ਇਕਬਾਲ ਸਿੰਘ ਲਾਲਪੁਰਾ
ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ ।। ਸ਼੍ਰੀ ਗੁਰੂ ਨਾਨਕ ਦੇਵ ਦੇ ਪ੍ਰਗਟ ਹੋਣ ਨਾਲ ਰਾਜਨੀਤੀ ਵਿਚ ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ ਵਾਲੀ ਸਥਿਤੀ ਅਤੇ ਧਾਰਮਿਕ ਰੂਪ ਵਿਚ “ਤਿੰਨੋਂ ਉਜਾੜੇ ਕਾ ਬੰਧ ਵਾਲੇ ਹਾਲਾਤ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋਈ ।
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ,ਗਿਆਨ ਰਾਹੀਂ ਅੰਦਰ ਦਾ ਦੀਵਾ ਜਗਾਉਣ ਦੀ ਵਿਧੀ ਪ੍ਰਗਟ ਕੀਤੀ ਅਤੇ ਮਨੁੱਖਤਾ ਦੀ ਸੇਵਾ ਨੂੰ ਦਰਗਾਹ ਵਿਚ ਸਤਿਕਾਰ ਪ੍ਰਾਪਤ ਕਰਨ ਦਾ ਪੱਕਾ ਰਾਹ ਦਸਿਆ । ਜਾਣੋਹਿ ਜੋਤਿ ਨ ਪੂਛਹ ਜਾਤਿ ਆਗੇ ਜਾਤਿ ਨ ਹੇ , ਅਤੇ ਏਕ ਪਿਤਾ ਏਕਸ ਕੇ ਹਮ ਬਾਰਿਕ ਨਾਲ ਸਭ ਬਰਾਬਰ ਕਰ ਦਿੱਤੇ । ਅਣਖ ਨਾਲ ਜਿਉਣ ਲਈ “ਜੇ ਜੀਵੈ ਪਤਿ ਲਥੀ ਜਾਇ ਸਭਿ ਹਰਾਮ ਜੇਤਾ ਕਿਛੁ ਖਾਇ ਦਾ ਨਿਯਮ ਪ੍ਰਚਲਿਤ ਕੀਤਾ ਅਤੇ ਇਸ ਲਈ ਸਿਰ ਤਲੀ ਤੇ ਧਰਨ ਲਈ ਪੁਕਾਰਿਆ ਸੀ । ਔਰਤ ਦੀ ਇੱਜ਼ਤ ਕਰਨਾ, ਇਸ ਪੰਥ ਦਾ ਮੁਢਲਾ ਨਿਯਮ ਬਣਾਇਆ ਗਿਆ । ਇਨ੍ਹਾਂ ਗੁਣਾਂ ਦੇ ਧਾਰਨੀ ਜੋ ਗੁਰੂ ਦੇ ਰਾਹ ਚੱਲਣ ਲਈ ਸਿਰ ਅਰਪਣ ਕਰਕੇ ,ਅੱਗੇ ਵਧੇ ਉਹ ਗੁਰੂ ਦੇ ਪੁੱਤਰ ,ਅਕਾਲ ਪੁਰਖ ਦੀ ਫ਼ੌਜ ਦੇ ਸਿਪਾਹੀ ਬਣ ਅਕਾਲ ਪੁਰਖ ਦੀ ਮੂਰਤ ਹੋ ਗਏ ।
ਗੁਰੂ ਸਾਹਿਬਾਨ ਨੇ ਅਮਲੀ ਜੀਵਨ ਜੀ ਕੇ ਉਪਰੋਕਤ ਗੁਣਾਂ ਦੀਆਂ ਉਦਾਹਰਨਾਂ ਵੀ ਪੇਸ਼ ਕੀਤੀਆਂ । ਆਪਣੇ ਪਰਿਵਾਰ ਦੀ ਸ਼ਹਾਦਤ ਦੇ ਕੇ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।
ਇਨ੍ਹਾਂ ਗੁਣਾਂ ਦਾ ਧਾਰਨੀ ਖਾਲਸਾ ਦੇਸ਼ ਦੀ ਆਜ਼ਾਦੀ ਦਾ ਮੋਹਰੀ ਬਣਿਆ ਅਤੇ ਅਠਾਰਵੀਂ ਸਦੀ ਦੇ ਸ਼ੁਰੂ ਵਿੱਚ ਹੀ ਮੁਗਲ ਰਾਜ ਦੀਆਂ ਜੜ੍ਹਾਂ ਬਾਬਾ ਬੰਦਾ ਸਿੰਘ ਬਹਾਦੁਰ ਨੇ ਪੁੱਟ ਕੇ ਹਲੇਮੀ ਰਾਜ ਸਥਾਪਿਤ ਕਰ ਦਿੱਤਾ । ਦੁਨੀਆ ਵਿੱਚ ਪਹਿਲੀ ਵਾਰ,ਖੇਤੀ ਕਰਨ ਵਾਲਿਆਂ ਨੂੰ ਮਾਲਕ ਬਣਾ ਕੇ ਜ਼ਿਮੀਂਦਾਰਾਂ ਪ੍ਰਥਾ ਦਾ ਖਾਤਮਾ ਕਰ ਦਿੱਤਾ। ਫੇਰ ਸਰਦਾਰ ਦਰਬਾਰਾ ਸਿੰਘ, ਨਵਾਬ ਕਪੂਰ ਸਿੰਘ, ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਚੜਤ ਸਿੰਘ, ਬਾਬਾ ਬਘੇਲ ਸਿੰਘ ਆਦਿ ਸਰਦਾਰਾਂ ਨੇ ਲਾਹੌਰ ਤੇ ਦਿੱਲੀ ਤੇ ਤਖ਼ਤ ਤੇ ਕਬਜ਼ਾ ਕਰ ਲਿਆ।
ਮਹਾਰਾਜਾ ਰਣਜੀਤ ਸਿੰਘ ਬਹਾਦੁਰ ਨੇ ਸਦੀ ਦੇ ਅੰਤ ਤੋਂ ਪਹਿਲਾਂ ਮਜਬੂਤ ਖਾਲਸਾ ਰਾਜ ਦੀ ਸਥਾਪਨਾ ਕਰ ਦਿੱਤੀ। ਅੰਗਰੇਜ਼ ਤੇ ਨਪੋਲਿਅਨ ,ਇਸ ਨਵੀਂ ਵਿਸ਼ਵ ਸ਼ਕਤੀ ,ਖ਼ਾਲਸਾ ਰਾਜ,ਨਾਲ ਬਰਾਬਰੀ ਦਾ ਰਿਸ਼ਤਾ ਬਣਾਉਣ ਲਈ ਤਿਆਰ ਸਨ। ਅੰਗਰੇਜ਼ ਹਕੂਮਤ ਨੇ ਲਿਖਤੀ ਸੰਧੀ ਕਰ ਮਹਾਰਾਜਾ ਨਾਲ ਪੱਕੀ ਦੋਸਤੀ ਕਰ ਲਈ।
ਉਨੀ ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਅੰਗਰੇਜ਼ ਨੇ ਦਰਬਾਰ ਦੇ ਅਹਿਲਕਾਰਾਂ ਵਿੱਚ ਘੁਸਪੈਠ ਕਰਕੇ 1846 ਈ ਨੂੰ ਲਾਹੌਰ ਰਾਜ ਤੇ ਕਬਜ਼ਾ ਕਰ ਸਿੱਖ ਰਾਜਨੀਤੀ ਦਾ ਸੂਰਜ ਸਦਾ ਲਈ ਡੋਬ ਦਿੱਤਾ , 1849 ਈ ਵਿੱਚ ਕੇਵਲ ਰਸਮ ਪੂਰੀ ਕੀਤੀ ਗਈ ਸੀ ।
ਅੰਗਰੇਜ਼ ਨੇ ਆਪਣੇ ਕਬਜ਼ੇ ਨੂੰ ਪੱਕਾ ਕਰਨ ਲਈ ,ਸਿੱਖ ਰਾਜ ਖੁਸ਼ੀ ਖੁਸ਼ੀ ਵਸਦੇ ,ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਨਫ਼ਰਤ ਦੇ ਬੀਜ ਬੀਜਣ ਦਾ ਕੰਮ ਸ਼ੁਰੂ ਕੀਤਾ। ਵਿੱਦਿਆ ਨੀਤੀ ਬਦਲ ਦਿੱਤੀ ਗਈ ਤੇ ਪੜ੍ਹੇ ਲਿਖੇ ਪੰਜਾਬੀ ਅਨਪੜ੍ਹ ਬਣ ਗਏ। ਮਹਾਰਾਜਾ ਦਲੀਪ ਸਿੰਘ ਨੂੰ ਇਸਾਈ ਬਣਾ ਲਿਆ ਗਿਆ । ਮਹਾਰਾਣੀ ਜਿੰਦ ਕੌਰ ਨੂੰ ਪੁੱਤਰ ਤੋਂ ਵੱਖਰਾ ਕੈਦ ਕਰ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਪੁਰਾਣੇ ਵਿਸ਼ਵਾਸ ਪਾਤਰ ਅਹਿਲਕਾਰਾਂ ਨੂੰ ਪੰਜਾਬ ਦੇਸ਼ ਤੋਂ ਬਾਹਰ ਭੇਜ ਕੇ ,ਅੰਗਰੇਜ਼ ਪ੍ਰਸਤ ਸਰਦਾਰ ਅੱਗੇ ਕਰ ਦਿੱਤੇ ਗਏ । ਕਈ ਧਰਮ ਛੱਡ ਮੁਸਲਮਾਨ ਜਾਂ ਇਸਾਈ ਵੀ ਬਣ ਗਏ । ਸਿੱਖ ਨੋਜਵਾਨ ਫ਼ੌਜ ਵਿੱਚ ਭਰਤੀ ਕਰਕੇ , ਦੇਸ਼-ਵਿਦੇਸ਼ ਵਿੱਚ ਅੰਗਰੇਜ਼ ਦੀ ਨੌਕਰੀ ਲਈ ਭੇਜੇ ਜਾਣ ਲੱਗ ਪਏ।
ਗੁਰਦੁਆਰਾ ਸਾਹਿਬਾਨ ਤੇ ਵੀ , ਅੰਗਰੇਜ਼ ਸਰਕਾਰ ਵੱਲੋਂ ਆਪਣੇ ਵਫ਼ਾਦਾਰਾਂ ਦਾ ਕਬਜ਼ਾ ਕਰਵਾ ਦਿੱਤਾ ਗਿਆ ।ਸਿੱਖ ਕੌਮ ਦੇ ਪ੍ਰੇਰਨਾ ਸਰੋਤ ਸ਼੍ਰੀ ਹਰਮਿੰਦਰ ਸਾਹਿਬ ਨੇੜੇ ਹੁੰਦੇ ਰਹੇ ,ਸਿੱਖ ਸੰਗਤ ਤੇ ਆਗੂਆਂ ਦੇ ਇਕੱਠ ਦੀ ਰਵਾਇਤ ਬਦਲ ,1860 ਈ ਤੋਂ ਬਾਅਦ ਸ਼੍ਰੀ ਅਕਾਲ ਬੁੰਗਾ ਤੋਂ ,ਅੰਗਰੇਜ਼ੀ ਪ੍ਰਬੰਧਕਾਂ ਵੱਲੋਂ ਨਿਯੁਕਤ ਪੁਜਾਰੀ ਹੁਕਮ ਨਾਮੇ ਜਾਰੀ ਕਰਨ ਲੱਗ ਪਏ। ਆਜ਼ਾਦੀ ਦੀ ਗੱਲ ਭੁੱਲ,ਇਸ ਸਮੇਂ ਸਿੱਖ ਫੌਜੀ ਅੰਗਰੇਜ਼ ਦੇ ਰਾਜ ਦੀ ਰੱਖਿਆ ਲਈ ਸਾਰਾਗੜ੍ਹੀ ਵਰਗੀਆਂ ਲੜਾਈਆਂ ਲੜ ਰਹੇ ਸਨ ।
ਕੁਝ ਕੁ ਸਿੱਖ ਆਗੂਆਂ ਨੇ ਇਕੱਲੇ ਹੀ ਕੌਮ ਦੀ ਆਜ਼ਾਦੀ ਲਈ ਸੰਘਰਸ਼ ਕਰਨ ਦਾ ਯਤਨ ਕੀਤਾ ,ਪਰ ਮਹਾਰਾਜਾ ਦਲੀਪ ਸਿੰਘ ਸਮੇਤ ਕਿਸੇ ਨੂੰ ਖੁਲ ਕੇ ਕੌਮੀ ਸਮਰਥਨ ਅੰਗਰੇਜ਼ ਤੇ ਉਹਨਾਂ ਦੇ ਵਫ਼ਾਦਾਰ ਸਾਥੀਆਂ ਨੇ ਨਹੀਂ ਮਿਲਣ ਦਿੱਤਾ । ਕੁਝ ਮਾਰੇ ਗਏ ਬਾਕੀ ਕੈਦ ਕਰ ਲਏ ਗਏ ਸਨ । ਇਸ ਤਰਾਂ ਕੋਈ ਰਾਜਨੀਤਿਕ ਸ਼ਕਤੀ 19ਵੀ ਸਦੀ ਦੇ ਅੰਤ ਤੱਕ ਸਿੱਖ ਸਮਾਜ ਪ੍ਰਾਪਤ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ ।
ਧਾਰਮਿਕ ਰੂਪ ਵਿੱਚ ਇਹ ਸਮਾਂ ਦੂਜੇ ਧਰਮਾਂ ਵੱਲੋਂ ਪੰਜਾਬ ਵਿੱਚ ਸ਼ੁਦੀ ਕਰਨ ਜਾਂ ਘਰ ਵਾਪਸੀ ਦੇ ਨਾਂ ਤੇ ਮੁਹਿੰਮ ਅਰੰਭ ਕੀਤੀਆਂ , ਜਿਸਨੂੰ ਸਰਕਾਰੀ ਹਮਾਇਤ ਪ੍ਰਾਪਤ ਸੀ । ਚਾਰ ਸਿੱਖ ਵਿਦਿਆਰਥੀਆਂ ਜੋ ਮਿਸ਼ਨ ਸਕੂਲ ਅੰਮ੍ਰਿਤਸਰ ਵਿਚ ਪੜ੍ਹਦੇ ਸਨ ਵਲੋਂ,ਧਰਮ ਪਰਿਵਰਤਨ ਕਰ ਇਸਾਈ ਬਨਣ ਦੇ ਫ਼ੈਸਲੇ ਵਾਰੇ ਪਤਾ ਲੱਗਣ ਤੇ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਤੇ ਉਸਦੇ ਸਾਥੀਆਂ ਨੇ ਆਵਾਜ਼ ਚੁੱਕੀ ਤੇ ਉਨ੍ਹਾਂ ਸਿੱਖ ਨੌਜਵਾਨਾਂ ਨੂੰ ਧਰਮ ਪਰਿਵਰਤਨ ਤੋਂ ਰੋਕ ਲਿਆ । ਕੇਵਲ ਇਹ ਹੀ ਨਹੀਂ ਸਿੱਖ ਧਰਮ ਨੂੰ ਬਚਾਉਣ ਤੇ ਧਰਮ ਪ੍ਰਚਾਰ ਦੇ ਵੱਡੇ ਮੰਤਵ ਨਾਲ ,ਸਿੰਘ ਸਭਾ ਬਣਾਉਣ ਦਾ ਫ਼ੈਸਲਾ ਕੀਤਾ ਗਿਆ,ਪਰ ਅੰਗਰੇਜ਼ ਨੇ ਇਸ ਸੰਸਥਾ ਦੇ ਬਰਾਬਰ ਹੋਰ ਸਿੰਘ ਸਭਾ ਖੜੀ ਕਰਕੇ, ਇਸ ਲਹਿਰ ਨੂੰ ਕੰਮਜੋਰ ਕਰ ਦਿੱਤਾ । 20 ਵੀਂ ਸਦੀ ਦੇ ਅਰੰਭ ਵਿੱਚ ਇਹ ਸਿੰਘ ਸਭਾਵਾਂ ਮਿਲ ਕੇ 1902 ਵਿੱਚ ਚੀਫ ਖਾਲਸਾ ਦੀਵਾਨ ਬਣ ਗਈਆਂ । ਜਿਸ ਦੇ ਆਗੂ ਅੰਗਰੇਜ਼ ਪ੍ਰਸਤ ਸਨ ।
ਪੰਜਾਬ ਵਿੱਚ ਵਿੱਦਿਆ ਦਰ ਖਾਲਸਾ ਰਾਜ ਸਮੇਂ ਪੇਂਡੂ ਖੇਤਰ ਵਿੱਚ 75 ਫ਼ੀਸਦੀ ਸੀ ਤੇ ਸ਼ਹਿਰੀ ਖੇਤਰ ਵਿੱਚ 87 ਫ਼ੀਸਦ, ਪਰ ਅੰਗਰੇਜ਼ ਦੀ ਨਵੀ ਵਿੱਦਿਆ ਨੀਤੀ ਨਾਲ ਪੜ੍ਹੇ ਲਿਖੇ ਅਨਪੜ੍ਹ ਬਣਾ ਦਿੱਤੇ ਗਏ ।
ਇਸ ਤਰ੍ਹਾਂ ਅੰਗਰੇਜ਼ੀ ਸਰਕਾਰ ਨੇ ਸਿੱਖ ਕੌਮ ਨੂੰ ਨੀਤੀ ਨਾਲ ਰਾਜਨੀਤਕ, ਵਿਦਿਅਕ,ਧਾਰਮਿਕ ਤੇ ਆਰਥਿਕ ਪੱਖੋਂ ਕਮਜ਼ੋਰ ਕਰ ਦਿੱਤਾ । ਸਮਾਜਿਕ ਰੂਪ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਅਤੇ ਪੁੱਤਰੀਆਂ ਨੂੰ ਜਾਤ ਪਾਤ ਵਿੱਚ ਵੰਡ ਦਿੱਤਾ ਤੇ ਖਾਲਸਾ ਪੰਥ ਦੇ ਵਿਲੱਖਣ ਨਿਯਮ ਤੇ ਪਛਾਨ ਧੁੰਦਲੀ ਕਰ ਦਿਤੀ ਗਈ ।
20ਵੀ ਸਦੀ ਦੇ ਦੂਜੇ ਦਹਾਕੇ ਦੇ ਆਰੰਭ ਵਿੱਚ ਸਿੱਖ ਗੁਰਦੁਆਰਾ ਸੁਧਾਰ ਲਹਿਰ ਆਰੰਭ ਹੋਈ, ਜਿਸ ਨਾਲ ਸਿੱਖ ਸਮਾਜ ਜਾਗ੍ਰਿਤ ਹੋਈਆ । ਪੰਜ ਸਾਲ 1920-1925 ਦੇ ਸੰਘਰਸ਼ ਤੇ ਕੁਰਬਾਨੀਆਂ ਤੋਂ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਨਵੀਂ ਸਿੱਖ ਲੀਡਰਸ਼ਿਪ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ ਵਿੱਚ ਪ੍ਰਾਪਤ ਕਰ ਲਿਆ । ਇਸ ਸੰਘਰਸ਼ ਸਮੇਂ ਕੁਰਬਾਨੀਆਂ ਦੇਣ ਵਾਲੇ ਸਿੰਘ ਸ਼੍ਰੋਮਣੀ ਅਕਾਲੀ ਦਲ ਵਝੋਂ ਸੰਗਠਿਤ ਹੋ ਗਏ । ਸਮਾਂ ਸਿੱਖ ਗੁਰਦੁਆਰਾ ਪ੍ਰਬੰਧ ਠੀਕ ਕਰ ਧਰਮ ਦੇ ਪ੍ਰਚਾਰ ਪ੍ਰਸਾਰ, ਨੌਜਵਾਨਾਂ ਲਈ ਵਿੱਦਿਆ ਤੇ ਰੁਜ਼ਗਾਰ ਦਾ ਪ੍ਰਬੰਧ ਕਰਨ ਦਾ ਸੀ । ਪਰ ਮਹਾਤਮਾਂ ਗਾਂਧੀ ਜੀ ਦੀ ਤਾਰ ਕਿ ਸਿੱਖ ਕੌਮ ਨੇ ਗੁਰਦੁਆਰਾ ਸੁਧਾਰ ਲਹਿਰ ਰਾਹੀਂ ਅਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ ਹੈ, ਤੋਂ ਪ੍ਰੇਰਿਤ ਹੋ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਆਗੂ ਕਾਂਗਰਸ ਦੇ ਹਮਾਇਤੀ ਤੇ ਮੈਂਬਰ ਬਣ ,ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਲੱਗ ਪਏ । ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਨੌਜਵਾਨਾਂ ਪ੍ਰਤੀ ਆਪਣੀ ਵਚਨਬੱਧਤਾ ਪਿੱਛੇ ਛੱਡ ਦਿੱਤੀ ।
ਦੂਜੇ ਪਾਸੇ ਅੰਗਰੇਜ਼ ਹਕੂਮਤ ਪੱਖੀ ,ਸਿੱਖ ਸਰਦਾਰਾਂ ਤੇ ਸਿੱਖ ਰਜਵਾੜਿਆਂ ਦਾ ਮਜ਼ਬੂਤ ਤੇ ਆਰਥਿਕ ਪੱਖੋਂ ਸਮਰੱਥ ਧੜਾ ਸੀ ।
ਅੰਗਰੇਜ਼ ਸਿੱਖਾਂ ਵਿੱਚ ਫੁੱਟ ਪਾ ਕੇ ਰੱਖਣ ,ਵਿੱਚ ਪੂਰੀ ਤਰਾਂ ਕਾਮਯਾਬ ਰਿਹਾ । ਦੋਵੇਂ ਸਿੱਖ ਧੜਿਆਂ ਵਲੋਂ ਸਿੱਖ ਨੌਜਵਾਨੀ ਨੂੰ ਤਕੜਾ ਕਰਨ ਲਈ ਵਿੱਦਿਆ, ਕਾਰੋਬਾਰ, ਧਰਮ ਪ੍ਰਚਾਰ ਤੇ ਪ੍ਰਸਾਰ ਵਲ ,ਕੌਮੀ ਫਰਜ਼ ਨਿਭਾਉਣ ਦਾ ਵੱਡਾ ਯਤਨ ਕੀਤਾ ਨਜ਼ਰ ਨਹੀਂ ਆਉਂਦਾ । ਇਸ ਕਰਕੇ ਹੀ ਪੰਜਾਬ ਵਿੱਚ ਸਾਧਨ ਹੋਣ ਦੇ ਬਾਵਜੂਦ ,ਸਿੱਖ ਜਾਂ ਖ਼ਾਲਸਾ ਵਿੱਦਿਅਕ ਸੰਸਥਾਵਾਂ ਜਾਂ ਸਕੂਲ ਤੇ ਕਾਲਜ, ਪਿੰਡ ਤੇ ਕਸਬਿਆਂ ਵਿੱਚ ਨਹੀਂ ਬਣ ਸਕੇ ।
ਆਜ਼ਾਦੀ ਤੋਂ ਬਾਅਦ ਕਾਂਗਰਸ ਸਿੱਖ ਨਾਲ ਕੀਤੇ ਵਾਅਦੇ ਭੁੱਲ ਗਈ ,ਦੋ ਵਾਰ ਅਕਾਲੀ ਦਲ 1948 ਤੇ 1956 ਵਿੱਚ ਕਾਂਗਰਸ ਵਿੱਚ ਸ਼ਾਮਿਲ ਵੀ ਹੋਇਆ । ਜਿਨ੍ਹਾਂ ਨਵੇਂ ਕਾਂਗਰਸੀ ਬਣੇ ਅਕਾਲੀ ਆਗੂਆਂ ਨੂੰ ,ਰਾਜਨੀਤੀ ਸ਼ਕਤੀ ,ਕੇਂਦਰ ਸਰਕਾਰ ਤੇ ਪੰਜਾਬ ਵਿੱਚ ਮਿਲ ਗਈ , ਉਹ ਅਕਾਲੀ ਦਲ ਦੇ ਵਿਰੋਧੀ ਬਣ ਗਏ ਅਤੇ ਸਿੱਖ ਰਾਜਨੀਤੀ ਨੂੰ ਕੰਮਜੋਰ ਕਰਨ ਲਈ ਕੇਂਦਰ ਸਰਕਾਰ ਦੇ ਹੱਥ ਠੋਕੇ ਬਣ ਗਏ।
ਪੰਜਾਬ ਦੇ ਫੇਲ ਲੀਡਰ
ਦੂਜੇ ਪਾਸੇ ਰਾਜਸੀ ਸ਼ਕਤੀ ਲਈ ,ਮਾਸਟਰ ਤਾਰਾ ਸਿੰਘ ਨਾਲ ,ਬਚੇ ਅਕਾਲੀ ਲੀਡਰਾਂ ਨੂੰ ਮੁੱਦੇ ਚਾਹੀਦੇ ਸਨ । ਇਸ ਤਰ੍ਹਾਂ ਪੰਜਾਬ ਵਿੱਚ ਹੀ ਪੰਜਾਬੀ ਬੋਲੀ ਤੇ ਪੰਜਾਬੀ ਸੂਬੇ ਦੇ ਅੰਦੋਲਨ ਆਰੰਭ ਕਰ ਦਿੱਤੇ ਗਏ । ਮੁੱਦਾ ਕੇਵਲ ਰਾਜਨੀਤਿਕ ਸ਼ਕਤੀ ਤੱਕ ਦਾ ਸੀ । ਕਾਂਗਰਸ ਨੇ ਮਹਾਂ ਪੰਜਾਬ ਦੀ ਗੱਲ ਕਰ ,ਹਿੰਦੀ ਪੰਜਾਬੀ ਦਾ ਝਗੜਾ ਬਣਾ ਕੇ ,ਪੰਜਾਬੀ ਦੀ ਮੰਗ ਨੂੰ ਫਿਰਕੂ ਰੰਗਤ ਦੇ ਕੇ ,ਖੂਨ ਦੇ ਰਿਸ਼ਤੇ ਵਾਲੇ ਪੰਜਾਬੀਆਂ ਨੂੰ ਵੰਡ ਦਿੱਤਾ। ਕੁਝ ਆਪਣੀ ਮਾਂ ਬੋਲੀ ਤੋਂ ਹੀ ਮੁਨਕਰ ਹੋ ਗਏ।
ਲੰਬੀ ਰਾਜਨੀਤਿਕ ਮੁਹਿੰਮ ਤੋਂ ਵਾਦ 1966 ਵਿੱਚ ,ਪੰਜਾਬ ਦੀ ਮੁੜ ਤਿੰਨ ਹਿੱਸਿਆਂ ਵਿੱਚ ਵੰਡ ਹੋ ਗਈ। ਇਸ ਵੰਡੇ ਤੋਂ ਵਾਦ ਪੰਜਾਬ ਵਿੱਚ ,1980 ਤੱਕ ,ਚਾਰ ਵਾਰ ਅਕਾਲੀ ਸਰਕਾਰ ਬਣੀ ,ਪਰ ਪੰਜਾਬ ਭਾਸ਼ਾ, ਪੰਜਾਬੀ ਨੌਜਵਾਨਾਂ ਤੇ ਸੂਬਾ ਦੀ ਤਰੱਕੀ ਵੱਲ ,ਕੋਈ ਯੋਜਨਾ ਵੱਧ ਢੰਗ ਨਾਲ ਕੰਮ ਨਹੀਂ ਹੋ ਸਕਿਆ । ਪੰਜਾਬੀਆਂ ਦੇ ਮਸਲੇ ਸਿੱਖ ਮਸਲਿਆਂ ਵਝੋਂ ਪ੍ਰਚਾਰ ਕੇ ,ਪੰਜਾਬ ਅੰਦਰ ,ਦੇਸ਼ ਵਿਰੋਧੀ ਭਾਵਨਾਵਾਂ ਉਕਸਾਉਣ ,ਦੀ ਨੀਤੀ ਬਣਾਈ ਗਈ । 1978 ਦੇ ਨਿਰੰਕਾਰੀ ਸਿੱਖ ਝਗੜੇ ,ਜਿਸ ਵਿੱਚ 17 ਲੋਕਾਂ ਦੀ ਮੌਤ ਹੋਈ ਨਾਲ ,ਇਕ ਨਵੀਂ ਸਿੱਖ ਲੀਡਰਸ਼ਿਪ ਸਾਹਮਣੇ ਆਈ, ਜਿਸਨੇ ਬੰਦੂਕ ਦੀ ਗੋਲੀ ਨਾਲ ਇਨਸਾਫ ਲੈਣ ਦਾ ਰਾਹ ਚੁਣਿਆ ।
ਇਸ ਨਾਲ ,1982 ਜੁਲਾਈ ਤੱਕ ,ਅਕਾਲੀ ਆਗੂ ਰਾਜਨੀਤੀ ਵਿੱਚ ਕੰਮਜੋਰ ਹੋ ਚੁੱਕੇ ਸਨ ਤੇ ਸਤਲੁਜ ਯਮੁਨਾ ਲਿੰਕ ਨਹਿਰ ਵਿਰੁੱਧ ਲਗਿਆ ਕਪੂਰੀ ਦਾ ਮੋਰਚਾ ,ਬਹੁਤ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਰਿਹਾ ਸੀ । ਅਕਾਲੀ ਆਗੂਆਂ ਨੇ ਆਪਣੀ ਸਾਖ ਬਚਾਉਣ ਤੇ ਦਰਬਾਰ ਸਾਹਿਬ ਸਮੂਹ ਤੇ ਆਪਣੀ ਪਕੜ ਬਣਾਈ ਰੱਖਣ ਲਈ , 1979 ਈ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵਿਰੋਧੀ ਰਹੇ ਧੜੇ ਨਾਲ ਮਿਲ ਕੇ ,ਸਾਂਝੇ ਧਰਮ ਯੁੱਧ ਮੋਰਚੇ ਦਾ ਰਾਹ ਚੁਣਿਆ ।
4 ਅਗਸਤ 1982 ਨੂੰ ਸ਼ੁਰੂ ਹੋਇਆ ਇਹ ਮੋਰਚਾ ਹਜ਼ਾਰਾਂ ਜਾਨਾਂ ਦੇ ਨੁਕਸਾਨ ਨਾਲ 2ਤੋਂ 6 ਜੂਨ 1984 ਨੂੰ ਸਾਕਾ ਨੀਲਾ ਤਾਰਾ ਨਾਲ ਖ਼ਤਮ ਹੋਇਆ । ਇਸ ਸਮੇਂ ਤੱਕ ਬਹੁਤੇ ਸਿੱਖਾਂ ਦੇ ਮਨਾਂ ਵਿੱਚ ਕੇਂਦਰ ਸਰਕਾਰ ਤੇ ਹੋਰ ਰਾਜ ਸਰਕਾਰਾਂ ਵਾਰੇ ਨਫ਼ਰਤ ਦਾ ਬੀਜ ਪੈਦਾ ਹੋ ਗਿਆ । ਜਿਸ ਨੂੰ ਭਾਰਤ ਵਿਰੋਧੀ ਤਾਕਤਾਂ ਨੇ ਵੀ ਪੂਰਾ ਸਮਰਥਨ ਦਿੱਤਾ ਅਤੇ ਇਸਦਾ ਪ੍ਰਚਾਰ ਅੰਤਰਰਾਸ਼ਟਰੀ ਪੱਧਰ ਤੱਕ ਲੈ ਗਏ।
ਰਾਜੀਵ ਲੋਂਗੋਵਾਲ ਸਮਝੌਤੇ ਨਾਲ 1985 ਵਿੱਚ ਪੰਜਾਬ ਵਿੱਚ ਮਸਲੇ ਹੱਲ ਹੋ ਕੇ ,ਮੁੜ ਅਮਨ ਦੀ ਆਸ ਵਝੀ ਸੀ, ਪਰ ਪੰਜਾਬ ਵਿੱਚ ਅਕਾਲੀ ਸਰਕਾਰ ਬਨਣ ਦੇ ਬਾਵਜੂਦ ਨਾ ਇਹ ਸਮਝੌਤਾ ਹੀ ਲਾਗੂ ਹੋਇਆ ਅਤੇ ਨਾ ਹੀ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੇ ਸਮਝੌਤਾ ਕਰਨ ਵਾਲੇ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਵਾਰੇ ਹੀ ਕੋਈ ਗੱਲ ਕੀਤੀ ਜਾਂ ਇਸ ਦੇ ਕਾਰਨਾਂ ਵਾਰੇ ਲੋਕਾਂ ਨੂੰ ਜਾਣੂ ਕਰਵਾਇਆ । ਇਸ ਕਰਕੇ ਹੀ ਮੁੜ ਅਮਨ ਕਾਨੂੰਨ ਭੰਗ ਹੋਇਆ ਤੇ ਪੰਜਾਬ ਫੇਰ ਕਈ ਸਾਲ ਰਾਸ਼ਟਰਪਤੀ ਰਾਜ ਦੇ ਅਧੀਨ ਰਿਹਾ । ਇਸ ਸਮੇਂ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦਾ ,ਕਿਸੇ ਪਾਸੋਂ ਵੀ ਗੁਰੇਜ਼ ਨਹੀਂ ਕੀਤਾ ਗਿਆ ।
1992 ਤੋਂ ਬਾਅਦ ਵੀ ਸੰਘਰਸ਼ ਦਾ ਹਿੱਸਾ ਰਹੇ ਕਾਂਗਰਸੀ ,ਅਕਾਲੀ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੀਆਂ, ਸਰਕਾਰਾਂ ਬਣਦੀਆਂ ਰਹੀਆਂ ਹਨ ,ਪਰ ਪੰਜਾਬ ਵਿਚ ਅਮਨ ਸ਼ਾਂਤੀ , ਭਾਈਚਾਰਕ ਸਾਂਝ ਤੇ ਭਾਵਨਾਵਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਿਸੇ ਵੱਲੋਂ ਨਹੀਂ ਕੀਤੀ ਗਈ ਜਾ ਰਹੀ ਹੈ ।
ਇਨ੍ਹਾਂ ਕਾਰਨਾਂ ਕਰਕੇ ਹੀ ,ਪੰਜਾਬ ਆਰਥਿਕ ਪੱਖੋਂ ਕੰਮਜੋਰ ਤੇ ਦਿਵਾਲੀਆ ਹੋਣ ਕੰਢੇ ਹੈ , ਬਿਉਪਾਰ ਤੇ ਰੋਜ਼ਗਾਰ ਦੇ ਸਾਧਨ ਬਨਣ ਸਦੀ ਲਈ ,ਨਵੇਂ ਕਾਰਖਾਨੇ ਤਾਂ ਕੀ ਲੱਗਣੇ ਸਨ , ਪੁਰਾਣੇ ਵੀ ਬੰਦ ਹੋ ਰਹੇ ਹਨ । ਖੇਤੀ ਕਦੇ ਵੀ ਲਾਹੇਵੰਦ ਨਹੀ ਹੋ ਸਕਦੀ ,ਜਦੋਂ ਤਕ ਸਹਾਇਕ ਧੰਦੇ ਨਾ ਖੋਲ੍ਹੇ ਜਾਣ ਤੇ ਖੇਤੀ ਉਪਜ ਨਾਲ ਸਬੰਧਤ ਕਾਰਖਾਨੇ ਨਾ ਹੋਣ।
ਨੋਜਵਾਨੀ ਨਸ਼ਿਆਂ ਦੀ ਮਾਰ ਹੇਠ ਹੈ , ਨਸ਼ਿਆਂ ਦਾ ਬਿਉਪਾਰ ਵੱਡੀ ਪੱਧਰ ਤੇ ਹੋ ਰਿਹਾ ਹੈ, ਸ਼ੱਕ ਦੇ ਘੇਰੇ ਵਿੱਚ ਪੁਲਿਸ ਤੇ ਰਾਜਨੀਤਿਕ ਆਗੂ ਵੀ ਹਨ । ਸਮਾਜਿਕ ਤਾਣਾ ਬਾਣਾ ਟੁੱਟਦਾ ਨਜ਼ਰ ਆਉਂਦਾ ਹੈ।
ਨੋਜਵਾਨ ਜਾਇਜ਼ ਤੇ ਨਜਾਇਜ ਢੰਗ ਨਾਲ ਦੇਸ਼ੋਂ ਵਾਹਰ ਭੱਜ ਰਿਹਾ ਹੈ ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਕਿਸੇ ਨਾ ਕਿਸੇ ਰੂਪ ਵਿੱਚ ਪਿਛਲੇ ਪੰਜਾਹ ਸਾਲ ਤੋਂ ਚਰਚਾ ਵਿੱਚ ਹੈ, ਇਸ ਦਾ ਸਦੀਵੀ ਤੇ ਪੱਕਾ ਹੱਲ ਕੀ ਹੈ ? ਕੀ ਕਿਸੇ ਸਰਕਾਰ ਨੇ ਵਿਚਾਰਿਆ ਹੈ ?
ਧਾਰਮਿਕ ਸਦਭਾਵਨਾ ਲਈ ਕੀ ਨੀਤੀ ਹੈ ?
ਪੰਜਾਬ ਵਿੱਚ ਭਾਵਨਾਵਾਂ ਭੜਕਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ , ਕੀ ਦੇਸ਼ ਵਿੱਚ ਕਿਸੇ ਇੱਕ ਰਾਜ ਜਾਂ ਧਰਮ ਨਾਲ ਵਿਤਕਰਾ ਹੋ ਸਕਦਾ ਹੈ ? ਇਹ ਲੋਕ ਕੋਣ ਹਨ ਤੇ ਇਨ੍ਹਾਂ ਦਾ ਨਿਸ਼ਾਨਾ ਕੀ ਹੈ ?
ਸਿੱਖ ਬਹੁਗਿਣਤੀ ਵਾਲੇ ਪੰਜਾਬ ਵਿੱਚ ਹੀ ਲੋਕ ਸਿੱਖ ਧਰਮ ਛੱਡ ਕੇ ਕਿਉਂ ਜਾ ਰਹੇ ਹਨ ? ਕੀ ਸਿੱਖ ਧਰਮ ਦੇ ਸੁਨੇਹਰੀ ਨਿਯਮ ਧੁੰਦਲੇ ਹੋ ਗਏ ਹਨ ਜਾਂ ਪ੍ਰਚਾਰ ਪ੍ਰਸਾਰ ਵਾਲੀਆਂ ਸੰਸਥਾਵਾਂ ਕੰਮਜੋਰ ਜਾਂ ਫੇਲ੍ਹ ਹੋ ਗਈਆਂ ਹਨ ?
ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਯੋਜਨਾ ਵੱਧ ਢੰਗ ਨਾਲ ਅੰਗਰੇਜ਼ਾਂ ਦੀ ਪਾੜੇ ਤੇ ਰਾਜ ਕਰੋ ਦੀ ਨੀਤੀ ਦੇ ਤਾਣੇ ਪੇਟੇ ਵਿੱਚ ਹੀ ਉਲਝਿਆ ਬਰਬਾਦ ਹੋ ਰਿਹਾ ਹੈ , ਕਿ ਇਹ ਸਮਾਂ ਮੁੜ ਵਿਚਾਰ ਕਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸੁਰਜੀਤ ਕਰਨ ਦਾ ਨਹੀਂ?
ਜੇਕਰ ਕੋਈ ਨੀਤੀ ਜਾ ਦਵਾਈ ਕਾਰਗਰ ਜਾਂ ਲਾਹੇਵੰਦ ਨਾ ਹੋਵੇ ਤਾਂ ਉਸ ਵਾਰੇ ਮੁੜ ਵਿਚਾਰ ਕਰਨੀ ਤੇ ਬਦਲਣੀ ਚਾਹੀਦੀ ਹੈ । ਪੰਜਾਬ ਵਿੱਚ ਚੰਗੇ ਤੇ ਵਿਦਵਾਨ ਵਿਅਕਤੀਆਂ ਦੀ ਕੰਮੀ ਨਹੀਂ ਹੈ ।
ਇਸ ਲਈ ਆਉ ਪੰਜਾਬੀਓ ਮੁੜ ਸਿਰ ਜੋੜ ਕੇ ਬੈਠੀਏ , ਨਫ਼ਰਤ ਦੀ ਖੇਤੀ ਬੰਦ ਕਰੀਏ ਤੇ ਗੁਰੂਆਂ ਦੀ ਧਰਤੀ ਨੂੰ ਮੁੜ ਗੁਲਜ਼ਾਰ ਕਰੀਏ।
(ਇਕਬਾਲ ਸਿੰਘ ਲਾਲਪੁਰਾ, ਚੈਅਰਮੈਨ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ)
test