Prof. Avtar Singh
ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦਸਮੇਸ਼ ਪਿਤਾ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ 26 ਦਿਸੰਬਰ ਦੇ ਦਿਨ ਨੂੰ ‘ਵੀਰ ਬਾਲ ਦਿਵਸ’ਵਜੋਂ ਅਕੀਦਤ ਭੇਟ ਕੀਤੀ ਹੈ।
ਸਿੱਖ ਸਮਾਜ ਦੇ ਕੁਝ ਸੱਜਣ ਇਸ ਉੱਤੇ ਖੁਸ਼ ਹੋਣ ਜਾਂ ਧੰਨਵਾਦੀ ਹੋਣ ਦੀ ਬਜਾਏ ਸਿਆਸਤ ਕਰਨ ਡਹਿ ਪਏ ਹਨ ਤੇ ਇਸ ਦਿਵਸ ਦੇ ਨਾਂ ਵਿੱਚ ਨਘੋਚਾਂ ਕੱਢਣ ਲੱਗ ਪਏ ਹਨ। ਇਹਨੂੰ ਕਹਿੰਦੇ ਹਨ ਆਪ ਕੁਝ ਕਰਨਾ ਨਹੀਂ ਤੇ ਕਿਸੇ ਨੂੰ ਕੁਝ ਕਰਨ ਨਹੀਂ ਦੇਣਾ। ਗੱਲ ਕਿਹੜੀ ਕੱਢੀ ਕਿ ਸਾਹਿਬਜ਼ਾਦਿਆਂ ਨੂੰ ‘ਬਾਲ ਨਹੀਂ ‘ਬਾਬਾ ‘ ਕਹਿੰਦੇ ਹਨ।
ਕਲਗ਼ੀਧਰ ਦੇ ਸਾਹਿਬਜ਼ਾਦਿਆਂ ਦੀ ਕਰਨੀ ਓਨੀ ਹੀ ਮਹਾਨ ਹੈ, ਜਿੰਨੀ ਹਰੇਕ ਸਿੱਖ ਦੀ। ਕਹਿੰਦੇ ਹਨ ਚਮਕੌਰ ਦੀ ਗੜ੍ਹੀ ਵਿੱਚੋਂ ਬਾਹਰ ਨਿਕਲਣ ਸਮੇਂ ਬਿਜਲੀ ਦੀ ਲਿਸ਼ਕੋਰ ਵਿੱਚ ਸਾਹਿਬਜ਼ਾਦਿਆਂ ਦੀਆਂ ਮਿਰਤਕ ਦੇਹਾਂ ਦੇਖ ਕੇ ਭਾਈ ਦਇਆ ਸਿੰਘ ਰੁਕ ਗਏ ਸਨ ਤੇ ਪਾਤਸ਼ਾਹ ਤੋਂ ਸੰਸਕਾਰ ਕਰਨ ਦੀ ਆਗਿਆ ਮੰਗਣ ਲੱਗੇ ਸਨ। ਪਾਤਸ਼ਾਹ ਨੇ ਇਹ ਕਹਿ ਕੇ ਇਨਕਾਰ ਕਰ ਦਿੱਤੀ ਕਿ ਉਹ ਇਹ ਤਾਂ ਬਰਦਾਸ਼ਤ ਕਰ ਲੈਣਗੇ ਜੇ ਜ਼ਮਾਨਾ ਉਨ੍ਹਾਂ ਨੂੰ ਰਣ ਦਾ ਚੋਰ ਸਮਝੇਗਾ। ਪਰ ਉਹ ਹਰਗਿਜ਼ ਇਹ ਨਹੀਂ ਸੁਣ ਸਕਦੇ ਕਿ ਕੋਈ ਕਹੇ ਕਿ ਉਨ੍ਹਾਂ ਨੇ ਪੁੱਤ ਹੋਰ ਸਮਝੇ ਤੇ ਸਿੱਖ ਹੋਰ ਸਮਝੇ।
ਅਸੀਂ ਬੇਸ਼ੱਕ ਸਾਰੇ ਸ਼ਹੀਦਾਂ ਦਾ ਬਰਾਬਰ ਸਤਿਕਾਰ ਕਰਦੇ ਹਾਂ ਤੇ ਹਮੇਸ਼ਾ ਅੰਤਹਕਰਣ ਤੋਂ ਨਮਨ ਕਰਦੇ ਹਾਂ। ਪਰ ਸਾਹਿਬਜ਼ਾਦਿਆਂ ਨੂੰ ਰੱਤੀ ਕੁ ਵੱਖਰੇ ਅੰਦਾਜ਼ ਵਿੱਚ ਇਸ ਲਈ ਯਾਦ ਕਰਦੇ ਹਾਂ ਕਿ ਉਹ ਉਮਰ ਪੱਖੋਂ ਛੋਟੇ ਸਨ ਤੇ ਖ਼ਾਸ ਤੌਰ ਪਰ ਛੋਟੇ ਸਾਹਿਬਜ਼ਾਦੇ ਤਾਂ ਸ਼ੀਰਖ਼ੋਰ ਬਾਲ ਉਮਰ ਵਿੱਚ ਹੀ ਸਨ।
ਚਾਰੇ ਸਾਹਿਬਜ਼ਾਦਿਆਂ ਦੇ ਨਾਵਾਂ ਨਾਲ ਅਸੀਂ ਇਸ ਕਰਕੇ ਬਾਬਾ ਨਹੀਂ ਲਗਾਉਂਦੇ ਕਿ ਉਨ੍ਹਾਂ ਦੀ ਕਰਨੀ ਮਹਾਨ ਸੀ। ਬਲਕਿ ਉਨ੍ਹਾਂ ਦੇ ਨਾਵਾਂ ਨਾਲ ਇਸ ਕਰਕੇ ਬਾਬਾ ਲਗਾਇਆ ਜਾਂਦਾ ਹੈ ਕਿਉਂਕਿ ਉਹ ਗੁਰੂ ਕੇ ਬੇਟੇ ਸਨ।
ਗੁਰ ਇਤਿਹਾਸ ਦੌਰਾਨ ਜਿਸ ਕਿਸੇ ਸਿੱਖ ਨੇ ਵੀ ਉਮਰ ਦੇ ਕਿਸੇ ਪੜਾ ਵਿਚ ਵੀ ਕਿਸੇ ਤਰਾਂ ਦੀ ਵੀ ਸੇਵਾ ਰਾਹੀ ਗੁਰੂ ਕੀ ਨੇੜਤਾ ਹਾਸਲ ਕੀਤੀ, ਉਨ੍ਹਾਂ ਨੂੰ ਭਾਈ ਦੇ ਲਕਬ ਨਾਲ ਨਿਵਾਜ਼ਿਆ ਗਿਆ। ਚਾਹੇ ਉਹ ਭਾਈ ਵਿਧੀ ਚੰਦ ਸੀ, ਭਾਈ ਮਤੀਦਾਸ ਸੀ, ਭਾਈ ਸਤੀਦਾਸ ਸੀ, ਭਾਈ ਨੰਦਲਾਲ ਸੀ, ਭਾਈ ਬਚਿੱਤਰ ਸਿੰਘ ਸੀ, ਭਾਈ ਮਨੀ ਸਿੰਘ ਸੀ।
ਪਰ, ਗੁਰੂ ਸਾਹਿਬਾਨ ਦੇ ਸਾਰੇ ਬੇਟਿਆਂ ਨੂੰ ਬਾਬਾ ਕਿਹਾ ਗਿਆ ਤੇ ਬੇਟੀਆਂ ਨੂੰ ਬੀਬੀ ਕਿਹਾ ਗਿਆ। ਉਨ੍ਹਾਂ ਵਿੱਚੋਂ ਕਈ ਸਾਹਿਬਜ਼ਾਦੇ ਬੇਸ਼ੱਕ ਗੁਰੂ ਘਰ ਵਿੱਚ ਪ੍ਰਵਾਨ ਨਹੀਂ ਵੀ ਸਨ ਤਾਂ ਵੀ ਉਨ੍ਹਾਂ ਨੂੰ ਬਾਬਾ ਕਿਹਾ ਗਿਆ।
ਬਾਬਾ ਸ੍ਰੀਚੰਦ, ਬਾਬਾ ਲੱਖਮੀਦਾਸ, ਬਾਬਾ ਮੋਹਨ, ਬਾਬਾ ਧੀਰ ਮੱਲ, ਬਾਬਾ ਗੁਰਦਿੱਤਾ, ਬਾਬਾ ਅਟੱਲ, ਬਾਬਾ ਅਣੀ ਰਾਏ, ਬਾਬਾ ਸੂਰਜ ਮੱਲ। ਇਸੇ ਪਰੰਪਰਾ ਵਿੱਚ ਦਸਮੇਸ਼ ਪਿਤਾ ਦੇ ਚਾਰੇ ਲਾਲਾਂ ਜਾਂ ਬਾਲਾਂ ਨੂੰ ਬਾਬਾ ਕਿਹਾ ਜਾਂਦਾ ਹੈ। ਬਾਬਾ ਸ਼ਬਦ ਦਾ ਉਨ੍ਹਾਂ ਦੀ ਕਰਨੀ ਦੀ ਮਹਾਨਤਾ ਨਾਲ ਕੋਈ ਸੰਬੰਧ ਨਹੀਂ ਹੈ। ਜੇ ਇਸਤਰਾਂ ਦੀ ਕੋਈ ਗੱਲ ਹੁੰਦੀ ਤਾਂ ਜਗਤ ਗੁਰੂ ਨਾਨਕ ਪਾਤਸ਼ਾਹ ਦੇ ਛੋਟੇ ਬੇਟੇ ਨੂੰ ਬਾਬਾ ਲੱਖਮੀ ਦਾਸ ਕਿਉਂ ਕਹਿੰਦੇ।
ਮੇਰੀ ਸਮਝ ਮੁਤਾਬਕ ‘ਵੀਰ ਬਾਲ ਦਿਵਸ’ਬੜਾ ਹੀ ਢੁਕਵਾਂ ਤੇ ਫੱਬਵਾਂ ਨਾਂ ਹੈ। ਸਰਕਾਰ ਨੇ ਇਹ ਨਾਂ ਕਿਸੇ ਵਿਦਵਾਨ ਅਤੇ ਸੰਵੇਦਨਸ਼ੀਲ ਇਨਸਾਨ ਦੀ ਸਲਾਹ ਨਾਲ ਹੀ ਰੱਖਿਆ ਹੋਵੇਗਾ। ਸਾਡਿਆਂ ਨੂੰ ਪੁੱਛਦੇ ਤਾਂ ਇਨ੍ਹਾਂ ਨੇ ਅਜਿਹਾ ਨਾਂ ਰੱਖ ਦੇਣਾ ਸੀ ਜਿਹੜਾ ਕਿਸੇ ਨੂੰ ਚੇਤੇ ਰੱਖਣਾ ਹੀ ਮੁਸ਼ਕਲ ਹੋ ਜਾਣਾ ਸੀ। ਸਾਨੂੰ ਤਾਂ ਆਪਣੇ ਬੱਚਿਆਂ ਦੇ ਨਾਂ ਨਹੀਂ ਰੱਖਣੇ ਆਉਂਦੇ, ਮਹੱਲਿਆਂ ਦੇ ਨਾਂ ਨਹੀਂ ਰੱਖਣੇ ਆਉਂਦੇ, ਸ਼ਹਿਰਾਂ ਦੇ ਨਾਂ ਨਹੀਂ ਰੱਖਣੇ ਆਉਂਦੇ।
ਲੁਧਿਆਣੇ ਦਾ ਇਕ ਚੌਂਕ ਹੈ, ਜਿਹਦਾ ਨਾਂ ਹੈ ‘ਸਤਿਗੁਰ ਪ੍ਰਤਾਪ ਸਿੰਘ ਚੌਂਕ’। ਇਵੇਂ ਲੱਗਦਾ ਹੈ ਜਿਵੇਂ ‘ਚੌਂਕ’ ਬਾਬਾ ਜੀ ਦਾ ਤਖ਼ੱਲਸ ਹੋਵੇ। ਅਗਰ ਇਸ ਚੌਂਕ ਦਾ ਨਾਂ ਸਿਰਫ ‘ਪ੍ਰਤਾਪ ਚੌਂਕ’ਹੁੰਦਾ ਤਾਂ ਕਿੰਨਾ ਫੱਬਣਾ ਸੀ।
ਇਸੇਤਰਾਂ ਮੁਹਾਲੀ ਦਾ ਨਾਂ ਸਿਰਫ ‘ਅਜੀਤ ਨਗਰ’ ਹੁੰਦਾ ਤਾਂ ਕਿੰਨਾ ਭਾਵਪੂਰਤ ਲੱਗਣਾ ਸੀ। ਏਨਾ ਵੱਡਾ ਨਾਂ ਕਦੇ ਜ਼ੁਬਾਨ ‘ਤੇ ਨਹੀਂ ਚੜ੍ਹਦਾ। ਬੱਸ ਵਾਲ਼ੇ ਨੂੰ ਪੁੱਛਣਾ ਹੋਵੇ ਕਿ ‘ਇਹ ਬੱਸ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਜਾਣੀ ਹੈ?’ ਏਨੀ ਦੇਰ ਤੱਕ ਬੱਸ ਦੋ ਕਿੱਲੋਮੀਟਰ ਅੱਗੇ ਚਲੀ ਜਾਵੇ। ਇਸੇ ਕਰਕੇ ਲੋਕਾਂ ਨੇ ‘ਐਸ ਏ ਐਸ ਨਗਰ’ ਬਣਾ ਲਿਆ।
ਨਵੇਂਸ਼ਹਿਰ ਦਾ ਨਾਂ ਬਦਲਣਾ ਹੀ ਸੀ ਤਾਂ ‘ਭਗਤ ਨਗਰ’ਰੱਖ ਦਿੰਦੇ ਤਾਂ ਸੋਹਣਾ ਲੱਗਦਾ। ਪਰ ਸ਼ਹੀਦ ਭਗਤ ਸਿੰਘ ਨਗਰ ਬੋਲਣਾ ਤਾਂ ਕਿਤੇ ਰਿਹਾ ਲਿਖਣ ਤੋਂ ਵੀ ਲੋਕ ਅੱਕ ਜਾਂਦੇ ਹਨ। ਬੱਸਾਂ ਵਾਲਿਆਂ ਨੂੰ ਏਨਾ ਲੰਬਾ ਨਾਂ ਲਿਖਣ ਲਈ ਥਾਂ ਨਾ ਲੱਭੀ। ਤਾਂ ਹੀ ਉਨ੍ਹਾਂ ਨੇ ਵੀ ‘ਐਸ ਬੀ ਐਸ ਨਗਰ’ਲਿਖ ਕੇ ਕੰਮ ਸਾਰਿਆ।
ਸਾਡੇ ਬੱਚਿਆਂ ਦੇ ਨਾਂ ਸੁਣ ਸੁਣ ਕੇ ਉਨ੍ਹਾਂ ਬੱਚਿਆਂ ‘ਤੇ ਤਰਸ ਆਉਂਦਾ ਹੈ। ਕਿਉਂਕਿ ਉਨ੍ਹਾਂ ਦੇ ਨਾਂ ਉਨ੍ਹਾਂ ਨੇ ਆਪ ਨਹੀਂ ਰੱਖੇ, ਮਾਪਿਆਂ ਨੇ ਰੱਖੇ ਹਨ ਤੇ ਮਾਪਿਆਂ ਨੇ ਆਪਣਾ ਖ਼ਿਆਲੀ ਊਟ-ਪਟਾਂਗ ਆਪਣੇ ਬੱਚਿਆਂ ਦੇ ਨਾਂ ਮੜ੍ਹ ਦਿੱਤਾ। ਅਜਿਹੇ ਕਈ ਨਾਂ ਮੇਰੇ ਜ਼ਿਹਨ ਵਿੱਚ ਆ ਰਹੇ ਹਨ, ਪਰ ਮੈਂ ਲਿਖਣੇ ਨਹੀਂ ਚਾਹੁੰਦਾ ਕਿਉਂਜੋ ਅਜਿਹੇ ਨਿਰਦੋਸ਼ ਬੱਚਿਆਂ ਨੂੰ ਕਿਤੇ ਆਪਣੇ ਨਾਂ ਨਾਲ ਹੀ ਨਫਰਤ ਨਾ ਹੋ ਜਾਵੇ। ਨਾਮਕਰਣ ਵੇਲੇ ਅਸੀਂ ਆਪਣੀ ਆਸਥਾ ਦਾ ਸਿਰਫ ਦਿਖਾਵਾ ਨਹੀਂ ਕਰਦੇ, ਬਲਕਿ ਕਿੱਲੋ ਕਿੱਲੋ ਮੀਟਰਰ ਲੰਬੇ ਜਲੂਸ ਕੱਢਦੇ ਹਾਂ।
ਮੈਂ ਇਕ ‘ਹਰਜਸਵਿੰਦਰਪਾਲਬਹਾਦਰ ਸਿੰਘ ਨੂੰ ਜਾਣਦਾ ਹਾਂ, ਜਿਹਨੂੰ ਲੋਕ “ਪਾਲਾ ਸੋਢੀ”ਕਹਿੰਦੇ ਹਨ।
ਇਕ ਦੋਸਤ ਨੇ ਆਪਣੀ ਬੇਟੀ ਦਾ ਨਾਂ ‘ਸੁਖਮਨੀਸੁਖਅੰਮ੍ਰਿਤਪ੍ਰਭਨਾਮ ਕੌਰ’ ਰੱਖਿਆ, ਜਿਹਨੂੰ ਹੁਣ ਉਹ ਸੁੱਖੀ ਕਹਿੰਦੇ ਹਨ।
‘ਗੁਰਦੁਆਰਾ ਸ੍ਰੀ ਪਰਮੇਸਰ ਦੁਆਰ ਸਾਹਿਬ’ਅਸੀਂ ਸਾਰੇ ਜਾਣਦੇ ਹਾਂ ਤੇ ‘ਗੁਰਦੁਆਰਾ ਸ੍ਰੀ ਪ੍ਰਭ ਮਿਲਣੇ ਕਾ ਚਾਉ’ ਸਾਹਿਬ ਬਾਰੇ ਵੀ ਸ਼ਾਇਦ ਕੋਈ ਜਾਣਦਾ ਹੋਵੇ।
ਹੁਣ ਦੇਖੋ ਸ਼ਿਰੋਮਣੀ ਕਮੇਟੀ ਕੌਣ ਹੁੰਦੀ ਹੈ, ਸਿੱਖ ਮਸਲਿਆਂ ਵਿੱਚ ਟੰਗ ਅੜਾਉਣ ਵਾਲ਼ੀ। ਉਹਦੇ ਕੋਲ਼ੋਂ ਤਾਂ ਹਾਲੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਹੱਲ ਨਾ ਹੋਇਆ।
ਸ਼ਰੋਮਣੀ ਕਮੇਟੀ ਤਾਂ ਹੁਣ ਸਿੱਖਾਂ ਦੀ ਨੁਮਾਇੰਦਾ ਵੀ ਨਹੀਂ ਰਹੀ। ਕਿਉਂਕਿ ਨੁਮਾਇੰਦਗੀ ਦੀ ਵਾਗਡੋਰ ਸਿਰਫ ਪੰਜ ਸਾਲ ਲਈ ਫੜਾਈ ਜਾਂਦੀ ਹੈ। ਇਨ੍ਹਾਂ ਨੂੰ ਪੰਜ ਸਾਲ ਲਈ ਨੁਮਾਇੰਦਗੀ ਮਿਲੀ ਸੀ। ਹੁਣ ਕਿੰਨੇ ਸਾਲ ਹੋ ਗਏ ਹਨ ਵੋਟਾਂ ਪਈਆਂ ਨੂੰ, ਕਿਸੇ ਨੂੰ ਯਾਦ ਵੀ ਨਹੀਂ ਹੈ। ਵੋਟਾਂ ਅਨੰਦ-ਕਾਰਜ ਨਹੀਂ ਹੁੰਦੀਆਂ ਕਿ ਇਕ ਵਾਰੀ ਹੋ ਗਿਆ ਤੇ ਉਮਰ ਭਰ ਦੀ ਮਾਲਕੀ ਮਿਲ਼ ਗਈ।
ਵੈਸੇ ਵੀ ਕਹਿੰਦੇ ਹਨ ਜਦ ਸ਼੍ਰੋਮਣੀ ਕਮੇਟੀ ਬਣੀ ਸੀ, ਉਦੋਂ ਮਾਸਟਰ ਤਾਰਾ ਸਿੰਘ ਜੀ ਉਦਾਸ ਹੋ ਗਏ ਸਨ। ਕਿਸੇ ਨੇ ਉਦਾਸੀ ਦਾ ਸਬੱਬ ਪੁੱਛਿਆ ਤਾਂ ਕਹਿਣ ਲੱਗੇ, “ਉਨ੍ਹਾਂ ਮਹੰਤਾਂ ਨੂੰ ਤਾਂ ਜਿਵੇਂ ਕਿਵੇਂ ਗੁਰਦੁਆਰਿਆਂ ਵਿੱਚੋਂ ਬਾਹਰ ਕੱਢ ਦਿੱਤਾ, ਪਰ ਇਹ ਨਵੇਂ ਮਹੰਤ ਕਿਸੇ ਤਰੀਕੇ ਨਾਲ ਵੀ ਗੁਰਦੁਆਰਿਆਂ ਵਿੱਚੋਂ ਬਾਹਰ ਨਹੀਂ ਕੱਢ ਹੋਣੇ”।
ਗੁਰਦੁਆਰਾ ਐੱਕਟ ਬਣਨ ਵੇਲੇ ਪੰਜਾਬ ਦੇ ਗਵਰਨਰ ਮੈਲਕਮ ਹੇਲੀ ਬੜੇ ਖੁਸ਼ ਸਨ। ਕਿਸੇ ਨੇ ਖੁਸ਼ੀ ਦਾ ਸਬੱਬ ਪੁੱਛਿਆ ਤਾਂ ਕਹਿਣ ਲੱਗੇ, “ਮੱਖੀ ਸ਼ਹਿਦ ਵਿੱਚ ਡਿਗ ਪਈ ਹੈ, ਹੁਣ ਲੱਖ ਯਤਨ ਕਰ ਲਵੇ, ਇਸਤੋਂ ਬਾਹਰ ਨਹੀਂ ਨਿਕਲ਼ ਹੋਣਾ”। ਅਕਾਲੀਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਦੀ ਉਦਾਸੀ ਤੇ ਗਵਰਨਰ ਮੈਲਕਮ ਹੇਲੀ ਦੀ ਖੁਸ਼ੀ ਦਾ ਰਾਜ਼ ਇਕ ਹੀ ਸੀ।
ਦਿਲ ‘ਤੇ ਹੱਥ ਰੱਖ ਕੇ ਸੋਚੋ ਕਿ ਹੁਣ ਇਹ ਲੋਕ ਸਿੱਖਾਂ ਦੀ ਹੋਣੀ ਦੇ ਫ਼ੈਸਲੇ ਕਰਨਗੇ? ਇਹ ਲੋਕ ਦੱਸਣਗੇ ਕਿ ‘ਵੀਰ ਬਾਲ ਦਿਵਸ’ ਠੀਕ ਹੈ ਕਿ ਨਹੀਂ। ਇਹੀ ਗੱਲ ਕਿਤੇ ਟਰੂਡੋ ਨੇ ਕਹੀ ਜਾਂ ਕੀਤੀ ਹੁੰਦੀ ਤਾਂ ਇਨ੍ਹਾਂ ਨੇ ਹੁੱਬ ਹੁੱਬ ਕੇ ਤੇ ਫੁੱਲ ਫੁੱਲ ਕੇ ਢੋਲ ਹੋ ਜਾਣਾ ਸੀ।
ਗੰਭੀਰਤਾ ਨਾਲ ਸੋਚੋ ਕਿ ਸਾਹਿਬਜ਼ਾਦਿਆਂ ਦੀ ਕਰਨੀ ਦੀ ਮਹਾਨਤਾ ਨਾ ਤੇ ਇਸ ਗੱਲ ਵਿੱਚ ਹੈ ਕਿ ਉਹ ਗੁਰੂ ਸਾਹਿਬ ਦੇ ਬੇਟੇ ਸਨ। ਇਹ ਸਿਧਾਂਤ ਗੁਰੂ ਸਾਹਿਬ ਨੇ ਖ਼ੁਦ ਰੱਦ ਕਰ ਦਿੱਤਾ। ਉਨ੍ਹਾਂ ਦੀ ਕਰਨੀ ਇਸ ਕਰਕੇ ਮਹਾਨ ਹੈ ਕਿ ਉਹ ਬਹੁਤ ਛੋਟੇ ਛੋਟੇ ਬਾਲ ਸਨ।
ਸ਼ਰੋਮਣੀ ਕਮੇਟੀ ਆਪ ਅਜਿਹੇ ਕਿਤਾਬਚੇ ਛਾਪ ਛਾਪ ਵੰਡਦੀ ਰਹੀ ਹੈ, ਜਿਹਦਾ ਨਾਂ ਸੀ ‘ਨਿੱਕੀਆਂ ਜਿੰਦਾਂ ਵੱਡੇ ਸਾਕੇ’। ਕਦੇ ਕਿਸੇ ਨੇ ਸਵਾਲ ਨਹੀਂ ਕੀਤਾ ਕਿ ਤੁਸੀ ਏਡੀਆਂ ਮਹਾਨ ਅਤੇ ਬਲਵਾਨ ਹਸਤੀਆਂ ਨੂੰ ‘ਨਿੱਕੀਆਂ ਜਿੰਦਾ” ਕਿਉਂ ਕਹਿ ਰਹੇ ਹੋ।
ਮੇਰੇ ਮਨ ਵਿੱਚ ਬੀਬੀ ਕਿਰਨਜੋਤ ਕੌਰ ਜੀ ਦੀ ਬੜੀ ਇੱਜ਼ਤ ਹੈ। ਉਨ੍ਹਾਂ ਨੇ ਇਕ ਵਾਰੀ ਸੱਚਖੰਡ ਸ੍ਰੀ ਹਰਿੰਮਦਰ ਸਾਹਿਬ ਨੂੰ ’ਵਰਲਡ ਹੈਰੀਟੇਜ’ਸਕੀਮ ਵਿੱਚ ਯੂਨੈਸਕੋ ਦੇ ਅਧੀਨ ਕਰਨ ਦਾ ਬੀੜਾ ਚੁੱਕਿਆ ਸੀ ਤੇ ਉਨ੍ਹਾਂ ਨੇ ’ਡੌਸੀਅਰ’ ਵੀ ਤਿਆਰ ਕਰਵਾ ਲਿਆ ਸੀ, ਜਿਹੜਾ ਕਿਸੇ ਨੂੰ ਕਹਿਣਾ ਵੀ ਨਹੀਂ ਸੀ ਆਉਂਦਾ ਤੇ ਸਾਰੇ ਡੋਜ਼ੀਅਰ ਕਹਿ ਕਹਿ ਕੇ ਮਜ਼ਾਕ ਦੇ ਪਾਤਰ ਬਣਦੇ ਸਨ।
ਵੈਸੇ ਬੀਬੀ ਜੀ ਹਮੇਸ਼ਾ ਚੰਗੇ ਮੁੱਦੇ ਉਭਾਰਦੇ ਹਨ ਤੇ ਅਕਸਰ ਠੀਕ ਵੀ ਹੁੰਦੇ ਹਨ। ਪਰ ਕਿਸੇ ਦੇ ਵੀ ਸਦਾ ਠੀਕ ਹੋਣ ਦੀ ਗੈਰੰਟੀ ਨਹੀਂ ਹੁੰਦੀ। ਬੀਬੀ ਜੀ ਇਸ ਵਕਤ ਗ਼ਲਤ ਹਨ। ਉਹ ਤਥਾਕਥਿਤ ਸਿੱਖ ਪੰਥ ਵਿੱਚ ਇੱਕੋ ਇਕ ਸੁਹਿਰਦ ਇਸਤਰੀ ਅਵਾਜ਼ ਹੈ। ਕੋਈ ਉਨ੍ਹਾਂ ਨੂੰ ਚੁੱਪ ਰਹਿਣ ਲਈ ਨਹੀਂ ਕਹਿ ਸਕਦਾ। ਬੋਲਣ, ਕੁਝ ਸੋਚ ਕੇ ਤੇ ਬੋਚ ਕੇ …
test