ਵਿਕਣ ਖੁਣੋਂ ਪਈ ਜਿਣਸ ਦੀ ਰਾਖੀ ਕਰਦੇ ਰਹੇ ਕਿਸਾਨ
10 ਨਵੰਬਰ, 2026 – ਮਾਨਸਾ : ਮਾਲਵੇ ਵਿੱਚ ਕਿਸਾਨਾਂ ਨੇ ਐਤਕੀਂ ਦੀਵਾਲੀ ਵਾਲੀ ਰਾਤ ਆਪਣੀਆਂ ਜਿਣਸਾਂ ਦੀਆਂ ਢੇਰੀਆਂ ’ਤੇ ਗੁਜ਼ਾਰੀ।
ਮਾਨਸਾ ਜ਼ਿਲ੍ਹੇ ਵਿਚਲੀਆਂ ਅਨਾਜ ਮੰਡੀਆਂ ਵਿੱਚੋਂ ਇਕੱਤਰ ਕੀਤੇ ਅੰਕੜਿਆਂ ਤੋਂ ਜਾਣਕਾਰੀ ਮਿਲੀ ਹੈ ਕਿ ਜ਼ਿਲ੍ਹੇ ਦੇ ਦਰਜਨਾਂ ਖਰੀਦ ਕੇਂਦਰਾਂ ਵਿੱਚ ਦੀਵਾਲੀ ਵਾਲੇ ਦਿਨ ਇੱਕ ਦਾਣਾ ਵੀ ਝੋਨੇ ਦਾ ਵਿਕਿਆ ਨਹੀਂ ਅਤੇ ਨਾ ਹੀ ਕੋਈ ਢੇਰੀ ਪਹਿਲਾਂ ਤੋਂ ਬੋਲੀ ਲੱਗੇ ਝੋਨੇ ਦੀ ਤੁਲੀ ਹੈ, ਜਦੋਂ ਕਿ ਜ਼ਿਲ੍ਹਾ ਅਧਿਕਾਰੀਆਂ ਵਲੋਂ ਜ਼ਿਲ੍ਹੇ ਦੀਆਂ ਮੰਡੀਆਂ ਦੇ ਕੀਤੇ ਦੌਰੇ ਦੌਰਾਨ ਸਾਫ਼ ਕਿਹਾ ਗਿਆ ਹੈ ਕਿ ਜਿਹੜੇ ਕਿਸਾਨਾਂ ਦਾ ਕਈ ਦਿਨਾਂ ਤੋਂ ਮੰਡੀਆਂ ਵਿੱਚ ਸੁੱਕਾ ਝੋਨਾ ਆਇਆ ਪਿਆ ਹੈ, ਉਸ ਨੂੰ ਕਿਸੇ ਕੌਲ ਦੀਵਾਲੀ ਵਾਲੇ ਦਿਨ ਤੋਲੇ ਤੋਂ ਬਿਨਾਂ ਨਹੀਂ ਰਹਿਣ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਮੰਡੀ ਵਿੱਚ ਗੇੜਾ ਹੀ ਨਹੀਂ ਮਾਰਿਆ ਅਤੇ ਆਥਣ ਤੱਕ ਕਿਸਾਨ ਅਤੇ ਤੋਲੇ ਮਜ਼ਦੂਰ ਉਨ੍ਹਾਂ ਦਾ ਰਾਹ ਤੱਕਦੇ ਰਹੇ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ੍ਹ ਆਸ ਸੀ ਕਿ ਉਹ ਦੀਵਾਲੀ ਦਿਨ ਝੋਨਾ ਵੇਚ ਕੇ ਘਰਾਂ ਨੂੰ ਚਲੇ ਜਾਣਗੇ ਪਰ ਦੀਵਾਲੀ ਵਾਲੀ ਰਾਤ ਉਨ੍ਹਾਂ ਨੂੰ ਪਰਿਵਾਰ ਤੋਂ ਦੂਰ ਮੰਡੀਆਂ ਵਿੱਚ ਗੁਜ਼ਾਰਨੀ ਪਈ। ਇਸੇ ਤਰ੍ਹਾਂ ਪਿੰਡ ਭੈਣੀਬਾਘਾ ਦੇ ਖਰੀਦ ਕੇਂਦਰ ਵਿੱਚ ਕਿਸਾਨ ਸੁਖਦੇਵ ਸਿੰਘ, ਗੁਰਜੰਟ ਸਿੰਘ, ਬਾਘ ਸਿੰਘ ਅਤੇ ਹੋਰ ਕਿਸਾਨ ਕਈ ਦਿਨਾਂ ਤੋਂ ਝੋਨਾ ਲਈ ਬੈਠੇ ਹਨ ਅਤੇ ਬੋਲੀ ਉਡੀਕ ਰਹੇ ਹਨ ਪਰ ਕੋਈ ਅਧਿਕਾਰੀ ਅਤੇ ਕਰਮਚਾਰੀ ਮੰਡੀ ਵਿੱਚ ਬਹੁੜ ਨਹੀਂ ਰਿਹਾ ਹੈ, ਪਰ ਹੁਣ ਜਦੋਂ ਬੋਲੀ ਨਾ ਲੱਗੀ ਤਾਂ ਦੀਵਾਲੀ ਵਾਲੀ ਰਾਤ ਉਨ੍ਹਾਂ ਨੇ ਤਾਰਿਆਂ ਨੂੰ ਗਿਣ-ਗਿਣਕੇ ਲੰਘਾਈ।
ਭਾਵੇਂ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਛੁੱਟੀ ਵਾਲੇ ਦਿਨ ਵੀ ਝੋਨਾ ਤੋਲਣ ਤੇ ਉਸ ਦੀ ਬੋਲੀ ਲਾਉਣ ਬਾਰੇ ਬਕਾਇਦਾ ਰੂਪ ’ਚ ਆਦੇਸ਼ ਜਾਰੀ ਕੀਤੇ ਹੋਏ ਹਨ, ਪਰ ਦੀਵਾਲੀ ਦੇ ਦਿਨ ਇਨ੍ਹਾਂ ਹੁਕਮਾਂ ਦਾ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਜਨਾਜ਼ਾ ਕੱਢ ਕੇ ਰੱਖ ਦਿੱਤਾ ਹੈ। ਦੂਜੇ ਬੰਨੇ ਇਨ੍ਹਾਂ ਕਿਸਾਨਾਂ ਦੇ ਪਰਿਵਾਰ ਝੋਨਾ ਨਾ ਵਿਕਣ ਦੇ ਝੋਰੇ ਵਿੱਚ ਦੀਵਾਲੀਆਂ ਦੀਆਂ ਖੁਸ਼ੀਆਂ ਮਨਾਉਣ ਦੀ ਥਾਂ ਉਦਾਸ ਮਨਾਂ ਨਾਲ ਮੰਡੀ ਗਏ ਆਪਣੇ ਪਰਿਵਾਰਿਕ ਮੁੱਖੀਆਂ ਨੂੰ ਉਡੀਕਦੇ ਰਹੇ।
ਪੰਜਾਬੀ ਟ੍ਰਿਬਯੂਨ