ਰਾਜ ਸਭਾ ਚੇਅਰਮੈਨ ਵੱਲੋਂ ‘ਆਪ’ ਆਗੂਆਂ ਦੇ ਭਾਜਪਾ ’ਚ ਰਲੇਵੇਂ ਨੂੰ ਮਾਨਤਾ; ਰਾਘਵ ਚੱਢਾ ਅਤੇ ਹੋਰ ਆਗੂਆਂ ਦੀ ਅਰਜ਼ੀ ਪ੍ਰਵਾਨ ਕੀਤੀ; ‘ਆਪ’ ਦੇ ਰਾਜ ਸਭਾ ’ਚ ਹੁਣ 3 ਅਤੇ ਭਾਜਪਾ ਦੇ 113 ਮੈਂਬਰ; ਟੁਕਡ਼ੇ-ਟੁਕਡ਼ੇ ਇੰਡੀ ਗੱਠਜੋਡ਼ ਨੂੰ ਅਲਵਿਦਾ ਆਖਣ ਦਾ ਸਵਾਗਤ: ਰਿਜਿਜੂ
28 ਅਪ੍ਰੈਲ, 2026 – ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਨੂੰ ਅੱਜ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ ਜਦੋਂ ਰਾਜ ਸਭਾ ਦੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਨੇ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਰਲੇਵੇਂ ਨੂੰ ਅਧਿਕਾਰਤ ਤੌਰ ’ਤੇ ਪ੍ਰਵਾਨਗੀ ਦੇ ਦਿੱਤੀ। ਇਸ ਨਾਲ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਪਾਰਟੀ ਦੀ ਸੰਸਦ ਦੇ ਉਪਰਲੇ ਸਦਨ ’ਚ ਗਿਣਤੀ ਘਟ ਕੇ ਤਿੰਨ ਰਹਿ ਗਈ ਹੈ। ਇਸ ਤਬਦੀਲੀ ਨਾਲ ਭਾਜਪਾ ਦੇ ਰਾਜ ਸਭਾ ਮੈਂਬਰਾਂ ਦੀ ਗਿਣਤੀ ਵਧ ਕੇ 113 ਹੋ ਗਈ ਹੈ।
ਭਾਜਪਾ ’ਚ ਸ਼ਾਮਲ ਹੋਏ ਸੰਸਦ ਮੈਂਬਰਾਂ ’ਚ ਰਾਘਵ ਚੱਢਾ, ਅਸ਼ੋਕ ਮਿੱਤਲ, ਹਰਭਜਨ ਸਿੰਘ, ਸੰਦੀਪ ਪਾਠਕ, ਵਿਕਰਮਜੀਤ ਸਿੰਘ ਸਾਹਨੀ, ਸਵਾਤੀ ਮਾਲੀਵਾਲ ਅਤੇ ਰਾਜਿੰਦਰ ਗੁਪਤਾ ਸ਼ਾਮਲ ਹਨ। ਰਾਜ ਸਭਾ ਦੀ ਵੈੱਬਸਾਈਟ ’ਤੇ ਹੁਣ ਇਹ ਸੱਤ ਆਗੂ ਭਾਜਪਾ ਦੇ ਮੈਂਬਰਾਂ ਦੀ ਸੂਚੀ ਦਾ ਹਿੱਸਾ ਹਨ। ਪੰਜਾਬ ’ਚੋਂ ਰਾਜ ਸਭਾ ਲਈ ਨਾਮਜ਼ਦ ਸੱਤ ਸੰਸਦ ਮੈਂਬਰਾਂ ’ਚੋਂ ਹੁਣ ਛੇ ਭਾਜਪਾ ਅਤੇ ਇਕ ਹਾਲੇ ਵੀ ‘ਆਪ’ ਨਾਲ ਹੈ। ਇਸੇ ਤਰ੍ਹਾਂ ਦਿੱਲੀ ਦੇ ਕੁੱਲ ਤਿੰਨ ਸੰਸਦ ਮੈਂਬਰਾਂ ’ਚੋਂ ਇਕ ਭਾਜਪਾ ਅਤੇ ਦੋ ‘ਆਪ’ ਨਾਲ ਹਨ। ਸੰਜੈ ਸਿੰਘ ਅਤੇ ਐੱਨ ਡੀ ਗੁਪਤਾ (ਦੋਵੇਂ ਆਪ ਨਾਲ) ਅਤੇ ਸਵਾਮੀ ਮਾਲੀਵਾਲ (ਭਾਜਪਾ) ਰਾਜ ਸਭਾ ’ਚ ਦਿੱਲੀ ਦੀ ਨੁਮਾਇੰਦਗੀ ਕਰਦੇ ਹਨ। ਸੂਤਰਾਂ ਨੇ ਕਿਹਾ ਕਿ ਸੱਤ ਸੰਸਦ ਮੈਂਬਰਾਂ ਨੇ ਰਾਜ ਸਭਾ ਦੇ ਚੇਅਰਮੈਨ ਨੂੰ ਸ਼ੁੱਕਰਵਾਰ ਨੂੰ ਅਰਜ਼ੀ ਦਿੱਤੀ ਸੀ ਕਿ ਰਲੇਵੇਂ ਮਗਰੋਂ ਉਨ੍ਹਾਂ ਨੂੰ ਭਾਜਪਾ ਦੇ ਸੰਸਦ ਮੈਂਬਰ ਹੀ ਮੰਨਿਆ ਜਾਵੇ। ਇਸ ਅਰਜ਼ੀ ਨੂੰ ਸਵੀਕਾਰ ਕਰ ਲਿਆ ਗਿਆ ਹੈ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਸੱਤ ਸੰਸਦ ਮੈਂਬਰਾਂ ਦਾ ਐੱਨ ਡੀ ਏ ’ਚ ਸ਼ਾਮਲ ਹੋਣ ’ਤੇ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ‘ਟੁਕੜੇ-ਟੁਕੜੇ ਇੰਡੀ ਗੱਠਜੋੜ’ ਨੂੰ ਅਲਵਿਦਾ ਆਖ ਦਿੱਤਾ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ, ‘‘ਰਾਜ ਸਭਾ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਨੇ ਸੱਤ ਸੰਸਦ ਮੈਂਬਰਾਂ ਦੇ ਭਾਜਪਾ ’ਚ ਸ਼ਾਮਲ ਹੋਣ ਨੂੰ ਸਵੀਕਾਰ ਕਰ ਲਿਆ ਹੈ। ਹੁਣ ਰਾਘਵ ਚੱਢਾ, ਸੰਦੀਪ ਪਾਠਕ, ਅਸ਼ੋਕ ਮਿੱਤਲ, ਹਰਭਜਨ ਸਿੰਘ, ਸਵਾਤੀ ਮਾਲੀਵਾਲ, ਰਾਜਿੰਦਰ ਗੁਪਤਾ ਅਤੇ ਵਿਕਰਮਜੀਤ ਸਿੰਘ ਸਾਹਨੀ ਭਾਜਪਾ ਸੰਸਦੀ ਦਲ ਦੇ ਮੈਂਬਰ ਹਨ।’’ ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਕਦੇ ਵੀ ਮਾੜੀ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ ਅਤੇ ਨਾ ਹੀ ਕਦੇ ਅਨੁਸ਼ਾਸਨਹੀਣਤਾ ਜਾਂ ਗ਼ੈਰ-ਸੰਸਦੀ ਵਿਹਾਰ ਕੀਤਾ ਹੈ।
‘ਆਪ’ ਅਦਾਲਤ ਦਾ ਰੁਖ਼ ਕਰੇਗੀ: ਸੰਜੈ ਸਿੰਘ
ਨਵੀਂ ਦਿੱਲੀ: ‘ਆਪ’ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਪਾਰਟੀ ਦੇ ਸਾਬਕਾ ਸੱਤ ਆਗੂਆਂ ਨੂੰ ਦਲ-ਬਦਲੀ ਵਿਰੋਧੀ ਕਾਨੂੰਨ ਤਹਿਤ ਅਯੋਗ ਨਾ ਠਹਿਰਾਉਣ ਕਾਰਨ ਉਹ ਅਦਾਲਤ ਦਾ ਰੁਖ਼ ਕਰਨਗੇ। ਰਾਜ ਸਭਾ ਚੇਅਰਮੈਨ ਵੱਲੋਂ ਸੱਤ ਆਗੂਆਂ ਦੇ ਭਾਜਪਾ ਨਾਲ ਰਲੇਵੇਂ ਨੂੰ ਸਵੀਕਾਰ ਕੀਤੇ ਜਾਣ ’ਤੇ ਪ੍ਰਤੀਕਰਮ ਦਿੰਦਿਆਂ ਸੰਜੈ ਸਿੰਘ ਨੇ ਕਿਹਾ ਕਿ ਆਗੂਆਂ ਨੂੰ ਸੰਵਿਧਾਨ ਦੀ 10ਵੀਂ ਸੂਚੀ ਤਹਿਤ ਅਯੋਗ ਠਹਿਰਾਏ ਜਾਣ ਦੀ ਮੰਗ ’ਤੇ ਵਿਚਾਰ ਹੀ ਨਹੀਂ ਕੀਤਾ ਗਿਆ।
ਪਾਰਟੀ ਨੂੰ ਆਸ ਸੀ ਕਿ ਜੇ ਕਿਤੇ ਇਕ ਵਾਰ ਉਨ੍ਹਾਂ ਦੀ ਚਿੱਠੀ ’ਤੇ ਵਿਚਾਰ ਕੀਤਾ ਜਾਂਦਾ ਤਾਂ ਚੇਅਰਮੈਨ ਸੰਵਿਧਾਨ ਅਤੇ ਲੋਕਤੰਤਰ ਦੇ ਪੱਖ ’ਚ ਕਾਰਵਾਈ ਕਰਦਿਆਂ ਸੱਤ ਮੈਂਬਰਾਂ ਨੂੰ ਅਯੋਗ ਠਹਿਰਾਅ ਸਕਦੇ ਸਨ। ‘ਆਪ’ ਆਗੂ ਨੇ ਕਿਹਾ ਕਿ ਪਰ ਇੰਝ ਨਹੀ ਹੋਇਆ ਹੈ ਅਤੇ ਪਾਰਟੀ ਅਦਾਲਤ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਇਸ ਤਰ੍ਹਾਂ ਤੋੜਨ ਗਲਤ ਹੈ।
‘ਆਪ’ ਦਾ ਅਸਲ ਚਿਹਰਾ ਬੇਨਕਾਬ: ਮਾਕਨ
ਨਵੀਂ ਦਿੱਲੀ: ‘ਆਪ’ ਦੇ ਸੱਤ ਰਾਜ ਸਭਾ ਮੈਂਬਰ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਕਾਂਗਰਸ ਦੇ ਸੀਨੀਅਰ ਆਗੂ ਅਜੈ ਮਾਕਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਦਾ ਅਸਲ ਚਿਹਰਾ ਬੇਨਕਾਬ ਹੋ ਗਿਆ ਹੈ। ਉਨ੍ਹਾਂ ‘ਆਪ’ ਨੂੰ ਭਾਜਪਾ ਦੀ ‘ਬੀ-ਟੀਮ’ ਅਤੇ ਪੈਸੇ ਦੇ ਦਮ ’ਤੇ ਰਾਜ ਸਭਾ ਸੀਟਾਂ ਵੇਚਣ ਵਾਲੀ ‘ਅਰਬਪਤੀਆਂ ਦੀ ਪਾਰਟੀ’ ਕਰਾਰ ਦਿੱਤਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਨੇ ਪੰਜਾਬ ਅਤੇ ਗੁਜਰਾਤ ਵਰਗੇ ਸੂਬਿਆਂ ਵਿੱਚ ਹਮੇਸ਼ਾ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕੀਤਾ ਹੈ। ‘ਆਪ’ ਨੂੰ ਆਪਣਾ ਨਾਂ ਬਦਲ ਕੇ ‘ਅਰਬਪਤੀ ਆਦਮੀਆਂ ਦੀ ਪਾਰਟੀ’ ਰੱਖ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਪੰਜਾਬ ਦੇ ਵੱਖਵਾਦੀਆਂ ਤੋਂ ਪੈਸਾ ਮਿਲ ਰਿਹਾ ਹੈ। ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ‘ਆਪ’ ਮੈਂਬਰਾਂ ਦੇ ਭਾਜਪਾ ਵਿੱਚ ਜਾਣ ਨੂੰ ‘ਸਰਜੀਕਲ ਸਟ੍ਰਾਈਕ’ ਕਰਾਰ ਦਿੰਦਿਆਂ ਕਿਹਾ ਕਿ ਈ ਡੀ ਦੀਆਂ ਰੇਡਾਂ ਤੋਂ ਬਚਣ ਲਈ ਇਹ ਰਲੇਵਾਂ ਹੋਇਆ ਹੈ।
ਪੰਜਾਬੀ ਟ੍ਰਿਬਯੂਨ