ਕਈ ਸਾਲਾਂ ਤੋਂ ਕਪਾਹ ਦੀ ਫ਼ਸਲ ਦੇ ਹੋ ਰਹੇ ਨੁਕਸਾਨ ਤੋਂ ਤੰਗ ਹੋ ਕੇ ਬਠਿੰਡਾ ਦੇ ਕਿਸਾਨਾਂ ਨੇ ਮੂੰਗਫਲੀ ਦੀ ਖੇਤੀ ਦਾ ਰਾਹ ਚੁਣਿਆ।
14 ਅਗਸਤ, 2026 – ਬਠਿੰਡਾ: ਪਿਛਲੇ ਕਈ ਸਾਲਾਂ ਤੋਂ ਨਰਮੇ (ਕਪਾਹ) ਦੀ ਫ਼ਸਲ ਲਗਾਤਾਰ ਖਰਾਬ ਹੋਣ ਕਾਰਨ ਬਠਿੰਡਾ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਤੋਂ ਬਾਅਦ ਬਠਿੰਡਾ ਦੇ ਦੋ ਖੇਤੀਬਾੜੀ ਬਲਾਕਾਂ ਦੇ ਕਿਸਾਨਾਂ ਨੇ ਹੁਣ ਇੱਕ ਨਵਾਂ ਰਾਹ ਚੁਣ ਲਿਆ ਹੈ। ਕਿਸਾਨ ਹੁਣ ਸਾਉਣੀ ਦੀ ਫ਼ਸਲ ਦੇ ਵਿਕਲਪ ਵਜੋਂ ਮੂੰਗਫਲੀ ਦੀ ਖੇਤੀ ਨੂੰ ਅਪਣਾ ਰਹੇ ਹਨ, ਤਾਂ ਜੋ ਉਨ੍ਹਾਂ ਨੂੰ ਲਾਹਾ ਮਿਲ ਸਕੇ।
ਝੋਨੇ ਅਤੇ ਕਪਾਹ ਦੇ ਬਦਲ ਵਜੋਂ ਹੁਣ ਕਿਸਾਨਾਂ ਵੱਲੋਂ ਮੂੰਗਫਲੀ ਦੀ ਫਸਲ ਦੀ ਪੈਦਾਵਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਮੁਤਾਬਕ, ਕਰੀਬ ਚਾਰ ਦਹਾਕੇ ਪਹਿਲਾਂ ਪੰਜਾਬ ਵਿੱਚ ਵੱਡੀ ਪੱਧਰ ‘ਤੇ ਮੂੰਗਫਲੀ ਦੀ ਪੈਦਾਵਾਰ ਕੀਤੀ ਜਾਂਦੀ ਸੀ, ਪਰ ਹੌਲੀ-ਹੌਲੀ ਰਕਬਾ ਨਰਮੇ ਅਤੇ ਝੋਨੇ ਹੇਠ ਵਧਨ ਕਾਰਨ ਕਿਸਾਨਾਂ ਦਾ ਮੂੰਗਫਲੀ ਦੀ ਫਸਲ ਤੋਂ ਮੋਹ ਭੰਗ ਹੋ ਗਿਆ ਸੀ, ਝੋਨੇ ਕਾਰਨ ਲਗਾਤਾਰ ਧਰਤੀ ਦੇ ਡਿੱਗ ਰਹੇ ਪਾਣੀ ਦੇ ਪੱਧਰ ਅਤੇ ਨਰਮੇ ‘ਤੇ ਗੁਲਾਬੀ ਸੁੰਡੀ ਚਿੱਟੇ ਮੱਛਰ ਦੇ ਹਮਲੇ ਨੇ ਕਿਸਾਨਾਂ ਵੱਲੋਂ ਹੁਣ ਦੋਵੇਂ ਫਸਲਾਂ ਦਾ ਬਦਲ ਮੂੰਗਫਲੀ ਦੀ ਫਸਲ ਨੂੰ ਵੇਖਿਆ ਜਾ ਰਿਹਾ ਹੈ।
ਚਾਰ ਸਾਲਾਂ ਵਿੱਚ ਕਪਾਹ ਦੀ ਅਸਫਲ ਫਸਲ ਕਾਰਨ ਝਲਿਆ ਨੁਕਸਾਨ
ਪਿਛਲੇ ਚਾਰ ਸਾਲਾਂ ਦੌਰਾਨ ਕਪਾਹ ਦੀ ਫਸਲ ਵਿੱਚ ਲਗਾਤਾਰ ਨੁਕਸਾਨ ਝੱਲਣ ਤੋਂ ਬਾਅਦ ਕਿਸਾਨ ਹੁਣ ਬਦਲਵੀਂ ਖਰੀਫ਼ ਫਸਲ ਵਜੋਂ ਮੂੰਗਫਲੀ ਦੀ ਕਾਸ਼ਤ ਤੋਂ ਉਮੀਦਾਂ ਲਗਾ ਰਹੇ ਹਨ। ਪੰਜਾਬ ਦੇ ਖੇਤੀਬਾੜੀ ਵਿਭਾਗ ਦੀ ਹੌਸਲਾ ਅਫਜ਼ਾਈ ਨਾਲ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੇ ਵੀ ਛੋਟੇ ਪੱਧਰ ’ਤੇ ਮੂੰਗਫਲੀ ਬੀਜਣੀ ਸ਼ੁਰੂ ਕਰ ਦਿੱਤੀ ਹੈ। ਇਸ ਦਾ ਮਕਸਦ ਵੱਧ ਪਾਣੀ ਦੀ ਲੋੜ ਵਾਲੀ ਫਸਲ ਦਾ ਬਦਲ ਲੱਭਣਾ ਹੈ।
30 ਕਿੱਲੋ ਮੂੰਗਫਲੀ ਦੇ ਬੀਜ ਦੀ ਲੋੜ ਹੁੰਦੀ
ਬਠਿੰਡਾ ਦੇ ਪਿੰਡ ਕੁੱਤੀਵਾਲ ਦੇ ਕਿਸਾਨ ਗੁਰਬਾਜ ਸਿੰਘ ਅਤੇ ਬੁੱਧੂ ਸਿੰਘ ਨੇ ਦੱਸਿਆ ਕਿ ‘ਇੱਕ ਏਕੜ ਵਿੱਚ ਲਗਭਗ 30 ਕਿਲੋ ਮੂੰਗਫਲੀ ਦੇ ਬੀਜ ਦੀ ਲੋੜ ਹੁੰਦੀ ਹੈ ਅਤੇ ਪੂਰੇ ਫਸਲੀ ਚੱਕਰ ਦੌਰਾਨ ਸਿਰਫ਼ 3-4 ਵਾਰ ਸਿੰਚਾਈ ਦੀ ਲੋੜ ਪੈਂਦੀ ਹੈ। ਇਸ ਦੇ ਮੁਕਾਬਲੇ ਕਪਾਹ ਨੂੰ 10 ਤੋਂ 14 ਅਤੇ ਝੋਨੇ ਨੂੰ 25 ਤੋਂ 30 ਵਾਰ ਤੱਕ ਸਿੰਚਾਈ ਦੀ ਲੋੜ ਪੈਂਦੀ ਹੈ। ਮੂੰਗਫਲੀ ਦੀ ਫਸਲ ਲਗਭਗ 105 ਤੋਂ 120 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ, ਜਦਕਿ ਕਪਾਹ ਨੂੰ 180 ਦਿਨ ਅਤੇ ਝੋਨੇ ਨੂੰ 140 ਦਿਨ ਤੱਕ ਲੱਗ ਸਕਦੇ ਹਨ।‘
ਮੂੰਗਫਲੀ ਕਿਸਾਨਾਂ ਲਈ ਲਾਭਦਾਇਕ ਬਦਲ
ਮੂੰਗਫਲੀ ਦੀ ਔਸਤ ਪੈਦਾਵਾਰ 7-10 ਕੁਇੰਟਲ ਪ੍ਰਤੀ ਏਕੜ ਹੈ। ਪ੍ਰਤੀ ਏਕੜ ਲਾਗਤ ਲਗਭਗ 8,000 ਰੁਪਏ ਦੱਸੀ ਗਈ ਹੈ। ਬਿਜਾਈ ਤੋਂ ਲੈ ਕੇ ਹੱਥੀਂ ਕਟਾਈ ਤੱਕ ਕਿਸਾਨ ਨੂੰ ਲਗਭਗ 20,000 ਰੁਪਏ ਤੱਕ ਦੀ ਆਮਦਨ ਹੋ ਸਕਦੀ ਹੈ, ਜੋ ਨਿਵੇਸ਼ ਨਾਲੋਂ ਕਰੀਬ 2.5 ਗੁਣਾ ਹੈ। ਉਣਾ ਦੱਸਿਆ ਕਿ 2022 ਤੋਂ ਕਪਾਹ ਦੀ ਪੈਦਾਵਾਰ ਵਿੱਚ ਗੁਲਾਬੀ ਸੁੰਡੀ, ਚਿੱਟੀ ਮੱਖੀ ਅਤੇ ਮੌਸਮ ਵਿੱਚ ਤਬਦੀਲੀ ਕਾਰਨ ਭਾਰੀ ਨੁਕਸਾਨ ਕਿਸਾਨਾਂ ਨੂੰ ਝੱਲਣਾ ਪੈ ਰਿਹਾ ਸੀ। ਕਿਸਾਨ ਇਸ ਦਾ ਬਦਲ ਲੱਭ ਰਹੇ ਸਨ। ਇਸ ਕਾਰਨ ਪ੍ਰੇਸ਼ਾਨ ਕਿਸਾਨ ਆਪਣੀ ਆਮਦਨ ਨੂੰ ਮੁੜ ਪਟੜੀ ’ਤੇ ਲਿਆਉਣ ਲਈ ਮੂੰਗਫਲੀ ਦੀ ਮੁੜ ਤੋਂ ਪੈਦਾਵਾਰ ਕਰਨ ਲੱਗੇ ਹਨ। ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਮੂੰਗਫਲੀ ਦੀ ਫਸਲ ਬਿਜਾਂਦ ਕੀਤੀ ਗਈ ਸੀ
ਮੂੰਗਫਲੀ ਦੀ ਕਾਸ਼ਤ ਵਧਾ ਕੇ 3.5 ਏਕੜ ਹੋਈ
ਉਨ੍ਹਾਂ ਕਿਹਾ, “ਮੈਂ ਪਹਿਲਾਂ ਕਪਾਹ ਅਤੇ ਝੋਨਾ ਬੀਜਦਾ ਸੀ। ਜਿੱਥੇ ਕਪਾਹ ਹੁਣ ਆਰਥਿਕ ਤੌਰ ’ਤੇ ਲਾਹੇਵੰਦ ਫਸਲ ਨਹੀਂ ਰਹੀ, ਉੱਥੇ ਮੈਂ ਦੇਖਿਆ ਹੈ ਕਿ ਝੋਨੇ ਨੂੰ ਮੂੰਗਫਲੀ ਦੇ ਖੇਤਾਂ ਨਾਲੋਂ ਲਗਭਗ 10 ਗੁਣਾ ਵੱਧ ਪਾਣੀ ਦੀ ਲੋੜ ਹੁੰਦੀ ਹੈ। 2025 ਵਿੱਚ 2 ਏਕੜ ਵਿੱਚ ਮੂੰਗਫਲੀ ਬੀਜੀ ਸੀ। ਹੁਣ ਇਸ ਖਰੀਫ਼ ਸੀਜ਼ਨ ਵਿੱਚ ਮੂੰਗਫਲੀ ਦੀ ਕਾਸ਼ਤ ਵਧਾ ਕੇ 3.5 ਏਕੜ ਕਰ ਲਈ ਹੈ। ਪਿਛਲੇ ਸਾਲ ਵਪਾਰੀ ਸਾਡੇ ਘਰੋਂ ਆ ਕੇ ਮੂੰਗਫਲੀ ਦੀ ਫਸਲ ਖਰੀਦ ਕੇ ਲੈ ਕੇ ਗਏ ਸਨ, ਜੇ ਸਰਕਾਰ ਮੂੰਗਫਲੀ ਦੀ ਫਸਲ ‘ਤੇ ਐਮਐਸਪੀ ਤੈਅ ਕਰੇ ਅਤੇ ਇਸ ਦੀ ਖਰੀਦ ਯਕੀਨੀ ਬਣਾਵੇ ਤਾਂ ਕਿਸਾਨ ਮੂੰਗਫਲੀ ਦੀ ਫਸਲ ਦੀ ਬੰਪਰ ਪੈਦਾਵਾਰ ਕਰਨਗੇ। ਇਸ ਫਸਲ ਨੂੰ ਬਹੁਤ ਘੱਟ ਬਿਮਾਰੀ ਪੈਂਦੀ ਹੈ ਜਿਸ ਕਾਰਨ ਬਹੁਤ ਘੱਟ ਕੀਟਨਾਸ਼ਕ ਦੀ ਵਰਤੋਂ ਕਰਨੀ ਪੈਂਦੀ ਹੈ।‘
ਮੂੰਗਫਲੀ ਦੀ ਖੇਤੀ ਲਾਹੇਵੰਦ
ਉਨ੍ਹਾਂ ਦੱਸਿਆ ਕਿ ‘ਮੂੰਗਫਲੀ ਦੀ ਫਸਲ ਨੂੰ ਸਰਦੀਆਂ ਦੇ ਮੌਸਮ ਵਿੱਚ ਤੇਲ ਕੱਢਣ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਮੂੰਗਫਲੀ ਦੀ ਫਸਲ ਦੀ ਰਹਿੰਦ ਖੂੰਦ ਵੀ ਘੋੜੇ ਕਾਰੋਬਾਰੀਆਂ ਵੱਲੋਂ ਖਰੀਦੀ ਜਾਂਦੀ ਹੈ। ਜੋ ਕਿ ਦੋ ਤੋਂ ਚਾਰ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦਦੇ ਹਨ। ਸਥਾਨਕ ਵਪਾਰੀ ਮੂੰਗਫਲੀ ਫਸਲ ਖਰੀਦ ਕਰਨ ਲਈ ਸਾਡੇ ਕੋਲ ਆਉਂਦੇ ਹਨ। ਸਰਕਾਰ ਨੂੰ ਇਸ ਦੀ ਖਰੀਦ ਯਕੀਨੀ ਬਣਾਉਣੀ ਚਾਹੀਦੀ ਹੈ। ਜੇਕਰ ਮੂੰਗਫਲੀ ਦੀ ਫਸਲ ਦੀ ਖਰੀਦ ਨੂੰ ਲੈ ਕੇ ਸਰਕਾਰ ਵੱਲੋਂ ਯਕੀਨੀ ਕਦਮ ਚੁੱਕੇ ਜਾਂਦੇ ਹਨ ਤਾਂ ਇਸ ਨਾਲ ਕੁਦਰਤੀ ਸਰੋਤਾਂ ਨੂੰ ਬਚਾਉਣ ਵਿੱਚ ਵੀ ਵੱਡਾ ਯੋਗਦਾਨ ਮਿਲੇਗਾ।‘
ਖੇਤੀ ਮਾਹਰਾਂ ਦੀ ਰਾਏ
ਬਠਿੰਡਾ ਦੀ ਮੁੱਖ ਖੇਤੀਬਾੜੀ ਅਫਸਰ ਹਰਪ੍ਰੀਤ ਕੌਰ ਨੇ ਕਿਹਾ ਕਿ ਇਹ ਪਹਿਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ, “ਅਸੀਂ ਕਿਸਾਨਾਂ ਨੂੰ G40 ਕਿਸਮ ਦੇ ਬੀਜ ਦਿੱਤੇ ਹਨ, ਜੋ ਦੱਖਣੀ ਪੰਜਾਬ ਦੇ ਅਰਧ–ਖੁਸ਼ਕ ਜ਼ਿਲ੍ਹਿਆਂ ਲਈ ਢੁਕਵੇਂ ਹਨ। ਮੂੰਗਫਲੀ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਖਪਤ ਕਰਨ ਵਾਲੇ ਝੋਨੇ ਦੀ ਥਾਂ ਲੈਣ ਦੀ ਸਮਰੱਥਾ ਹੈ ਅਤੇ ਕਪਾਹ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੀ ਇਸ ਵੱਲ ਰੁਖ ਕਰ ਰਹੇ ਹਨ, ਕਿਉਂਕਿ ਕਪਾਹ ਇਸ ਸਮੇਂ ਮੁਸ਼ਕਲ ਦੌਰ ਵਿੱਚੋਂ ਲੰਘ ਰਹੀ ਹੈ।”
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੀ ਤੇਲ ਬੀਜ ਨਾਲ ਸੰਬੰਧਿਤ ਫਸਲਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਸਾਨੂੰ ਵਿਦੇਸ਼ ਤੋਂ ਇਹ ਤੇਲ ਨਾ ਮੰਗਾਉਣਾ ਪਵੇ । ਜੇਕਰ ਪਿਛਲੇ ਤਿੰਨ ਸਾਲਾਂ ਦੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਬਠਿੰਡਾ ਵਿੱਚ ਮੂੰਗਫਲੀ ਦੀ ਫਸਲ ਅਧੀਨ ਰਕਬਾ ਸਾਲ 2023-24 ਵਿੱਚ 21 ਹੈਕਟੇਅਰ ਸਾਲ 2024-25 ਵਿੱਚ 11 ਹਕਟੇਅਰ ਅਤੇ ਸਾਲ 2025-26 ਵਿੱਚ 21 ਹੈਕਟੇਅਰ ਆਇਆ ਹੈ।
ETV BHARAT