ਐਸ ਆਰ ਲੱਧੜ
ਮਾਨਯੋਗ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਭਾਰਤ ਦੀਆਂ ਸੱਭ ਤੋ ਵੱਧ ਵਿਵਾਦਿਤ ਸ਼ਖਸੀਅਤਾਂ ਵਿੱਚੋ ਇੱਕ ਹਨ। ਭਾਵੇਂ ਉਹਨਾਂ ਅੰਨਾ ਹਜਾਰੇ ਦਾ ਅੰਦੋਲਨ ਹਥਿਆਇਆ ਹੋਵੇ, ਭਾਵੇਂ ਪਰਸ਼ਾਤ ਭੂਸ਼ਣ, ਕੁਮਾਰ ਵਿਸ਼ਵਾਸ, ਜੋਗਿੰਦਰ ਜਾਦਵ ਵਰਗੇ ਸਿਆਸੀ ਸਾਥੀਆਂ ਦਾ ਸਿਆਸੀ ਕਤਲ ਕੀਤਾ ਹੋਵੇ, ਭਾਵੇਂ ਬਾਂਦਰ ਟੋਪੀ ਲੈਣ ਦਾ ਨਾਟਕ ਹੋਵੇ, ਭਾਵੇਂ ਡਬਲ ਐਕਸਲ ਦੀ ਖੁੱਲੀ ਜਿਹੀ ਕਮੀਜ਼ ਪਾਉਣ ਦਾ ਨਾਟਕ ਹੋਵੇ, ਭਾਵੇਂ ਕੈਂਚੀ ਚੱਪਲ ਪਾਉਣੀ ਅਤੇ ਮੂੰਹ ਤੇ ਸਿਆਹੀ ਸੁਟਵਾਉਣੀ ਹੋਵੇ ਨਾ ਜਾਣੇ ਕਿੰਨੇ ਘਿਨਾਉਣੇ ਨਾਟਕ ਕਰਕੇ ਲੋਕਾਂ ਦਾ ਮੂਰਖ ਬਣਾਉਣਾ ਹੋਵੇ, ਭਾਵੇਂ ਜ਼ਮਾਨਤ ਲੈ ਕੇ ਲੋਕਾਂ ਨੂੰ ਇਹ ਕਹਿਣਾ ਕੇ ਜੇਕਰ ਤੁਸੀਂ ਚਹੁੰਦੇ ਹੋ ਕੇਜਰੀਵਾਲ ਜੇਲ ਨਾ ਜਾਵੇ ਤਾਂ ਵੋਟ ਆਮ ਆਦਮੀ ਪਾਰਟੀ ਨੂੰ ਪਾਉ।
20-22 ਸੀਟਾਂ ਜੋ ਆਪ ਨੇ ਲੜੀਆਂ , ਸਿਰਫ ਪੰਜਾਬ ਵਿੱਚ ਤਿੰਨ ਸੀਟਾਂ ਮਿਲੀਆਂ ਜਿਸ ਤੋ ਕੇਜਰੀਵਾਲ ਦੇ ਆਪਣੇ ਸ਼ਬਦਾਂ ਵਿੱਚ ਲੋਕ ਨਹੀ ਚਹੁੰਦੇ ਕੇ ਕੇਜਰੀਵਾਲ ਜੇਲ ਵਿੱਚੋ ਬਾਹਰ ਆਵੇ। ਜਦੋ ਇੱਕ ਸੈਸ਼ਨ ਜੱਜ ਲੈਵਲ ਦੇ ਇੱਕ ਅਫਸਰ ਨੇ ਜ਼ਮਾਨਤ ਮਨਜ਼ੂਰ ਕਰ ਲਈ ਤਾਂ ‘ਆਪ’ ਨੇ ਲੱਡੂ ਵੰਡੇ ਤੇ ਕਿਹਾ ਕਿ ਇਨਸਾਫ਼ ਦੀ ਜਿੱਤ ਹੋਈ। ਜਦੋ ਹਾਈਕੋਰਟ ਨੇ ਤੇ ਫਿਰ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਜੇਲ ਅੰਦਰ ਰੱਖਣਾ ਹੀ ਮੁਨਾਸਿਬ ਸਮਝਿਆ ਤਾਂ ਫਿਰ ਅਦਾਲਤੀ ਇਨਸਾਫ਼ ਤੇ ‘ ਆਪ’ ਭਰੋਸਾ ਕਿਉਂ ਨਹੀਂ ਰੱਖਦੀ ਤੇ ਉਸੇ ਤਰਾਂ ਕੇਜਰੀਵਾਲ ਦੇ ਕਾਲ਼ੇ ਕਾਰਨਾਮਿਆਂ ਤੇ ਕਿਉਂ ਨਹੀਂ ਬੋਲਦੀ ?ਮੂੰਹ ਚ ਘੁਗਣੀਆਂ ਕਿਉਂ ਪਾ ਲੈਦੀ ਹੈ ? ਕੇਜਰੀਵਾਲ ਇੱਕ ਕੱਟੜ ਇਮਾਨਦਾਰ ਦਾ ਅਕਸ ਲੈ ਕੇ ਅੱਗੇ ਵੱਧ ਰਿਹਾ ਸੀ ਪਰ ਕਦੇ 53 ਕਰੋੜ ਦੇ ਸਰਕਾਰੀ ਘਰ ਦੀ ਮੁਰੰਮਤ, ਕਦੇ ਕਾਂਗਰਸੀ ਨੇਤਾਵਾਂ ਨੂੰ ਭਰਸ਼ਟ ਕਹਿੰਦਾ ਨਹੀ ਸੀ ਥੱਕਦਾ ਤੇ ਉਹਨਾਂ ਨਾਲ ਹੀ ਇੰਡੀ ਗੱਠਜੋੜ , ਕਦੀ ਚੀਫ ਸੈਕਟਰੀ ਦੀ ਆਪਣੇ ਸਾਹਮਣੇ ਕੁੱਟ-ਮਾਰ, ਕਦੀ ਸਵਾਤੀ ਮਾਲੀਵਾਲ ਵਰਗੀ ਔਰਤ ਜੋ ਸਾਬਕਾ ਇਸਤਰੀ ਕਮਿਸ਼ਨ ਦੀ ਚੇਅਰਪਰਸਨ ਰਹਿ ਚੁੱਕੀ ਹੈ ਦੀ ਘਰ ਬੁਲਾ ਕੇ ਕੁੱਟ-ਮਾਰ ਕੇਜਰੀਵਾਲ ਦੇ ਚਰਿੱਤਰ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ।
ਦਲਿਤਾਂ ਨੂੰ ਤੇ ਪੂਰੇ ਪੰਜਾਬੀਆਂ ਨੂੰ ਸਰਦਾਰ ਭਗਤ ਸਿੰਘ ਤੇ ਅੰਬੇਡਕਰ ਜੀ ਦੀਆਂ ਦਫ਼ਤਰਾਂ ਵਿੱਚ ਫੋਟੋਆਂ ਲਾ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਕਿਸੇ ਪਹੁੰਚੇ ਹੋਏ ਸਿਆਸੀ ਸ਼ਰਾਰਤੀ ਅਨਸਰ ਦੇ ਕਾਰਨਾਮਿਆਂ ਤੋਂ ਘੱਟ ਨਹੀਂ। ਨਾ ਤਾਂ ਔਰਤਾਂ ਨੂੰ ਤੇਰਾਂ
ਲੋਕ ਸਭਾ ਸੀਟਾਂ ਤੇ ਕੋਈ ਨੌਮਾਇੰਦਗੀ ਲਈ ਯੋਗ ਸਮਝਿਆ ਤੇ ਨਾ ਹੀ ਰਾਜ ਸਭਾ ਦੀ ਸੱਤ ਸੀਟਾਂ ਦੀ ਨਾਮੀਨੇਸ਼ਨ ਵੇਲੇ ਕਿਸੇ ਔਰਤ ਦੀ ਯਾਦ ਆਈ। ਹੋਰ ਤਾਂ ਹੋਰ 35% ਵੱਸੋਂ ਵਾਲੇ ਸੂਬੇ ਚੋਂ ਇੱਕ ਵੀ ਦਲਿਤ ਰਾਜ ਸਭਾ ਦੀ ਨਾਮੀਨੇਸ਼ਨ ਦੇ ਯੋਗ ਨਹੀ ਸਮਝਿਆ। ਫਿਰ ਦਲਿਤਾਂ ਦੇ ਮਸੀਹਾ ਪਾਰਟੀ ਨੇ ਦਿੱਲੀ ਰਾਜ ਵਿੱਚ ਅੱਜ ਤੱਕ ਐਸ਼ ਸੀ ਕਮਿਸ਼ਨ ਨਹੀ ਬਣਾਇਆ ਤੇ ਆਪਣੇ ਆਕਾ ਦੇ ਨਕਸ਼ੇ ਕਦਮ ਤੇ ਚੱਲਦਿਆਂ ਪੰਜਾਬ ਵਿੱਚ ਵੀ 29 ਕਮਿਸ਼ਨਾਂ ਦੇ ਚੇਅਰਮੈਨ ਤਾਂ ਲਾ ਦਿੱਤੇ ਪਰ ਐਸ਼ ਸੀ ਕਮਿਸ਼ਨ ਦਾ ਚੇਅਰਮੈਨ ਨਹੀ ਲਾਇਆ। ਜੇਕਰ ਇੱਕ ਕਿਸਾਨ ਦੀ ਮੌਤ ਹੁੰਦੀ ਹੈ ਤਾਂ ਮਾਨ ਸਾਹਿਬ ਇੱਕ ਕਰੋੜ ਦੀ ਧੰਨਰਾਸ਼ੀ ਦੀ ਘੋਸ਼ਣਾ ਤੁਰੰਤ ਕਰ ਦਿੰਦੇ ਹਨ ਪਰ ਜਦੋਂ ਆਪਣੇ ਜਿਲੇ ਸੰਗਰੂਰ ਦੇ ਪਿੰਡ ਗੁੱਜਰਾਂ ਵਿੱਚ 20 ਤੋਂ ਵੱਧ ਗਰੀਬ ਦਲਿਤ ਭੈੜੀ ਸ਼ਰਾਬ ਪੀ ਕੇ ਮਰ ਜਾਂਦੇ ਹਨ ਤਾਂ ਮੁੱਖ ਮੰਤਰੀ ਦਾ ਦਿੱਲ ਨਹੀ ਪਸੀਜਦਾ ਤੇ ਬਾਬੇ ਨਾਨਕ ਦੀ ਵਿਚਾਰਧਾਰਾ ਭੁੱਲ ਜਾਂਦੀ ਹੈ ਕਿ ਗਰੀਬ ਦੀ ਰੱਖਿਆ ਪਹਿਲਾਂ ਕਰਨੀ ਬਣਦੀ ਸੀ, ਗਰੀਬਾਂ ਵਿੱਚ ਆਪ ਕਰਤਾਰ ਵਸਦਾ ਹੈ, ਉਹਨਾਂ ਪੀੜਿਤ ਪਰੀਵਾਰਾਂ ਦੀ ਧੇਲੇ ਦੀ ਵੀ ਮਦਦ ਨਹੀ ਕੀਤੀ। ਕੇਜਰੀਵਾਲ ਮੋਦੀ ਜੀ ਨੂੰ ਚੌਥੀ ਪਾਸ ਰਾਜਾ ਕਹਿੰਦਾ ਨਹੀ ਸੀ ਥੱਕਦਾ, ਉਹ ਤਾਂ ਲਗਾਤਾਰ ਤੀਸਰੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਪਰ ਕੇਜਰੀਵਾਲ ਆਪ ਇੱਕ ਪੜ੍ਹਿਆ -ਲਿਖਿਆ ਆਈ ਆਰ ਐਸ਼ ਅਧਿਕਾਰੀ ਰਿਹਾ ਹੈ , ਕੀ ਕੇਜਰੀਵਾਲ ਅੱਜ ਦੇ ਨੌਜਵਾਨਾਂ ਦਾ ਰੋਲ ਮਾਡਲ ਹੈ ਜਾਂ ਕਰਿਮੀਨਲਜ ਦਾ ਰੋਲ ਮਾਡਲ ਹੈ ਇਹ ਵਿਚਾਰਨ ਦਾ ਵਿਸ਼ਾ ਹੈ। ਕੇਜਰੀਵਾਲ ਦਾ ਭਵਿੱਖ ਕੀ ਹੋਵੇਗਾ ਇਹ ਤਾਂ ਹੁਣ ਅਦਾਲਤਾਂ ਤਹਿ ਕਰਨਗੀਆਂ ਪਰ ਉਸ ਨੇ ਸਰਕਾਰੀ ਨੌਕਰਸ਼ਾਹਾਂ ਦਾ ਤੇ ਸਿਆਸੀ ਲੋਕਾਂ ਦੇ ਕਿਰਦਾਰ ਦਾ ਅਕਸ ਆਮ ਜਨਤਾਂ ਵਿੱਚ ਬਹੁਤ ਹੀ ਨੀਵਾਂ ਕਰ ਦਿੱਤਾ ਹੈ , ਇਸ ਵਿੱਚ ਜ਼ਰਾ ਜਿੰਨਾ ਵੀ ਸ਼ੱਕ ਨਹੀ ਰਿਹਾ।
ਭਾਰਤ ਦਾ ਲੋਕ ਤੰਤਰ ਭਵਿੱਖ ਵਿੱਚ ਕੀ ਕਰਵਟ ਲਵੇਗਾ , ਪੱਕੇ ਤੌਰ ਤੇ ਕੇਜਰੀਵਾਲ ਵਰਗੇ ਲੋਕ ਆਪਣੀਆਂ ਚਲਾਕੀਆਂ ਤੇ ਹੁਸ਼ਿਆਰੀਆਂ ਨਾਲ ਢਾਹ ਨਹੀ ਲਾ ਪਾਉਣਗੇ ਇੰਨੀ ਤਾਂ ਗਰੰਟੀ ਲੱਗ ਰਹੀ ਹੈ।
(ਐਸ ਆਰ ਲੱਧੜ, ਸਾਬਕਾ ਆਈ ਏ ਐਸ ਅਧਿਕਾਰੀ – +91-94175-00610)
test