ਕਿਰਪਾ ਰਾਣੀ
ਮਰ ਜਾਂਦੇ ਜੋ ਦੇਸ਼ ਦੇ ਲਈ ਉਹ ਜਿਉਂਦੇ ਰਹਿੰਦੇ ਨੇ
ਜੰਗ-ਏ-ਅਜ਼ਾਦੀ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਦੇ 81ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਰਧਾਂਜਲੀ
ਭਾਰਤ ਦੀ ਧਰਤੀ ਨੇ ਇਕ ਲੰਮਾ ਅਰਸਾ ਗੁਲਾਮੀ ਦਾ ਹੰਢਾਇਆ ਹੈ।ਜਿਸਦੀਆਂ ਜੰਜ਼ੀਰਾਂ ਨੂੰ ਤੋੜਨ ਲਈ ਲੱਖਾਂ ਭਾਰਤੀ ਸੂਰਵੀਰ ਯੋਧਿਆਂ ਨੇ ਆਪਣੇ ਪ੍ਰਾਣ ਨਿਛਾਵਰ ਕੀਤੇ ਹਨ।ਬਹੁਤ ਸਾਰੇ ਸ਼ਹੀਦ ਅਜਿਹੇ ਵੀ ਹਨ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਪੰਨਿਆ ਤੇ ਦਰਜ਼ ਹੀ ਨਹੀ ਹੋ ਸਕਿਆ।ਅਜ਼ਾਦੀ ਦੇ ਇਸ ਘੋਲ਼ ਵਿਚ ਪੰਜਾਬੀਆਂ ਦਾ ਵੀ ਉਚੇਚਾ ਯੋਗਦਾਨ ਰਿਹਾ ਹੈ।
ਇਹਨਾ ਹੀ ਸਿਰਲੱਥ ਸੂਰਮਿਆਂ ਵਿਚੋਂ ਹੀ ਇਕ ਨਾਮ ਸ਼ਹੀਦ ਊਧਮ ਸਿੰਘ ਜੀ ਦਾ ਹੈ । ਅੱਜ 31 ਜੁਲਾਈ ਦੇ ਦਿਨ ਭਾਰਤ ਦੇਸ਼ ਦੇ ਇੱਕ ਮਹਾਂਨ ਵੀਰ ਸਪੂਤ ਤੇ ਜਿੱਦੀ ਕ੍ਰਾਂਤੀਕਾਰੀ ਰਾਮ ਮੁਹੰਮਦ ਸਿੰਘ ਅਜ਼ਾਦ (ਉਧਮ ਸਿੰਘ) ਜੀ ਦੀ ਸ਼ਹੀਦੀ ਦੇ ਵਜੋਂ ਦੇਸ਼ਵਾਸੀਆਂ ਵੱਲੋਂ ਓਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।ਜਦੋਂ ਕਦੀ ਜਲਿਆਂ ਵਾਲੇ ਖੂਨੀ ਸਾਕੇ ਦਾ ਜ਼ਿਕਰ ਹੁੰਦਾ ਹੈ ਤਾਂ ਸਹਿਜੇ ਹੀ ਊਧਮ ਸਿੰਘ ਦਾ ਨਾਮ ਯਾਦ ਆ ਜਾਂਦਾ ਹੈ ਜਿਸਨੇ 21 ਸਾਲਾਂ ਬਾਅਦ 1919 ਦੀ ਵਿਸਾਖੀ ਨੂੰ ਅਮਿ੍ਤਸਰ ਦੇ ਜਲ੍ਹਿਆਂਵਾਲੇ ਬਾਗ ਵਿਚ ਹੋਏ ਖੂਨੀ ਸਾਕੇ ਦਾ ਬਦਲਾ ਓਡਵਾਇਰ ਨੂੰ ਮਾਰ ਕੇ ਲਿਆ।ਊਧਮ ਸਿੰਘ ਦਾ ਸਾਰਾ ਜੀਵਨ ਕੁਰਬਾਨੀਆਂ ਤੇ ਸੰਘਰਸ਼ ਨਾਲ ਭਰਿਆ ਹੋਇਆ ਹੈ।ਇਹਨਾ ਦੀ ਜੀਵਨੀ ਨੂੰ ਪੜ੍ਹ ਕੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੀ ਪ੍ਰੇਰਨਾ ਮਿਲਦੀ ਹੈ।
ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਜਿਲ੍ਹਾ ਸੰਗਰੂਰ ਨੂੰ ਸਰਦਾਰ ਟਹਿਲ ਸਿੰਘ ਦੇ ਘਰ ਹੋਇਆ ਜਿਹੜੇ ਉਪਲੀ ਪਿੰਡ ਵਿਚ ਰੇਲਵੇ ਕਰਾਸਿੰਗ ਤੇ ਚੌੰਕੀਦਾਰ ਸਨ।ਊਧਮ ਸਿੰਘ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਸੀ।7 ਸਾਲ ਦੀ ਉਮਰ ਵਿਚ ਇਹਨਾ ਦੇ ਮਾਤਾ ਪਿਤਾ ਚਲ ਵਸੇ ਜਿਸਦੇ ਸਿੱਟੇ ਵਜੋਂ ਇਹਨਾ ਨੂੰ ਕੇਂਦਰੀ ਖਾਲਸਾ ਯਤੀਮਘਰ ਅਮ੍ਰਿਤਸਰ ਵਿਚ ਲਿਜਾਇਆ ਗਿਆ।ਜਿਥੇ ਇਹ ਸਿੱਖੀ ਗੁਣਾਂ ਵਿਚ ਢਲ ਗਏ ਤੇ ਇਥੇ ਹੀ ਇਹਨਾ ਨੂੰ ਊਧਮ ਸਿੰਘ ਦਾ ਨਾਮ ਦਿੱਤਾ ਗਿਆ ਤੇ ਇਹਨਾ ਦੇ ਭਰਾ ਨੂੰ ਮੁਕਤਾ ਸਿੰਘ ਨੂੰ ਸਾਧੂ ਸਿੰਘ ਦਾ ਨਾਮ ਮਿਲਿਆ।1917 ਵਿਚ ਵੱਡੇ ਭਰਾ ਦਾ ਦਿਹਾਂਤ ਹੋ ਗਿਆ ਤੇ ਊਧਮ ਸਿੰਘ ਕੱਲੇ ਰਹਿ ਗਏ।1918 ਵਿਚ ਦਸਵੀਂ ਜਮਾਤ ਕਰਨ ਪਿੱਛੋਂ ਆਪ ਨੇ ਅਨਾਥਘਰ ਛੱਡ ਦਿੱਤਾ।ਜਦੋਂ 13 ਅਪੈ੍ਲ 1919 ਦਾ ਉਹ ਖੂਨੀ ਸਾਕਾ ਵਾਪਰਿਆ ਤਾ ਊਧਮ ਸਿੰਘ ਉੱਥੇ ਹੀ ਮੋਜੂਦ ਸਨ ਤੇ ਆਪਣੀ ਸਾਥੀਆਂ ਨਾਲ ਭੀੜ ਨੂੰ ਪਾਣੀ ਪਿਲਾ ਰਹੇ ਸਨ।ਇਸ ਖੂਨੀ ਕਾਂਡ ਨੇ ਊਧਮ ਸਿੰਘ ਦੇ ਮਨ ਤੇ ਬਹੁਤ ਡੂੰਘਾ ਅਸਰ ਕੀਤਾ।ਉਹਨਾ ਨੇ ਇਸ ਖੂਨੀ ਹਾਦਸੇ ਦੇ ਜਿੰਮੇਵਾਰ ਅਫਸਰਾਂ ਤੋਂ ਬਦਲਾ ਲੈਣ ਦਾ ਪ੍ਰਣ ਲਿਆ।
ਇਸ ਤੋਂ ਬਾਅਦ ਉਹ ਅਮਰੀਕਾ ਚਲੇ ਗਏ ਤੇ ਜਦੋਂ ਉਹਨਾ ਨੂੰ ਬੱਬਰ ਅਕਾਲੀ ਲਹਿਰ ਬਾਰੇ ਪਤਾ ਲੱਗਾ ਤੇ ਉਹ ਵਾਪਸ ਭਾਰਤ ਆ ਗਏ।ਉਹ ਆਪਣੇ ਨਾਲ ਪਿਸਤੋਲ ਲੈ ਕੇ ਆਏ ਜਿਸ ਕਰਕੇ ਉਹਨਾ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਤੇ ਗੈਰ-ਕਾਨੂੰਨੀ ਅਸਲਾ ਤੇ ਗਦਰ ਪਾਰਟੀ ਨਾਲ ਸਬੰਧ ਰੱਖਣ ਲਈ ਚਾਰ ਸਾਲ ਅੰਦਰ ਰੱਖਿਆ ਗਿਆ।
1931 ਵਿੱਚ ਜੇਲ ਤੋਂ ਰਿਹਾਈ ਪਿੱਛੋਂ ਉਹ ਸੁਨਾਮ ਆ ਗਏ ਜਿਥੇ ਪੁਲਿਸ ਵਲੋਂ ਉਹਨਾਂ ਨੂੰ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾਣ ਲੱਗਾ।ਅਸਲ ਵਿਚ ਉਹਨਾਂ ਤੇ ਭਗਤ ਸਿੰਘ ਦੀ ਸ਼ਖਸ਼ੀਅਤ ਦਾ ਬਹੁਤ ਪ੍ਰਭਾਵ ਸੀ ਤੇ ਅੰਗਰੇਜ਼ ਉਹਨਾ ਨੂੰ ਭਗਤ ਸਿੰਘ ਦਾ ਸਾਥੀ ਸਮਝਦੇ ਸਨ।ਇਸ ਦੋਰਾਨ ਹੀ ਉਹਨਾਂ ਨੇ ਅਮਿ੍ਤਸਰ ਵਿਚ ਇਕ ਦੁਕਾਨ ਖੋਲੀ ਜਿਸਤੇ ਇਕ ਪੇਂਟਰ ਦਾ ਬੋਰਡ ਲਗਾਇਆ ਤੇ ਨਾਮ ਲਿਖਿਆ ਰਾਮ ਮੁਹੰਮਦ ਸਿੰਘ ਅਜ਼ਾਦ।ਅਸਲ ਵਿਚ ਇਹ ਨਾਮ ਸਾਰੇ ਧਰਮਾਂ ਨੂੰ ਦਰਸਾਉਦਾ ਸੀ।ਇਸ ਤੋਂ ਬਾਅਦ ਉਹ ਕਸ਼ਮੀਰ ਚਲੇ ਗਏ ।ਪੁਲਿਸ ਲਗਾਤਾਰ ਉਹਨਾ ਤੇ ਨਜ਼ਰ ਰੱਖੀ ਹੋਈ ਸੀ।ਪਰ ਕਿਸੇ ਤਰ੍ਹਾਂ ਪੁਲਿਸ ਨੂੰ ਚਕਮਾਂ ਦੇ ਕੇ ਉਹ ਜਰਮਨੀ ਪਹੁੰਚ ਗਏ ।ਜਿਸਤੋਂ ਬਾਅਦ ਲਗਭਗ 1934 ਵਿਚ ਉਹ ਲੰਡਨ ਪਹੁੰਚੇ ਜਿਥੇ ਉਹ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਯੋਜਨਾ ਬਣਾਉਣ ਲੱਗੇ।
ਅੰਤ 13 ਮਾਰਚ 1940 ਨੂੰ ਉਹ ਦਿਨ ਆ ਗਿਆ ਜਦੋਂ ਲੰਡਨ ਦੇ ਕੰਗਸਟਨ ਹਾਲ ਵਿਚ ਈਸਟ ਇੰਡੀਆਂ ਕੰਪਨੀ ਤੇ ਕੇਂਦਰੀ ਏਸ਼ੀਅਨ ਸੁਸਾਇਟੀ ਦਾ ਸਾਂਝਾ ਸਮਾਗਮ ਹੋ ਰਿਹਾ ਸੀ ਜਿਸ ਵਿਚ ਜਲ੍ਹਿਆਂਵਾਲਾ ਵਾਲੇ ਬਾਗ ਹੱਤਿਆ ਕਾਂਡ ਦੇ ਮੁੱਖ ਦੋਸ਼ੀ ਜਨਰਲ ਉਡਵਾਇਰ ਨੇ ਭਾਸ਼ਣ ਦੇਣਾ ਸੀ।ਲਗਭਗ ਸ਼ਾਮ ਦਾ ਸਮਾਂ ਸੀ।ਊਧਮ ਸਿੰਘ ਹਾਲ ਵਿਚ ਦਾਖਲ ਹੋਣ ਸਮੇਂ ਆਪਣੀ ਰਿਵਾਲਵਰ ਕਿਤਾਬ ਵਿਚ ਲੁਕਾ ਕੇ ਲੈ ਗਏ ਸਨ।ਜਿਵੇਂ ਹੀ ਭਾਸ਼ਣ ਖਤਮ ਹੋਇਆ ਊਧਮ ਸਿੰਘ ਆਪਣੇ ਓਵਰ ਕੋਟ ਦੀ ਜ਼ੇਬ ਵਿਚੋਂ ਰਿਵਾਲਵਰ ਵਿਚੋਂ ਪਹਿਲੀਆਂ ਦੋ ਗੋਲੀਆਂ ਮਾਰਕੁਅਸ ਆਫ ਜੈੱਟਲੈਂਡ (ਸੈਕਰੇਟਰੀ ਫਾਰ ਇੰਡੀਆ ਸਟੇਟ)ਦੇ ਮਾਰੀਆਂ ਜਿਸ ਨਾਲ ਉਹ ਜਖ਼ਮੀ ਹੋ ਕੇ ਆਪਣੀ ਕੁਰਸੀ ਤੇ ਡਿਗ ਪਿਆ, ਉਸ ਤੋਂ ਬਾਅਦ ਦੋ ਗੋਲ਼ੀਆਂ ਮਾਇਕਲ ਉਡਵਾਇਰ ਦੇ ਮਾਰੀਆਂ ਜਿਸ ਨਾਲ ਉਸਦੀ ਮੋਕੇ ਤੇ ਹੀ ਮੋਤ ਹੋ ਗਈ।ਇਸ ਤੋਂ ਇਲਾਵਾ ਉਹਨਾ ਨੇ ਲੁਈਸ ਡੇਨ(ਸਾਬਕਾ ਗਵਰਨਰ ਬੰਬੇ),ਲਾਰਡ ਲੈਮਿੰਗਟਨ(ਸਾਬਕਾ ਗਵਰਨਰ ਪੰਜਾਬ) ਜੋ ਕਿ ਪਹਿਲੀ ਕਤਾਰ ਵਿਚ ਬੈਠੇ ਸਨ ਦਾ ਵੀ ਗੋਲ਼ੀਆਂ ਮਾਰੀਆਂ ਭਾਵੇਂ ਇਹ ਗੋਰੇ ਜਲ੍ਹਿਆਂਵਾਲਾ ਵਾਲੇ ਖੂਨੀ ਕਾਂਡ ਨਾਲ ਸਬੰਧਿਤ ਨਹੀ ਸਨ ਪਰ ਇਹਨਾ ਜਾਲਮਾਂ ਨੇ ਵੀ ਭਾਰਤੀ ਲੋਕਾਂ ਤੇ ਕ੍ਰਾਂਤੀਕਾਰੀਆਂ ਤੇ ਅਣਮਨੁੱਖੀ ਤਸ਼ੱਦਦ ਕੀਤਾ ਸੀ।
ਇੱਥੇ ਜ਼ਿਕਰਯੋਗ ਇਹ ਵੀ ਹੈ ਕਿ ਉਸ ਸਮੇਂ ਦੇ ਫੌਜ ਮੁਖੀ ਸੀ ਜਨਰਲ ਰਿਜ਼ਨਾਲਡ ਇਡਵਰਡ ਹੈਰੀ ਡਾਇਰ ਉਸ ਦੀ ਮੌਤ 1927 ਦੇ ਵਿੱਚ ਬਿਮਾਰੀ ਕਾਰਨ ਹੋ ਚੁੱਕੀ ਸੀ ।ਊਧਮ ਸਿੰਘ ਨੇ ਜਿਸ ਮਾਈਕਲ ਓਡਵਾਇਰ ਦਾ ਗੋਲੀ ਨਾਲ ਕਤਲ ਕੀਤਾ ਸੀ ਉਹ ਦਰਅਸਲ ਪੰਜਾਬ ਦਾ ਉਸ ਸਮੇਂ ਗਵਰਨਰ ਜਨਰਲ ਸੀ।ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਮਾਈਕਲ ਉਡਵਾਇਰ ਦੇ ਹਸਤਾਖਰ ਕਰਨ ਤੋਂ ਬਾਅਦ ਹੀ ਜਨਰਲ ਡਾਇਰ ਨੇ ਜਲ੍ਹਿਆਂਵਾਲੇ ਬਾਗ ਵਿੱਚ ਮੌਜੂਦ ਮਾਸੂਮ ਨਿਹੱਥੇ ਲੋਕਾਂ ਤੇ ਗੋਲੀ ਚਲਾਈ ਸੀ।ਇਸ ਤਰ੍ਹਾਂ ਊਧਮ ਸਿੰਘ ਦਾ ਮੰਨਣਾ ਸੀ ਕਿ ਮਾਈਕਲ ਓਡਵਾਇਰ ਵੀ ਇਸ ਹੱਤਿਆ ਕਾਂਡ ਦੇ ਲਈ ਪੂਰਾ ਜ਼ਿੰਮੇਵਾਰ ਸੀ ਜਿਸ ਨੂੰ ਮਾਰ ਕੇ ਊਧਮ ਸਿੰਘ ਨੇ ਬਦਲਾ ਉਤਾਰਿਆ।
ਗੋਰੇ ਨੇ ਖਤਮ ਕਰਨ ਤੋ ਬਾਅਦ ਉਹ ਉੱਥੋ ਭੱਜੇ ਨਹੀ ਸਗੋਂ ਗ੍ਰਿਫਤਾਰੀ ਦੇ ਦਿੱਤੀ ।ਇਸਤੋਂ ਬਾਅਦ ਉਹਨਾ ਤੇ ਹੱਤਿਆ ਦਾ ਮੁਕੱਦਮਾਂ ਚਲਾਇਆ ਗਿਆ। 1ਅਪ੍ਰੈਲ 1940 ਨੂੰ ਉਹਨਾ ਨੂੰ ਉਡਵਾਇਰ ਦਾ ਹੱਤਿਆਰਾ ਮੰਨ ਲਿਆ ਗਿਆ।ਟਰਾਇਲ ਕੋਰਟ ਤੋਂ ਬਾਅਦ ਉਹਨੂੰ ਕੇਂਦਰੀ ਅਪਰਾਧਿਕ ਕੋਰਟ ਵਿਚ ਪੁੱਛ-ਗਿੱਛ ਲਈ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਉਹਨਾ ਨੂੰ ਪੁਰਾਣੀ ਬੇਲੀ ਜੇਲ ਵਿਚ ਰੱਖਿਆ ਗਿਆ। ਹਲਾਂਕਿ ਜਸਟਿਸ ਐਟਿਕਿਨਸਨ ਨੇ ਉਹਨਾ ਨੂੰ ਫਾਂਸੀ ਦੀ ਸਜਾ ਸੁਣਾ ਦਿੱਤੀ ਸੀ।ਜਿਸਨੂੰ ਰੱਦ ਕਰਵਾਉਣ ਲਈ 15 ਜੁਲਾਈ 1940 ਨੂੰ ਇਕ ਪਟੀਸ਼ਨ ਦਾਇਰ ਕੀਤੀ ਗਈ ਜਿਸਨੂੰ ਖਾਰਿਜ਼ ਕਰ ਦਿੱਤਾ ਗਿਆ ਸੀ।ਅੰਤ 31 ਜੁਲਾਈ 1940 ਨੂੰ ਪੈਂਟਵੇਲੀ ਜੇਲ ਵਿਚ ਇਸ ਸਿਰਲੱਥ ਸੂਰਮੇਂ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ ਅਤੇ ਜੇਲ੍ਹ ਦੇ ਅੰਦਰ ਹੀ ਉਸ ਦੀਆਂ ਅਸਥੀਆਂ ਨੂੰ ਦਬਾਅ ਦਿੱਤਾ ਗਿਆ। ਊਧਮ ਸਿੰਘ ਇਕ ਮਹਾਨ ਕ੍ਰਾਂਤੀਕਾਰੀ ਸੀ, ਜਲਿਆਂਵਾਲੇ ਭਾਗ ਦਾ ਸਾਕਾ, ਪਹਿਲੇ ਮਹਾਂਯੁੱਧ ਅਤੇ ਦੂਸਰੇ ਮਹਾਂਯੁੱਧ ਵਿਚ ਭਾਰਤੀਆਂ ਨੂੰ ਜ਼ਬਰਦਸਤੀ ਸ਼ਾਮਿਲ ਕਰਨਾ, ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਆਦਿ ਹੋਰ ਭਾਰਤ ਦੀ ਆਜ਼ਾਦੀ ਨਾਲ ਜੁੜੀਆਂ ਘਟਨਾਵਾਂ ਨੇ ਉਸ ਦੇ ਮਨ ‘ਤੇ ਬਦਲਾ ਲੈਣ ਲਈ ਡੂੰਘਾ ਪ੍ਰਭਾਵ ਪਾਇਆ।
ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਸਦੀਆਂ ਤਕ ਭਾਰਤੀ ਲੋਕਾਂ ਨੂੰ ਦੇਸ਼ ਪਿਆਰ ਅਤੇ ਦੇਸ਼ ਲਈ ਕੁਰਬਾਨ ਹੋਣ ਦੀ ਪ੍ਰੇਰਨਾ ਦਿੰਦੀ ਰਹੇਗੀ। ਸਾਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਤਬਦੀਲ ਕਰਨਾ ਹੀ ਉਨ੍ਹਾਂ ਦੀ ਕੁਰਬਾਨੀ ਉਤੇ ਮਾਣ ਹੋਵੇਗਾ।
test