੁਲ੍ਹਿਆ ਅੰਮ੍ਰਤ ਰਸਦਾ ਏ ।
ਛਮ! ਛਮ! ਛਮ! ਸਾਵਣ ਵੱਸਦਾ ਏ ।
ਪੰਜਾਬੀ ਸੱਭਿਆਚਾਰ ਵਿੱਚ ਮੀਂਹਾਂ ਦੇ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਸਾਉਣ ਮਹੀਨੇ ਮਾਪੇ ਜਿੱਥੇ ਆਪਣੀਆਂ ਵਿਆਂਹਦੜ ਧੀਆਂ ਨੂੰ ਸੰਧਾਰੇ ਲੈ ਕੇ ਜਾਂਦੇ ਹਨ, ਉੱਥੇ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਹਾਣੀ ਕੁੜੀਆਂ ਨੂੰ ਮਿਲਣ ਦੀ ਤਾਂਘ ਵੀ ਪ੍ਰਗਟ ਹੁੰਦੀ ਹੈ । ਸਾਉਣ ਦੇ ਮਹੀਨੇ ਨੂੰ ਆਪਣਾ ਭਰਾ ਆਖ ਕੇ ਪੰਜਾਬਣ ਮੁਟਿਆਰ ਜਿਥੇ ਇਸ ਮਹੀਨੇ ਨਾਲ ਆਪਣਾ ਮੋਹ ਪ੍ਰਗਟ ਕਰਦੀ ਹੈ ਉਥੇ ਪੰਜਾਬੀ ਫਲਸਫੇ ਨੂੰ ਵੀ ਉਜਾਗਰ ਕਰਦੀ ਹੈ ਜਿਹੜਾ ਫਲਸਫਾ ਕੁਦਰਤ ਨਾਲ ਵੀ ਸਕੇ ਭਰਾਵਾਂ ਵਰਗਾ ਰਿਸ਼ਤਾ ਰੱਖਣ ਦਾ ਸੰਦੇਸ਼ ਦਿੰਦਾ ਹੈ। ਮੁਟਿਆਰ ਬੋਲੀ ਦੇ ਰੂਪ ਵਿਚ ਕਹਿੰਦੀ ਹੈ।
“ਸਾਉਣ ਵੀਰ ਇਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਾਵੇ”
ਇਸ ਫਲਸਫੇ ਨੇ ਸਮਾਜਿਕ ਮਹੱਤਤਾ ਵਾਲੀ ਇਕ ਘਾੜਤ ਵੀ ਘੜੀ ਹੈ। ਵਿਆਹੀਆਂ ਹੋਈਆਂ ਸਹੇਲੀਆਂ ਇਕ ਦੂਜੇ ਨੂੰ ਤੀਆਂ ਸਮੇਂ ਹੀ ਮਿਲ ਸਕਦੀਆਂ ਹਨ। ਆਮ ਜੀਵਨ ਵਿਚ ਦੋਵਾਂ ਦਾ ਇਕੱਠਾ ਪੇਕੇ ਆਉਣਾ ਤੇ ਇਕ ਦੂਜੀ ਨੂੰ ਮਿਲਣਾ ਮੁਸ਼ਕਿਲ ਹੈ। ਗੁਰਬਾਣੀ ਵਿਚ ਰਚਿੱਤ ਬਾਰਾਮਾਹ ਵਿਚ ਵੀ ਸਾਵਣ ਅਤੇ ਮੀਂਹ ਨੂੰ ਬਹਾਰ ਦੀ ਰੁੱਤ ਖਿਆਲ ਕੀਤਾ ਗਿਆ ਹੈ। ਕਣੀਆਂ ਦੇ ਸੁਹੱਪਣ ਨੂੰ ਅਧਿਆਤਮ ਨਾਲ ਜੋੜਿਆ ਗਿਆ ਹੈ।
ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ॥
ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ॥
ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥
ਕਾਹਲ ਅਤੇ ਸੁਆਰਥਾਂ ਦੀ ਮਾਰੀ ਦੁਨੀਆਂ ਕੋਲ ਮੀਂਹ ਦੇ ਮੌਸਮ ਵਿਚ ਮੁਹੱਬਤ ਕਲਪਣ ਦੇ ਅਤੇ ਤੀਆਂ ਵਿਚ ਕੁੜੀਆਂ ਦੇ ਇਕ ਦੂਜੀ ਨੂੰ ਮਿਲਣ ਦੇ ਅਹਿਸਾਸ ਹੀ ਮਰ ਗਏ ਹਨ ਕਿਓਂਕਿ ਵਟਸ ਐਪ ਤੇ ਹੀ ਸਰ ਜਾਂਦਾ ਹੈ। ਹੁਣ ਬਚਪਨ ਵਾਂਗ ਮੀਂਹ ਵਿਚ ਗੁਲਗਲਿਆਂ ਦੀ ਖੁਸ਼ਬੋਈ ਵੀ ਨਹੀਂ ਮਿਲਦੀ ਹੈ। ਜੇ ਕਿਸੇ ਘਰ ਦੀ ਕਿਸੇ ਬਾਹਰੀ ਨੁੱਕਰੇ ਬੈਠ ਕੇ ਪੈਂਦੇ ਮੀਂਹ ਨੂੰ ਵੇਖਣਾ ਹੋਵੇ ਜਿਥੇ ਵਾਛੜ ਦੀ ਕੋਈ ਟਾਂਵੀਂ ਟਾਵੀਂ ਕਣੀ ਪੈਰਾਂ ਤੇ ਗਿਰ ਰਹੀ ਹੋਵੇ ਤਾਂ ਕਦੇ ਕਦੇ ਇਓਂ ਲਗਦੈ ਕਿ ਉਮਰ ਹੀ ਇਝ ਲੰਘ ਜਾਵੇ।
test