ਤਰੁਣ ਗੁਪਤ
ਪਹਿਲਗਾਮ ਵਿਚ ਹੋਏ ਭਿਆਨਕ ਅੱਤਵਾਦੀ ਹਮਲੇ ਨੂੰ ਇਕ ਪੰਦਰਵਾੜੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਉਦੋਂ ਤੋਂ ਪੂਰਾ ਦੇਸ਼ ਉੱਚਿਤ ਪ੍ਰਤੀਕਰਮ ਦੀ ਉਡੀਕ ਕਰ ਰਿਹਾ ਹੈ। ਸਮੁੱਚਾ ਦੇਸ਼ ਇਕਸਮਾਨ ਭਾਵਨਾਵਾਂ ਰੱਖਦਾ ਹੈ ਕਿ ਸਾਨੂੰ ਪੂਰੀ ਸਮਰੱਥਾ ਨਾਲ ਜਵਾਬੀ ਕਾਰਵਾਈ ਕਰਨੀ ਚਾਹੀਦੀ ਹੈ। ਉਂਜ ਤਾਂ ਸਾਨੂੰ ਸਰਕਾਰ ਦੇ ਭਰੋਸੇ ’ਤੇ ਯਕੀਨ ਹੈ ਕਿ ਵਾਜਬ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਫਿਰ ਵੀ, ਉਸ ਦੀ ਉਡੀਕ ਬੇਚੈਨੀ ਵਧਾ ਰਹੀ ਹੈ। ਇਹ ਵੀ ਸਹੀ ਹੈ ਕਿ ਅਜਿਹੇ ਵਿਸ਼ੇ ਅਤਿਅੰਤ ਸੰਵੇਦਨਸ਼ੀਲ ਹੁੰਦੇ ਹਨ ਅਤੇ ਉਨ੍ਹਾਂ ਦੇ ਸਬੰਧ ਵਿਚ ਜ਼ਰੂਰੀ ਸਾਵਧਾਨੀ ਵਰਤਣੀ ਹੀ ਚਾਹੀਦੀ ਹੈ।
ਇਸ ਸਮੇਂ ਸਮਾਜ ਵਿਚ ਸਭ ਤੋਂ ਵੱਧ ਮੰਥਨ ਇਸੇ ਪਹਿਲੂ ’ਤੇ ਜਾਰੀ ਹੈ ਕਿ ਭਾਰਤ ਨੂੰ ਕਦੋਂ, ਕੀ ਅਤੇ ਕਿਵੇਂ ਕਾਰਵਾਈ ਕਰਨੀ ਚਾਹੀਦੀ ਹੈ। ਤਰਕਸੰਗਤ ਦ੍ਰਿਸ਼ਟੀਕੋਣ ਤਾਂ ਇਹੀ ਕਹਿੰਦਾ ਹੈ ਕਿ ਪਾਕਿਸਤਾਨ ’ਤੇ ਨਿਰੰਤਰ ਯਤਨਾਂ ਨਾਲ ਬਹੁ-ਪੱਧਰੀ ਸ਼ਿਕੰਜਾ ਕੱਸਿਆ ਜਾਵੇ।
ਉਸ ਨੂੰ ਫ਼ੌਜੀ, ਆਰਥਿਕ ਅਤੇ ਕੂਟਨੀਤਕ, ਸਾਰੇ ਮੁਹਾਜ਼ਾਂ ’ਤੇ ਜ਼ਖ਼ਮ ਦਿੱਤੇ ਜਾਣ। ਪਾਕਿਸਤਾਨ ਦੇ ਜਿਸ ਜ਼ਾਲਮ ਤੇ ਕਰੂਪ ਚਿਹਰੇ ਤੋਂ ਅਸੀਂ ਹਮੇਸ਼ਾ ਤੋਂ ਜਾਣੂ ਰਹੇ ਹਾਂ, ਉਹ ਹਾਲੀਆ ਸਾਲਾਂ ਵਿਚ ਪੂਰੇ ਵਿਸ਼ਵ ਦੇ ਸਾਹਮਣੇ ਵੀ ਬੇਨਕਾਬ ਹੋ ਗਿਆ ਹੈ। ਲੰਬੇ ਸਮੇਂ ਤੋਂ ਕਿਹਾ ਜਾਂਦਾ ਰਿਹਾ ਹੈ ਕਿ ਪਾਕਿਸਤਾਨ ਦੇ ਲੋਕ ਤਾਂ ਸ਼ਾਂਤੀ ਚਾਹੁੰਦੇ ਹਨ ਪਰ ਫ਼ੌਜ ਦੀ ਗੋਦੀ ਵਿਚ ਬੈਠੀ ਸਰਗਰਮ ਡੀਪ ਸਟੇਟ ਨੇ ਅੱਤਵਾਦ ਨੂੰ ਇਕ ਰਾਸ਼ਟਰ ਨੀਤੀ ਦੇ ਰੂਪ ਵਿਚ ਅਪਣਾਇਆ ਹੋਇਆ ਹੈ। ਅਜਿਹੀ ਸਥਿਤੀ ਵਿਚ ਸਾਡੀ ਫ਼ੌਜੀ ਕਾਰਵਾਈ ਵਿਚ ਉਸ ਡੀਪ ਸਟੇਟ ਨੂੰ ਹੀ ਨਿਸ਼ਾਨਾ ਬਣਾਉਣਾ ਹੋਵੇਗਾ। ਆਪਣੀ ਸੰਭਾਵੀ ਕਾਰਵਾਈ ਵਿਚ ਭਾਰਤ ਅੱਤਵਾਦੀਆਂ ਦੇ ਕੈਂਪ ਨਸ਼ਟ ਕਰਨ ਤੋਂ ਅੱਗੇ ਵਧਦਾ ਹੋਇਆ ਪਾਕਿਸਤਾਨੀ ਫ਼ੌਜ ਦੇ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਵੇ।
ਪਾਕਿਸਤਾਨ ਵਿਚ ਗ਼ਰੀਬੀ ਅਤੇ ਕੱਟੜਵਾਦ ਦੀ ਪੈਂਠ ਨੂੰ ਦੇਖਦੇ ਹੋਏ ਉੱਥੇ ਸਿਖਲਾਈਸ਼ੁਦਾ ਅੱਤਵਾਦੀਆਂ ਦਾ ਕਦੇ ਵੀ ਕਾਲ਼ ਨਹੀਂ ਪੈਣ ਵਾਲਾ। ਇਸ ਲਈ ਸਾਨੂੰ ਆਪਣੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲੇ ਅੱਤਵਾਦੀਆਂ ਦਾ ਖ਼ਾਤਮਾ ਕਰਦੇ ਰਹਿਣ ਦੇ ਨਾਲ ਹੀ ਉਨ੍ਹਾਂ ਨੂੰ ਪਾਲਣ-ਪੋਸਣ ਵਾਲੀ ਪਾਕਿਸਤਾਨੀ ਫ਼ੌਜ ਨੂੰ ਵੀ ਆਪਣੀ ਕਾਰਵਾਈ ਦੇ ਦਾਇਰੇ ਵਿਚ ਲਿਆਉਣਾ ਹੋਵੇਗਾ।
ਜਦ ਦੂਜੇ ਦੇਸ਼ਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਖ਼ੁਦ ਮਨੁੱਖੀ ਨੁਕਸਾਨ ਸਹਿਣਾ ਪਵੇਗਾ ਤਾਂ ਇਹ ਉਨ੍ਹਾਂ ਦੇ ਜੰਗੀ ਜਨੂੰਨ ਨਾਲ ਸਿੱਝਣ ਵਿਚ ਇਕ ਕਾਰਗਰ ਹਥਿਆਰ ਸਾਬਿਤ ਹੋਵੇਗਾ। ਅਜਿਹੀਆਂ ਮੁਹਿੰਮਾਂ ਬੇਸ਼ੱਕ ਬਹੁਤ ਮੁਸ਼ਕਲ ਹੁੰਦੀਆਂ ਹਨ ਅਤੇ ਉਨ੍ਹਾਂ ਨਾਲ ਇਕ ਵਿਆਪਕ ਜੰਗ ਛਿੜਨ ਦਾ ਜੋਖ਼ਮ ਵੀ ਬਣਿਆ ਰਹਿੰਦਾ ਹੈ। ਇਸ ਦੇ ਬਾਵਜੂਦ ਸਮੇਂ ਦੀ ਮੰਗ ਹੈ ਕਿ ਇਕ ਅਸਰਦਾਰ ਤੇ ਉਮੀਦ ਮੁਤਾਬਕ ਕਾਰਵਾਈ ਕੀਤੀ ਜਾਵੇ। ਦਹਾਕਿਆਂ ਤੋਂ ਅਸੀਂ ਲੋਕਾਂ ਦੀਆਂ ਜਾਨਾਂ ਲੈਣ ਵਾਲੇ ਅਪਰਾਧੀਆਂ ਦੀ ਹਵਾਲਗੀ ਦੇ ਵਿਅਰਥ ਯਤਨਾਂ ਵਿਚ ਲੱਗੇ ਹੋਏ ਹਾਂ। ਢੁੱਕਵਾਂ ਕਦਮ ਇਹੀ ਹੋਵੇਗਾ ਕਿ ਅੱਤਵਾਦ ਦੇ ਇਨ੍ਹਾਂ ਆਕਾਵਾਂ ਨੂੰ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਵਿਚ ਹੀ ਪ੍ਰਤੱਖ ਜਾਂ ਅਪ੍ਰਤੱਖ ਤੌਰ ’ਤੇ ਨਿਸ਼ਾਨਾ ਬਣਾਈਏ।
ਕਈ ਹਾਲਾਤ ਵਿਚ ਧਾਰਨਾ ਵੀ ਵਿਸ਼ੇਸ਼ ਮਹੱਤਵ ਰੱਖਦੀ ਹੈ। ਅਜਿਹੇ ਵਿਚ ਇਹ ਅਹਿਮ ਹੈ ਕਿ ਇਸ ਜੰਗ ਵਿਚ ਅਸੀਂ ਨਾ ਸਿਰਫ਼ ਜਿੱਤੀਏ ਸਗੋਂ ਜਿੱਤਦੇ ਹੋਏ ਦਿਖਾਈ ਵੀ ਦੇਈਏ। ਨਿਰਸੰਦੇਹ ਸਾਡਾ ਰੱਖਿਆ ਤੰਤਰ ਹੋਰ ਮਜ਼ਬੂਤ ਹੋਣਾ ਚਾਹੀਦਾ ਹੈ। ਭਾਵੇਂ ਹੀ ਹਾਲੇ ਪੂਰਾ ਧਿਆਨ ਜਵਾਬੀ ਹਮਲੇ ’ਤੇ ਹੈ ਪਰ ਇਸੇ ਦੌਰਾਨ ਸਾਨੂੰ ਉਨ੍ਹਾਂ ਅੰਦਰੂਨੀ ਕਮੀਆਂ ਦਾ ਵੀ ਵਿਸ਼ਲੇਸ਼ਣ ਕਰਨਾ ਹੋਵੇਗਾ ਜੋ ਇਸ ਹਮਲੇ ਤੋਂ ਉਜਾਗਰ ਹੋਈਆਂ ਹਨ। ਸਾਨੂੰ ਆਪਣੀਆਂ ਸਰਹੱਦਾਂ ਅਜਿਹੀਆਂ ਬਣਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਵਿਚ ਕੋਈ ਸੰਨ੍ਹਮਾਰੀ ਨਾ ਹੋ ਸਕੇ। ਬਾਹਰਲੇ-ਅੰਦਰੂਨੀ ਖ਼ੁਫ਼ੀਆ ਢਾਂਚੇ ਨੂੰ ਸੁਧਾਰਨ ਦੇ ਨਾਲ ਹੀ ਅੱਤਵਾਦੀਆਂ ਨੂੰ ਮਿਲਣ ਵਾਲੇ ਕਿਸੇ ਵੀ ਸਮਰਥਨ ਨੂੰ ਨੱਥ ਪਾਉਣੀ ਹੋਵੇਗੀ। ਦਹਾਕਿਆਂ ਤੋਂ ਅਸੀਂ ਪਾਕਿਸਤਾਨ ਦੀ ਹਕੀਕਤ ਉਜਾਗਰ ਕਰਨ ਵਿਚ ਲੱਗੇ ਹੋਏ ਹਾਂ। ਸਾਡੇ ਕੂਟਨੀਤਕ ਯਤਨ ਸਫਲ ਵੀ ਹੋਏ ਹਨ। ਜਿਵੇਂ ਰਵਾਇਤੀ ਤੌਰ ’ਤੇ ਪਾਕਿਸਤਾਨ ਦੇ ਸਹਿਯੋਗੀ ਰਹੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਨੇ ਵੀ ਪਹਿਲਗਾਮ ਹਮਲੇ ਦੀ ਤਤਕਾਲ ਨਿੰਦਾ ਕੀਤੀ। ਅਮਰੀਕਾ ਤੇ ਰੂਸ ਵਰਗੀਆਂ ਮਹਾ-ਸ਼ਕਤੀਆਂ ਨੇ ਨਾ ਸਿਰਫ਼ ਹਮਲੇ ਦੀ ਨਿੰਦਾ ਕੀਤੀ ਬਲਕਿ ਭਾਰਤ ਨਾਲ ਹਮਦਰਦੀ ਜ਼ਾਹਰ ਕਰਦੇ ਹੋਏ ਹਰ ਸੰਭਵ ਸਮਰਥਨ ਦਾ ਭਰੋਸਾ ਵੀ ਦਿੱਤਾ।
ਫਿਰ ਵੀ ਸਿਰਫ਼ ਇੰਨਾ ਹੀ ਕਾਫ਼ੀ ਨਹੀਂ ਹੈ। ਸਾਡੇ ਯਤਨ ਅਜਿਹੇ ਹੋਣ ਕਿ ਪਾਕਿਸਤਾਨ ਨੂੰ ਨਾ ਸਿਰਫ਼ ਕੂਟਨੀਤਕ ਪੱਧਰ ’ਤੇ ਇਕੱਲਾ ਕੀਤਾ ਜਾਵੇ ਬਲਕਿ ਉਸ ਨੂੰ ਆਰਥਿਕ ਤੌਰ ’ਤੇ ਵੀ ਸੱਟ ਮਾਰੀ ਜਾਵੇ। ਕੀ ਅਸੀਂ ਆਪਣੇ ਅਰਥਚਾਰੇ ਅਤੇ ਬਾਜ਼ਾਰ ਦੇ ਆਕਾਰ ਦਾ ਲਾਭ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਉਣ ਲਈ ਚੁੱਕ ਸਕਦੇ ਹਾਂ? ਇਹ ਕਿਸੇ ਤੋਂ ਲੁਕਿਆ ਨਹੀਂ ਕਿ ਪਾਕਿਸਤਾਨ ਦੇ ਪਿੱਛੇ ਕਿਹੜੇ ਦੇਸ਼ ਹਨ। ਕਿਨ੍ਹਾਂ ਦੀ ਮਿਹਰਬਾਨੀ ਨਾਲ ਉਸ ਨੂੰ ਵਿੱਤੀ ਖ਼ੈਰਾਤ ਮਿਲਦੀ ਰਹੀ ਹੈ ਅਤੇ ਕੌਣ ਉਸ ਨੂੰ ਫ਼ੌਜੀ ਸਾਜ਼ੋ-ਸਾਮਾਨ ਉਪਲਬਧ ਕਰਵਾਉਂਦੇ ਹਨ? ਪਹਿਲਾ ਨਾਂ ਅਮਰੀਕਾ ਦਾ ਆਉਂਦਾ ਹੈ। ਇਸ ਸਮੇਂ ਸੌਦੇਬਾਜ਼ੀ ਵਿਚ ਲੱਗੇ ਅਮਰੀਕੀ ਰਾਸ਼ਟਰਪਤੀ ਦੇ ਨਾਲ ਸਾਨੂੰ ਵਪਾਰ ਨਾਲ ਜੁੜੇ ਕਰਾਰ ਵਿਚ ਭਾਵੇਂ ਹੀ ਕੁਝ ਸਮਝੌਤੇ ਕਰਨੇ ਪੈਣ ਅਤੇ ਉਨ੍ਹਾਂ ਤੋਂ ਖ਼ਰੀਦਦਾਰੀ ਵਧਾਉਣੀ ਪਵੇ।
ਸਾਡਾ ਮਕਸਦ ਇਹੀ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਸਭ ਦੇ ਇਵਜ਼ ਵਿਚ ਅਮਰੀਕਾ ਪਾਕਿਸਤਾਨ ਨੂੰ ਵਿੱਤੀ ਮਦਦ ਰੋਕਣ ਦੇ ਨਾਲ ਹੀ ਉਸ ਨੂੰ ਫ਼ੌਜੀ ਸਹਿਯੋਗ ਬੰਦ ਕਰੇ। ਸਿੱਧੀ ਜਿਹੀ ਗੱਲ ਹੈ ਕਿ ਅਸੀਂ ਤੁਹਾਡੇ ਬੋਇੰਗ ਜਹਾਜ਼ ਉਦੋਂ ਹੀ ਖ਼ਰੀਦਾਂਗੇ ਜਦ ਤੁਸੀਂ ਸਾਡੇ ਦੁਸ਼ਮਣ ਨੂੰ ਆਪਣੇ ਐੱਫ-16 ਵੇਚਣੇ ਬੰਦ ਕਰੋਗੇ।
ਚੀਨ ਵੀ ਪਾਕਿਸਤਾਨ ਦਾ ਇਕ ਸਦਾਬਹਾਰ ਮਦਦਗਾਰ ਰਿਹਾ ਹੈ। ਭਾਰਤ ਨਾਲ ਉਸ ਦਾ 100 ਅਰਬ ਡਾਲਰ ਤੋਂ ਜ਼ਿਆਦਾ ਦਾ ਵਪਾਰ ਚੱਲ ਰਿਹਾ ਹੈ। ਅਮਰੀਕਾ ਨਾਲ ਟੈਰਿਫ ਵਾਰ ਕਾਰਨ ਆਪਣੇ ਉਤਪਾਦ ਖਪਾਉਣ ਲਈ ਉਸ ਨੂੰ ਨਵੇਂ ਬਾਜ਼ਾਰ ਦੀ ਦਰਕਾਰ ਹੋਵੇਗੀ। ਅਜਿਹੇ ਵਿਚ ਭਾਰਤ ਚੀਨ ਨਾਲ ਵਪਾਰ ਵਧਾ ਸਕਦਾ ਹੈ ਪਰ ਸ਼ਰਤ ਇਹੀ ਹੋਣੀ ਚਾਹੀਦੀ ਹੈ ਕਿ ਉਹ ਪਾਕਿਸਤਾਨ ਤੋਂ ਦੂਰੀ ਬਣਾਵੇ। ਖਾੜੀ ਦੇ ਦੇਸ਼ ਕਿਉਂਕਿ ਭਾਰਤ ਨਾਲ ਵਪਾਰਕ ਰਿਸ਼ਤਿਆਂ ਨੂੰ ਵਿਸਥਾਰ ਦੇਣ ਦੇ ਪੱਖ ਵਿਚ ਹਨ, ਇਸ ਲਈ ਲੱਗਦਾ ਨਹੀਂ ਕਿ ਉਨ੍ਹਾਂ ਨੂੰ ਸਾਡੇ ਬਰਬਾਦ ਅਤੇ ਨਾਕਾਮ ਗੁਆਂਢੀ ਵਿਚ ਕੋਈ ਦਿਲਚਸਪੀ ਹੋਵੇਗੀ। ਸੰਭਵ ਹੈ ਕਿ ਅਜਿਹੇ ਯਤਨਾਂ ਦੀ ਕੁਝ ਆਰਥਿਕ ਕੀਮਤ ਵੀ ਸਾਨੂੰ ਤਾਰਨੀ ਪਵੇ ਪਰ ਉਹ ਸਾਡੀ ਸਮਰੱਥਾ ਦੇ ਦਾਇਰੇ ਤੋਂ ਬਾਹਰ ਨਹੀਂ ਹੋਵੇਗੀ। ਜਦ ਅਸੀਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਬਣਨ ਦੇ ਰਾਹ ’ਤੇ ਹਾਂ ਤਾਂ ਇਹ ਬੋਝ ਸਹਿ ਸਕਦੇ ਹਾਂ। ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਮਾਣ-ਮਰਿਆਦਾ ਤੇ ਸੁਰੱਖਿਆ ਦੀ ਕੋਈ ਕੀਮਤ ਨਹੀਂ ਹੁੰਦੀ।
ਇਸ ਜੰਗ ਵਿਚ ਨਾ ਅਸੀਂ ਝਿਜਕ ਦਿਖਾ ਸਕਦੇ ਹਾਂ ਅਤੇ ਨਾ ਹੀ ਨਰਮੀ। ਇਨ੍ਹਾਂ ਤਾਲਮੇਲ ਵਾਲੇ ਯਤਨਾਂ ਦਾ ਸੁਭਾਵਕ ਨਤੀਜਾ ਪਾਕਿਸਤਾਨ ਦੀ ਵੰਡ ਹੀ ਦਿਸਦੀ ਹੈ। ਅੰਦਰੂਨੀ ਪਾਟੋਧਾੜਾਂ ਅਤੇ ਨਸਲੀ ਸੰਘਰਸ਼ਾਂ ਨਾਲ ਜੂਝ ਰਿਹਾ ਅਸਥਿਰ ਦੇਸ਼ ਲੰਬੇ ਸਮੇਂ ਤੱਕ ਇਕਜੁੱਟ ਨਹੀਂ ਰਹਿ ਸਕਦਾ। ਪਾਕਿਸਤਾਨ ਦੀ ਹੋਂਦ ਹਮੇਸ਼ਾ ਸਵਾਲਾਂ ਦੇ ਘੇਰੇ ਵਿਚ ਰਹੀ ਹੈ। ਉਹ ਬਲੋਚਿਸਤਾਨ, ਸਿੰਧ, ਨਾਰਥ ਵੈਸਟ ਫਰੰਟੀਅਰ ਅਤੇ ਕੁਝ ਖ਼ੁਦਮੁਖਤਾਰ ਇਲਾਕਿਆਂ ਵਿਚ ਵੰਡਿਆ ਜਾ ਸਕਦਾ ਹੈ ਜਿਨ੍ਹਾਂ ’ਚੋਂ ਕਈ ਭਾਰਤ ਨਾਲ ਦਿਲੀ ਰਿਸ਼ਤੇ ਚਾਹੁੰਦੇ ਹਨ।
ਅਜਿਹੀ ਸਥਿਤੀ ਵਿਚ ਸਵਾਰਥੀ ਪਾਕਿਸਤਾਨੀ ਸੈਨਾ ਅਤੇ ਘਿਨੌਣੇ ਡੀਪ ਸਟੇਟ ਦਾ ਦਾਇਰਾ ਇਸਲਾਮਾਬਾਦ, ਰਾਵਲਪਿੰਡੀ ਅਤੇ ਲਾਹੌਰ ਤੱਕ ਸਿਮਟ ਸਕਦਾ ਹੈ ਜੋ ਉਨ੍ਹਾਂ ਲਈ ਵੱਡਾ ਧੱਕਾ ਹੋਵੇਗਾ। ਅਜਿਹੇ ਵਿਚ ਉਹ ਆਪਣੀਆਂ ਨਾਪਾਕ ਹਰਕਤਾਂ ਪੂਰੀ ਤਰ੍ਹਾਂ ਖੁੱਲ੍ਹ ਕੇ ਨਹੀਂ ਕਰ ਸਕਣਗੇ ਜਿਵੇਂ ਇਸ ਵੇਲੇ ਕਰ ਰਹੇ ਹਨ।
ਉਨ੍ਹਾਂ ਨੂੰ ਨੱਥ ਪੈਣ ਦਾ ਸਭ ਤੋਂ ਵੱਧ ਫ਼ਾਇਦਾ ਭਾਰਤ ਨੂੰ ਹੀ ਹੋਵੇਗਾ। ਇਸ ਲਈ ਭਾਰਤ ਕੋਲ ਹੁਣ ਇਕ ਚੰਗਾ ਮੌਕਾ ਹੈ ਕਿ ਉਹ ਪਾਕਿਸਤਾਨ ਨੂੰ ਹਰ ਮੁਹਾਜ਼ ’ਤੇ ਚਿੱਤ ਕਰੇ ਕਿਉਂਕਿ ਪਹਿਲਗਾਮ ਹਮਲੇ ਤੋਂ ਬਾਅਦ ਦੁਨੀਆ ਦਾ ਉਸ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਇਕ ਵਿਕਸਤ ਭਾਰਤ ਅਤੇ ਖੰਡਿਤ ਪਾਕਿਸਤਾਨ ਸਾਡੀਆਂ ਵੱਡੀਆਂ ਉਮੀਦਾਂ ਵਿਚ ਸ਼ੁਮਾਰ ਹਨ। ਭਾਵੇਂ ਹੀ ਕਿਸੇ ਦੇਸ਼ ਦੀ ਵੰਡ ਬਾਰੇ ਸੋਚਣਾ ਕੁਝ ਨਾਂਹ-ਪੱਖੀ ਭਾਵ ਹੋਵੇ ਪਰ ਇਹ ਉਨ੍ਹਾਂ ਮਨੁੱਖੀ ਭਾਵਾਂ ਦਾ ਪ੍ਰਗਟਾਵਾ ਹੀ ਹੈ ਜੋ ਹਕੀਕੀ ਇਨਸਾਫ਼ ਨੂੰ ਲੈ ਕੇ ਸੰਤੁਸ਼ਟੀ ਦਾ ਅਹਿਸਾਸ ਕਰਵਾਉਂਦਾ ਹੈ। ਇਹ ਸਾਰੇ ਪੀੜਤਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਨਾਗਰਿਕ ਸਮਾਜ ਨੂੰ ਸਮਰਪਿਤ ਹੈ। ਜੈ ਹਿੰਦ।
ਆਭਾਰ : https://www.punjabijagran.com/editorial/general-the-mastermind-of-terrorism-should-be-given-permanent-treatment-9487496.html
test