Asian Games: Indian Shooter ਈਸ਼ਾ ਸਿੰਘ ਦਾ ਚਾਂਦੀ ’ਤੇ ਨਿਸ਼ਾਨਾ
25 ਮੀਟਰ ਪਿਸਟਲ ਮੁਕਾਬਲੇ ਵਿੱਚ ਚੀਨੀ ਖਿਡਾਰਨ ਹੱਥੋਂ ਸ਼ੂਟ-ਆਫ ’ਚ ਹਾਰੀ; ਮਨੂ ਭਾਕਰ ਅਤੇ ਰਾਹੀ ਸਰਨੋਬਤ ਫਾਈਨਲ ’ਚ ਵੀ ਨਾ ਪੁੱਜੀਆਂ
29 ਸਤੰਬਰ, 2026 – ਨਾਗੋਆ : ਭਾਰਤੀ ਨਿਸ਼ਾਨੇਬਾਜ਼ ਈਸ਼ਾ ਸਿੰਘ ਨੇ ਬਾਂਹ ਅਤੇ ਮੋਢੇ ਦੇ ਦਰਦ ਦੇ ਬਾਵਜੂਦ ਲਗਾਤਾਰ ਪੰਜ ਸ਼ੂਟ-ਆਫ ਵਿੱਚ ਜੂਝਦਿਆਂ ਏਸ਼ਿਆਈ ਖੇਡਾਂ ’ਚ ਮਹਿਲਾ 25 ਮੀਟਰ ਪਿਸਟਲ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਲਿਆ ਹੈ। ਦੁਨੀਆਂ ਦੀ ਦੀ ਨੰਬਰ ਇਕ ਖਿਡਾਰਨ ਈਸ਼ਾ ਨੇ ਫਾਈਨਲ ਵਿੱਚ ਵੀਅਤਨਾਮ ਦੀ ਤ੍ਰਿਨ ਥੂ ਵਿਨਹ ਖ਼ਿਲਾਫ਼ ਤਿੰਨ ਅਤੇ ਚੀਨ ਦੀ ਟੋਕੀਓ ਓਲੰਪਿਕ ’ਚ ਕਾਂਸੇ ਦਾ ਤਗ਼ਮਾ ਜੇਤੂ ਜਿਆਰੁਇਸ਼ੁਆਨ ਸ਼ਿਆਓ ਖ਼ਿਲਾਫ਼ ਦੋ ਸ਼ੂਟ-ਆਫ ਖੇਡੇ, ਜਿਸ ਨੇ ਉਸ ਦੇ ਹੁਨਰ ਅਤੇ ਸਬਰ ਦੀ ਸਖ਼ਤ ਪ੍ਰੀਖਿਆ ਲਈ।
ਸੋਨੇ ਦੇ ਤਗ਼ਮੇ ਲਈ ਮੁਕਾਬਲੇ ਵਿੱਚ ਈਸ਼ਾ ਦਾ ਸਾਹਮਣਾ ਚੀਨ ਦੀ ਨਿਸ਼ਾਨੇਬਾਜ਼ ਨਾਲ ਸੀ। ਦੋਵਾਂ ਨੇ 38 ਨਿਸ਼ਾਨੇ ਲਾ ਕੇ ਏਸ਼ਿਆਈ ਖੇਡਾਂ ਦੇ ਰਿਕਾਰਡ ਦੀ ਬਰਾਬਰੀ ਕੀਤੀ, ਪਰ ਅੰਤਿਮ ਸ਼ੂਟ-ਆਫ ਵਿੱਚ ਚੀਨੀ ਖਿਡਾਰਨ ਨੇ ਸੋਨ ਤਗ਼ਮਾ ਆਪਣੇ ਨਾਂ ਕਰ ਲਿਆ। ਇਸ ਤੋਂ ਪਹਿਲਾਂ ਈਸ਼ਾ ਨੇ ਵੀਅਤਨਾਮ ਦੀ ਨਿਸ਼ਾਨੇਬਾਜ਼ ਖ਼ਿਲਾਫ਼ ਵੀ ਤਿੰਨ ਵਾਰ ਸ਼ੂਟ-ਆਫ ਖੇਡ ਕੇ ਜਿੱਤ ਦਰਜ ਕੀਤੀ ਸੀ। ਮੈਚ ਮਗਰੋਂ ਈਸ਼ਾ ਨੇ ਕਿਹਾ, ‘ਇਹ ਮੇਰੇ ਲਈ ਬਹੁਤ ਵਧੀਆ ਤਜਰਬਾ ਰਿਹਾ। ਭਾਵੇਂ ਇਹ ਕਾਫ਼ੀ ਤਣਾਅਪੂਰਨ ਸੀ, ਪਰ ਮੈਂ ਇਸ ਲਈ ਬਹੁਤ ਖੁਸ਼ ਹਾਂ।’ ਜ਼ਿਕਰਯੋਗ ਹੈ ਕਿ ਈਸ਼ਾ ਨੇ 2023 ਦੀਆਂ ਹਾਂਗਜ਼ੂ ਖੇਡਾਂ ਵਿੱਚ ਵੀ ਚਾਰ ਤਗ਼ਮੇ ਜਿੱਤੇ ਸਨ।
ਦਿਲਚਸਪ ਗੱਲ ਇਹ ਰਹੀ ਕਿ ਈਸ਼ਾ ਫਾਈਨਲ ਵਿੱਚ ਪੁੱਜਣ ਵਾਲੀ ਅੱਠਵੀਂ ਅਤੇ ਆਖਰੀ ਖਿਡਾਰਨ ਸੀ। ਉਸ ਨੇ ਕੁਆਲੀਫਿਕੇਸ਼ਨ ਵਿੱਚ 580 ਅੰਕਾਂ ਨਾਲ ਚੀਨੀ ਤੈਪਈ ਦੀ ਨਿਸ਼ਾਨੇਬਾਜ਼ ਨੂੰ ‘ਇਨਰ 10’ ਦੇ ਆਧਾਰ ’ਤੇ ਪਛਾੜ ਕੇ ਇਹ ਥਾਂ ਬਣਾਈ ਸੀ।
ਦੂਜੇ ਪਾਸੇ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਮਨੂ ਭਾਕਰ 579 ਅੰਕਾਂ ਨਾਲ 11ਵੇਂ ਸਥਾਨ ਉੱਤੇ ਰਹਿ ਕੇ ਫਾਈਨਲ ਵਿੱਚ ਥਾਂ ਨਾ ਬਣਾ ਸਕੀ। ਇਸੇ ਤਰ੍ਹਾਂ 2018 ਦੀ ਚੈਂਪੀਅਨ ਰਾਹੀ ਸਰਨੋਬਤ ਦਾ ਸਫ਼ਰ ਹੋਰ ਵੀ ਮਾੜਾ ਰਿਹਾ। ਕੁਆਲੀਫਿਕੇਸ਼ਨ ਦੇ ਦੂਜੇ ਦਿਨ ਉਸ ਦਾ ਇੱਕ ਨਿਸ਼ਾਨਾ ਜ਼ੀਰੋ ’ਤੇ ਲੱਗ ਗਿਆ, ਜਿਸ ਕਾਰਨ ਉਹ 568 ਅੰਕਾਂ ਨਾਲ 30ਵੇਂ ਸਥਾਨ ਉੱਤੇ ਰਹੀ।
ਇਸ ਵੱਡੀ ਗਲਤੀ ਕਾਰਨ ਭਾਰਤੀ ਟੀਮ ਮੁਕਾਬਲੇ ਵਿੱਚ ਵੀ ਪਛੜ ਗਈ। ਈਸ਼ਾ, ਮਨੂ ਅਤੇ ਸਰਨੋਬਤ ਦੀ ਟੀਮ 1727 ਅੰਕਾਂ ਨਾਲ ਪੰਜਵੇਂ ਸਥਾਨ ਉੱਤੇ ਰਹੀ ਜਦਕਿ ਚੀਨ, ਦੱਖਣੀ ਕੋਰੀਆ ਅਤੇ ਚੀਨੀ ਤੈਪਈ ਨੇ ਕ੍ਰਮਵਾਰ ਸੋਨਾ, ਚਾਂਦੀ ਅਤੇ ਕਾਂਸੇ ਦੇ ਤਗ਼ਮੇ ਜਿੱਤੇ। ਜੇ ਸਰਨੋਬਤ ਦਾ ਉਹ ਨਿਸ਼ਾਨਾ 10 ਅੰਕਾਂ ਦਾ ਹੁੰਦਾ, ਤਾਂ ਭਾਰਤੀ ਟੀਮ ਚਾਂਦੀ ਦਾ ਤਗ਼ਮਾ ਜਿੱਤ ਸਕਦੀ ਸੀ। ਇਸ ਗਲਤੀ ’ਤੇ ਹੈਰਾਨੀ ਪ੍ਰਗਟਾਉਂਦਿਆਂ ਸਰਨੋਬਤ ਨੇ ਕਿਹਾ ਕਿ ਉਸ ਨਾਲ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਅਤੇ ਉਹ ਖ਼ੁਦ ਇਸ ਤੋਂ ਬਹੁਤ ਨਿਰਾਸ਼ ਹੈ। ਇਸ ਨਾਲ ਪੂਰੀ ਟੀਮ ਦਾ ਨੁਕਸਾਨ ਹੋਇਆ ਹੈ।
Asian Games: Javelin Throw ਵਿੱਚ Yashveer Singh ਨੇ Silver ਅਤੇ Rohit Yadav ਨੇ ਜਿੱਤਿਆ Bronze Medal
ਸ੍ਰੀਲੰਕਾ ਦੇ ਰਮੇਸ਼ ਨੇ ਸੋਨ ਤਗ਼ਮਾ ਜਿੱਤ ਕੇ ਭਾਰਤ ਦੇ ਜਸ਼ਨ ਫਿੱਕੇ ਪਾਏ; ਪਾਕਿਸਤਾਨ ਦਾ ਓਲੰਪਿਕ ਚੈਂਪੀਅਨ ਅਰਸ਼ਦ ਨਦੀਮ ਚੌਥੇ ਸਥਾਨ ’ਤੇ ਰਿਹਾ
ਏਸ਼ਿਆਈ ਖੇਡਾਂ ਦੇ ਨੇਜ਼ਾ ਸੁੱਟਣ (ਜੈਵਲਿਨ ਥਰੋਅ) ਦੇ ਮੁਕਾਬਲੇ ਵਿੱਚ ਦੁਨੀਆਂ ਦੇ ਨੰਬਰ ਇੱਕ ਖਿਡਾਰੀ ਸ੍ਰੀਲੰਕਾ ਦੇ ਰਮੇਸ਼ ਥਰੰਗਾ ਨੇ ਭਾਰਤ ਦੀਆਂ ਸੋਨ ਤਗ਼ਮਾ ਜਿੱਤਣ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਪਰ ਯਸ਼ਵੀਰ ਸਿੰਘ ਅਤੇ ਰੋਹਿਤ ਯਾਦਵ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤਣ ਵਿੱਚ ਕਾਮਯਾਬ ਰਹੇ।
ਮੁਕਾਬਲੇ ਵਿੱਚ ਰਮੇਸ਼ ਥਰੰਗਾ ਨੇ 88.55 ਮੀਟਰ ਨੇਜ਼ਾ ਸੁੱਟ ਕੇ ਸੋਨੇ ਦਾ ਤਗ਼ਮਾ ਆਪਣੇ ਨਾਂ ਕੀਤਾ। ਯਸ਼ਵੀਰ ਨੇ 85.72 ਮੀਟਰ ਦੇ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਨਾਲ ਚਾਂਦੀ ਜਿੱਤੀ; ਰੋਹਿਤ ਯਾਦਵ ਨੇ 84.35 ਮੀਟਰ ਨਾਲ ਕਾਂਸੇ ਦਾ ਤਗ਼ਮਾ ਹਾਸਲ ਕੀਤਾ। ਦੂਜੇ ਪਾਸੇ ਪਾਕਿਸਤਾਨ ਦਾ ਮੌਜੂਦਾ ਓਲੰਪਿਕ ਚੈਂਪੀਅਨ ਅਤੇ ਏਸ਼ਿਆਈ ਰਿਕਾਰਡ ਧਾਰਕ ਅਰਸ਼ਦ ਨਦੀਮ 80.29 ਮੀਟਰ ਦੀ ਥਰੋਅ ਨਾਲ ਚੌਥੇ ਸਥਾਨ ’ਤੇ ਰਿਹਾ। ਉਸ ਦੀਆਂ ਚਾਰ ਕੋਸ਼ਿਸ਼ਾਂ ਫਾਊਲ ਰਹੀਆਂ।
ਮੁਕਾਬਲੇ ਦੇ ਸ਼ੁਰੂ ਵਿੱਚ ਯਸ਼ਵੀਰ ਨੇ 83.56 ਮੀਟਰ ਦੀ ਥਰੋਅ ਨਾਲ ਲੀਡ ਬਣਾਈ ਸੀ, ਪਰ ਤੀਜੇ ਗੇੜ ਵਿੱਚ ਰੋਹਿਤ 84.35 ਮੀਟਰ ਨੇਜ਼ਾ ਸੁੱਟ ਕੇ ਸਿਖਰ ’ਤੇ ਪੁੱਜ ਗਿਆ। ਅੱਧੇ ਮੁਕਾਬਲੇ ਤੱਕ ਦੋਵੇਂ ਭਾਰਤੀ ਖਿਡਾਰੀ ਪਹਿਲੇ ਦੋ ਸਥਾਨਾਂ ’ਤੇ ਕਾਬਜ਼ ਸਨ। ਹਾਲਾਂਕਿ ਚੌਥੇ ਗੇੜ ’ਚ ਰਮੇਸ਼ ਨੇ 88.33 ਮੀਟਰ ਦੀ ਥਰੋਅ ਕਰ ਕੇ ਪਾਸਾ ਪਲਟ ਦਿੱਤਾ ਅਤੇ ਆਪਣੀ ਆਖਰੀ ਕੋਸ਼ਿਸ਼ ਵਿੱਚ ਇਸ ਨੂੰ 88.55 ਮੀਟਰ ਤੱਕ ਪਹੁੰਚਾ ਦਿੱਤਾ। ਇਸ ਮਗਰੋਂ ਯਸ਼ਵੀਰ ਨੇ ਸ਼ਾਨਦਾਰ ਵਾਪਸੀ ਕਰਦਿਆਂ ਪੰਜਵੇਂ ਗੇੜ ਵਿੱਚ 85.14 ਅਤੇ ਛੇਵੇਂ ਗੇੜ ਵਿੱਚ 85.72 ਮੀਟਰ ਨੇਜ਼ਾ ਸੁੱਟ ਕੇ ਰੋਹਿਤ ਨੂੰ ਪਛਾੜਦਿਆਂ ਚਾਂਦੀ ਦਾ ਤਗ਼ਮਾ ਪੱਕਾ ਕਰ ਲਿਆ।
ਇਸ ਨਤੀਜੇ ਨਾਲ ਭਾਰਤ ਨੇ ਲਗਾਤਾਰ ਦੂਜੀ ਵਾਰ ਏਸ਼ਿਆਈ ਖੇਡਾਂ ਦੇ ਨੇਜ਼ਾ ਸੁੱਟਣ ਮੁਕਾਬਲੇ ਵਿੱਚ ਦੋ ਤਗ਼ਮੇ ਜਿੱਤੇ ਹਨ। ਹਾਂਗਜ਼ੂ ਖੇਡਾਂ ਵਿੱਚ ਨੀਰਜ ਚੋਪੜਾ ਨੇ ਸੋਨਾ ਅਤੇ ਕਿਸ਼ੋਰ ਜੇਨਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਸੱਟ ਕਾਰਨ ਇਸ ਵਾਰ ਨੀਰਜ ਆਪਣਾ ਖ਼ਿਤਾਬ ਬਚਾਉਣ ਨਹੀਂ ਉਤਰ ਸਕਿਆ।
Asian Games 2026: ਐਥਲੈਟਿਕਸ ਵਿੱਚ ਮੁਰਲੀ ਸ੍ਰੀਸ਼ੰਕਰ ਅਤੇ ਗੁਲਵੀਰ ਨੇ Silver Medal ਜਿੱਤੇ
ਪਾਰੁਲ ਅਤੇ ਵਿਥਿਆ ਨੇ ਕਾਂਸੇ ਦੇ ਤਗ਼ਮੇ ਆਪਣੇ ਨਾਂ ਕੀਤੇ; ਵਿਥਿਆ ਨੇ 400 ਮੀਟਰ ਅੜਿੱਕਾ ਦੌੜ ’ਚ ਪੀ ਟੀ ਊਸ਼ਾ ਦਾ ਚਾਰ ਦਹਾਕੇ ਪੁਰਾਣਾ ਰਿਕਾਰਡ ਤੋੜਿਆ
ਏਸ਼ਿਆਈ ਖੇਡਾਂ ਦੇ ਟਰੈਕ ਐਂਡ ਫੀਲਡ ਮੁਕਾਬਲਿਆਂ ਵਿੱਚ ਅੱਜ ਭਾਰਤੀ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਚਾਂਦੀ ਅਤੇ ਦੋ ਕਾਂਸੇ ਦੇ ਤਗ਼ਮੇ ਜਿੱਤੇ ਹਨ। ਪੁਰਸ਼ਾਂ ਦੀ ਲੰਮੀ ਛਾਲ ਵਿੱਚ ਮੁਰਲੀ ਸ੍ਰੀਸ਼ੰਕਰ ਅਤੇ 1500 ਮੀਟਰ ਦੌੜ ਵਿੱਚ ਗੁਲਵੀਰ ਸਿੰਘ ਨੇ ਚਾਂਦੀ ਦੇ ਤਗ਼ਮੇ ਹਾਸਲ ਕੀਤੇ। ਇਸੇ ਦੌਰਾਨ ਮਹਿਲਾ 5000 ਮੀਟਰ ਦੌੜ ਵਿੱਚ ਪਾਰੁਲ ਚੌਧਰੀ ਅਤੇ 400 ਮੀਟਰ ਅੜਿੱਕਾ ਦੌੜ ਵਿੱਚ ਵਿਥਿਆ ਰਾਮਰਾਜ ਨੇ ਕਾਂਸੇ ਦੇ ਤਗ਼ਮੇ ਆਪਣੇ ਨਾਂ ਕੀਤੇ। ਵਿਥਿਆ ਨੇ ਸ਼ਾਨਦਾਰ ਦੌੜ ਲਾਉਂਦਿਆਂ ਪੀ ਟੀ ਊਸ਼ਾ ਦਾ 40 ਸਾਲ ਪੁਰਾਣਾ ਕੌਮੀ ਰਿਕਾਰਡ ਵੀ ਤੋੜ ਦਿੱਤਾ।
ਲੰਮੀ ਛਾਲ ਦੇ ਫਾਈਨਲ ਵਿੱਚ ਮੁਰਲੀ ਸ੍ਰੀਸ਼ੰਕਰ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 8.07 ਮੀਟਰ ਦੀ ਛਾਲ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਚੌਥੀ ਕੋਸ਼ਿਸ਼ ਦੌਰਾਨ ਗਿੱਟੇ ’ਤੇ ਸੱਟ ਲੱਗਣ ਕਾਰਨ ਉਹ ਆਖਰੀ ਦੋ ਛਾਲਾਂ ਨਹੀਂ ਮਾਰ ਸਕਿਆ। ਚੀਨ ਦੇ ਯੂਹਾਓ ਸ਼ੀ ਨੇ 8.17 ਮੀਟਰ ਦੀ ਛਾਲ ਨਾਲ ਸੋਨਾ ਅਤੇ ਉਜ਼ਬੇਕਿਸਤਾਨ ਦੇ ਅਨਵਰ ਅਨਵਾਰੋਵ ਨੇ 8.06 ਮੀਟਰ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ।
ਪੁਰਸ਼ 1500 ਮੀਟਰ ਦੌੜ ਵਿੱਚ ਗੁਲਵੀਰ ਸਿੰਘ ਨੇ 3:36.72 ਦੇ ਆਪਣੇ ਨਿੱਜੀ ਸਰਬੋਤਮ ਸਮੇਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਜਪਾਨ ਦੇ ਕਾਜ਼ੂਤੋ ਇਜ਼ਾਵਾ ਨੇ ਸੋਨਾ ਅਤੇ ਨਾਗੀਆ ਮੋਰੀ ਨੇ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ। ਗੁਲਵੀਰ ਨੇ ਇਸ ਤੋਂ ਪਹਿਲਾਂ 10,000 ਮੀਟਰ ਦੌੜ ਵਿੱਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਮਹਿਲਾ 5000 ਮੀਟਰ ਦੌੜ ਵਿੱਚ ਪਾਰੁਲ ਚੌਧਰੀ ਨੇ 15:14.61 ਦਾ ਸਮਾਂ ਕੱਢਦਿਆਂ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ। ਬਹਿਰੀਨ ਦੀ ਵਿਨਫਰੈੱਡ (15:10.18) ਨੇ ਸੋਨੇ ਅਤੇ ਜਪਾਨ ਦੀ ਨੋਜ਼ੋਮੀ ਤਨਾਕਾ (15:11.65) ਨੇ ਚਾਂਦੀ ਦੇ ਤਗ਼ਮੇ ’ਤੇ ਕਬਜ਼ਾ ਕੀਤਾ। ਪਾਰੁਲ ਦਾ ਇਹ ਇਨ੍ਹਾਂ ਖੇਡਾਂ ’ਚ ਦੂਜਾ ਤਗ਼ਮਾ ਹੈ; ਇਸ ਤੋਂ ਪਹਿਲਾਂ ਉਸ ਨੇ 3000 ਮੀਟਰ ਸਟੀਪਲਚੇਜ਼ ਵਿੱਚ ਵੀ ਕਾਂਸੇ ਦਾ ਤਗ਼ਮਾ ਜਿੱਤਿਆ ਸੀ।
ਮਹਿਲਾ 400 ਮੀਟਰ ਅੜਿੱਕਾ ਦੌੜ ਵਿੱਚ ਵਿਥਿਆ ਰਾਮਰਾਜ ਨੇ 54.75 ਸੈਕਿੰਡ ਦੇ ਨਿੱਜੀ ਸਰਬੋਤਮ ਸਮੇਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਪ੍ਰਦਰਸ਼ਨ ਨਾਲ ਉਸ ਨੇ 1984 ਦੀਆਂ ਲਾਸ ਏਂਜਲਸ ਓਲੰਪਿਕਸ ਵਿੱਚ ਪੀ ਟੀ ਊਸ਼ਾ ਵੱਲੋਂ ਬਣਾਇਆ 55.42 ਸੈਕਿੰਡ ਦਾ ਕੌਮੀ ਰਿਕਾਰਡ ਤੋੜ ਦਿੱਤਾ। ਯੂ ਏ ਈ ਦੀ ਮਰੀਅਮ ਕਰੀਮ (54.31 ਸੈਕਿੰਡ) ਨੇ ਸੋਨੇ ਅਤੇ ਕਜ਼ਾਖ਼ਸਤਾਨ ਦੀ ਅਡੇਲੀਨਾ (54.58 ਸੈਕਿੰਡ) ਨੇ ਚਾਂਦੀ ਦਾ ਤਗ਼ਮਾ ਜਿੱਤਿਆ।
ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਵਿੱਚ ਸੱਟਾਂ ਨਾਲ ਜੂਝ ਰਹੇ ਅਵਿਨਾਸ਼ ਸਾਬਲੇ ਆਪਣਾ ਸੋਨ ਤਗ਼ਮਾ ਨਹੀਂ ਬਚਾ ਸਕਿਆ ਅਤੇ 8:21.67 ਦੇ ਸਮੇਂ ਨਾਲ ਚੌਥੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਮਹਿਲਾ ਡਿਸਕਸ ਥਰੋਅ ਵਿੱਚ ਸੀਮਾ ਕਾਲੀਰਮਣਾ 59.88 ਮੀਟਰ ਦੀ ਸਰਬੋਤਮ ਥਰੋਅ ਨਾਲ ਚੌਥੇ ਸਥਾਨ ’ਤੇ ਰਹੀ।
Kurash Player ਪਿੰਕੀ ਬਲਹਾਰਾ ਨੇ Bronze Medal ਜਿੱਤਿਆ
ਭਾਰਤ ਦੀ ਪਿੰਕੀ ਬਲਹਾਰਾ ਏਸ਼ਿਆਈ ਖੇਡਾਂ ਦੇ ਕੁਰਾਸ਼ ਮੁਕਾਬਲੇ ਵਿੱਚ ਅੱਜ ਕਾਂਸੇ ਦਾ ਤਗ਼ਮਾ ਜਿੱਤ ਕੇ ਇਸ ਖੇਡ ਵਿੱਚ ਦੋ ਏਸ਼ਿਆਈ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਮਹਿਲਾ 78 ਕਿਲੋਗ੍ਰਾਮ ਭਾਰ ਵਰਗ ਦੇ ਸੈਮੀ ਫਾਈਨਲ ਵਿੱਚ ਉਸ…
ਭਾਰਤ ਦੀ ਪਿੰਕੀ ਬਲਹਾਰਾ ਏਸ਼ਿਆਈ ਖੇਡਾਂ ਦੇ ਕੁਰਾਸ਼ ਮੁਕਾਬਲੇ ਵਿੱਚ ਅੱਜ ਕਾਂਸੇ ਦਾ ਤਗ਼ਮਾ ਜਿੱਤ ਕੇ ਇਸ ਖੇਡ ਵਿੱਚ ਦੋ ਏਸ਼ਿਆਈ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਮਹਿਲਾ 78 ਕਿਲੋਗ੍ਰਾਮ ਭਾਰ ਵਰਗ ਦੇ ਸੈਮੀ ਫਾਈਨਲ ਵਿੱਚ ਉਸ ਨੂੰ ਦੱਖਣੀ ਕੋਰੀਆ ਦੀ ਸੁਮਿਨ ਮੋ ਹੱਥੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਮੈਚ ਦੌਰਾਨ ਪਿੰਕੀ ਨੂੰ ਡੱਕੀ (ਪੈਨਲਟੀ) ਦਾ ਸਾਹਮਣਾ ਕਰਨਾ ਪਿਆ; ਵਿਰੋਧੀ ਖਿਡਾਰਨ ਨੇ ‘ਯੋਨਬੋਸ਼’ ਅੰਕ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਪਿੰਕੀ ਨੇ ਇਸ ਤੋਂ ਪਹਿਲਾਂ 2018 ਦੀਆਂ ਜਕਾਰਤਾ ਖੇਡਾਂ ਵਿੱਚ ਵੀ 52 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਪਹਿਲਾਂ ਖੇਡੇ ਗਏ ਕੁਆਰਟਰ ਫਾਈਨਲ ਵਿੱਚ ਉਸ ਨੇ ਦੱਖਣੀ ਕੋਰੀਆ ਦੀ ਹੀ ਗਰਮ ਲਿਮ ਨੂੰ 3-0 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਥਾਂ ਬਣਾਈ ਸੀ।
ਸੈਮੀ ਫਾਈਨਲ ਹਾਰਨ ਮਗਰੋਂ ਭਾਵੁਕ ਹੋਈ ਪਿੰਕੀ ਨੇ ਦੱਸਿਆ ਕਿ ਕੁਆਰਟਰ ਫਾਈਨਲ ਦੌਰਾਨ ਉਸ ਦੇ ਸੱਜੇ ਗੋਡੇ ’ਤੇ ਸੱਟ ਲੱਗ ਗਈ ਸੀ। ਉਸ ਦੋਸ਼ ਲਾਇਆ ਕਿ ਸੈਮੀ ਫਾਈਨਲ ਵਾਲੀ ਕੋਰਿਆਈ ਖਿਡਾਰਨ ਇਸ ਸੱਟ ਬਾਰੇ ਜਾਣਦੀ ਸੀ, ਇਸੇ ਲਈ ਉਸ ਨੇ ਵਾਰ-ਵਾਰ ਗੋਡੇ ’ਤੇ ਹੀ ਵਾਰ ਕੀਤੇ ਜਿਸ ਕਾਰਨ ਉਸ ਨੂੰ ਪੈਨਲਟੀ ਮਿਲੀ ਅਤੇ ਉਹ ਹਾਰ ਗਈ। ਦੱਸਣਯੋਗ ਹੈ ਕਿ ਕੁਰਾਸ਼ ਮੱਧ ਏਸ਼ੀਆ, ਖ਼ਾਸ ਕਰ ਕੇ ਉਜ਼ਬੇਕਿਸਤਾਨ ਦੀ ਰਵਾਇਤੀ ਮਾਰਸ਼ਲ ਆਰਟ ਖੇਡ ਹੈ, ਜਿਸ ਵਿੱਚ ਖਿਡਾਰੀ ਇੱਕ ਦੂਜੇ ਨੂੰ ਜ਼ਮੀਨ ’ਤੇ ਸੁੱਟ ਕੇ ਅੰਕ ਹਾਸਲ ਕਰਦੇ ਹਨ।
Asian Games 2026: ਗੁਲਵੀਰ ਸਿੰਘ ਨੇ 1500 ਮੀਟਰ ਦੌੜ ‘ਚ ਜਿੱਤਿਆ ਚਾਂਦੀ ਦਾ ਤਗਮਾ
ਵਿਥਿਆ ਰਾਮਰਾਜ ਨੇ ਪੀ ਟੀ ਊਸ਼ਾ ਦਾ 4 ਦਹਾਕਿਆਂ ਪੁਰਾਣਾ ਕੌਮੀ ਰਿਕਾਰਡ ਤੋੜਿਆ
ਭਾਰਤ ਦੇ ਲੰਮੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ ਨੇ ਸੋਮਵਾਰ ਨੂੰ ਇੱਥੇ ਏਸ਼ਿਆਈ ਖੇਡਾਂ ਦੀ ਪੁਰਸ਼ਾਂ ਦੀ 1500 ਮੀਟਰ ਦੌੜ ਦੇ ਫਾਈਨਲ ਵਿੱਚ ਤਿੰਨ ਮਿੰਟ 36.72 ਸੈਕਿੰਡ ਦੇ ਸਰਵੋਤਮ ਪ੍ਰਦਰਸ਼ਨ ਦੇ ਨਾਲ ਚਾਂਦੀ ਦਾ ਤਗਮਾ ਜਿੱਤਿਆ।
ਮੌਜੂਦਾ ਏਸ਼ਿਆਈ ਖੇਡਾਂ ਵਿੱਚ 10 ਹਜ਼ਾਰ ਮੀਟਰ ਵਿੱਚ ਪਹਿਲਾਂ ਹੀ ਚਾਂਦੀ ਦਾ ਤਗਮਾ ਜਿੱਤ ਚੁੱਕੇ ਗੁਲਵੀਰ ਜਾਪਾਨ ਦੇ ਸੋਨ ਤਗਮਾ ਜੇਤੂ ਕਾਜੂਤੋ ਈਜਾਵਾ ਤੋਂ ਬਾਅਦ ਦੂਜੇ ਸਥਾਨ ‘ਤੇ ਰਹੇ। ਕਾਜੂਤੋ ਨੇ ਤਿੰਨ ਮਿੰਟ 36.35 ਸੈਕਿੰਡ ਦਾ ਖੇਡਾਂ ਦਾ ਨਵਾਂ ਰਿਕਾਰਡ ਬਣਾਇਆ। ਉਨ੍ਹਾਂ ਦੇ ਹਮਵਤਨ ਨਾਗੀਆ ਮੋਰੀ ਨੇ ਤਿੰਨ ਮਿੰਟ 37.92 ਸੈਕਿੰਡ ਦੇ ਸਮੇਂ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ।
ਇੱਕ ਹੋਰ ਭਾਰਤੀ ਯੂਨਸ ਸ਼ਾਹ ਤਿੰਨ ਮਿੰਟ 43.88 ਸੈਕਿੰਡ ਦੇ ਸਮੇਂ ਨਾਲ ਨੌਵੇਂ ਸਥਾਨ ‘ਤੇ ਰਹੇ।
ਇਸ ਤੋਂ ਪਹਿਲਾਂ ਵਿਥਿਆ ਰਾਮਰਾਜ ਨੇ ਔਰਤਾਂ ਦੀ 400 ਮੀਟਰ ਅੜਿੱਕਾ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਵਿਥਿਆ ਨੇ 54.75 ਸੈਕਿੰਡ ਦੇ ਆਪਣੇ ਸਰਵੋਤਮ ਪ੍ਰਦਰਸ਼ਨ ਨਾਲ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ ਅਤੇ ਮਹਾਨ ਦੌੜਾਕ ਪੀ ਟੀ ਊਸ਼ਾ ਦੇ ਚਾਰ ਦਹਾਕਿਆਂ ਤੋਂ ਵੱਧ ਪੁਰਾਣੇ ਕੌਮੀ ਰਿਕਾਰਡ ਨੂੰ ਤੋੜ ਦਿੱਤਾ। ਉਨ੍ਹਾਂ ਦਾ ਮੌਜੂਦਾ ਖੇਡਾਂ ਵਿੱਚ ਇਹ ਦੂਜਾ ਤਗਮਾ ਹੈ। ਉਹ ਇਸ ਤੋਂ ਪਹਿਲਾਂ ਚਾਰ ਗੁਣਾ 400 ਮੀਟਰ ਮਿਸ਼ਰਤ ਰਿਲੇਅ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਵੀ ਹਿੱਸਾ ਸਨ।
ਕੋਇੰਬਟੂਰ ਦੀ 28 ਸਾਲਾ ਵਿਥਿਆ ਸੰਯੁਕਤ ਅਰਬ ਅਮੀਰਾਤ ਦੀ ਮਰੀਅਮ ਕਰੀਮ ਅਤੇ ਕਜ਼ਾਕਿਸਤਾਨ ਦੀ ਐਡੇਲੀਨਾ ਜੇਮਸ ਤੋਂ ਬਾਅਦ ਤੀਜੇ ਸਥਾਨ ‘ਤੇ ਰਹੀ। ਮਰੀਅਮ ਨੇ 54.31 ਸੈਕਿੰਡ ਦੇ ਖੇਡਾਂ ਦੇ ਰਿਕਾਰਡ ਸਮੇਂ ਨਾਲ ਸੋਨ ਤਗਮਾ ਜਿੱਤਿਆ ਜਦਕਿ ਐਡੇਲੀਨਾ ਨੇ 54.58 ਸੈਕਿੰਡ ਦੇ ਸਰਵੋਤਮ ਸਮੇਂ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ।
Hockey: ਭਾਰਤ ਨੇ ਬੰਗਲਾਦੇਸ਼ ਨੂੰ 10-0 ਨਾਲ ਹਰਾਇਆ
ਭਾਰੀ ਮੀਂਹ ਵਿੱਚ ਕਪਤਾਨ ਹਰਮਨਪ੍ਰੀਤ ਦੀ ਹੈਟ੍ਰਿਕ; ਪਹਿਲੀ ਨੂੰ ਸੈਮੀ ਫਾਈਨਲ ਵਿੱਚ ਪਾਕਿਸਤਾਨ ਨਾਲ ਟੱਕਰ
ਕਾਕਾਮਿਗਾਹਾਰਾ : ਕਪਤਾਨ ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਸਦਕਾ ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਭਾਰੀ ਮੀਂਹ ਵਿਚਾਲੇ ਖੇਡੇ ਗਏ ਪੂਲ ਏ ਦੇ ਆਪਣੇ ਆਖਰੀ ਮੈਚ ਵਿੱਚ ਬੰਗਲਾਦੇਸ਼ ਨੂੰ 10-0 ਨਾਲ ਹਰਾ ਦਿੱਤਾ। ਇਸ ਲਗਾਤਾਰ ਪੰਜਵੀਂ ਜਿੱਤ ਮਗਰੋਂ ਹੁਣ ਭਾਰਤੀ ਟੀਮ ਪਹਿਲੀ ਅਕਤੂਬਰ ਨੂੰ ਸੈਮੀ ਫਾਈਨਲ ਵਿੱਚ ਪਾਕਿਸਤਾਨ ਨਾਲ ਭਿੜੇਗੀ; ਦੂਜੇ ਸੈਮੀ ਫਾਈਨਲ ਵਿੱਚ ਮਲੇਸ਼ੀਆ ਦਾ ਸਾਹਮਣਾ ਦੱਖਣੀ ਕੋਰੀਆ ਨਾਲ ਹੋਵੇਗਾ।
ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ ਨੇ 27ਵੇਂ, 40ਵੇਂ ਅਤੇ 45ਵੇਂ ਮਿੰਟ ਵਿੱਚ ਤਿੰਨ ਗੋਲ ਦਾਗੇ। ਉਸ ਤੋਂ ਇਲਾਵਾ ਸ਼ਿਲਾਨੰਦ ਲਾਕੜਾ ਨੇ ਦੋ ਅਤੇ ਅਭਿਸ਼ੇਕ, ਜੁਗਰਾਜ ਸਿੰਘ, ਸੁਖਜੀਤ ਸਿੰਘ, ਸੰਜੈ ਅਤੇ ਮਨਦੀਪ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਮੌਜੂਦਾ ਚੈਂਪੀਅਨ ਭਾਰਤ ਨੇ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਨੂੰ 13-1, ਦੱਖਣੀ ਕੋਰੀਆ ਨੂੰ 8-2, ਸਿੰਗਾਪੁਰ ਨੂੰ 7-0 ਅਤੇ ਜਾਪਾਨ ਨੂੰ 2-0 ਨਾਲ ਹਰਾਇਆ ਸੀ।
ਮੀਂਹ ਕਾਰਨ ਮੈਦਾਨ ਕਾਫ਼ੀ ਗਿੱਲਾ ਹੋ ਗਿਆ ਸੀ ਜਿਸ ਕਾਰਨ ਖਿਡਾਰੀਆਂ ਨੂੰ ਦੌੜਨ ਵਿੱਚ ਕਾਫੀ ਪ੍ਰੇਸ਼ਾਨੀ ਆਈ ਅਤੇ ਇਹ ਮੈਚ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋਇਆ। ਮੈਚ ਦੇ ਤੀਜੇ ਹੀ ਮਿੰਟ ਵਿੱਚ ਅਭਿਸ਼ੇਕ ਨੇ ਫੀਲਡ ਗੋਲ ਕਰ ਕੇ ਭਾਰਤ ਦਾ ਖਾਤਾ ਖੋਲ੍ਹਿਆ। ਭਾਰਤ ਨੇ 22ਵੇਂ ਮਿੰਟ ਵਿੱਚ ਜੁਗਰਾਜ ਦੀ ਮਦਦ ਨਾਲ ਪੈਨਲਟੀ ਸਟਰੋਕ ਰਾਹੀਂ ਦੂਜਾ ਗੋਲ ਕਰ ਦਿੱਤਾ। ਪੰਜ ਮਿੰਟ ਮਗਰੋਂ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ।
ਅੱਧੇ ਸਮੇਂ ਮਗਰੋਂ 32ਵੇਂ ਮਿੰਟ ਵਿੱਚ ਸੁਖਜੀਤ ਨੇ ਚੌਥਾ ਗੋਲ ਕੀਤਾ। ਤੀਜੇ ਕੁਆਰਟਰ ਦੇ ਆਖਰੀ ਪਲਾਂ ਵਿੱਚ ਸ਼ਿਲਾਨੰਦ ਨੇ ਦੋ ਅਤੇ ਹਰਮਨਪ੍ਰੀਤ ਨੇ ਆਪਣੀ ਹੈਟ੍ਰਿਕ ਪੂਰੀ ਕਰਦਿਆਂ ਟੀਮ ਨੂੰ 8-0 ਦੀ ਲੀਡ ਦਿਵਾ ਦਿੱਤੀ। ਆਖਰੀ ਕੁਆਰਟਰ ਵਿੱਚ ਮੀਂਹ ਹੋਰ ਤੇਜ਼ ਹੋ ਗਿਆ ਪਰ ਭਾਰਤੀ ਖਿਡਾਰੀਆਂ ਨੇ ਹਮਲੇ ਜਾਰੀ ਰੱਖੇ। ਮੈਚ ਖ਼ਤਮ ਹੋਣ ਤੋਂ ਠੀਕ ਪਹਿਲਾਂ ਸੰਜੈ ਅਤੇ ਮਨਦੀਪ ਨੇ ਗੋਲ ਕਰ ਕੇ ਭਾਰਤ ਦੀ 10-0 ਨਾਲ ਸ਼ਾਨਦਾਰ ਜਿੱਤ ਪੱਕੀ ਕਰ ਦਿੱਤੀ।
ਪੰਜਾਬੀ ਟ੍ਰਿਬਯੂਨ