ਵਿਵੇਕ ਕਾਟਜੂ
ਕਈ ਵਾਰ ਵਿਦੇਸ਼ੀ ਨੇਤਾ ਪੀਆਈਓ ਵਿਚਾਲੇ ਕਿਸੇ ਭਾਰਤੀ ਨੇਤਾ ਦੀ ਲੋਕਪ੍ਰਿਅਤਾ ਦਾ ਲਾਭ ਵੀ ਚੁੱਕਣਾ ਚਾਹੁੰਦੇ ਹਨ। ਇਸੇ ਲਈ ਉਹ ਚੋਣਾਂ ਦੇ ਦੌਰ ਦੌਰਾਨ ਅਜਿਹੇ ਨੇਤਾਵਾਂ ਨੂੰ ਬੁਲਾ ਕੇ ਭਾਰਤੀ ਮੂਲ ਦੇ ਲੋਕਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਤਰੱਦਦ ਕਰਦੇ ਰਹਿੰਦੇ ਹਨ।
ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਸਮੇਂ ਅਮਰੀਕੀ ਰਾਸ਼ਟਰਪਤੀ ਚੋਣਾਂ ’ਤੇ ਲੱਗੀਆਂ ਹੋਈਆਂ ਹਨ। ਇਸ ਵਾਰ ਦੀਆਂ ਚੋਣਾਂ ਦੇ ਨਾਲ ਭਾਰਤੀ ਕੜੀਆਂ ਦਾ ਦੁਰਲਭ ਸੰਯੋਗ ਜੁੜਿਆ ਹੈ। ਵਰਤਮਾਨ ਉਪ-ਰਾਸ਼ਟਰਪਤੀ ਕਮਲਾ ਹੈਰਿਸ ਜਿੱਥੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਦੇ ਕਰੀਬ ਹੈ, ਓਥੇ ਹੀ ਰਿਪਬਲਿਕਨ ਪਾਰਟੀ ਨੇ ਜਿਸ ਜੇਡੀ ਵੇਂਸ ਨੂੰ ਉਪ-ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਹੈ, ਉਸ ਦੀ ਪਤਨੀ ਊਸ਼ਾ ਵੇਂਸ ਦੀਆਂ ਜੜ੍ਹਾਂ ਭਾਰਤ ਨਾਲ ਜੁੜੀਆਂ ਹਨ।
ਹੈਰਿਸ ਤੇ ਊਸ਼ਾ ਦੋਵੇਂ ਹੀ ਦੂਜੀ ਪੀੜ੍ਹੀ ਦੇ ਅਮਰੀਕਨ ਹਨ। ਵੇਂਸ ਦੇ ਆਪਣੇ ਸਹੁਰਿਆਂ ਨਾਲ ਬਹੁਤ ਨਿੱਘੇ ਸਬੰਧ ਹਨ ਤਾਂ ਸੁਭਾਵਿਕ ਤੌਰ ’ਤੇ ਊਸ਼ਾ ਆਪਣੇ ਪਤੀ ਦੀ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਵੇਗੀ।
ਹੈਰਿਸ ਸਿੱਧੇ ਅਤੇ ਊਸ਼ਾ ਅਸਿੱਧੇ ਤੌਰ ’ਤੇ ਭਾਰਤੀ ਮੂਲ ਦੇ ਉਨ੍ਹਾਂ ਲੋਕਾਂ ਦੀ ਸੂਚੀ ਦਾ ਇਕ ਹਿੱਸਾ ਬਣ ਗਈਆਂ ਹਨ ਜੋ ਪੱਛਮੀ ਦੇਸ਼ਾਂ ਵਿਚ ਉੱਚ ਰਾਜਨੀਤਕ ਅਹੁਦਿਆਂ ’ਤੇ ਆਪਣੀ ਹੋਂਦ ਦਰਜ ਕਰਵਾ ਰਹੇ ਹਨ। ਭਾਰਤੀ ਮੂਲ ਦੇ ਲੋਕਾਂ ਨੇ ਅਣਥੱਕ ਮਿਹਨਤ-ਮੁਸ਼ੱਕਤ ਕਰ ਕੇ ਸੱਤ ਸਮੁੰਦਰ ਪਾਰ ਦੇ ਦੇਸ਼ਾਂ ਵਿਚ ਆਪਣੀ ਧਾਂਕ ਜਮਾਈ ਹੈ। ਕਈ ਦੇਸ਼ਾਂ ਵਿਚ ਉਹ ਸੱਤਾ ਵਿਚ ਸ਼ਰੀਕ ਹਨ। ਇਸ ਦੇ ਬਾਵਜੂਦ ਉਹ ਆਪਣੀ ਮਿੱਟੀ ਦਾ ਮੋਹ ਕਦੇ ਨਹੀਂ ਭੁੱਲੇ। ਇਹ ਸੂਚੀ ਬਹੁਤ ਲੰਬੀ ਹੈ। ਭਾਰਤੀ ਮੂਲ ਦੇ ਰਿਸ਼ੀ ਸੁਨਕ ਕੁਝ ਸਮਾਂ ਪਹਿਲਾਂ ਤੱਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਵੀ ਭਾਰਤੀ ਮੂਲ ਦੀ ਹੈ ਜੋ ਦਿੱਗਜ ਸਨਅਤਕਾਰ ਐੱਨਆਰ ਨਾਰਾਇਣਮੂਰਤੀ ਦੀ ਬੇਟੀ ਹੈ। ਰਿਸ਼ੀ ਤੇ ਅਕਸ਼ਤਾ ਨੇ ਹਿੰਦੂ ਧਰਮ ਵਿਚ ਆਪਣੀ ਆਸਥਾ ਕਦੇ ਵੀ ਨਹੀਂ ਛੁਪਾਈ। ਆਇਰਲੈਂਡ ਤੇ ਪੁਰਤਗਾਲ ਦੀ ਕਮਾਨ ਵੀ ਅਜਿਹੇ ਨੇਤਾ ਸੰਭਾਲ ਚੁੱਕੇ ਹਨ ਜਿਨ੍ਹਾਂ ਦੀਆਂ ਜੜ੍ਹਾਂ ਅੰਸ਼ਿਕ ਤੌਰ ’ਤੇ ਭਾਰਤੀ ਮੂਲ ਦੀਆਂ ਰਹੀਆਂ ਹਨ। ਆਇਰਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਲਿਓ ਵਰਾਡਕਰ ਦਾ ਪਿਤਾ ਭਾਰਤੀ ਜਦਕਿ ਪੁਰਤਗਾਲ ਦੇ ਸਾਬਕਾ ਪ੍ਰਧਾਨ ਮੰਤਰੀ ਐਂਟੋਨੀਓ ਕੋਸਟਾ ਦਾ ਪਿਤਾ ਅੰਸ਼ਿਕ ਤੌਰ ’ਤੇ ਭਾਰਤੀ ਸਨ।
ਭਾਰਤੀ ਮੂਲ ਦੇ ਲੋਕ ਕੈਨੇਡਾ ਦੀ ਸਿਆਸਤ ’ਤੇ ਵੀ ਆਪਣੀ ਛਾਪ ਛੱਡ ਰਹੇ ਹਨ। ਇਸ ਤੋਂ ਇਲਾਵਾ ਮਾਰੀਸ਼ਸ, ਗੁਆਨਾ, ਫਿਜੀ ਅਤੇ ਤ੍ਰਿਨੀਦਾਦ ਐਂਡ ਟੋਬੈਗੋ ਵਿਚ ਭਾਰਤੀ ਮੂਲ ਦੇ ਲੋਕ ਸਰਕਾਰਾਂ ਦੀ ਅਗਵਾਈ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੇਤਾ ਭਾਰਤ ਨਾਲ ਆਪਣੇ ਰਿਸ਼ਤੇ ਜੁੜੇ ਹੋਣਾ ਮਹਿਸੂਸ ਕਰਦੇ ਹਨ ਪਰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਇਨ੍ਹਾਂ ਦੀ ਸਰਬਉੱਚ ਤਰਜੀਹ ਆਪਣੇ ਰਾਸ਼ਟਰ ਦੇ ਹਿੱਤਾਂ ਦੀ ਪੂਰਤੀ ਨਾਲ ਜੁੜੀ ਹੋਈ ਹੈ। ਹਾਲ ਹੀ ਵਿਚ ਸੁਨਕ ਦੇ ਮਾਮਲੇ ਵਿਚ ਇਹ ਸਪਸ਼ਟ ਤੌਰ ’ਤੇ ਦੇਖਣ ਨੂੰ ਮਿਲਿਆ।
ਉਨ੍ਹਾਂ ਦੇ ਕਾਰਜਕਾਲ ਦੌਰਾਨ ਨਾ ਤਾਂ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਗੱਲ ਅੱਗੇ ਵਧ ਸਕੀ ਅਤੇ ਨਾ ਹੀ ਵਿਜੈ ਮਾਲੀਆ ਵਰਗੇ ਭਗੌੜੇ ਦੀ ਹਵਾਲਗੀ ’ਤੇ ਸਹਿਮਤੀ ਬਣੀ। ਇੰਨਾ ਹੀ ਨਹੀਂ, ਭਾਰਤ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਵਿਚ ਵੀ ਉਨ੍ਹਾਂ ਦੀ ਸਰਕਾਰ ਨਾਕਾਮ ਰਹੀ। ਇਹ ਦਰਸਾਉਂਦਾ ਹੈ ਕਿ ਰਾਜਨੀਤਕ ਖੇਤਰ ਵਿਚ ਅਜਿਹੇ ਲੋਕਾਂ ਦੇ ਉੱਭਰਨ ’ਤੇ ਭਾਰਤ ਦੇ ਕੁਝ ਵਰਗਾਂ ਵਿਚ ਜਿਸ ਤਰ੍ਹਾਂ ਦਾ ਉਤਸ਼ਾਹ ਅਤੇ ਖਲੂਸ ਦਾ ਭਾਵ ਦਿਸਦਾ ਹੈ, ਉਹ ਭਾਰਤ ਲਈ ਕਿਸੇ ਤਰ੍ਹਾਂ ਦੇ ਰਾਜਨੀਤਕ ਜਾਂ ਕੂਟਨੀਤਕ ਲਾਭ ਵਿਚ ਤਬਦੀਲ ਨਹੀਂ ਹੋ ਪਾਉਂਦਾ। ਹਾਲਾਤ ਇਹੀ ਕਹਿੰਦੇ ਹਨ ਕਿ ਵਿਦੇਸ਼ ਵਿਚ ਰਹਿਣ ਵਾਲੇ ਭਾਰਤੀਆਂ ਨੂੰ ਲੈ ਕੇ ਸਪਸ਼ਟ ਦ੍ਰਿਸ਼ਟੀਕੋਣ ਜ਼ਰੂਰੀ ਹੈ। ਇਸ ਮਕਸਦ ਦੀ ਪੂਰਤੀ ਲਈ ਸਾਨੂੰ ਭਾਰਤੀ ਮੂਲ ਦੇ ਲੋਕਾਂ ਯਾਨੀ ਪੀਆਈਓ ਅਤੇ ਪਰਵਾਸੀ ਭਾਰਤੀਆਂ ਅਰਥਾਤ ਐੱਨਆਰਆਈ ਵਿਚਾਲੇ ਫ਼ਰਕ ਨੂੰ ਸਮਝਣਾ ਹੋਵੇਗਾ। ਇਨ੍ਹਾਂ ’ਚੋਂ ਐੱਨਆਰਆਈ ਤਾਂ ਪੂਰੀ ਤਰ੍ਹਾਂ ਨਾਲ ਭਾਰਤੀ ਹਨ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਅਤੇ ਭਲਾਈ ਦਾ ਪੂਰਾ ਦਾਰੋਮਦਾਰ ਸਰਕਾਰ ਦਾ ਹੈ ਜਦਕਿ ਪੀਆਈਓ ਵਿਦੇਸ਼ੀ ਹਨ ਜਿਨ੍ਹਾਂ ਨੂੰ ਭਾਰਤ ਦੇ ਇਕ ਤਰ੍ਹਾਂ ਨਾਲ ‘ਅਣ-ਐਲਾਨੇ ਨਾਗਰਿਕ’ ਦੇ ਤੌਰ ’ਤੇ ਓਸੀਆਈ ਕਾਰਡਧਾਰਕ ਦੇ ਰੂਪ ਵਿਚ ਗਿਣਿਆ ਜਾਂਦਾ ਹੈ। ਇਸ ਨਾਲ ਕਈ ਵਾਰ ਭਰਮ ਦੀ ਸਥਿਤੀ ਬਣ ਜਾਂਦੀ ਹੈ। ਭਾਰਤੀ ਸੰਵਿਧਾਨ ਦੋਹਰੀ ਰਾਸ਼ਟਰੀਅਤਾ ਨੂੰ ਮਾਨਤਾ ਨਹੀਂ ਦਿੰਦਾ।
ਇਸ ਲਈ, ਜਦ ਕੋਈ ਭਾਰਤੀ ਕਿਸੇ ਹੋਰ ਦੇਸ਼ ਦਾ ਨਾਗਰਿਕ ਬਣ ਜਾਂਦਾ ਹੈ ਤਾਂ ਉਸ ਦੀ ਭਾਰਤੀ ਨਾਗਰਿਕਤਾ ਆਪਣੇ-ਆਪ ਖ਼ਤਮ ਹੋ ਜਾਂਦੀ ਹੈ। ਇਸ ਲਈ ਓਸੀਆਈ ਕਾਰਡਧਾਰਕਾਂ ਕੋਲ ਕੋਈ ਰਾਜਨੀਤਕ ਅਧਿਕਾਰ ਨਹੀਂ ਹੁੰਦਾ। ਇਨ੍ਹਾਂ ਕਾਰਡਧਾਰਕਾਂ ਕੋਲ ਭਾਰਤ ਲਈ ਵਿਸਥਾਰਤ ਵੀਜ਼ਾ ਹੁੰਦਾ ਹੈ ਅਤੇ ਉਹ ਹੋਰ ਵਿਦੇਸ਼ੀ ਨਾਗਰਿਕਾਂ ਦੀ ਤੁਲਨਾ ਵਿਚ ਭਾਰਤੀ ਅਰਥਚਾਰੇ ਵਿਚ ਕਿਤੇ ਜ਼ਿਆਦਾ ਵੱਡੇ ਦਾਇਰੇ ਵਿਚ ਭਾਗੀਦਾਰੀ ਕਰ ਸਕਦੇ ਹਨ।
ਅਜਿਹੇ ਵਿਚ ਬਿਹਤਰ ਹੋਵੇਗਾ ਕਿ ਓਸੀਆਈ ਕਾਰਡ ਨੂੰ ਕੁਝ ਨਵਾਂ ਨਾਮ ਦਿੱਤਾ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਭਰਮ ਦੀ ਗੁੰਜਾਇਸ਼ ਨਾ ਰਹੇ। ਭਾਜਪਾ ਸਰਕਾਰ ਨੇ ਭਾਰਤੀ ਮੂਲ ਦੇ ਲੋਕਾਂ ਅਤੇ ਭਾਰਤ ਵਿਚਾਲੇ ਕੜੀਆਂ ਜੋੜਨ ਵੱਲ ਕਾਫ਼ੀ ਧਿਆਨ ਦਿੱਤਾ ਹੈ। ਇਸੇ ਕੜੀ ਵਿਚ ਪਰਵਾਸੀ ਭਾਰਤੀ ਦਿਵਸ ਵਰਗੇ ਸਾਲਾਨਾ ਆਯੋਜਨ ਦੇ ਨਾਲ ਹੀ ਪਰਵਾਸੀ ਭਾਰਤੀ ਸਨਮਾਨ ਵੀ ਦਿੱਤੇ ਜਾਂਦੇ ਹਨ। ਪੀਆਈਓ ਦੀਆਂ ਭਾਰਤੀ ਸੰਸਕ੍ਰਿਤਕ ਜੜ੍ਹਾਂ ਨੂੰ ਖ਼ੁਸ਼ਹਾਲ ਕਰਨ ਲਈ ਉਨ੍ਹਾਂ ਨੂੰ ਸੇਧਣ ਵਿਚ ਕੋਈ ਹਰਜ ਵੀ ਨਹੀਂ। ਪੀਆਈਓ ਨੂੰ ਵੀ ਭਾਰਤ ਨਾਲ ਆਰਥਿਕ ਪੱਖੋਂ ਜੁੜਨ ਵਾਲੇ ਪਾਸੇ ਹਰਸੰਭਵ ਮੌਕੇ ਦਿੱਤੇ ਜਾਣੇ ਚਾਹੀਦੇ ਹਨ ਜਿਸ ਨਾਲ ਪਰਸਪਰ ਲਾਭ ਮਿਲ ਸਕੇ। ਇਸ ਦੇ ਨਾਲ ਹੀ ਸਾਨੂੰ ਇਹ ਵੀ ਸਵੀਕਾਰ ਕਰਨਾ ਚਾਹੀਦਾ ਹੈ ਕਿ ਇਕ ਸਮੇਂ ਮਜ਼ਦੂਰਾਂ ਦੇ ਤੌਰ ’ਤੇ ਗਏ ਭਾਰਤੀਆਂ ਨੇ ਵੀ ਵਿਦੇਸ਼ ਵਿਚ ਸਥਾਨਕ ਸੰਸਕ੍ਰਿਤੀ ਨੂੰ ਅਪਣਾ ਲਿਆ ਹੈ।
ਮਾਰੀਸ਼ਸ ਦੀ ਹੀ ਮਿਸਾਲ ਲਈਏ ਤਾਂ ਉੱਥੇ ਉਮਰਦਰਾਜ ਪੀਆਈਓ ਭਾਵੇਂ ਹੀ ਅੱਜ ਵੀ ਭੋਜਪੁਰੀ ਬੋਲਦੇ ਹੋਣ ਪਰ ਉਨ੍ਹਾਂ ਦੀ ਨੌਜਵਾਨ ਪੀੜ੍ਹੀ ਨੇ ਉਸ ਕ੍ਰਿਯੋਲ ਭਾਸ਼ਾ ਨੂੰ ਅਪਣਾ ਲਿਆ ਹੈ ਜਿਸ ਨੂੰ ਜ਼ਿਆਦਾਤਰ ਮਾਰੀਸ਼ਸ ਵਾਸੀ ਬੋਲਦੇ ਹਨ। ਇਹ ਪ੍ਰਕਿਰਿਆ ਪਰਵਾਸੀ ਭਾਈਚਾਰੇ ਦੀ ਪਰਪੱਕਤਾ ਨੂੰ ਹੀ ਦਰਸਾਉਂਦੀ ਹੈ। ਅਮਰੀਕਾ ਵਰਗੇ ਦੇਸ਼ਾਂ ਵਿਚ ਪਰਵਾਸੀ ਭਾਈਚਾਰਿਆਂ ਨੂੰ ਆਪਣੀ ਲਾਬੀ ਬਣਾਉਣ ਦੀ ਗੁੰਜਾਇਸ਼ ਦਿੱਤੀ ਜਾਂਦੀ ਹੈ ਤਾਂ ਕਿ ਉਹ ਆਪਣੇ ਮੂਲ ਦੇਸ਼ ਅਤੇ ਅਮਰੀਕਾ ਵਿਚਾਲੇ ਰਾਜਨੀਤਕ ਕੜੀਆਂ ਜੋੜਨੇ ਦਾ ਮਾਧਿਅਮ ਬਣ ਸਕਣ। ਉੱਥੇ ਸਭ ਤੋਂ ਤਾਕਤਵਰ ਲਾਬੀ ਯਹੂਦੀਆਂ ਦੀ ਹੈ ਜੋ ਇਜ਼ਰਾਈਲ ਲਈ ਕੰਮ ਕਰਦੀ ਹੈ। ਭਾਰਤ ਨੂੰ ਵੀ ਭਾਰਤੀ ਪੀਆਈਓ ਸੰਗਠਨਾਂ ਦੇ ਨਾਲ ਭਾਗੀਦਾਰੀ ਨੂੰ ਲੈ ਕੇ ਝਿਜਕਣਾ ਨਹੀਂ ਚਾਹੀਦਾ ਅਤੇ ਉੱਥੇ ਭਾਰਤੀ ਲਾਬੀ ਨੂੰ ਮਜ਼ਬੂਤ ਕਰਨ ਦੇ ਯਤਨ ਕਰਨੇ ਚਾਹੀਦੇ ਹਨ ਜੋ ਪਹਿਲਾਂ ਹੀ ਕਾਫ਼ੀ ਮਜ਼ਬੂਤ ਹੋ ਚੁੱਕੀ ਹੈ। ਇਸੇ ਲਾਬੀ ਨੇ ਪਰਮਾਣੂ ਸਮਝੌਤੇ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਸ ਸਮਝੌਤੇ ਨੇ ਭਾਰਤ-ਅਮਰੀਕਾ ਸਬੰਧਾਂ ਦੀ ਦਸ਼ਾ-ਦਿਸ਼ਾ ਹੀ ਬਦਲ ਦਿੱਤੀ ਸੀ।
ਕਈ ਯੂਰਪੀ ਦੇਸ਼ਾਂ ਖ਼ਾਸ ਤੌਰ ’ਤੇ ਬਰਤਾਨੀਆ ਵਿਚ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ। ਹਾਲਾਂਕਿ ਰਾਜਨੀਤਕ ਤੌਰ ’ਤੇ ਸਰਗਰਮ ਪੀਆਈਓ ਦੀ ਕੁਝ ਮੁੱਦਿਆਂ ’ਤੇ ਅਲੱਗ ਰਾਇ ਕਾਰਨ ਅਸਹਿਜਤਾ ਦੀ ਸਥਿਤੀ ਵੀ ਬਣ ਜਾਂਦੀ ਹੈ। ਖ਼ਾਲਿਸਤਾਨ ਨੂੰ ਲੈ ਕੇ ਅਮਰੀਕਾ ਤੇ ਕੈਨੇਡਾ ਵਿਚ ਅਜਿਹਾ ਦੇਖਿਆ ਵੀ ਗਿਆਹੈ। ਭਾਰਤ ਨੂੰ ਵੀ ਪੀਆਈਓ ਦੀ ਆਪਣੇ ਦੇਸ਼ਾਂ ਪ੍ਰਤੀ ਨਿਸ਼ਠਾ ਨੂੰ ਲੈ ਕੇ ਸੰਦੇਹ ਨਹੀਂ ਕਰਨਾ ਚਾਹੀਦਾ ਕਿਉਂਕਿ ਅਜਿਹੀ ਸਥਿਤੀ ਵਿਚ ਭਾਰਤ ਨਾਲ ਉਨ੍ਹਾਂ ਦੇ ਜੁੜੇ ਹੋਣ ਦੀ ਕੜੀ ਫ਼ਾਇਦੇ ਦੀ ਥਾਂ ਨੁਕਸਾਨ ਦਾ ਸਬੱਬ ਬਣ ਜਾਵੇਗੀ।
ਕਈ ਵਾਰ ਵਿਦੇਸ਼ੀ ਨੇਤਾ ਪੀਆਈਓ ਵਿਚਾਲੇ ਕਿਸੇ ਭਾਰਤੀ ਨੇਤਾ ਦੀ ਲੋਕਪ੍ਰਿਅਤਾ ਦਾ ਲਾਭ ਵੀ ਚੁੱਕਣਾ ਚਾਹੁੰਦੇ ਹਨ। ਇਸੇ ਲਈ ਉਹ ਚੋਣਾਂ ਦੇ ਦੌਰ ਦੌਰਾਨ ਅਜਿਹੇ ਨੇਤਾਵਾਂ ਨੂੰ ਬੁਲਾ ਕੇ ਭਾਰਤੀ ਮੂਲ ਦੇ ਲੋਕਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਤਰੱਦਦ ਕਰਦੇ ਰਹਿੰਦੇ ਹਨ। ਅਜਿਹਾ ਕਰਨਾ ਉਨ੍ਹਾਂ ਦੀ ਮਜਬੂਰੀ ਵੀ ਹੁੰਦੀ ਹੈ ਕਿਉਂਕਿ ਭਾਰਤੀ ਮੂਲ ਦੇ ਲੋਕ ਉਨ੍ਹਾਂ ਦੀ ਜਿੱਤ-ਹਾਰ ਵਿਚ ਨਿਰਣਾਇਕ ਭੂਮਿਕਾ ਨਿਭਾਉਂਦੇ ਹਨ।
ਸੁਭਾਵਿਕ ਹੈ ਕਿ ਭਾਰਤੀ ਨੇਤਾਵਾਂ ਨੂੰ ਅਜਿਹੇ ਮਾਮਲਿਆਂ ਵਿਚ ਨਹੀਂ ਪੈਣਾ ਚਾਹੀਦਾ ਕਿਉਂਕਿ ਅਜਿਹੀ ਸਥਿਤੀ ਦੋ-ਧਾਰੀ ਤਲਵਾਰ ਦੀ ਤਰ੍ਹਾਂ ਹੋ ਜਾਂਦੀ ਹੈ। ਚੰਗੀ ਗੱਲ ਹੈ ਕਿ ਭਾਰਤ ਦੀਆਂ ਸਿਆਸੀ ਪਾਰਟੀਆਂ ਨੇ ਵਿਦੇਸ਼ ਵਿਚ ਵੀ ਆਪਣੇ ਸੈੱਲ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਐੱਨਆਰਆਈ ਨੂੰ ਭਾਰਤ ਦੀ ਰਾਜਨੀਤਕ ਹਲਚਲ ਵਿਚ ਦਖ਼ਲ ਦੇਣ ਦਾ ਪੂਰਾ ਹੱਕ ਹੈ। ਹਾਲਾਂਕਿ ਉਨ੍ਹਾਂ ਨੂੰ ਲਾਮਬੱਧ ਕਰਨ ਨੂੰ ਲੈ ਕੇ ਪਾਰਟੀਆਂ ਨੂੰ ਕੁਝ ਸੰਜਮ ਦਾ ਸਬੂਤ ਵੀ ਦੇਣਾ ਚਾਹੀਦਾ ਹੈ।
(ਲੇਖਕ ਵਿਦੇਸ਼ ਮੰਤਰਾਲੇ ਵਿਚ ਸਕੱਤਰ ਰਿਹਾ ਹੈ)।
Courtesy : https://www.punjabijagran.com/editorial/general-increasing-dominance-of-indians-abroad-9388457.html
test