ਅਵਤਾਰ ਸਿੰਘ
ਅਜੀਤਵਾਲ : ਸਾਬਕਾ ਮੁੱਖ ਮੰਤਰੀ ਮਰਹੂਮ ਲਛਮਣ ਸਿੰਘ ਗਿੱਲ ਅਤੇ ਸੈਂਕੜੇ ਅਜ਼ਾਦੀ ਘੁਲਾਟੀਆਂ ਦਾ ਪਿੰਡ ਚੂਹੜਚੱਕ ਕਿਸੇ ਸਮੇਂ ਸੂਰਵੀਰ ਯੋਧਿਆਂ ਦੀ ਬਾਤਾਂ ਪਾਉਂਦਾ ਸੀ ਹੁਣ ਇਹ ਪਿੰਡ ਨਸ਼ੇ ਦੀ ਝਕੜ ਵਿਚ ਆ ਚੁੱਕਾ ਹੈ। ਕਈ ਵਰ੍ਹੇ ਪਹਿਲਾਂ ਪਿੰਡ ਦੇ ਚਿੰਤਤ ਲੋਕਾਂ ਨੇ ਨਸ਼ੇ ਖ਼ਿਲਾਫ ਨਿੱਤਰ ਕਿ ਪਿੰਡ ਦੀ ਇਕ ਗਲੀ ਵਿਚ ਜਿੱਥੇ ਨਸ਼ੇ ਦੀ ਵਿਕਰੀ ਹੁੰਦੀ ਸੀ ਸਾਲ ਭਰ ਠੀਕਰੀ ਪਹਿਰਾ ਵੀ ਲਗਾਇਆ ਸੀ ਤਾਂ ਜੋ ਨੌਜਵਾਨੀ ਨੂੰ ਇਸ ਦਲਦਲ ਵਿਚੋਂ ਬਾਹਰ ਕੱਢਿਆ ਜਾ ਸਕੇ। ਪਰ ਬਦ ਕਿਸਮਤੀ ਇਹ ਰਹੀ ਕਿ ਉਸ ਠੀਕਰੀ ਪਹਿਰੇ ਦੇ ਕੋਈ ਸਾਰਥਿਕ ਨਤੀਜੇ ਸਾਹਮਣੇ ਨਹੀਂ ਆਏ।
ਪਿਛਲੇ ਦਿਨੀ ਵਾਇਰਲ ਹੋਈ ਵੀਡੀਓ ਨੇ ਫਿਰ ਤੋਂ ਇਸ ਪਿੰਡ ਵਿਚ ਨਸ਼ੇ ਦੇ ਆਦੀ ਨੌਜਵਾਨਾਂ ਅਤੇ ਨਸ਼ਾ ਤਸਕਰਾਂ ਦੀ ਪੋਲ ਖੋਲ ਦਿੱਤੀ ਹੈ। ਪਿੰਡ ਦੇ ਇਕ ਸਮਾਜਸੇਵੀ ਨੌਜਵਾਨ ਵੱਲੋਂ ਰਸਤੇ ਵਿਚ ਨਸ਼ੇ ਨਾਲ ਧੁੱਤ ਪਏ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ, ਜੋਂ ਕਿ ਤੇਜੀ ਨਾਲ ਲੋਕਾਂ ਤੱਕ ਫੈਲ ਗਈ। ਵੀਡੀਓ ਕੁਝ ਸਮਾਂ ਚੱਲਣ ਤੋਂ ਬਾਅਦ ਹੀ ਲੋਕਾਂ ਨੇ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ।
ਨੌਜਵਾਨ ਪਾਸ ਪਿਆ ਸੀ ਨਸ਼ੀਲਾ ਟੀਕਾ ਤੇ ਮੈਡੀਕਲ ਨਸ਼ਾ
ਪਿੰਡ ਚੂਹੜਚੱਕ ਵਿਖੇ ਸੂਏ ਕੋਲ ਖੇਤਾ ਵਿਚ ਨਸ਼ੇ ਦੀ ਹਾਲਤ ‘ਚ ਧੁੱਤ ਹੋਏ ਨੌਜਵਾਨ ਪਾਸ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ ਸਨ, ਜਦ ਵੀਡੀਓ ਬਣਾਉਣ ਵਾਲੇ ਨੌਜਵਾਨ ਨੇ ਧਿਆਨ ਨਾਲ ਦੇਖਿਆ ਤਾਂ ਨੌਜਵਾਨ ਦੇ ਪਾਸ ਨਸ਼ੀਲੀ ਵਸਤੂ ਵਾਲਾ ਟੀਕਾ ਪਿਆ ਸੀ ਅਤੇ ਉਸ ਦੀਆਂ ਜੇਬਾਂ ਵਿਚ ਵੀ ਮੈਡੀਕਲ ਨਸ਼ਾ ਜੋ ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਸੀ।
ਲੰਮਾਂ ਸਮਾਂ ਨਾ ਕੋਈ ਦੇਖਦਾ ਤਾਂ ਹੋ ਸਕਦੀ ਸੀ ਨੌਜਵਾਨ ਦੀ ਮੌਤ
ਇੱਥੇ ਜਿਕਰਯੋਗ ਹੈ ਕਿ ਜੇਕਰ ਸਮਾਜਸੇਵੀ ਨੌਜਵਾਨ ਉਸ ਨਸ਼ੇ ਨਾਲ ਧੁੱਤ ਹੋਏ ਨੌਜਵਾਨ ਨੂੰ ਨਾ ਚੁੱਕਦਾ ਤਾਂ ਹੋ ਸਕਦਾ ਕਿ ਉਕਤ ਨੌਜਵਾਨ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦਾ, ਕਿਉਂਕਿ ਉਕਤ ਨੌਜਵਾਨ ਸੂਏ ਦੇ ਕੰਡੇ ਡਿੱਗਾ ਸੀ, ਜਿੱਥੇ ਜਾਂ ਤਾਂ ਸੂਏ ਵਿਚ ਡਿੱਗਣ ਕਰਕੇ ਜਾਂ ਖੇਤ ਵਿਚ ਕਿਸੇ ਜਹਿਰੀਲੇ ਜਾਨਵਰ ਦੇ ਕੱਟਣ ਕਰਕੇ ਉਸ ਦੀ ਮੌਤ ਵੀ ਹੋ ਸਕਦੀ ਸੀ।
ਵੀਡੀਓ ਵਾਇਰਲ ਹੋਣ ਤੋਂ ਹੋਣ ਤੋ ਬਾਅਦ ਪੁਲਿਸ ਨੇ ਬਣਾਇਆ ਦਬਾਅ
ਨੌਜਵਾਨ ਦੇ ਵੀਡੀਓ ਵਾਇਰਲ ਕਰਨ ਤੋਂ ਤੁਰੰਤ ਬਾਅਦ ਹੀ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾ ਦੀ ਪੈ ਗਈ। ਜਿਸ ਤੋਂ ਬਾਅਦ ਦੂਸਰੀ ਵੀਡੀਓ ਆਪਣੇ ਸ਼ੋਸ਼ਲ ਮੀਡੀਆਂ ਅਕਾਊਟ ਤੇ ਪਾ ਕੇ ਨੌਜਵਾਨ ਨੇ ਇਹ ਵੀ ਦੋਸ਼ ਲਗਾਏ ਕਿ ਥਾਣਾ ਅਜੀਤਵਾਲ ਦੇ ਕਰਮਚਾਰੀਆਂ ਅਤੇ ਸਬੰਧਤ ਡੀਐੱਸਪੀ ਵੱਲੋਂ ਉਸ ਤੇ ਵੀਡੀਓ ਡਲੀਟ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ ਕਿ ਤੂੰ ਆਪਣੇ ਵੱਲੋਂ ਪਾਈ ਵੀਡੀਓ ਡਲੀਟ ਕਰ। ਇਹ ਪਤਾ ਲੱਗਾ ਹੈ ਕਿ ਪੁਲਿਸ ਦੀ ਗੱਡੀ ਕਈ ਵਾਰ ਉਸ ਦੀ ਦੁਕਾਨ ਤੇ ਚੱਕਰ ਲਗਾਉਂਦੀ ਰਹੀ।
ਦਬਾਅ ਨਾਲ ਨਾ ਮੰਨਿਆ ਤਾਂ ਅੱਧੀ ਰਾਤ ਤੱਕ ਨੌਜਵਾਨ ਪਾਸ ਚੌਕੀ
ਜਦਕਿ ਪੁਲਿਸ ਪ੍ਰਸ਼ਾਸ਼ਨ ਦੇ ਦਬਾਅ ਬਣਾਉਣ ਤੋਂ ਬਾਅਦ ਵੀ ਜਦ ਨੌਜਵਾਨ ਨਾ ਡਰਿਆ ਅਤੇ ਉਸ ਨੇ ਵੀਡੀਓ ਨਾ ਡਲੀਟ ਕੀਤੀ ਤਾਂ ਇਲਾਕੇ ਦੇ ਨਾਮਵਰ ਵਿਅਕਤੀਆਂ ਨੇ ਨੌਜਵਾਨ ਪਾਸ ਰਾਤ ਦੇ 12 ਵਜੇਂ ਤੱਕ ਉਸ ਨਾਲ ਗੱਲਬਾਤ ਕਰਕੇ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ, ਪਰ ਨੌਜਵਾਨ ਸਿਰਫ ਨਸ਼ੇ ਦੇ ਖਾਤਮੇ ਲਈ ਕਾਰਵਾਈ ਕਰਨ ਅਤੇ ਵੀਡੀਓ ਨਾ ਡਲੀਟ ਕਰਨ ਤੇ ਅੜਿਆ ਰਿਹਾ।
ਘੱਟ ਅਰਾਮ ਕਰਨ ਵਾਲੇ ਥਾਣਾ ਮੁਖੀ ਨੇ ਪਾਈ ਸੀ ਨਸ਼ੇ ਤੇ ਠੱਲ
ਜਦ ਕਿ ਕੁਝ ਸਮਾਂ ਪਹਿਲਾ ਇਕ ਧਾਕੜ ਇੰਸਪੈਕਟਰ ਥਾਣਾ ਅਜੀਤਵਾਲ ਵਿਖੇ ਤਾਇਨਾਤ ਹੋਏ ਸਨ, ਜਿੰਨ੍ਹਾਂ ਨੇ ਇਨ ਰਾਤ ਇੱਕ ਕਰਕੇ ਕੁਝ ਸਮੇਂ ਅੰਦਰ ਹੀ ਨਸ਼ੇ ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਸੀ। ਜਿੰਨ੍ਹਾਂ ਨੇ ਨਾਮਵਰ ਨਸ਼ਾ ਤਸਕਰਾ ਦੀਆਂ ਜਾਇਦਾਦਾਂ ਵੀ ਜਬਤ ਕਰਕੇ ਨੋਟਿਸ ਵੀ ਲਗਾਏ ਸਨ। ਜਿਸ ਕਾਰਨ ਇਲਾਕੇ ਦੇ ਲੋਕਾ ਨੂੰ ਕੁਝ ਹੱਦ ਤੱਕ ਤਾਂ ਲੁਟੇਰਿਆ ਅਤੇ ਨਸ਼ਾ ਤਸਕਰਾ ਤੋ ਰਾਹਤ ਮਿਲੀ ਸੀ।
ਜਿਲ੍ਹਾ ਪ੍ਰਸ਼ਾਸ਼ਨ ਨੂੰ ਜਲਦ ਤੋਂ ਜਲਦ ਕਾਰਵਾਈ ਦੀ ਕੀਤੀ ਮੰਗ
ਵੀਡੀਓ ਵਾਇਰਲ ਕਰਨ ਤੋਂ ਬਾਅਦ ਨੌਜਵਾਨ ਨੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਉੱਚ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਨਸ਼ੇ ਦੇ ਖਾਤਮੇ ਲਈ ਕੋਈ ਠੋਸ ਉਪਰਾਲੇ ਕਰਨ ਤਾਂ ਜੋ ਉਸ ਦਾ ਪਿੰਡ ਨਸ਼ਾ ਮੁਕਤ ਹੋ ਸਕੇ ਆਉਣ ਵਾਲੇ ਸਮੇਂ ਵਿਚ ਵੀ ਪਿੰਡ ਵਾਸੀਆਂ ਨੂੰ ਅਜਿਹਾ ਕੋਈ ਕਦਮ ਚੁੱਕਣ ਦੀ ਜਰੂਰਤ ਨਾ ਪਵੇ।
ਪੁਲਿਸ ਨੇ ਨੌਜਵਾਨ ਤੇ ਨਹੀਂ ਬਣਾਇਆ ਕੋਈ ਦਬਾਅ
ਜਦ ਇਸ ਸਬੰਧੀ ਥਾਣਾ ਅਜੀਤਵਾਲ ਦੇ ਸਬੰਧਤ ਮੁੱਖ ਅਫਸਰ ਰਾਜ ਸਿੰਘ ਅਤੇ ਡੀਐੱਸਪੀ ਅਨਵਰ ਅਲੀ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਉਸ ਨੌਜਵਾਨ ਨੂੰ ਵੀ ਨਸ਼ਾ ਛੁਡਾਊ ਕੇਂਦਰ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ। ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਪਾਇਆ ਜਾਂਦਾ ਹੈ ਤਾਂ ਪੁਲਿਸ ਉਸ ਸਬੰਧੀ ਕੋਈ ਢਿੱਲ ਨਹੀਂ ਵਰਤੇਗੀ ਅਤੇ ਦੋਸ਼ੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੰਜਾਬੀ ਜਾਗਰਣ
test