ਤੀਰਥ ਸਿੰਘ ਢਿੱਲੋਂ
ਦੇਸ਼ ਦੀ ਵੰਡ ਤੋਂ ਬਾਅਦ ਇਹ ਸਵਾਲ ਪੈਦਾ ਹੋਇਆ ਕਿ ਚੜ੍ਹਦੇ ਪੰਜਾਬ ਦਾ ਰੇਡੀਓ ਸਟੇਸ਼ਨ ਕਿਸ ਜਗ੍ਹਾ ’ਤੇ ਸਥਾਪਿਤ ਕੀਤਾ ਜਾਵੇ। ਪਹਿਲਾਂ ਅੰਮ੍ਰਿਤਸਰ ’ਚ ਤਜਰਬੇ ਦੇ ਤੌਰ ’ਤੇ ਇਹ ਕਾਰਜ ਕੀਤਾ ਗਿਆ ਪਰ ਮਗਰੋਂ ਬਹੁਤ ਸੋਚ-ਵਿਚਾਰ ਤੋਂ ਬਾਅਦ ਜਲੰਧਰ ਵਿਚ 16 ਮਈ 1948 ਨੂੰ ਆਲ ਇੰਡੀਆ ਰੇਡੀਓ ਸਥਾਪਿਤ ਕਰ ਦਿੱਤਾ ਗਿਆ।
ਆਕਾਸ਼ਵਾਣੀ ਦਾ ਨਾਂ ਕਿਸੇ ਤੋਂ ਗੁੱਝਾ ਨਹੀਂ। ਪਹਿਲਾਂ ਇਸ ਨੂੰ ਆਲ ਇੰਡੀਆ ਰੇਡੀਓ ਕਿਹਾ ਜਾਂਦਾ ਸੀ। ਅੰਗਰੇਜ਼ਾਂ ਦੀ ਭਾਰਤ ਵਿਚ ਹਕੂਮਤ ਦੌਰਾਨ ਉਨ੍ਹਾਂ ਨੇ ਭਾਰਤੀ ਬਰਾਡ ਕਾਸਟਿੰਗ ਕੰਪਨੀ ਬਣਾਈ ਤੇ 1927 ’ਚ ਮੁੰਬਈ ਵਿਖੇ ਪਹਿਲਾ ਰੇਡੀਓ ਸਟੇਸ਼ਨ ਸਥਾਪਿਤ ਕੀਤਾ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਵੱਖਰਾ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਬਣਾਇਆ, ਜਿਸ ਨੇ ਦੇਸ਼ ਭਰ ਵਿਚ ਆਲ ਇੰਡੀਆ ਰੇਡੀਓ ਦੀਆਂ ਸ਼ਾਖਾਵਾਂ ਖੋਲ੍ਹਣ ਦਾ ਕੰਮ ਆਰੰਭਿਆ। ਦੇਸ਼ ਦੀ ਵੰਡ ਤੋਂ ਪਹਿਲਾਂ ਅਣਵੰਡੇ ਪੰਜਾਬ ਦਾ ਸ਼ਕਤੀਸ਼ਾਲੀ ਰੇਡੀਓ ਸਟੇਸ਼ਨ ਪੰਜਾਬ ਦੀ ਰਾਜਧਾਨੀ ਲਾਹੌਰ ਵਿਚ ਸੀ। ਰੇਡੀਓ ਪ੍ਰਸਾਰਨ ਦੇ ਖੇਤਰ ’ਚ ਲਾਹੌਰ ਰੇਡੀਓ ਸਟੇਸ਼ਨ ਦਾ ਨਾਂ ਬੜਾ ਵੱਕਾਰੀ ਅਤੇ ਮਾਣਮੱਤਾ ਸੀ। ਸਾਰੇ ਵੱਡੇ ਫਨਕਾਰ ਉੱਥੋਂ ਹੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਸਨ। ਰਬਾਬੀ ਭਾਈ ਬੁੱਧ ਸਿੰਘ ਤਾਨ ਉਸ ਸਮੇਂ ਲਾਹੌਰ ਰੇਡੀਓ ਦੇ ਸੰਗੀਤ ਵਿਭਾਗ ਵਿਚ ਨੰਬਰ ਦੋ ਦੀ ਪੁਜ਼ੀਸ਼ਨ ’ਤੇ ਸਨ। ਕਦੇ-ਕਦੇ ਭਾਈ ਸੁਮੰਦ ਸਿੰਘ ਰਾਗੀ ਵੀ ਉੱਥੋਂ ਸ਼ਬਦ ਕੀਰਤਨ ਗਾਇਨ ਕਰਦੇ ਸਨ, ਜਿਸ ਨੂੰ ਮੁਸਲਮਾਨ ਸਰੋਤੇ ਵੀ ਬਹੁਤ ਪਸੰਦ ਕਰਦੇ ਸਨ।
ਦੇਸ਼ ਦੀ ਵੰਡ ਤੋਂ ਬਾਅਦ ਇਹ ਸਵਾਲ ਪੈਦਾ ਹੋਇਆ ਕਿ ਚੜ੍ਹਦੇ ਪੰਜਾਬ ਦਾ ਰੇਡੀਓ ਸਟੇਸ਼ਨ ਕਿਸ ਜਗ੍ਹਾ ’ਤੇ ਸਥਾਪਿਤ ਕੀਤਾ ਜਾਵੇ। ਪਹਿਲਾਂ ਅੰਮ੍ਰਿਤਸਰ ’ਚ ਤਜਰਬੇ ਦੇ ਤੌਰ ’ਤੇ ਇਹ ਕਾਰਜ ਕੀਤਾ ਗਿਆ ਪਰ ਮਗਰੋਂ ਬਹੁਤ ਸੋਚ-ਵਿਚਾਰ ਤੋਂ ਬਾਅਦ ਜਲੰਧਰ ਵਿਚ 16 ਮਈ 1948 ਨੂੰ ਆਲ ਇੰਡੀਆ ਰੇਡੀਓ ਸਥਾਪਿਤ ਕਰ ਦਿੱਤਾ ਗਿਆ। ਪੰਜਾਬੀ ਦੇ ਵਿਸ਼ਵ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨੂੰ ਇਸ ਦਾ ਪਲੇਠਾ ਸਟੇਸ਼ਨ ਡਾਇਰੈਕਟਰ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਤੋਂ ਬਾਅਦ ਸਰਕਾਰ ਤਰਲੋਕ ਸਿੰਘ ਅਨੰਦ ਡਾਇਰੈਕਟਰ ਬਣੇ। ਭਾਵੇਂ ਅੱਜ ਟੈਲੀਵੀਜ਼ਨ ਦਾ ਯੁੱਗ ਹੈ ਤੇ ਟੀਵੀ ਚੈਨਲਾਂ ਦੀ ਭਰਮਾਰ ਹੈ, ਨਵੇਂ-ਨਵੇਂ ਚੈਨਲ ਖੁੱਲ੍ਹ ਰਹੇ ਹਨ ਤੇ ਸੋਸ਼ਲ ਮੀਡੀਆ ਵੀ ਸਰਗਰਮ ਹੈ ਪਰ ਰੇਡੀਓ ਦੀ ਜਿੰਨੀ ਸਾਰਥਿਕਤਾ ਇਸ ਦੇ ਮੁੱਢਲੇ ਵਰ੍ਹਿਆਂ ਦੌਰਾਨ ਸੀ, ਓਨੀ ਹੀ ਹੁਣ ਵੀ ਹੈ। ਵੱਖ-ਵੱਖ ਵਿਸ਼ਿਆਂ ’ਤੇ ਜਿੰਨੇ ਪ੍ਰੋਗਰਾਮ ਰੇਡੀਓ ਪ੍ਰਸਾਰਿਤ ਕਰਦਾ ਹੈ, ਸ਼ਾਇਦ ਹੀ ਕੋਈ ਹੋਰ ਮਾਧਿਅਮ ਕਰਦਾ ਹੋਵੇ।
ਹੁਣ ਗੱਲ ਕਰਦੇ ਹਾਂ ਅਕਾਸ਼ਵਾਣੀ ਜਲੰਧਰ ਦੀ। ਅੱਜ ਏਆਈਆਰ ਪੰਜਾਬੀ ਦੇ ਪ੍ਰੋਗਰਾਮ 24 ਘੰਟੇ ਲਗਾਤਾਰ ਐਪ ’ਤੇ ਜਾਰੀ ਰਹਿੰਦੇ ਹਨ। ਇਸ ਤੋਂ ਇਲਾਵਾ ਵਿਸ਼ੇਸ਼ ਪ੍ਰੋਗਰਾਮ ਆਕਾਸ਼ਵਾਣੀ ਦੇ ਬਠਿੰਡਾ, ਲੁਧਿਆਣਾ ਅਤੇ ਪਟਿਆਲਾ ਕੇਂਦਰਾਂ ਤੋਂ ਵੀ ਪ੍ਰਸਾਰਿਤ ਕੀਤੇ ਜਾਂਦੇ ਹਨ। ਇਸ ਵੇਲੇ ਭਾਵੇਂ ਜਲੰਧਰ ਰੇਡੀਓ ਸਟੇਸ਼ਨ ਵਿਚ ਦੂਰਦਰਸ਼ਨ ਜਲੰਧਰ ਵਾਂਗ ਸਟਾਫ ਦੀ ਬੇਹੱਦ ਘਾਟ ਹੈ ਪਰ ਬਹੁਤ ਥੋੜ੍ਹੇ ਸਟਾਫ ਨਾਲ ਵੀ ਮੌਜੂਦਾ ਸਟੇਸ਼ਨ ਮੁਖੀ ਸੰਤੋਸ਼ ਰਿਸ਼ੀ ਦੀ ਸੁਚੱਜੀ ਅਗਵਾਈ ਹੇਠ ਅਕਾਸ਼ਵਾਣੀ ਕੇਂਦਰ ਜਲੰਧਰ ਨੇ ਬਹੁਤ ਕੁਝ ਨਿਵੇਕਲਾ ਤੇ ਮਿਆਰੀ ਕੀਤਾ ਹੈ।
ਸਵੇਰੇ ਸਾਢੇ ਚਾਰ ਵਜੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਸਾ ਦੀ ਵਾਰ ਦਾ ਸਿੱਧਾ ਪ੍ਰਸਾਰਨ, ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ, ਫਿਲਮ ਸੰਗੀਤ, ਫ਼ੌਜੀਆਂ ਲਈ ਪ੍ਰੋਗਰਾਮ, ਇਸਤਰੀਆਂ ਲਈ ਪ੍ਰੋਗਰਾਮ ਵੱਸਦੇ ਵਿਹੜੇ, ਪੰਜਾਬੀ ਸਾਹਿਤਕ ਪ੍ਰੋਗਰਾਮ ਸਿਰਜਣਾ, ਹਿੰਦੀ ਸਾਹਿਤਕ ਪ੍ਰੋਗਰਾਮ ਪਰਿਮਲ ਤੇ ਉਰਦੂ ਅਦਬੀ ਪ੍ਰੋਗਰਾਮ ਹਮਕਲਮ, ਤ੍ਰੈਭਾਸ਼ੀ ਕਵੀ ਦਰਬਾਰ, ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਵਿਚ ਵੱਖ-ਵੱਖ ਵਿਸ਼ਿਆਂ ਉੱਤੇ ਵਾਰਤਾਵਾਂ, ਸਾਹਿਤਕਾਰਾਂ ਤੇ ਕਲਾਕਾਰਾਂ ਨਾਲ ਮੁਲਾਕਾਤਾਂ, ਢਾਡੀ ਵਾਰਾਂ, ਕਵੀਸ਼ਰੀ ਤੇ ਲੋਕ ਸੰਗੀਤ, ਖੇਤੀ ਪ੍ਰੋਗਰਾਮ, ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ, ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ, ਸਿਹਤ ਬਾਰੇ ਪ੍ਰੋਗਰਾਮ, ਨਾਟਕ, ਚਲੰਤ ਮਾਮਲਿਆਂ ਬਾਰੇ ਚਰਚਾ, ਲੋਕ ਸੰਗੀਤ ਦਾ ਪ੍ਰੋਗਰਾਮ ਰੰਗਲੀ ਧਰਤੀ, ਬੱਚਿਆਂ ਲਈ ਪ੍ਰੋਗਰਾਮ ਬਾਲ ਜਗਤ, ਖਖ਼ਬਰਾਂ ਦੇ ਬੁਲਿਟਨ ਤੇ ਵੱਖ-ਵੱਖ ਸਮਾਗਮਾਂ ਦੇ ਸਿੱਧੇ ਪ੍ਰਸਾਰਨ ਆਦਿ। ਕਿਸੇ ਵੀ ਕੁਦਰਤੀ ਔਕੜ ਸਮੇਂ ਰੇਡੀਓ ਲੋਕਾਂ ਨਾਲ ਸਭ ਤੋਂ ਪਹਿਲਾਂ ਜੁੜਦਾ ਹੈ।
ਮਿਸਾਲ ਵਜੋਂ ਇਕ ਵਾਰ ਪੰਜਾਬ ’ਚ ਪਏ ਭਾਰੀ ਮੀਂਹਾਂ ਕਾਰਨ ਮਾਲਵਾ ਖੇਤਰ ਦੇ ਕੁਝ ਪਿੰਡ ਹੜ੍ਹ ਦੇ ਪਾਣੀ ਨਾਲ ਭਰ ਗਏ ਤੇ ਲੋਕਾਂ ਦਾ ਜੀਵਨ ਖ਼ਤਰੇ ਵਿਚ ਪੈ ਗਿਆ। ਏਅਰ ਫੋਰਸ ਨੇ ਵੀ ਲੋਕਾਂ ਨੂੰ ਕੱਢਣ ਤੋਂ ਹੱਥ ਖੜ੍ਹੇ ਕਰ ਦਿੱਤੇ। ਉਸ ਵੇਲੇ ਆਲ ਇੰਡੀਆ ਰੇਡੀਓ ਜਲੰਧਰ ਨੇ ਵਿਸ਼ੇਸ਼ ਸਭਾ ਪ੍ਰਸਾਰਿਤ ਕਰ ਕੇ ਲੋਕਾਂ ਨੂੰ ਇਸ ਖ਼ਤਰੇ ਤੋਂ ਸਾਵਧਾਨ ਕੀਤਾ। ਇਕ ਕਿਸਾਨ ਜਿਸ ਕੋਲ ਰੇਡੀਓ ਸੀ ਤੇ ਉਹ ਖੇਤਾਂ ਵਿਚ ਹਲ ਵਾਹ ਰਿਹਾ ਸੀ, ਨੇ ਜਿਉਂ ਹੀ ਇਹ ਸੁਣਿਆ ਤਾਂ ਤੁਰੰਤ ਪਿੰਡ ਦੇ ਗੁਰਦੁਆਰੇ ਪਹੁੰਚ ਕੇ ਉੱਚੀ ਆਵਾਜ਼ ਵਿਚ ਘੋਸ਼ਣਾ ਕਰਵਾਈ। ਇਹ ਆਵਾਜ਼ ਲਾਗਲੇ ਪਿੰਡਾਂ ਤਕ ਵੀ ਗਈ। ਜਦੋਂ ਤਕ ਏਅਰ ਫੋਰਸ ਦੇ ਹਵਾਈ ਜਹਾਜ਼ ਪਹੁੰਚੇ ਤਾਂ ਉਨ੍ਹਾਂ ਸਾਰੇ ਪਿੰਡਾਂ ਦੇ ਲੋਕ ਰੇਡੀਓ ਦੀ ਬਦੌਲਤ ਸੁਰੱਖਿਅਤ ਥਾਵਾਂ ’ਤੇ ਪਹੁੰਚ ਚੁੱਕੇ ਸਨ। ਮੌਜੂਦਾ ਸਟੇਸ਼ਨ ਡਾਇਰੈਕਟਰ ਵਜੋਂ ਪਰਮਜੀਤ ਸਿੰਘ ਵਧੀਆ ਕਾਰਜ ਕਰ ਰਹੇ ਹਨ। ਸਾਬਕਾ ਮੁਖੀ ਸੰਤੋਸ਼ ਰਿਸ਼ੀ ਸੰਗੀਤਕ ਘਰਾਣੇ ਨਾਲ ਜੁੜੇ ਹੋਏ ਹਨ, ਇਸ ਲਈ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਪਿੰਡ-ਪਿੰਡ ਪਹੁੰਚ ਕੇ ਉਨ੍ਹਾਂ ਕਲਾਕਾਰਾਂ ਨੂੰ ਲੱਭਿਆ, ਜਿਨ੍ਹਾਂ ਕੋਲ ਗੁਣ ਤਾਂ ਸੀ ਪਰ ਪਹੁੰਚ ਨਹੀਂ ਸੀ। ਉਨ੍ਹਾਂ ਨੇ ਯੋਗ ਕਲਾਕਾਰਾਂ ਨੂੰ ਪਾਸ ਕੀਤਾ ਤੇ ਰੇਡੀਓ ਤੋਂ ਗਾਉਣ ਦਾ ਮੌਕਾ ਦਿੱਤਾ। ਅਕਾਸ਼ਵਾਣੀ ਜਲੰਧਰ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸੁਹਿਰਦਤਾ ਤੇ ਦ੍ਰਿੜਤਾ ਨਾਲ ਨਿਭਾ ਰਿਹਾ ਹੈ।
ਪੰਜਾਬੀ ਜਾਗਰਣ