ਚੇਤਨ ਮੋਹਨ ਜੋਸ਼ੀ
ਅਕਾਲੀ ਦਲ ਦੀ ਖੇਡ ਗ਼ੈਰ ਜ਼ਰੂਰੀ ਹੀ ਨਹੀਂ ਗੈਰ ਹਕੀਕੀ ਵੀ ਹੈ ਤੇ ਖ਼ਤਰਨਾਕ ਵੀ। ਤੇ ਜਥੇਦਾਰ ਸਾਹਿਬ ਕਿਸ ਦੀ ਭਾਸ਼ਾ ਬੋਲ ਰਹੇ ਹਨ?
- ਯਾਦ ਨਹੀਂ ਆਉਂਦਾ ਕਿ ਅਕਾਲੀ ਦਲ ਦੀ ਇੰਨੀ ਤਰਸਯੋਗ ਸਥਿਤੀ ਪਿਛਲੇ ਪੱਚੀ ਸਾਲ ਵਿੱਚ ਕਦੋਂ ਸੀ? ਬੇਅੰਤ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਪਹਿਲੇ ਦੋ ਸਾਲਾਂ ਵਿੱਚ ਜਦੋਂ ਸਮੁੱਚੀ ਅਕਾਲੀ ਲੀਡਰਸ਼ਿਪ ਹਾਸ਼ੀਏ ਉੱਤੇ ਸੀ ਤਾਂ ਉਸ ਵਕਤ ਸਾਰਿਆਂ ਦੀਆਂ ਨਿਗਾਹਾਂ ਇਸ ਗੱਲ ਤੇ ਸਨ ਕਿ ਵਿਰੋਧੀ ਧਿਰ ਵਾਲਾ ਖੱਪਾ ਕੌਣ ਭਰੇਗਾ।
- ਵਿਰੋਧੀ ਧਿਰ ਵਾਲੇ ਖੱਪੇ ਨੂੰ ਭਰਨ ਲਈ ਸਾਰੇ ਖੁਆਰ ਹੋਏ ਅਕਾਲੀ ਦਲਾਂ ਨੂੰ ਇਕੱਠਿਆਂ ਕੀਤਾ ਜਾਂਦਾ ਹੈ… ਜਿਸ ਵਿੱਚ ਕੈਪਟਨ ਵੀ ਸ਼ਾਮਲ ਹਨ ਤੇ ਬਰਨਾਲਾ ਸਾਬ ਵੀ…ਜੇ ਕੋਈ ਸ਼ਾਮਲ ਨਹੀਂ ਹੈ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਹੀ ਨਹੀਂ ਹਨ … ਕਿਉਂਕਿ ਬਾਦਲ ਸਾਹਿਬ ਨੂੰ ਵੀ ਪਤਾ ਹੈ ਕਿ ਜੇ ਕਿਸੇ ਦਾ ਪੰਜਾਬ ਦੇ ਲੋਕਾਂ ਵਿੱਚ ਆਧਾਰ ਹੈ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਦਾ ਹੀ ਹੈ।
- ਬਾਦਲ ਵਿਰੋਧੀ ਅਕਾਲੀ ਦਲਾਂ ਕੋਲ ਸਿਰ ਤਾਂ ਬਹੁਤ ਹਨ ਪਰ ਆਪੋ ਆਪਣੇ ਹਲਕਿਆਂ ਤੋਂ ਬਾਹਰ ਸਾਰੇ ਹੀ ਆਧਾਰਹੀਣ ਹਨ…ਉਨੀ ਸੌ ਚਰੱਨਵੇ ਦੀ ਅਜਨਾਲੇ ਦੀ ਜ਼ਿਮਨੀ ਚੋਣ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਲੁਕਵੇਂ ਤਰੀਕੇ ਨਾਲ ਇਹ ਅਪੀਲ ਕਰਦੇ ਹਨ ਕਿ ਬਾਦਲ ਅਕਾਲੀ ਦਲ ਕਿਉਂਕਿ ਅੰਮ੍ਰਿਤਸਰ ਅਕਾਲੀ ਦਲ ਵਿੱਚ ਆਪਣਾ ਰਲੇਵਾਂ ਨਹੀਂ ਕਰ ਰਿਹਾ ਇਸ ਲਈ ਉਸ ਨੂੰ ਲੋਕੀਂ ਵੋਟਾਂ ਨਾ ਪਾਉਣ…. ਇਸ ਦੇ ਬਾਵਜੂਦ ਅਕਾਲੀ ਦਲ ਰਤਨ ਸਿੰਘ ਅਜਨਾਲਾ ਨੂੰ ਜ਼ਿਮਨੀ ਚੋਣ ਵਿੱਚ ਟਿਕਟ ਦੇ ਕੇ ਜੇਤੂ ਬਣਾਉਂਦਾ ਹੈ…ਤੇ ਉਸ ਤੋਂ ਬਾਅਦ ਸਾਰੇ ਦਾ ਸਾਰਾ ਮੋਮੈਂਟਮ ਪ੍ਰਕਾਸ਼ ਸਿੰਘ ਬਾਦਲ ਦੇ ਪਿੱਛੇ ਇਕੱਠਾ ਹੋ ਜਾਂਦਾ ਹੈ… ਬਾਦਲ ਕੈਪਟਨ, ਤਲਵੰਡੀ, ਬਰਨਾਲਾ , ਕੈਪਟਨ ਕੰਵਲਜੀਤ ਵਰਗੇ ਧੜੇ ਵੀ ਬਾਦਲ ਦੀ ਰਹਿਨੁਮਾਈ ਕਬੂਲ ਕਰ ਲੈਂਦੇ ਹਨ।
- ਇਸੇ ਦੌਰ ਵਿੱਚ ਮੋਗਾ ਕਾਨਫ਼ਰੰਸ ਵਿੱਚ ਅਕਾਲੀ ਦਲ ਆਪਣਾ ਸਰੂਪ ਇੱਕ ਪੰਥਕ ਪਾਰਟੀ ਤੋਂ ਥੋੜ੍ਹਾ ਹਟ ਕੇ ਇਕ ਪੰਜਾਬੀ ਪਾਰਟੀ ਵਜੋਂ ਪੇਸ਼ ਕਰਦਾ ਹੈ ਤੇ ਲੋਕੀਂ ਇਸਨੂੰ ਅੱਗਲਵਾਂਢੀ ਕਬੂਲ ਕਰਦੇ ਹਨ… ਪੰਜਾਬ ਦੇ ਦੋਹਾਂ ਫਿਰਕਿਆਂ ਵਿਚ ਜਿਹੜੀ ਬੇਵਿਸਾਹੀ ਹੈ ਉਸ ਖਾਈ ਨੂੰ ਪੂਰਨ ਵਿੱਚ ਬਾਦਲ ਸਾਹਿਬ ਆਪਣਾ ਜ਼ਿਕਰਯੋਗ ਯੋਗਦਾਨ ਪਾਉਂਦੇ ਹਨ… ਉਨੀ ਸੌ ਛਿਅੱਨਵੇ ਵਿੱਚ ਭਾਜਪਾ ਨਾਲ ਭਾਈਵਾਲੀ ਇਸ ਨੂੰ ਇਕ ਹੋਰ ਪੁਖਤਾ ਭਾਈਚਾਰਕ ਸਾਂਝ ਵਿੱਚ ਬਦਲ ਦਿੰਦੀ ਹੈ।
- ਇਹ ਤਾਂ ਹੋਈ ਅਤੀਤ ਦੀ ਗੱਲ – ਅੱਜ ਦਾ ਅਕਾਲੀ ਦਲ ਕੀ ਕਰ ਰਿਹਾ ਹੈ… ਪਿਛਲੇ ਪੱਚੀ ਸਾਲਾਂ ਵਿੱਚ ਪੰਜਾਬ ਦੀ ਸਿਆਸਤ ਵੱਖਰਾ ਰੂਪ ਧਾਰਨ ਕਰ ਚੁੱਕੀ ਹੈ… ਪੰਥ ਨੂੰ ਪ੍ਰਣਾਈ ਇੱਕ ਪੀੜ੍ਹੀ ਲਾਂਭੇ ਹੋ ਕੇ ਅਗਲੀ ਪੀੜ੍ਹੀ ਲਈ ਰਸਤਾ ਸਾਫ ਕਰ ਚੁੱਕੀ ਹੈ… ਪ੍ਰਕਾਸ਼ ਸਿੰਘ ਬਾਦਲ ਹੁਰਾਂ ਮੱਤਭੇਦ ਲੱਖ ਹੋਣਗੇ ਉਨ੍ਹਾਂ ਦੀ ਥਾਂ ਆਪਣੀ ਹੈ ਪਰ ਲੋਕਾਂ ਦੇ ਲੀਡਰ ਸਨ… ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਇੱਕ ਕਾਰਪੋਰੇਟੀ ਦਿੱਖ ਦੇਣ ਦੇ ਚੱਕਰ ਵਿੱਚ ਲੀਡਰਾਂ ਦੀ ਇਕ ਐਸੀ ਨਵੀਂ ਪਨੀਰੀ ਤਿਆਰ ਕੀਤੀ ਜੋ ਲੀਡਰ ਘੱਟ ਤੇ ਪ੍ਰਾਪਰਟੀ ਡੀਲਰਾਂ ਦੀ ਲਾਮਡੋਰ ਜ਼ਿਆਦਾ ਨਜ਼ਰ ਆਉਂਦੀ ਹੈ। ਜਦੋਂ ਸਿਆਸਤ ਲੋਕ ਸਰੋਕਾਰਾਂ ਨਾਲੋਂ ਟੁੱਟ ਜਾਂਦੀ ਹੈ ਤਾਂ ਉਹਦਾ ਹਸ਼ਰ ਇਹੀ ਹੁੰਦਾ ਹੈ।
- ਕਿਸੇ ਪਾਰਟੀ ਨੂੰ ਆਪਣੇ ਆਪ ਨੂੰ ਨਵਿਆਉਣ ਲਈ ਜਾਂ ਤਾਂ ਇਸ ਦੀ ਸਿਖਰਲੀ ਲੀਡਰਸ਼ਿਪ ਵਿੱਚ ਤਬਦੀਲੀ ਕਰਨੀ ਪਵੇਗੀ ਤਾਂ ਜੋ ਕੋਈ ਨਵਾਂ ਆਈਡੀਆ ਪਾਰਟੀ ਵਿੱਚ ਆ ਸਕੇ ਤੇ ਜਾਂ ਇਸ ਨੂੰ ਆਪਣੀ ਸੋਚ ਬਦਲਣੀ ਪਵੇਗੀ…ਬਾਦਲ ਪਰਿਵਾਰ ਗਾਂਧੀ ਪਰਿਵਾਰ ਵਾਂਗੂੰ ਦੋਵੇਂ ਹੀ ਕਰਨ ਲਈ ਤਿਆਰ ਨਹੀਂ ਹੈ। ਇਹੀ ਕਾਰਨ ਹੈ ਕੀ ਅਕਾਲੀ ਪਾਰਟੀ ਦਾ ‘ਚਿੰਤਨ ਸ਼ਿਵਰ’ ਇਕ ਫੋਟੋ ਸੈਸ਼ਨ ਤੋਂ ਬਾਅਦ ਖ਼ਤਮ ਹੋ ਜਾਂਦਾ ਹੈ ਤੇ ਜਿੱਥੇ ਉਹ ਫੋਟੋ ਸਿਰਫ਼ ਇਹ ਦੱਸਦੀ ਹੈ ਕਿ ਪਾਰਟੀ ਵਿੱਚ ” ਸਭ ਅੱਛਾ” ਹੈ।
- ਸੱਚ ਇਹ ਹੈ ਕਿ ਅਕਾਲੀ ਪਾਰਟੀ ਪਿਛਲੇ ਪੰਦਰਾਂ ਸਾਲਾਂ ਵਿੱਚ ਲੋਕਾਂ ਦੇ ਮੁੱਦਿਆਂ ਤੋਂ ਬਿਲਕੁਲ ਹੀ ਟੁੱਟ ਗਈ ਅਤੇ ਇਸ ਨੇ ਸੱਤਾ ਤੇ ਸਿਆਸਤ ਨੂੰ ਸਿਰਫ਼ ਤੇ ਸਿਰਫ਼ ਆਪਣੇ ਪਰਿਵਾਰਕ ਅਤੇ ਵਪਾਰਕ ਹਿੱਤ ਸਾਧਣ ਤਕ ਹੀ ਸੀਮਤ ਕਰ ਦਿੱਤਾ।
- ਤੇ ਹੁਣ ਅਕਾਲੀ ਦਲ ਨੇ ਜਿਹੜਾ ਰਸਤਾ ਅਖ਼ਤਿਆਰ ਕੀਤਾ ਹੈ ਉਹ ਵੀ ਅਕਾਲੀ ਦਲ ਨੂੰ ਫੈਲਣ ਦੀ ਬਜਾਏ ਸੁੰਗੜਨ ਵਿੱਚ ਜ਼ਿਆਦਾ ਮੱਦਦ ਕਰੇਗਾ…ਇਹ ਸ਼ਾਇਦ ਪਹਿਲੀ ਵਾਰ ਹੈ ਕਿ ਅਕਾਲੀ ਦਲ ਕਿਸੇ ਜ਼ਿਮਨੀ ਚੋਣ ਵਿੱਚ ਇਸ ਗੱਲ ਲਈ ਪੱਬਾਂ ਭਾਰ ਹੋਇਆ ਪਿਆ ਸੀ ਕਿ ਉਸ ਨੂੰ ਕੋਈ ਉਮੀਦਵਾਰ ਲੱਭ ਪਵੇ ਜਿਸ ਨੂੰ ਉਹ ਆਪਣਾ ਚੋਣ ਨਿਸ਼ਾਨ ਉਧਾਰਾ ਦੇ ਸਕੇ। ਇੰਝ ਲੱਗ ਰਿਹਾ ਹੈ ਕਿ ਇਸ ਚੋਣ ਵਿੱਚ ਉਸ ਦਾ ਮੁਕਾਬਲਾ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੀ ਬਜਾਏ ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਨਾਲ ਹੈ।
- ਜੇ ਅਕਾਲੀ ਦਲ ਇਹ ਸੋਚਦਾ ਹੈ ਕਿ ਉਹ ਸਿਰਫ਼ ਸਿੱਖ ਮੁੱਦਿਆਂ ਤੇ ਕੇਂਦਰਿਤ ਹੋ ਕੇ ਆਪਣੀ ਹੋਂਦ ਬਚਾ ਲਵੇਗਾ ਤਾਂ ਇਸ ਨੂੰ ਘੱਟੋ ਘੱਟ ਪਿਛਲੀਆਂ ਚੋਣਾਂ ਵਿਚ ਵੋਟਾਂ ਦੇ ਪੈਟਰਨ ਉੱਤੇ ਜ਼ਰੂਰ ਨਿਗ੍ਹਾ ਮਾਰ ਲੈਣੀ ਚਾਹੀਦੀ ਹੈ – ਪਿਛਲੀਆਂ ਚੋਣਾਂ ਵਿੱਚ ਪੰਜਾਬੀਆਂ ਨੇ ਵੋਟਾਂ ਹਿੰਦੂ ਸਿੱਖ ਜਾਂ ਮੁਸਲਮਾਨ ਹੋ ਕੇ ਨਹੀਂ ਪਾਈਆਂ ਉਨ੍ਹਾਂ ਨੇ ਵੋਟਾਂ ਪੰਜਾਬੀ ਹੋ ਕੇ ਪਾਈਆਂ ਹਨ । ਪਰ ਅਕਾਲੀ ਲੀਡਰਸ਼ਿਪ ਦੀ ਤੱਤੇ ਨਾਅਰਿਆਂ ਪਿੱਛੇ ਲੁਕਣ ਦੀ ਅਤੇ ਅਕਾਲੀ ਦਲ ਮਾਨ ਨਾਲ ਮੁਕਾਬਲੇਬਾਜ਼ੀ ਦੀ ਕੋਸ਼ਿਸ਼ ਨੇ ਉਸ ਨੂੰ ਉੱਥੇ ਲਿਆ ਖਡ਼੍ਹਾ ਕਰਨਾ ਹੈ ਕਿ ਪੰਜਾਬ ਦਾ ਹਿੰਦੂ ਭਾਈਚਾਰਾ ਇਸ ਪਾਰਟੀ ਵੱਲ ਨੂੰ ਲਗਪਗ ਓਦਾਂ ਹੀ ਪਿੱਠ ਕਰ ਲਵੇਗਾ ਜਿਸ ਤਰ੍ਹਾਂ ਦੀ ਪਿੱਠ ਉਸਨੇ ਮਾਨ ਦਲ ਵੱਲ ਨੂੰ ਕੀਤੀ ਹੋਈ ਹੈ।
- ਜਿਸ ਤਰ੍ਹਾਂ ਦੇ ਤੱਤੇ ਤੱਤੇ ਬਿਆਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਰਹੇ ਹਨ – ਕੋਈ ਕੁਝ ਵੀ ਕਹੀ ਜਾਵੇ ਸਭ ਨੂੰ ਪਤਾ ਹੈ ਕਿ ਉਹ ਬਿਆਨ ਕਿਸ ਦੀ ਸ਼ਹਿ ਉੱਤੇ ਦੇ ਰਹੇ ਹਨ। ਇਕ ਆਰਜ਼ੀ ਜਥੇਦਾਰ ਕਦੇ ਵੀ ਐਸੇ ਬਿਆਨ ਉਨ੍ਹਾਂ ਨੂੰ ਨਿਯੁਕਤ ਕਰਨ ਵਾਲਿਆਂ ਤੋਂ ਬਾਹਰ ਹੋ ਕੇ ਨਹੀਂ ਦੇ ਸਕਦੇ। ਖ਼ਾਸਕਰ ਜਦੋਂ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਇਹ ਕਹਿੰਦੇ ਹਨ ਕਿ ਪੰਜਾਬ ਵਿੱਚ ਪਿੰਡਾਂ ਵਿੱਚ ਈਸਾਈਅਤ ਦਾ ਪ੍ਰਚਾਰ ਹੋ ਰਿਹਾ ਹੈ ਅਤੇ ਮਸੀਤਾਂ ਉਸਰ ਰਹੀਆਂ ਹਨ। ਆਹ ਮਸੀਤਾਂ ਦੇ ਡਰਾਵੇ ਵਾਲੀ ਭਾਸ਼ਾ ਕਦੀ ਵੀ ਕਿਸੇ ਪੰਜਾਬੀ ਪਾਰਟੀ ਦੀ ਭਾਸ਼ਾ ਨਹੀਂ ਹੋ ਸਕਦੀ।
- ਇਹ ਨਹੀਂ ਹੈ ਕਿ ਐਸਾ ਪੰਜਾਬ ਵਿੱਚ ਪਹਿਲੀ ਵਾਰ ਹੋ ਰਿਹਾ ਹੈ – ਉੱਨੀ ਸੌ ਸੈਂਤੀ ਵਿੱਚ ਜਿਨਾਹ ਦੀ ਮੁਸਲਿਮ ਲੀਗ ਜਦੋਂ ਪੰਜਾਬ ਵਿਚੋਂ ਹਾਰਦੀ ਹੈ ਤਾਂ ਉਹ ਆਪਣਾ ਮੁਹਾਵਰਾ “ਮੁਸਲਮਾਨ ਖਤਰੇ ਵਿਚ ਹੈ” ਤੋਂ ਬਦਲ ਕੇ… “ਇਸਲਾਮ ਖ਼ਤਰੇ ਵਿੱਚ ਹੈ” ਕਰ ਦਿੰਦਾ ਹੈ… ਚਾਲੀ ਕੁ ਸਾਲ ਪਹਿਲਾਂ ਜਦੋਂ ਪੰਜਾਬ ਨੂੰ ਇਕ ਭੱਠੀ ਵਿੱਚ ਝੋਕਿਆ ਗਿਆ ਤਾਂ ਉਸ ਵਕਤ ਵੀ ਲਗਪਗ ਮੁਹਾਵਰਾ ਇਹੋ ਜਿਹਾ ਹੀ ਸੀ…ਉਸ ਵਕਤ ਨੂੰ ਪੀੜ ਵਾਂਗ ਪਿੰਡੇ ਤੇ ਹੰਢਾ ਚੁੱਕੇ ਪੰਜਾਬੀ ਮੁੜ ਉਹ ਫ਼ਿਲਮ ਤਾਂ ਛੱਡੋ ਉਸ ਦਾ ਟ੍ਰੇਲਰ ਵੇਖਣ ਤੋਂ ਵੀ ਤ੍ਰਹਿੰਦੇ ਹਨ। ਇਸ ਵਕਤ ਅਕਾਲੀ ਦਲ ਦੀ ਰਣਨੀਤੀ ਬੇਹੱਦ ਹਲਕੀ ਹੀ ਨਹੀਂ ਹਾਸੋਹੀਣੀ ਵੀ ਨਜ਼ਰ ਆਉਂਦੀ ਹੈ – ਤੇ ਕਿਸੇ ਵੀ ਪੱਖ ਤੋਂ ਕੋਈ ਠੋਸ ਰਣਨੀਤੀ ਨਹੀਂ ਹੈ… ਹਾਂ ਇਕ ਪੱਖ ਹੈ ਕਿ ਹੋ ਸਕਦਾ ਹੈ ਕਿ ਸੁਖਬੀਰ ਬਾਦਲ ਹੁਰੀਂ ਜੋ ਕਿ ਬੜੇ ਹੀ ਵਿਹਾਰਕ ਸਿਆਸਤਦਾਨ ਹਨ ਉਏ ਜਾਣ ਚੁੱਕੇ ਹਨ ਕਿ ਹੁਣ ਉਨ੍ਹਾਂ ਵਾਲੀ ਸਿਆਸਤ ਦੇ ਦਿਨ ਪੰਜਾਬ ਵਿਚ ਪੁੱਗ ਗਏ ਹਨ ਤੇ ਉਨ੍ਹਾਂ ਦੀ ਭਵਿੱਖੀ ਮਨਸ਼ਾ ਪੰਜਾਬ ਵਿੱਚ ਚੌਟਾਲਿਆਂ ਵਾਂਗ ਇਕ ਪਿਛਲੱਗੂ ਪਾਰਟੀ ਬਣ ਕੇ ਆਪਣਾ ਰੋਲ ਨਿਭਾਉਣ ਦੀ ਹੋਵੇ।
ਕਿਉਂਕਿ ਇਸ ਵਕਤ ਜਿਥੇ ਅਕਾਲੀ ਦਲ ਖੜ੍ਹਾ ਹੈ…ਉਸ ਕੋਲ ਨਾ ਤਾਂ ਮੁਹਾਵਰਾ ਹੈ ਤੇ ਨਾ ਹੀ ਮੋਮੈਂਟਮ… ਤੇ ਅਕਾਲੀ ਪਾਰਟੀ ਦੇ ਚੌਟਾਲਿਆਂ ਵਾਲੇ ਰਾਹੇ ਪੈਣ ਦੇ ਮੌਕੇ ਮੁੜ ਸੱਤਾ ਵਿੱਚ ਵਾਪਸੀ ਤੋਂ ਕਿਤੇ ਵਧੇਰੇ ਜਾਪਦੇ ਹੈ।
test