ਇੰਦਰਜੀਤ ਸਿੰਘ ਬਾਜਵਾ
ਬਾਬਾ ਬੰਦਾ ਸਿੰਘ ਬਹਾਦਰ ਨੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਕੋਲੋਂ ਥਾਪੜਾ ਲੈ ਕੇ ਗੁਰੂ ਸਾਹਿਬ ਦੇ ਮਿਸ਼ਨ ‘ਧਰਮ ਚਲਾਵਨ ਸੰਤ ਉਬਾਰਨ, ਦੁਸਟ ਸਭਨ ਕੋ ਮੂਲ ਉਪਾਰਨ’ ਤਹਿਤ ਜ਼ਾਲਮ ਮੁਗਲ ਹਕੂਮਤ ਦੀ ਇੱਟ ਨਾਲ ਇੱਟ ਖੜਕਾ ਕੇ ਪਹਿਲੀ ਵਾਰ ਪੰਜਾਬ ਦੀ ਧਰਤੀ ਉੱਪਰ ਸਿੱਖ ਰਾਜ ਕਾਇਮ ਕੀਤਾ ਸੀ।
ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਦੀ ਦਾਸਤਾਨ ਇਤਿਹਾਸ ਦੇ ਵਰਕਿਆਂ ਉੱਪਰ ਸੁਨਿਹਰੀ ਅੱਖਰਾਂ ਵਿੱਚ ਉਕਰੀ ਪਈ ਹੈ, ਜਿਸ ਨੂੰ ਪੜ੍ਹ ਕੇ ਅੱਜ ਵੀ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿਰਫ 7 ਕੁ ਸਾਲਾਂ ਦੇ ਛੋਟੇ ਜਿਹੇ ਸਮੇਂ ਅੰਦਰ ਸਦੀਆਂ ਤੋਂ ਸਥਾਪਤ ਮੁਗਲੀਆ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਇੱਕ ਨਵੀਂ ਬਾਦਸ਼ਾਹੀ ਸਥਾਪਤ ਕਰ ਦਿੱਤੀ ਸੀ। ਇਸ ਥੋੜੇ ਸਮੇਂ ਅੰਦਰ ਭਾਂਵੇ ਬਾਬਾ ਬੰਦਾ ਸਿੰਘ ਬਹਾਦਰ ਨੇ ਬਹੁਤ ਵੱਡੀਆਂ ਜਿੱਤਾਂ ਦਰਜ ਕੀਤੀਆਂ ਪਰ ਸਮਾਂ ਘੱਟ ਹੋਣ ਕਾਰਨ ਉਹ ਇਸ ਸਮੇਂ ਖਾਲਸਾ ਰਾਜ ਦੀਆਂ ਕੋਈ ਬਹੁਤੀਆਂ ਯਾਦਗਾਰਾਂ ਨਾ ਉਸਾਰ ਸਕੇ। ਬਾਬਾ ਬੰਦਾ ਸਿੰਘ ਬਹਾਦਰ ਵਲੋਂ ਜੋ ਇੱਕ ਦੋ ਉਸਾਰੀਆਂ ਕੀਤੀਆਂ ਗਈਆਂ ਸਨ, ਉਹ ਵੀ ਕੌਮ ਦੀ ਨਾਲਾਇਕੀ ਅਤੇ ਅਣਗਿਹਲੀ ਕਾਰਨ ਤਬਾਹ ਹੋ ਗਈਆਂ ਹਨ। ਭਾਂਵੇ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਾਹਦਰ ਦੀ ਜਿੱਤ ਦੇ ਨਿਸ਼ਾਨ ਤਾਂ ਹਮੇਸ਼ਾਂ ਝੁੱਲਦੇ ਰਹਿਣਗੇ ਪਰ ਜਿੱਤ ਦੇ ਥਾਵਾਂ ਉੱਪਰ ਕੋਈ ਨਿਸ਼ਾਨ ਨਾ ਰਹਿਣਾ ਬੇਹੱਦ ਦੁੱਖਦਾਈ ਹੈ।
ਬਾਬਾ ਬੰਦਾ ਸਿੰਘ ਬਹਾਦੁਰ ਵਲੋਂ ਸੰਨ 1715 ਨੂੰ ਬਟਾਲਾ ਤੋਂ 13 ਕਿਲੋ ਮੀਟਰ ਦੂਰ ਪਿੰਡ ਮਿਰਜਾ ਜਾਨ ਵਿਖੇ ਇੱਕ ਕਿਲ੍ਹੇ ਦੀ ਉਸਾਰੀ ਕਰਾਈ ਗਈ ਸੀ, ਜਿਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਖਾਲਸਾ ਫੌਜਾਂ ਨੇ ਬੜੀ ਬਹਾਦਰੀ ਨਾਲ ਮੁਗਲ ਫੌਜਾਂ ਨਾਲ ਟਾਕਰਾ ਕੀਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਕਿਲ੍ਹੇ ਦੀ ਕੌਮ ਵਲੋਂ ਕੋਈ ਸੰਭਾਲ ਨਹੀਂ ਕੀਤੀ ਗਈ ਜਿਸ ਕਾਰਨ ਇਹ ਕਿਲ੍ਹਾ ਲਗਭਗ ਖਤਮ ਹੋ ਗਿਆ ਹੈ ਅਤੇ ਹੁਣ ਇਸਦੀਆਂ ਕੁਝ ਕੁ ਟੁੱਟੀਆਂ ਹੋਈਆਂ ਬਾਹਰੀ ਦੀਵਾਰਾਂ ਹੀ ਇਥੇ ਕਦੀ ਕਿਲ੍ਹਾ ਹੋਣ ਦੀ ਤਸਬੀਹ ਦਿੰਦੀਆਂ ਹਨ।
ਸੰਨ 1715 ਦਾ ਸਮਾਂ ਸੀ। ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੰਘਾਂ ਦੇ ਮੁੜ ਪੰਜਾਬ ਵਿੱਚ ਆ ਨਿਕਲਣ ਅਤੇ ਉਨ੍ਹਾਂ ਦੀਆਂ ਜਿੱਤਾਂ ਦੀਆਂ ਖਬਰਾਂ ਲਗਾਤਾਰ ਦਿੱਲੀ ਪੁੱਜਣ ਲੱਗ ਪੈਣ ਨਾਲ ਮੁਗਲ ਬਾਦਸ਼ਾਹ ਫ਼ਰੁੱਖਸੀਅਰ ਘਾਬਰ ਉੱਠਿਆ। ਸ਼ਾਹੀ ਦਰਬਾਰ ਦੇ ਅਮੀਰਾਂ, ਵਜ਼ੀਰਾਂ ਵਿੱਚ ਤਰਥੱਲੀ ਮੱਚ ਗਈ। ਲਾਹੌਰ ਦਾ ਸੂਬੇਦਾਰ ਅਬਦੁੱਸਮੱਦ ਖਾਨ ਵੀ ਲਾਹੌਰ ਹੀ ਬੈਠਾ ਰਿਹਾ ਕਿਉਂਕਿ ਉਹ ਬੰਦਾ ਸਿੰਘ ਬਹਾਦਰ ਨਾਲ ਸਿੱਧੀ ਟੱਕਰ ਲੈਣੋਂ ਡਰਦਾ ਸੀ। ਜਦੋਂ 14 ਮਾਰਚ 1715 ਨੂੰ ਬਾਦਸ਼ਾਹ ਫ਼ਰੁੱਖਸੀਅਰ ਨੂੰ ਇਹ ਖਬਰ ਪੁੱਜੀ ਕਿ ਬੰਦਾ ਸਿੰਘ ਨੇ ਕਲਾਨੌਰ, ਬਟਾਲਾ ਅਤੇ ਰਾਏਪੁਰ ਉੱਪਰ ਕਬਜ਼ਾ ਕਰ ਲਿਆ ਹੈ ਤਾਂ ਬਾਦਸ਼ਾਹ ਨੇ ਤੁਰੰਤ ਲਾਹੌਰ ਦੇ ਸੂਬੇਦਾਰ ਅਬਦੁੱਸਮੱਦ ਖਾਨ ਨੂੰ ਤਾੜਨਾ ਭਰਿਆ ਪੱਤਰ ਲਿਖਿਆ ਕਿ ਉਹ ਜਿਥੇ ਕਿਤੇ ਵੀ ਹੋਵੇ ਇੱਕ ਦਮ ਬੰਦਾ ਸਿੰਘ ਵਿਰੁੱਧ ਚਲਾ ਜਾਵੇ। ਇਸਦੇ ਨਾਲ ਹੀ ਬਾਦਸ਼ਾਹ ਨੇ ਕਰਮੁੱਦੀਨ, ਤੀਸਰੇ ਬਖਸ਼ੀ ਅਫ਼ਰਾਸਿਆਬ ਖਾਨ, ਮੁਜ਼ੱਫ਼ਰ ਖਾਨ, ਰਾਜਾ ਉਦਿਤ ਸਿੰਘ ਬੁੰਦੇਲੇ, ਰਾਜਾ ਗੋਪਾਲ ਸਿੰਘ ਭਦਾਵੜੀਏ, ਰਾਜਾ ਦਲਪਤ ਬੁੰਦੇਲੇ ਦੇ ਪੁੱਤਰ ਪ੍ਰਿਥੀ ਚੰਦ ਅਤੇ ਹੋਰ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਸਰਦਾਰਾਂ ਨੂੰ ਹੁਕਮ ਕੀਤਾ ਕਿ ਉਹ ਆਪਣੀ ਫੌਜਾਂ ਤਿਅਰ ਕਰਕੇ ਅਬਦੁੱਸਮੱਦ ਖਾਨ ਦੀ ਸਹਾਇਤਾ ਲਈ ਪੰਜਾਬ ਨੂੰ ਜਾਣ। ਇਸਦੇ ਨਾਲ ਹੀ ਬਾਦਸ਼ਾਹੀ ਪਰਵਾਨੇ ਪੰਜਾਬ ਦੇ ਕਈ ਫ਼ੌਜਦਾਰਾਂ ਅਤੇ ਜਗੀਰਦਾਰਾਂ ਦੇ ਨਾਉਂ ਵੀ ਜਾਰੀ ਹੋਏ ਕਿ ਉਹ ਆਪਣੀਆਂ ਫ਼ੌਜਾਂ ਲੈ ਕੇ ਅਬਦੁੱਸਮੱਦ ਖਾਨ ਦੇ ਲਸ਼ਕਰ ਵਿੱਚ ਸ਼ਾਮਲ ਹੋਣ। ਇਨ੍ਹਾਂ ਹੁਕਮਾਂ ਤਹਿਤ ਗੁਜਰਾਤ ਦੇ ਫ਼ੌਜਦਾਰ ਮਿਰਜ਼ਾ ਅਹਿਮਦ ਖਾਨ, ਐਮਨਾਬਾਦ ਦਾ ਫ਼ੌਜਦਾਰ ਇਰਾਦਤਮੰਦ ਖਾਨ, ਔਰੰਗਾਬਾਦ ਅਤੇ ਪਸਰੂਰ ਦਾ ਨੂਰ ਮੁਹੰਮਦ ਖਾਨ, ਬਟਾਲੇ ਦਾ ਸ਼ੇਖ ਮੁਹੰਮਦ ਦਾਇਮ, ਹੈਬਤਪੁਰ ਪੱਟੀ ਦਾ ਸੱਯਦ ਹਫ਼ੀਜ਼ ਅਲੀ ਖਾਨ, ਕਲਾਨੌਰ ਦਾ ਸੁਹਰਾਬ ਖਾਨ, ਕਾਂਗੜੇ ਦਾ ਰਾਜਾ ਹਮੀਰ ਚੰਦ ਕਟੋਚੀਆ, ਧਰੁਵ ਦੇਵ ਜਸਰੋਟੀਏ ਦਾ ਪੁੱਤਰ ਹਰਦੇਵ ਆਦਿ ਲਾਹੌਰ ਜਮ੍ਹਾਂ ਹੋ ਗਏ। ਲਾਹੌਰ ਦੇ ਨਾਇਬ ਨਾਜ਼ਮ (ਸੂਬੇਦਾਰ) ਆਰਿਫ਼ ਬੇਗ ਨੇ ਸ਼ਹਿਰੋਂ ਬਾਹਰ ਨਿਕਲ ਕੇ ਸ਼ਾਹ-ਗੰਜ ਦੇ ਲਾਗੇ ਡੇਰਾ ਲਾ ਲਿਆ।
19 ਮਾਰਚ 1715 ਨੂੰ ਮੁਗਲ ਬਾਦਸ਼ਾਹ ਫ਼ਰੁੱਖਸੀਅਰ ਨੂੰ ਦਿੱਲੀ ਵਿਖੇ ਮੁੜ ਇਹ ਖਬਰ ਪੁੱਜੀ ਕਿ ਸਿੱਖ ਕੁਝ ਪਰਗਣਿਆਂ ਵਿੱਚ ਬੈਠੇ ਹੋਏ ਹਨ ਅਤੇ ਲਾਹੌਰ ਸ਼ਹਿਰ ਤੋਂ ਬਾਰਾਂ ਕੋਹਾਂ ਤੱਕ ਆ ਪੁੱਜੇ ਹਨ, ਇਸ ਜ਼ਿਲ੍ਹੇ ਦੇ ਫ਼ੌਜਦਾਰ ਦੌੜ ਗਏ ਹਨ, ਲੋਕ ਹੋਰ ਪਰਗਣਿਆਂ ਅਤੇ ਸ਼ਹਿਰਾਂ ਵੱਲ ਦੌੜ ਰਹੇ ਹਨ ਅਤੇ ਉਨ੍ਹਾਂ ਥਾਂਈਂ ਸਿੰਘ ਆਪਣੇ ਕਬਜ਼ੇ ਅਤੇ ਅਮਲਦਾਰੀ ਕਾਇਮ ਕਰ ਰਹੇ ਹਨ।
ਦੂਸਰੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਵੀ ਲਾਹੌਰ ਵਿੱਚ ਹੋ ਰਹੀਆਂ ਤਿਆਰੀਆਂ ਤੋਂ ਬੇਖਬਰ ਨਹੀਂ ਸੀ। ਇਸ ਲਈ ਉਸਨੇ ਬਟਾਲਾ ਅਤੇ ਕਲਾਨੌਰ ਦੇ ਵਿਚਕਾਰ ਪਿੰਡ ਮਿਰਜਾ ਜਾਨ ਵਿਖੇ ਇੱਕ ਕੱਚੀ ਗੜ੍ਹੀ (ਕਿਲ੍ਹਾ) ਬਣਾਉਣ ਦਾ ਫੈਸਲਾ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫ਼ੌਜਾਂ ਅਤੇ ਇਲਾਕੇ ਦੇ ਰਾਜ ਮਿਸਤਰੀਆਂ ਨੇ ਦਿਨ ਰਾਤ ਇੱਕ ਕਰਕੇ ਮਿਰਜਾ ਜਾਨ ਪਿੰਡ ਵਿੱਚ ਇੱਕ ਉੱਚੀ ਥਾਂ ਉੱਪਰ ਕਰੀਬ ਇੱਕ ਏਕੜ ਕੁ ਥਾਂ ਵਿੱਚ ਕਿਲ੍ਹੇ ਦੀ ਉਸਾਰੀ ਅਰੰਭ ਕਰ ਦਿੱਤੀ। ਕਿਲ੍ਹੇ ਦੀ ਉਸਾਰੀ ਲਈ ਨਾਨਕਸ਼ਾਹੀ ਇੱਟ ਦੀ ਵਰਤੋਂ ਕੀਤੀ ਗਈ ਪਰ ਕੰਧਾਂ ਦੀ ਚਿਣਾਈ ਮਿੱਟੀ ਦੇ ਗਾਰੇ ਨਾਲ ਕੀਤੀ ਗਈ। ਅਜੇ ਕਿਲ੍ਹੇ ਦੀ ਕੰਧਾਂ ਦੀ ਉਸਾਰੀ ਹੀ ਹੋਈ ਸੀ ਅਤੇ ਕਿਲ੍ਹੇ ਤੋਂ ਬਾਹਰਵਾਰ ਰੋਕਾਂ ਪੂਰੀ ਤਰ੍ਹਾਂ ਨਹੀਂ ਬਣੀਆਂ ਸਨ ਕਿ ਲਾਹੌਰ ਦੇ ਸੂਬੇਦਾਰ ਅਬਦੁੱਸਮੱਦ ਖਾਨ ਅਤੇ ਨਾਇਬ ਸੂਬੇਦਾਰ ਆਰਿਫ਼ ਬੇਗ ਦੀ ਕਮਾਨ ਹੇਠ ਉਪਰੋਕਤ ਫ਼ੌਜਦਾਰਾਂ ਦੀਆਂ ਮਿਲਵੀਆਂ ਫ਼ੌਜਾਂ ਨੇ ਪਿੰਡ ਮਿਰਜਾ ਜਾਨ ਦੇ ਕਿਲ੍ਹੇ ਵਿੱਚ ਸਿੰਘਾਂ ਉੱਪਰ ਹਮਲਾ ਬੋਲ ਦਿੱਤਾ। ਇਸ ਕਿਲ੍ਹੇ ਤੋਂ ਸਿੰਘਾਂ ਨੇ ਬੜੀ ਬਹਾਦਰੀ ਨਾਲ ਮੁਗਲ ਅਤੇ ਇਨ੍ਹਾਂ ਦੀਆਂ ਹੋਰ ਸਹਾਇਕ ਫ਼ੌਜਾਂ ਦਾ ਮੁਕਾਬਲਾ ਕੀਤਾ। ਮੁਗਲ ਫ਼ੌਜਾਂ ਦੀਆਂ ਤੋਪਾਂ ਦੇ ਗੋਲਿਆਂ ਨੇ ਬੰਦਾ ਸਿੰਘ ਬਹਾਦਰ ਨੂੰ ਮੋਰਚਾ ਛੱਡ ਕੇ ਖੁੱਲ੍ਹੇ ਮੈਦਾਨ ਵਿੱਚ ਆਉਣ ਲਈ ਮਜ਼ਬੂਰ ਕਰ ਦਿੱਤਾ। ਬੰਦਾ ਸਿੰਘ ਬਾਹਦਰ ਅਤੇ ਉਸਦੀਆਂ ਖਾਲਸਾਈ ਫ਼ੌਜਾਂ ਮੈਦਾਨ-ਏ-ਜੰਗ ਵਿੱਚ ਡਟ ਗਈਆਂ ਅਤੇ ਅਬਦੁੱਸਮੱਦ ਖਾਨ ਨੂੰ ਬੜੀ ਹੈਰਾਨੀ ਹੋਈ ਜਦੋਂ ਖਾਲਸੇ ਨੇ ਉਸਦੀ ਬਹੁਤ ਵੱਡੀ ਸੈਨਾ ਨੂੰ ਹਰਾ ਦਿੱਤਾ। ਬੰਦੇ ਦੇ ਅਚਾਨਕ ਹਮਲੇ ਦੇ ਝਟਕੇ ਤੋਂ ਉਭਰਨ ਪਿਛੋਂ ਅਤੇ ਉਨ੍ਹਾਂ ਦੇ ਹੱਕ ਵਿੱਚ ਲੜਾਈ ਦਾ ਰੁਖ ਹੋਣ ’ਤੇ ਵੀ ਮੁਗਲ ਲੜਾਈ ਨੂੰ ਆਪਣੀ ਜਿੱਤ ਵਿੱਚ ਨਾ ਬਦਲ ਸਕੇ। ਇਸ ਜੰਗ ਵਿਚ ਮੁਗਲ ਫੌਜ ਦਾ ਭਾਰੀ ਨੁਕਸਾਨ ਹੋਇਆ ਅਤੇ ਕਈ ਸਿੰਘ ਵੀ ਸ਼ਹੀਦ ਹੋਏ। ਬੰਦਾ ਸਿੰਘ ਬਹਾਦਰ ਅਤੇ ਖਾਲਸਾ ਫ਼ੌਜਾਂ ਬੜੀ ਬਹਾਦਰੀ ਨਾਲ ਲੜਦੀਆਂ ਪਿੱਛੇ ਹੱਟਦੀਆਂ ਗਈਆਂ ਅਤੇ ਅਖੀਰ ਉਨ੍ਹਾਂ ਨੇ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਜਾ ਟਿਕਾਣਾ ਕੀਤਾ। ਗੁਰਦਾਸ ਨੰਗਲ ਦੀ ਗੜ੍ਹੀ ਦੁਆਲੇ ਮੁਗਲਈਆ ਫ਼ੌਜਾਂ ਨੇ 8 ਮਹੀਨੇ ਘੇਰਾ ਪਾਈ ਰੱਖਿਆ ਅਤੇ ਅਖੀਰ 17 ਦਸੰਬਰ 1715 ਨੂੰ ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਖੀਰ ਦਿੱਲੀ ਲਿਜਾ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਅਤੇ ਸਿੰਘਾਂ ਦੀ ਸ਼ਹਾਦਤ ਬਹੁਤ ਬਹਾਦਰੀ ਭਰੀ ਹੈ ਜਿਸਦੀ ਹੋਰ ਕਿਤੇ ਮਿਸਾਲ ਨਹੀਂ ਮਿਲਦੀ।
ਹੁਣ ਗੱਲ ਕਰਦੇ ਹਾਂ ਸਿੱਖ ਕੌਮ ਦੇ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਪਿੰਡ ਮਿਰਜਾ ਜਾਨ ਵਿਖੇ ਹੱਥੀਂ ਬਣਾਏ ਕਿਲ੍ਹੇ ਦੀ। ਤਰਾਸਦੀ ਇਹ ਹੈ ਕਿ ਮਿਰਜਾ ਜਾਨ ਦੇ ਬਹੁਤੇ ਵਸਨੀਕ ਹੀ ਇਸ ਗੱਲ ਤੋਂ ਅਨਜਾਣ ਹਨ ਕਿ ਇਹ ਕਿਲ੍ਹਾ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਬਣਾਇਆ ਗਿਆ ਹੈ ਅਤੇ ਸਿੱਖ ਕੌਮ ਦੀ ਬੇਸ਼ਕੀਮਤੀ ਵਿਰਾਸਤ ਹੈ। ਇਸ ਕਿਲ੍ਹੇ ਦੀਆਂ ਨੀਂਹਾਂ ਪਹਿਲੇ ਸਿੱਖ ਰਾਜ ਦੀਆਂ ਨੀਂਹਾਂ ਹਨ। ਪਰ ਅਫ਼ਸੋਸ ਕੌਮ ਦੀ ਇਹ ਵਿਰਾਸਤ ਸੰਭਾਲ ਨਾ ਹੋਣ ਕਰਕੇ ਮਲੀਆਮੇਟ ਹੋ ਗਈ ਹੈ। ਇਸ ਕਿਲ੍ਹੇ ਦੀ ਚਾਰ ਦੀਵਾਰੀ ਦੇ ਅੰਦਰ ਪਿੰਡ ਵਾਸੀਆਂ ਦੇ 12 ਕੁ ਦੇ ਕਰੀਬ ਘਰ ਬਣੇ ਹੋਏ ਹਨ ਅਤੇ ਇਸ ਕਿਲ੍ਹੇ ਦੀ ਮਲਕੀਅਤ ਹੁਣ ਉਨ੍ਹਾਂ ਕੋਲ ਹੈ। ਕਿਲ੍ਹੇ ਦੀ ਬਾਹਰੀ ਦੀਵਾਰ ਲਗਭਗ ਖਤਮ ਹੋ ਚੁੱਕੀ ਹੈ ਅਤੇ ਪੱਛਮ ਵਾਲੀ ਕੰਧ ਹੀ ਨਿਸ਼ਾਨੀ ਵਜੋਂ ਕਾਇਮ ਹੈ। ਕਿਲ੍ਹੇ ਦੀਆਂ ਚਾਰੇ ਨੁਕਰਾਂ ਉੱਪਰ ਬੁਰਜ ਬਣਾਏ ਗਏ ਸਨ ਜਿਨ੍ਹਾਂ ਵਿਚੋਂ ਹੁਣ ਤਿੰਨ ਬੁਰਜਾਂ ਨੂੰ ਦੇਖਿਆ ਜਾ ਸਕਦਾ ਹੈ ਪਰ ਇਹ ਵੀ ਬਹੁਤ ਖਸਤਾ ਹਾਲ ਵਿੱਚ ਹਨ। ਇੱਕ ਬੁਰਜ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ।
ਕੌਮ ਵਿੱਚ ਆਪਣੀ ਵਿਰਾਸਤ ਪ੍ਰਤੀ ਬੇਰੁੱਖੀ ਇਸ ਹੱਦ ਤੱਕ ਹੈ ਕਿ ਲੋਕ ਕਿਲ੍ਹੇ ਦੀਆਂ ਕੰਧਾਂ ਨੂੰ ਤੋੜ ਕੇ ਇਸਦੀਆਂ ਇੱਟਾਂ ਦੀ ਰੋੜੀ ਬਣਾ ਰਹੇ ਹਨ। ਸਿੱਖ ਰਾਜ ਦਾ ਇਹ ਕਿਲ੍ਹਾ ਲਗਭਗ ਢਹਿ-ਢੇਰੀ ਹੋ ਗਿਆ ਹੈ ਅਤੇ ਇਸਨੂੰ ਸਾਂਭਣ ਲਈ ਨਾ ਤਾਂ ਸਰਕਾਰ ਅਤੇ ਨਾ ਹੀ ਸਾਡੀਆਂ ਧਾਰਮਿਕ ਸੰਸਥਾਵਾਂ ਵਲੋਂ ਕੋਈ ਯਤਨ ਕੀਤਾ ਗਿਆ ਹੈ। ਮਿਰਜਾ ਜਾਨ ਪਿੰਡ ਵਿਖੇ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਕਿਲ੍ਹੇ ਦੀਆਂ ਬੁਨਿਆਦਾਂ ਅਸਲ ਵਿੱਚ ਸਿੱਖ ਰਾਜ ਅਤੇ ਸਾਡੇ ਧਰਮ ਦੀਆਂ ਬੁਨਿਆਦਾਂ ਹਨ। ਜਿਉਂ-ਜਿਉਂ ਅਸੀਂ ਆਪਣੇ ਅਕੀਦੇ ਨਾਲੋਂ ਟੁੱਟ ਰਹੇ ਹਾਂ ਉਵੇਂ-ਉਵੇਂ ਹੀ ਇਹ ਵਿਰਾਸਤੀ ਬੁਨਿਆਦਾਂ ਖੋਖਲੀਆਂ ਹੋ ਰਹੀਆਂ ਹਨ। ਵਾਹਿਗੁਰੂ ਸਾਨੂੰ ਆਪਣੇ ਵਿਰਸੇ ਨਾਲ ਜੋੜ ਕੇ ਉਸਨੂੰ ਸਾਂਭਣ ਦੀ ਹਿੰਮਤ ਤੇ ਤੌਫ਼ੀਕ ਬਖਸ਼ੇ। ਬੱਸ ਹੁਣ ਤਾਂ ਇਹੋ ਅਰਦਾਸ ਹੀ ਕੀਤੀ ਜਾ ਸਕਦੀ ਹੈ। ਰੱਬ ਮਿਹਰ ਕਰੇ।
test