”ਇਸ ਪਿੰਡ ’ਚ ਕੁੰਡੀ ਫੜਨ ਨਹੀਂ ਆਉਣਾ”; ‘ਆਪ’ ਵਿਧਾਇਕ ਦੇ ਲੜਕੇ ਨੇ ਕੀਤੇ SDO ਨੂੰ ਹੁਕਮ
02 ਸਤੰਬਰ, 2026 – ਚੰਡੀਗੜ੍ਹ : ਹਲਕਾ ਭੁੱਚੋ ਤੋਂ ‘ਆਪ’ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਲੜਕੇ ਹਰਸਿਮਰਨ ਸਿੰਘ ਨੇ ਪਾਵਰਕੌਮ ਦੇ SDO ਨੂੰ ਫ਼ੋਨ ’ਤੇ ਜ਼ਬਾਨੀ ਹੁਕਮ ਦਿੱਤੇ ਹਨ ਕਿ ‘ਨਾ ਤਾਂ ਜਾਅਲੀ ਮੋਟਰ ਪੱਟਣੀ ਹੈ ਤੇ ਨਾ ਹੀ ਕੁੰਡੀ ਫੜਨੀ ਹੈ’। ਇਨ੍ਹਾਂ ਗ਼ੈਰ-ਸੰਵਿਧਾਨਕ ਹੁਕਮਾਂ ਤੋਂ ਨਵਾਂ ਵਿਵਾਦ ਛਿੜ ਗਿਆ ਹੈ ਅਤੇ ਵਿਧਾਇਕ ਦੇ ਲੜਕੇ ਦੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵੀ ਵਾਇਰਲ ਹੋਈ ਹੈ। ਵੀਡੀਓ ’ਚ ਮਾਸਟਰ ਜਗਸੀਰ ਸਿੰਘ ਦਾ ਲੜਕਾ ਪਾਵਰਕੌਮ ਦੇ ਗੋਨਿਆਣਾ ਮੰਡੀ ਦੇ SDO ਕੇਵਲ ਸੇਠੀ ਨੂੰ ਫ਼ੋਨ ’ਤੇ ਹਦਾਇਤ ਕਰ ਰਿਹਾ ਹੈ।
ਮਾਮਲਾ ਹਲਕਾ ਭੁੱਚੋ ਦੇ ਪਿੰਡ ਹਰਰਾਏਪੁਰ ਦਾ ਹੈ ਜਿੱਥੋਂ ਬਾਰੇ ਵਿਧਾਇਕ ਦਾ ਲੜਕਾ ਜ਼ਿਕਰ ਕਰ ਰਿਹਾ ਹੈ। ਬਿਨਾਂ ਕਿਸੇ ਸੰਵਿਧਾਨਕ ਅਹੁਦੇ ਤੋਂ ਹਰਸਿਮਰਨ ਸਿੰਘ ਗ਼ੈਰ-ਕਾਨੂੰਨੀ ਕੰਮ ਨੂੰ ਸ਼ਹਿ ਦਿੰਦਾ ਨਜ਼ਰ ਆ ਰਿਹਾ ਹੈ। ਵੀਡੀਓ ’ਚ ਹਰਸਿਮਰਨ ਸਿੰਘ ਫ਼ੋਨ ’ਤੇ SDO ਨੂੰ ਆਖ ਰਿਹਾ ਹੈ, ‘ਮੈਂ ਹਰਰਾਏਪੁਰ ਬੈਠਾ ਹਾਂ, ਇੱਥੇ ਜਿਹੜੀ ਛੱਪੜ ਵਾਲੀ ਮੋਟਰ ਐ, ਉਹਦਾ ਕੁਨੈਕਸ਼ਨ ਚੱਲਦੈ ਜਾਅਲੀ, ਹੁਣ ਪਟਾ ਨਾ ਦੇਵੀਂ ਭਰਾ ਬਣ ਕੇ। ਇਸ ਪਿੰਡ ’ਚ ਕੁੰਡੀ ਵੀ ਫੜਨ ਨਹੀਂ ਆਉਣਾ।’ ਇਨ੍ਹਾਂ ਹੁਕਮਾਂ ਤੋਂ ਵਿਧਾਇਕ ਮੁੜ ਚਰਚਾ ’ਚ ਆ ਗਏ ਹਨ।
SDO ਕੇਵਲ ਸੇਠੀ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਵਿਧਾਇਕ ਦੇ ਲੜਕੇ ਦਾ ਕੁੰਡੀ ਨਾ ਫੜਨ ਬਾਰੇ ਫ਼ੋਨ ਆਇਆ ਸੀ, ਪਰੰਤੂ ਅਗਰ ਕੋਈ ਬਿਜਲੀ ਚੋਰੀ ਦੀ ਸ਼ਿਕਾਇਤ ਆਵੇਗੀ ਤਾਂ ਉਹ ਕੁੰਡੀ ਫੜਨਗੇ। ਉਨ੍ਹਾਂ ਨੇ ਪਿਛਲੇ ਚਾਰ ਮਹੀਨਿਆਂ ਵਿੱਚ 10 ਲੱਖ ਦੀ ਬਿਜਲੀ ਚੋਰੀ ਫੜੀ ਹੈ। ਉਨ੍ਹਾਂ ਬੇਵੱਸੀ ਵੀ ਜ਼ਾਹਿਰ ਕੀਤੀ ਕਿ ਮਹਿਕਮਾ ਕਹਿੰਦਾ ਹੈ ਕਿ ਕੁੰਡੀ ਫੜੋ ਅਤੇ ਇਹ ਕੁੰਡੀ ਨਾ ਫੜਨ ਬਾਰੇ ਆਖ ਰਹੇ ਹਨ, ਉਹ ਵਿਚਾਲੇ ਫਸ ਗਏ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਦਾ ਲੜਕਾ ਛੱਪੜ ’ਤੇ ਪਾਣੀ ਵਾਲੀ ਮੋਟਰ ਬਾਰੇ ਵੀ ਗੱਲ ਕਰ ਰਿਹਾ ਸੀ।
ਵਿਧਾਇਕ ਦੇ ਲੜਕੇ ਹਰਸਿਮਰਨ ਸਿੰਘ ਨੇ ਆਪਣਾ ਪੱਖ ਰੱਖਿਆ ਕਿ ਉਸ ਨੇ ਪਿੰਡ ਵਾਲਿਆਂ ਨੂੰ ਛੱਪੜ ਦਾ ਕੁਨੈਕਸ਼ਨ ਅਧਿਕਾਰਤ ਕਰਾਉਣ ਬਾਰੇ ਕਿਹਾ ਸੀ ਅਤੇ ਫ਼ੋਨ ’ਤੇ ਵੀ SDO ਨੂੰ ਸਿਰਫ਼ ਇਹੋ ਕਿਹਾ ਕਿ ਪਿੰਡ ਵਾਲੇ ਕੁਨੈਕਸ਼ਨ ਨੂੰ ਅਧਿਕਾਰਤ ਕਰਾ ਰਹੇ ਹਨ ਅਤੇ ਕਿਤੇ ਉਸ ਤੋਂ ਪਹਿਲਾਂ ਨਾ ਫੜ ਲੈਣਾ।
ਇਸੇ ਤਰ੍ਹਾਂ ‘ਆਪ’ ਵਿਧਾਇਕ ਮਾਸਟਰ ਜਗਸੀਰ ਸਿੰਘ ਦਾ ਕਹਿਣਾ ਸੀ ਕਿ ਜੇ ਕੋਈ ਕੁੰਡੀ ਲਾਊ ਤਾਂ ਫੜੀ ਹੀ ਜਾਊ। ਉਨ੍ਹਾਂ ਕਿਹਾ ਕਿ ਸਰਕਾਰ ਨੇ ਤਾਂ 600 ਯੂਨਿਟ ਬਿਜਲੀ ਮੁਆਫ਼ ਕੀਤੀ ਹੋਈ ਹੈ। ਉਨ੍ਹਾਂ ਦਾ ਲੜਕਾ ਸਿਆਸਤ ’ਚ ਨਵਾਂ ਹੈ ਤਾਂ ਕਹਿ ਦਿੱਤਾ ਹੋਵੇਗਾ। ਮਾਸਟਰ ਜਗਸੀਰ ਸਿੰਘ ਨੇ ਇਹ ਵੀ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੀ ਤਾਂ ਏਦਾਂ ਸਟੇਜਾਂ ਤੋਂ ਕਹਿ ਹੀ ਦਿੰਦੇ ਸਨ।
ਦੱਸਣਯੋਗ ਹੈ ਕਿ ਪਿਛਲੀਆਂ ਸਰਕਾਰਾਂ ਸਮੇਂ ਸਿਆਸੀ ਆਗੂ ਸਟੇਜਾਂ ਤੋਂ ਐਲਾਨ ਕਰਦੇ ਰਹੇ ਹਨ ਕਿ ਸਰਕਾਰ ਬਣਾਓ, ਫਿਰ ਚਾਹੇ ਜਿੰਨੀਆਂ ਮਰਜ਼ੀ ਕੁੰਡੀਆਂ ਲਾ ਲੈਣਾ। ਪਿਛਲੀ ਕਾਂਗਰਸ ਸਰਕਾਰ ਸਮੇਂ ਇੱਕ ਕਾਂਗਰਸੀ ਵਿਧਾਇਕ ਨੇ ਪਾਵਰਕੌਮ ਦੇ ਅਧਿਕਾਰੀ ਨੂੰ ਕਾਫ਼ੀ ਬੁਰਾ-ਭਲਾ ਬੋਲਿਆ ਸੀ ਕਿਉਂਕਿ ਉਸ ਅਧਿਕਾਰੀ ਨੇ ਬਿਜਲੀ ਚੋਰੀ ਫੜੀ ਸੀ।
ਪੰਜਾਬੀ ਟ੍ਰਿਬਯੂਨ